ਸੁਖਮਨੀ ਸਾਹਿਬ(ਭਾਗ 31)
ਸਲੋਕੁ ॥
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥|
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥1॥
ਹੇ ਪ੍ਰਭੂ, ਮੈਂ ਭਟਕਦਾ ਭਟਕਦਾ, ਤੇਰੀ ਸਰਨ ਆ ਪਿਆ ਹਾਂ।
ਹੇ ਪ੍ਰਭੂ, ਨਾਨਕ ਦੀ ਇਹੀ ਬੇਨਤੀ ਹੈ, ਕਿ ਮੈਨੂੰ ਆਪਣੀ ਭਗਤੀ ਨਾਲ ਜੋੜ।1। |
ਅਸਟਪਦੀ ॥
ਜਾਚਕ ਜਨੁ ਜਾਚੈ ਪ੍ਰਭ ਦਾਨੁ ॥ ਕਰਿ ਕਿਰਪਾ ਦੇਵਹੁ ਹਰਿ ਨਾਮੁ ॥|
ਸਾਧ ਜਨਾ ਕੀ ਮਾਗਉ ਧੂਰਿ ॥ ਪਾਰਬ੍ਰਹਮ ਮੇਰੀ ਸਰਧਾ ਪੂਰਿ ॥
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
ਚਰਨ ਕਮਲ ਸਿਉ ਲਾਗੈ ਪ੍ਰੀਤਿ ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
ਏਕ ਓਟ ਏਕੋ ਆਧਾਰੁ ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥1॥
ਹੇ ਪ੍ਰਭੂ, ਇਹ ਮੰਗਤਾ ਦਾਸ, ਤੇਰੇ ਨਾਮ ਦਾ ਦਾਨ ਮੰਗਦਾ ਹੈ, ਹੇ ਹਰੀ, ਕਿਰਪਾ ਕਰ ਕੇ ਆਪਣਾ ਨਾਮ ਦੇਹ। ਹੇ ਪਾਰ-ਬ੍ਰਹਮ, ਮੇਰੀ ਇੱਛਾ ਪੂਰੀ ਕਰ, ਮੈਂ ਸਾਧੂ-ਜਨਾ ਦੇ ਪੈਰਾਂ ਦੀ ਧੂੜ ਮੰਗਦਾ ਹਾਂ। ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ। ਹੇ ਪ੍ਰਭੂ, ਮੈਂ ਹਰ-ਦਮ ਤੈਨੂੰ ਹੀ ਸਿਮਰਾਂ। ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੀਤ ਲਗੀ ਰਹੇ, ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ। ਇਕੋ ਪ੍ਰਭੂ ਦਾ ਨਾਮ ਹੀ ਮੇਰੀ ਓਟ ਹੈ, ਤੇ ਇਕੋ ਆਸਰਾ ਹੈ, ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ।1।
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥ ਹਰਿ ਰਸੁ ਪਾਵੈ ਬਿਰਲਾ ਕੋਇ ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥ ਪੂਰਨ ਪੁਰਖ ਨਹੀ ਡੋਲਾਨੇ ॥
ਸੁਭਰ ਭਰੇ ਪ੍ਰੇਮ ਰਸ ਰੰਗਿ ॥ ਉਪਜੈ ਚਾਉ ਸਾਧ ਕੈ ਸੰਗਿ ॥
ਪਰੇ ਸਰਨਿ ਆਨ ਸਭ ਤਿਆਗਿ ॥ ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥
ਬਡਭਾਗੀ ਜਪਿਆ ਪ੍ਰਭੁ ਸੋਇ ॥ ਨਾਨਕ ਨਾਮਿ ਰਤੇ ਸੁਖੁ ਹੋਇ ॥2॥
ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਬੜਾ ਸੁਖ ਹੁੰਦਾ ਹੈ, ਪਰ ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸਵਾਦ ਮਾਣਦਾ ਹੈ। ਜਿਨ੍ਹਾਂ ਨੇ ਨਾਮ-ਰਸ ਚਖਿਆ ਹੈ, ਉਹ ਮਨੁੱਖ ਮਾਇਆ ਵਲੋਂ ਰੱਜ ਗਏ ਹਨ, ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ ਮਾਇਆ ਦੇ ਲਾਹੇ-ਘਾਟੇ ਵਿਚ ਨਹੀਂ ਡੋਲਦੇ। ਪ੍ਰ੍ਰਭੂ ਦੇ ਪਿਆਰ ਦੇ ਸਵਾਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ, ਸਾਧ-ਜਨਾ ਦੀ ਸੰਗਤ ਵਿਚ ਰਹਿ ਕੇ ਉਨ੍ਹਾਂ ਦੇ ਅੰਦਰ ਪ੍ਰਭੂ-ਮਿਲਾਪ ਦਾ ਚਾਉ ਪੈਦਾ ਹੁੰਦਾ ਹੈ। ਹੋਰ ਸਾਰੇ ਆਸਰੇ ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ, ਉਨ੍ਹਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਨ੍ਹਾਂ ਦੀ ਲਿਵ ਪ੍ਰਭੂ ਚਰਨਾਂ ਵਿਚ ਲੱਗੀ ਰਹਿੰਦੀ ਹੈ। ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰ੍ਰਭੂ ਨੂੰ ਸਿਮਰਿਆ ਹੈ। ਹੇ ਨਾਨਕ, ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ।2।
ਸੇਵਕ ਕੀ ਮਨਸਾ ਪੂਰੀ ਭਈ ॥ ਸਤਿਗੁਰ ਤੇ ਨਿਰਮਲ ਮਤਿ ਲਈ ॥
ਜਨ ਕਉ ਪ੍ਰਭੁ ਹੋਇਓ ਦਇਆਲੁ ॥ ਸੇਵਕੁ ਕੀਨੋ ਸਦਾ ਨਿਹਾਲੁ ॥
ਬੰਧਨ ਕਾਟਿ ਮੁਕਤਿ ਜਨੁ ਭਇਆ ॥ ਜਨਮ ਮਰਨ ਦੂਖੁ ਭ੍ਰਮੁ ਗਇਆ ॥
ਇਛ ਪੁਨੀ ਸਰਧਾ ਸਭ ਪੂਰੀ ॥ ਰਵਿ ਰਹਿਆ ਸਦ ਸੰਗਿ ਹਜੂਰੀ ॥
ਜਿਸ ਕਾ ਸਾ ਤਿਨਿ ਲੀਆ ਮਿਲਾਇ ॥ ਨਾਨਕ ਭਗਤੀ ਨਾਮਿ ਸਮਾਇ ॥3॥
ਜਦੋਂ ਸੇਵਕ ਆਪਣੇ ਗੁਰੂ ਤੋਂ ਉੱਤਮ ਸਿਖਿਆ ਲੈਂਦਾ ਹੈ, ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰੇ ਹੋ ਜਾਂਦੇ ਹਨ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ। ਪ੍ਰਭੂ ਆਪਣੇ ਅਜਿਹੇ ਸੇਵਕ ਉੱਤੇ ਮਿਹਰ ਕਰਦਾ ਹੈ, ਤੇ ਸੇਵਕ ਨੂੰ ਸਦਾ ਖਿੜੇ ਮੱਥੇ ਰੱਖਦਾ ਹੈ। ਸੇਵਕ ਮਾਇਆ ਵਾਲੇ ਜੰਜੀਰ ਤੋੜ ਕੇ ਖਾਲਸਾ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਤੇ ਸੰਸਾ ਮੁੱਕ ਜਾਂਦਾ ਹੈ। ਸੇਵਕ ਦੀ ਇੱਛਾ ਤੇ ਸ਼ਰਧਾ, ਸਭ ਸਿਰੇ ਚੜ੍ਹ ਜਾਂਦੀ ਹੈ, ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਅੰਗ-ਸੰਗ ਦਿਸਦਾ ਹੈ। ਹੇ ਨਾਨਕ, ਜਿਸ ਮਾਲਕ ਦਾ ਉਹ ਸੇਵਕ ਬਣਦਾ ਹੇ, ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ।3।
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ ਸੋ ਕਿਉ ਬਿਸਰੈ ਜਿ ਕੀਆ ਜਾਨੈ ॥
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ਸੋ ਕਿਉ ਬਿਸਰੈ ਜਿ ਜੀਵਨ ਜੀਆ ॥
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ਜਨਮ ਜਨਮ ਕਾ ਟੂਟਾ ਗਾਢੈ ॥
ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥4॥
ਮਨੁੱਖ ਨੂੰ ਉਹ ਪ੍ਰਭੂ ਕਿਉਂ ਵਿਸਰ ਜਾਏ, ਜੋ ਮਨੁੱਖ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਜੋ ਕੀਤੀ ਕਮਾਈ ਨੂਂੰ ਚੇਤੇ ਰੱਖਦਾ ਹੈ ? ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ, ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ? ਉਹ ਅਕਾਲ-ਪੁਰਖ ਕਿਉਂ ਵਿਸਰ ਜਾਏ, ਜੋ ਮਾਂ ਦੇ ਪੇਟ ਦੀ ਅੱਗ ਵਿਚ ਬਚਾ ਕੇ ਰਖਦਾ ਹੈ ? ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝਦਾ ਹੈ। ਉਹ ਅਕਾਲ-ਪੁਰਖ ਕਿਉਂ ਭੁੱਲ ਜਾਏ, ਜੋ ਮਾਇਆਂ ਰੂਪ ਜ਼ਹਰ ਤੋਂ ਬਚਾਉਂਦਾ ਹੈ, ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ ਆਪਣੇ ਨਾਲ ਜੋੜ ਲੈਂਦਾ ਹੈ ? ਜਿਨ੍ਹਾਂ ਸੇਵਕਾਂ ਨੂੰ ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ, ਹੇ ਨਾਨਕ, ਉਨ੍ਹਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ।4॥
ਸਾਜਨ ਸੰਤ ਕਰਹੁ ਇਹੁ ਕਾਮੁ ॥ ਆਨ ਤਿਆਗਿ ਜਪਹੁ ਹਰਿ ਨਾਮੁ ॥
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥
ਭਗਤਿ ਭਾਇ ਤਰੀਐ ਸੰਸਾਰੁ ॥ ਬਿਨੁ ਭਗਤੀ ਤਨੁ ਹੋਸੀ ਛਾਰੁ ॥
ਸਰਬ ਕਲਿਆਣ ਸੂਖ ਨਿਧਿ ਨਾਮੁ ॥ ਬੂਡਤ ਜਾਤ ਪਾਏ ਬਿਸ੍ਰਾਮੁ ॥
ਸਗਲ ਦੂਖ ਕਾ ਹੋਵਤ ਨਾਸੁ ॥ ਨਾਨਕ ਨਾਮੁ ਜਪਹੁ ਗੁਨਤਾਸੁ ॥5॥
ਹੇ ਸੱਜਣ ਜਨੋ, ਹੇ ਸੰਤ ਜਨੋ, ਇਹ ਕੰਮ ਕਰੋ , ਹੋਰ ਸਾਰੇ ਆਹਰ ਛੱਡ ਕੇ ਪ੍ਰਭੂ ਦਾ ਨਾਮ ਜਪੋ, ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ, ਪ੍ਰਭੂ ਦਾ ਨਾਮ ਆਪ ਜਪੋ ਤੇ ਹੋਰਨਾਂ ਨੂੰ ਵੀ ਜਪਾਵੋ। ਪ੍ਰਭੂ ਦੀ ਭਗਤੀ ਵਿਚ ਪਿਆਰ ਲਾਇਆਂ, ਇਹ ਸੰਸਾਰ ਸਮੁੰਦਰ ਤਰੀਦਾ ਹੈ, ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਦਾ ਨਹੀਂ। ਪ੍ਰਭੂ ਦਾ ਨਾਮ ਚੰਗੇ ਭਾਗਾਂ ਤੇ ਸਾਰੇ ਸੁਖਾਂ ਦਾ ਖਜ਼ਾਨਾ ਹੈ, ਨਾਮ ਜਪਿਆਂ, ਵਿਕਾਰਾਂ ਵਿਚ ਡੁੱਬਦੇ ਜਾਂਦੇ ਬੰਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ, ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਤਾਂ ਤੇ ਹੇ ਨਾਨਕ, ਨਾਮ ਜਪੋ, ਨਾਮ ਹੀ ਗੁਣਾਂ ਦਾ ਖਜ਼ਾਨਾ ਹੈ।5।
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ਮਨ ਤਨ ਅੰਤਰਿ ਇਹੀ ਸੁਆਉ ॥
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ਮਨੁ ਬਿਗਸੈ ਸਾਧ ਚਰਨ ਧੋਇ ॥
ਭਗਤ ਜਨਾ ਕੈ ਮਨਿ ਤਨਿ ਰੰਗੁ ॥ ਬਿਰਲਾ ਕੋਊ ਪਾਵੈ ਸੰਗੁ ॥
ਏਕ ਬਸਤੁ ਦੀਜੈ ਕਰਿ ਮਇਆ ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥
ਤਾ ਕੀ ਉਪਮਾ ਕਹੀ ਨ ਜਾਇ ॥ ਨਾਨਕ ਰਹਿਆ ਸਰਬ ਸਮਾਇ ॥6॥
ਜਿਸ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸਵਾਦ ਤੇ ਚਾੳੇੁ ਪੈਦਾ ਹੋਇਆ ਹੈ, ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ ਕਿ ਨਾਮ ਦੀ ਦਾਤ ਮਿਲੇ। ਅੱਖਾਂ ਨਾਲ ਗੁਰੂ ਦਾ ਦੀਦਾਰ ਕਰ ਕੇ ਉਸ ਬੰਦੇ ਨੂੰ ਸੁਖ ਮਿਲਦਾ ਹੈ, ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ। ਭਗਤਾਂ ਦੇ ਮਨ ਤੇ ਸਰੀਰ ਵਿਚ ਪ੍ਰਭੂ ਦਾ ਪਿਆਰ ਟਿਕਿਆ ਰਹਿੰਦਾ ਹੈ, ਪਰ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਨ੍ਹਾਂ ਦੀ ਸੰਗਤ ਨਸੀਬ ਹੁੰਦੀ ਹੈ। ਹੇ ਪ੍ਰਭੂ, ਮਿਹਰ ਕਰ ਕੇ ਇਕ ਨਾਮ ਦੀ ਵਸਤ ਸਾਨੂੰ ਦੇਹ, ਤਾਂ ਜੋ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ। ਹੇ ਨਾਨਕ, ਉਹ ਪ੍ਰਭੂ ਸਭ ਥਾਈਂ ਮੌਜੂਦ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।6।
ਪ੍ਰਭ ਬਖਸੰਦ ਦੀਨ ਦਇਆਲ ॥ ਭਗਤਿ ਵਛਲ ਸਦਾ ਕਿਰਪਾਲ ॥
ਅਨਾਥ ਨਾਥ ਗੋਬਿੰਦ ਗੁਪਾਲ ॥ ਸਰਬ ਘਟਾ ਕਰਤ ਪ੍ਰਤਿਪਾਲ ॥
ਆਦਿ ਪੁਰਖ ਕਾਰਣ ਕਰਤਾਰ ॥ ਭਗਤ ਜਨਾ ਕੇ ਪ੍ਰਾਨ ਅਧਾਰ ॥
ਜੋ ਜੋ ਜਪੈ ਸੁ ਹੋਇ ਪੁਨੀਤ ॥ ਭਗਤਿ ਭਾਇ ਲਾਵੈ ਮਨ ਹੀਤ ॥
ਹਮ ਨਿਰਗੁਨੀਆਰ ਨੀਚ ਅਜਾਨ ॥ ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥7॥
ਹੇ ਬਖਸ਼ਣਹਾਰ ਪ੍ਰਭੂ, ਹੇ ਗਰੀਬਾਂ ਤੇ ਤਰਸ ਕਰਨ ਵਾਲੇ, ਹੇ ਭਗਤੀ ਨਾਲ ਪਿਆਰ ਕਰਨ ਵਾਲੇ, ਹੇ ਸਦਾ ਦਇਆ ਦੇ ਘਰ, ਹੇ ਅਨਾਥਾਂ ਦੇ ਨਾਥ, ਹੇ ਗੋਬਿੰਦ, ਹੇ ਗੁਪਾਲ, ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ। ਹੇ ਸਭ ਦੇ ਮੁੱਢ ਤੇ ਸਭ ਵਿਚ ਵਿਆਪਕ ਪ੍ਰਭੂ। ਹੇ ਜਗਤ ਦੇ ਮੂਲ, ਹੇ ਕਰਤਾਰ, ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ। ਜੋ ਜੋ ਮਨੁੱਖ ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ, ਤੇ ਤੈਨੂੰ ਜਪਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ। ਹੇ ਨਾਨਕ, ਬੇਨਤੀ ਕਰ ਤੇ ਆਖ, ਹੇ ਅਕਾਲ-ਪੁਰਖ, ਹੇ ਭਗਵਾਨ, ਅਸੀਂ ਤੇਰੀ ਸਰਨ ਆਏ ਹਾਂ, ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।7।
ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ਏਕ ਨਿਮਖ ਹਰਿ ਕੇ ਗੁਨ ਗਾਏ ॥
ਅਨਿਕ ਰਾਜ ਭੋਗ ਬਡਿਆਈ ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
ਬਹੁ ਭੋਜਨ ਕਾਪਰ ਸੰਗੀਤ ॥ ਰਸਨਾ ਜਪਤੀ ਹਰਿ ਹਰਿ ਨੀਤ ॥
ਭਲੀ ਸੁ ਕਰਨੀ ਸੋਭਾ ਧਨਵੰਤ ॥ ਹਿਰਦੈ ਬਸੇ ਪੂਰਨ ਗੁਰ ਮੰਤ ॥
ਸਾਧਸੰਗਿ ਪ੍ਰਭ ਦੇਹੁ ਨਿਵਾਸ ॥ ਸਰਬ ਸੂਖ ਨਾਨਕ ਪਰਗਾਸ ॥8॥20॥
ਜਿਸ ਮਨੁੱਖ ਨੇ, ਅੱਖ ਦਾ ਇਕ ਫੋਰ ਮਾਤ੍ਰ ਵੀ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ ਮਾਨੋ ਸਾਰੇ ਸਵਰਗ ਤੇ ਮੋਖ-ਮੁਕਤੀ ਹਾਸਲ ਕਰ ਲਏ ਹਨ, ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗਲ-ਬਾਤ ਮਿੱਠੀ ਲੱਗੀ ਹੈ, ਉਸ ਨੂੰ ਮਾਨੋ ਅਨੇਕਾਂ-ਰਾਜ, ਭੋਗ-ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ। ਜਿਸ ਮਨੁੱਖ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਉਸ ਨੂੰ ਮਾਨੋ ਕਈ ਕਿਸਮ ਦੇ ਖਾਣੇ, ਕਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ। ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵਸਦਾ ਹੈ, ਉਸ ਦਾ ਹੀ ਆਚਰਣ ਭਲਾ ਹੈ, ਓਸੇ ਨੂੰ ਹੀ ਸੋਭਾ ਮਿਲਦੀ ਹੈ, ਉਹੀ ਅਮੀਰ ਹੈ। ਹੇ ਪ੍ਰਭੂ ਆਪਣੇ ਸੰਤ-ਜਨਾ ਦੀ ਸੰਗਤ ਵਿਚ ਥਾਂ ਦੇਹ। ਹੇ ਨਾਨਕ, ਸਤ-ਸੰਗ ਵਿਚ ਰਿਹਾਂ ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ।8।20।
ਅਮਰ ਜੀਤ ਸਿੰਘ ਚਂਦੀ (ਚਲਦਾ)