ਸੁਖਮਨੀ ਸਾਹਿਬ(ਭਾਗ 30)
ਸਲੋਕੁ ॥
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥1॥
ਪ੍ਰਭੂ ਦੇ ਭਜਨ ਤੋਂ ਬਿਨਾ, ਹੋਰ ਕੋਈ ਸ਼ੈ ਮਨੁੱਖ ਦੇ ਨਾਲ ਨਹੀਂ ਜਾਂਦੀ, ਸਾਰੀ ਮਾਇਆ ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ ਮਾਨੋ ਸਵਾਹ ਸਮਾਨ ਹੈ। ਹੇ ਨਾਨਕ, ਅਕਾਲ-ਪੁਰਖ ਦਾ ਨਾਮ ਸਿਮਰਨ ਦੀ ਕਮਾਈ ਕਰਨਾ ਹੀ ਸਭ ਤੋਂ ਚੰਗਾ ਧਨ ਹੈ, ਇਹੀ ਮਨੁੱਖ ਦੇ ਨਾਲ ਨਿਭਦਾ ਹੈ।1।
ਅਸਟਪਦੀ ॥
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ਏਕੁ ਸਿਮਰਿ ਨਾਮ ਆਧਾਰੁ ॥
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥
ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥1॥
ਸੰਤ-ਜਨਾ (ਸਤਸੰਗੀਆਂ) ਨਾਲ ਰਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ, ਇਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ ਲਵੋ। ਹੇ ਦੋਸਤ, ਹੋਰ ਸਾਰੇ ਆਸਰੇ ਛੱਡ ਦਿਉ, ਤੇ ਪ੍ਰਭੂ ਦੇ ਕਮਲਾਂ ਵਰਗੇ ਸੋਹਣੇ ਚਰਨ ਹਿਰਦੇ ਵਿਚ ਟਿਕਾਉ। ਉਹ ਪ੍ਰਭੂ, ਸਭ ਕੁਝ ਆਪ ਕਰਨ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ, ਉਸ ਪ੍ਰਭੂ ਦਾ ਨਾਮ ਰੂਪੀ ਸੋਹਣਾ ਪਦਾਰਥ ਪੱਕਾ ਕਰ ਕੇ ਸਾਂਭ ਲਵੋ। ਹੇ ਭਾਈ, ਨਾਮ ਰੂਪੀ ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਤ-ਜਨਾ ਦਾ ਇਹੀ ਪਵਿੱਤ੍ਰ ਉਪਦੇਸ਼ ਹੈ। ਆਪਣੇ ਮਨ ਵਿਚ ਇਕ ਪ੍ਰਭੂ ਦੀ ਆਸ ਰੱਖੋ, ਹੇ ਨਾਨਕ, ਇਸ ਤਰ੍ਹਾਂ ਸਾਰੇ ਰੋਗ ਮਿੱਟ ਜਾਣਗੇ।1।
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ ਸੋ ਧਨੁ ਹਰਿ ਸੇਵਾ ਤੇ ਪਾਵਹਿ ॥
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ਸੋ ਸੁਖੁ ਸਾਧੂ ਸੰਗਿ ਪਰੀਤਿ ॥
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ ਸਾ ਸੋਭਾ ਭਜੁ ਹਰਿ ਕੀ ਸਰਨੀ ॥
ਅਨਿਕ ਉਪਾਵੀ ਰੋਗੁ ਨ ਜਾਇ ॥ ਰੋਗੁ ਮਿਟੈ ਹਰਿ ਅਵਖਧੁ ਲਾਇ ॥
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ ਜਪਿ ਨਾਨਕ ਦਰਗਹਿ ਪਰਵਾਨੁ ॥2॥
ਹੇ ਮਿਤ੍ਰ, ਜਿਸ ਧਨ ਦੀ ਖਾਤਰ, ਤੂੰ ਚੌਹੀਂ ਪਾਸੀਂ ਉੱਠ ਦੌੜਦਾ ਹੈਂ, ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ। ਹੇ ਮਿਤ੍ਰ ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ, ਉਹ ਸੁਖ ਸੰਤ-ਜਨਾਂ ਦੀ ਸੰਗਤ ਵਿਚ ਜੁੜ ਕੇ ਪ੍ਰਭੂ ਨਾਲ ਪਿਆਰ ਕੀਤਿਆਂ ਮਿਲਦਾ ਹੈ। ਜਿਸ ਸੋਭਾ ਦੀ ਖਾਤਰ ਤੂੰ ਨੇਕ ਕਮਾਈ ਕਰਦਾ ਹੈਂ, ਉਹ ਸੋਭਾ ਖੱਟਣ ਲਈ ਤੂੰ ਅਕਾਲ-ਪੁਰਖ ਦੀ ਸਰਨ ਪਉ, ਜਿਹੜਾ ਹਉਮੈ ਦਾ ਰੋਗ, ਅਨੇਕਾਂ ਹੀਲਿਆਂ ਨਾਲ ਖਤਮ ਨਹੀਂ ਹੁੰਦਾ, ਉਹ ਰੋਗ, ਪ੍ਰਭੂ ਦੀ ਨਾਮ ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ। ਸਾਰੇ ਦੁਨਿਆਵੀ ਖਜਾਨਿਆਂ ਵਿਚ, ਪ੍ਰਭੂ ਦਾ ਨਾਮ ਵਧੀਆ ਖਜਾਨਾ ਹੈ। ਹੇ ਨਾਨਕ, ਨਾਮ ਜਪ, ਦਰਗਾਹ ਵਿਚ ਕਬੂਲ ਹੋਵੇਂਗਾ।2।
ਮਨੁ ਪਰਬੋਧਹੁ ਹਰਿ ਕੈ ਨਾਇ ॥ ਦਹ ਦਿਸਿ ਧਾਵਤ ਆਵੈ ਠਾਇ ॥
ਤਾ ਕਉ ਬਿਘਨੁ ਨ ਲਾਗੈ ਕੋਇ ॥ ਜਾ ਕੈ ਰਿਦੈ ਬਸੈ ਹਰਿ ਸੋਇ ॥
ਕਲਿ ਤਾਤੀ ਠਾਂਢਾ ਹਰਿ ਨਾਉ ॥ ਸਿਮਰਿ ਸਿਮਰਿ ਸਦਾ ਸੁਖ ਪਾਉ ॥
ਭਉ ਬਿਨਸੈ ਪੂਰਨ ਹੋਇ ਆਸ ॥ ਭਗਤਿ ਭਾਇ ਆਤਮ ਪਰਗਾਸ ॥
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ ਕਹੁ ਨਾਨਕ ਕਾਟੀ ਜਮ ਫਾਸੀ ॥3॥
ਹੇ ਭਾਈ, ਆਪਣੇ ਮਨ ਨੂੰ, ਪ੍ਰਭੂ ਦੇ ਨਾਮ ਨਾਲ ਜਗਾਉ, ਨਾਮ ਦੀ ਬਰਕਤ ਨਾਲ, ਦਸੀਂ ਪਾਸੀਂ ਦੌੜਦਾ ਇਹ ਮਨ ਟਿਕਾਣੇ ਆ ਜਾਂਦਾ ਹੈ। ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਹੰਦੀ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵਸਦਾ ਹੈ। ਕਲਿਜੁਗ ਤੱਤੀ ਅੱਗ ਹੈ, ਵਿਕਾਰ ਜੀਆਂ ਨੂੰ ਸਾੜ ਰਹੇ ਹਨ, ਪ੍ਰਭੂ ਦਾ ਨਾਮ ਠੰਡਾ ਹੈ, ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ। ਨਾਮ ਸਿਮਰਿਆਂ, ਡਰ ਉਡ ਜਾਂਦਾ ਹੈ, ਤੇ ਆਸ ਪੂਰੀ ਹੋ ਜਾਂਦੀ ਹੈ, ਨਾ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ, ਤੇ ਨਾ ਹੀ ਉਨ੍ਹਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ। ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ। ਜੋ ਸਿਮਰਦਾ ਹੈ, ਉਸ ਦੇ ਹਿਰਦੇ ਘਰ ਵਿਚ ਅਬਿਨਾਸੀ ਪ੍ਰਭੂ ਆ ਵਸਦਾ ਹੈ। ਹੇ ਨਾਨਕ ਆਖ, ਕਿ ਨਾਮ ਜਪਿਆਂ, ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।3।
ਤਤੁ ਬੀਚਾਰੁ ਕਹੈ ਜਨੁ ਸਾਚਾ ॥ ਜਨਮਿ ਮਰੈ ਸੋ ਕਾਚੋ ਕਾਚਾ ॥
ਆਵਾ ਗਵਨੁ ਮਿਟੈ ਪ੍ਰਭ ਸੇਵ ॥ ਆਪੁ ਤਿਆਗਿ ਸਰਨਿ ਗੁਰਦੇਵ ॥
ਇਉ ਰਤਨ ਜਨਮ ਕਾ ਹੋਇ ਉਧਾਰੁ ॥ ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
ਅਨਿਕ ਉਪਾਵ ਨ ਛੂਟਨਹਾਰੇ ॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ ਮਨਿ ਬੰਛਤ ਨਾਨਕ ਫਲ ਪਾਇ ॥4॥
ਜੋ ਮਨੁੱਖ, ਪਾਰਬ੍ਰਹਮ ਦੀ ਸਿਫਤ-ਰੂਪ ਸੋਚ ਸੋਚਦਾ ਹੈ, ਉਹ ਸਚ-ਮੁਚ ਮਨੁੱਖ ਹੈ। ਪਰ ਜੋ ਜੰਮ ਕੇ ਨਿਰਾ ਮਰ ਜਾਂਦਾ ਹੈ, ਤੇ ਬੰਦਗੀ ਨਹੀਂ ਕਰਦਾ, ਉਹ ਨਿਰੋਲ ਕੱਚਾ ਹੈ। ਆਪਾ ਭਾਵ ਛੱਡ ਕੇ , ਗੁਰ ਦੀ ਸਰਨੀ ਪੈ ਕੇ, ਪ੍ਰਭੂ ਦਾ ਸਿਮਰਨ ਕੀਤਿਆਂ, ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ। ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ, ਤਾਂ ਤੇ ਹੇ ਭਾਈ ਪ੍ਰਭੂ ਨੂੰ ਸਿਮਰ, ਇਹੀ ਪ੍ਰਾਣਾਂ ਦਾ ਆਸਰਾ ਹੈ। ਸਿੰਮ੍ਰਿਤੀਆਂ ਸ਼ਾਸਤਰ ਵੇਦ ਆਦਿਕ ਵਿਚਾਰਿਆਂ, ਤੇ ਅਜਿਹੇ ਅਨੇਕਾਂ ਹੋਰ ਹੀਲੇ ਕੀਤਿਆਂ, ਆਵਾ-ਗਵਣ ਤੋਂ ਬਚ ਨਹੀਂ ਸਕੀਦਾ। ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ। ਜੋ ਭਗਤੀ ਕਰਦਾ ਹੈ, ਹੇ ਨਾਨਕ, ਉਸ ਨੂੰ ਮਨ ਭਾਉਂਦੇ ਫਲ ਮਿਲ ਜਾਂਦੇ ਹਨ।4।
ਸੰਗਿ ਨ ਚਾਲਸਿ ਤੇਰੈ ਧਨਾ ॥ ਤੂੰ ਕਿਆ ਲਪਟਾਵਹਿ ਮੂਰਖ ਮਨਾ ॥
ਸੁਤ ਮੀਤ ਕੁਟੰਬ ਅਰੁ ਬਨਿਤਾ ॥ ਇਨ ਤੇ ਕਹਹੁ ਤੁਮ ਕਵਨ ਸਨਾਥਾ ॥
ਰਾਜ ਰੰਗ ਮਾਇਆ ਬਿਸਥਾਰ ॥ ਇਨ ਤੇ ਕਹਹੁ ਕਵਨ ਛੁਟਕਾਰ ॥
ਅਸੁ ਹਸਤੀ ਰਥ ਅਸਵਾਰੀ ॥ ਝੂਠਾ ਡੰਫੁ ਝੂਠੁ ਪਾਸਾਰੀ ॥
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ ਨਾਮੁ ਬਿਸਾਰਿ ਨਾਨਕ ਪਛੁਤਾਨਾ ॥5॥
ਹੇ ਮੂਰਖ ਮਨ, ਧਨ ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ ? ਪੁਤ੍ਰ ਮਿੱਤ੍ਰ ਪਰਿਵਾਰ ਤੇ ਇਸਤ੍ਰੀ, ਇਨ੍ਹਾਂ ਵਿਚੋਂ, ਦੱਸ ਕੌਣ ਤੇਰਾ ਸਾਥ ਦੇਣ ਵਾਲਾ ਹੈ ? ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ, ਦੱਸੋ ਇਨ੍ਹਾਂ ਵਿਚੋਂ ਕਿਸ ਦੇ ਨਾਲ ਮੋਹ ਪਾਇਆਂ, ਸਦਾ ਲਈ, ਮਾਇਆ ਤੋਂ ਖਲਾਸੀ ਮਿਲ ਸਕਦੀ ਹੈ ? ਘੋੜੇ ਹਾਥੀ ਰਥਾਂ ਦੀ ਸਵਾਰੀ ਕਰਨੀ, ਇਹ ਸਭ ਝੂਠਾ ਵਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਵੀ ਬਿਨਸਨਹਾਰ ਹੈ। ਮੂਰਖ ਮਨੁੱਖ, ਉਸ ਪ੍ਰਭੂ ਨੂੰ ਨਹੀਂ ਪਛਾਣਦਾ, ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ ਨਾਮ ਨੂੰ ਭੁਲਾ ਕੇ, ਹੇ ਨਾਨਕ, ਆਖਰ ਪਛਤਾਉਂਦਾ ਹੈ।5।
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍ਾਰੋ ਚੀਤ ॥
ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥6॥
ਹੇ ਅੰਞਾਣ ਬੰਦੇ, ਗੁਰ (ਸ਼ਬਦ) ਦੀ ਮੱਤ ਲੈ, ਸਿਖਿਆ ਤੇ ਤੁਰ, ਬੜੇ ਸਿਆਣੇ ਸਿਆਣੇ ਬੰਦੇ ਵੀ ਭਗਤੀ ਤੋਂ ਬਿਨਾ, ਵਿਕਾਰਾਂ ਵਿਚ ਹੀ ਡੁੱਬ ਜਾਂਦੇ ਹਨ। ਹੇ ਮਿੱਤ੍ਰ ਮਨ, ਪ੍ਰਭੂ ਦੀ ਭਗਤੀ ਕਰ, ਇਸ ਤਰ੍ਹਾਂ ਤੇਰੀ ਸੁਰਤ ਪਵਿੱਤ੍ਰ ਹੋਵੇਗੀ। ਹੇ ਭਾਈ, ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਆਪਣੇ ਮਨ ਵਿਚ ਸੰਭਾਲ ਕੇ ਰੱਖ, ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ। ਪ੍ਰਭੂ ਦਾ ਨਾਮ ਤੂੰ ਆਪ ਜਪ, ਤੇ ਹੋਰਨਾਂ ਨੂੰ ਜਪਣ ਲਈ ਪ੍ਰੇਰ, ਨਾਮ ਸੁਣਦਿਆਂ ਉਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ, ਉੱਚੀ ਅਵਸਥਾ ਬਣ ਜਾਏਗੀ। ਪ੍ਰਭੂ ਦਾ ਨਾਮ ਹੀ, ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ, ਤਾਂ ਤੇ ਹੇ ਨਾਨਕ, ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ।6।
ਗੁਨ ਗਾਵਤ ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ ਹਉਮੈ ਬਿਖੁ ਫੈਲੁ ॥
ਹੋਹਿ ਅਚਿੰਤੁ ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
ਛਾਡਿ ਸਿਆਨਪ ਸਗਲੀ ਮਨਾ ॥ ਸਾਧਸੰਗਿ ਪਾਵਹਿ ਸਚੁ ਧਨਾ ॥
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥ ਈਹਾ ਸੁਖੁ ਦਰਗਹ ਜੈਕਾਰੁ ॥
ਸਰਬ ਨਿਰੰਤਰਿ ਏਕੋ ਦੇਖੁ ॥ ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥7॥
ਹੇ ਭਾਈ, ਪ੍ਰਭੂ ਦੇ ਗੁਣ ਗਾਉਂਦਿਆਂ, ਤੇਰੀ ਵਿਕਾਰਾਂ ਦੀ ਮੈਲ ਉੱਤਰ ਜਾਏਗੀ, ਤੇ ਹਉਮੈ ਰੂਪੀ ਜ਼ਹਰ ਦਾ ਖਿਲਾਰਾ ਵੀ ਸਿਮਟ ਜਾਏਗਾ, ਹਰ ਵੇਲੇ ਪ੍ਰਭੂ ਦੇ ਨਾਮ ਨੂੰ ਯਾਦ ਕਰ, ਬੇ-ਫਿਕਰ ਹੋ ਜਾਏਂਗਾ ਤੇ ਸੁਖੀ ਜੀਵਨ ਬਤੀਤ ਹੋਵੇਗਾ। ਹੇ ਮਨ, ਸਾਰੀ ਚਤੁਰਾਈ ਛੱਡ ਦੇਹ, ਸਦਾ ਨਾਲ ਨਿਭਣ ਵਾਲਾ ਧਨ, ਸਤ-ਸੰਗ ਵਿਚ ਮਿਲੇਗਾ। ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ। ਇਸ ਜੀਵਨ ਵਿਚ ਸੁਖ ਮਿਲੇਗਾ, ਤੇ ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ। ਸਭ ਜੀਵਾਂ ਦੇ ਅੰਦਰ ਇਕ ਅਕਾਲ-ਪੁਰਖ ਨੂੰ ਹੀ ਵੇਖ, ਪਰ ਹੇ ਨਾਨਕ ਆਖ, ਇਹ ਕੰਮ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹਨ।7।
ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥
ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥
ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥
ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥8॥19॥
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫਤ-ਸਾਲਾਹ ਕਰ, ਇਕ ਨੂੰ ਸਿਮਰ, ਤੇ ਹੇ ਮਨ, ਇਕ ਪ੍ਰਭੂ ਦੇ ਮਿਲਣ ਦੀ ਤਾਂਘ ਕਰ। ਇਕ ਪ੍ਰਭੂ ਦੇ ਹੀ ਗੁਣ ਗਾ, ਮਨ ਵਿਚ ਤੇ ਸਰੀਰਕ ਇੰਦਰਿਆਂ ਦੀ ਰਾਹੀਂ, ਇਕ ਭਗਵਾਨ ਨੂੰ ਹੀ ਜਪ। ਸਭ ਥਾਈਂ, ਪ੍ਰਭੂ ਆਪ ਹੀ ਆਪ ਹੈ, ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ। ਜਗਤ ਦੇ ਅਨੇਕਾਂ ਖਿਲਾਰੇ, ਇਕ ਪ੍ਰਭੂ ਤੋਂ ਹੀ ਹੋਏ ਹਨ, ਇਕ ਪ੍ਰਭੂ ਨੂੰ ਸਿਮਰਿਆਂ, ਪਾਪ ਨਾਸ ਹੋ ਜਾਂਦੇ ਹਨ। ਜਿਸ ਮਨੁੱਖ ਦੇ ਸਰੀਰ ਤੇ ਮਨ ਵਿਚ ਇਕ ਪ੍ਰਭੂ ਹੀ ਰਮਿਆ ਹੋਇਆ ਹੈ, ਉਸ ਨੇ ਗੁਰ ਦੀ ਕਿਰਪਾ ਨਾਲ, ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ।8॥19॥
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 30)
Page Visitors: 1302