ਸਲੋਕੁ ॥
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥1॥
ਹੇ ਜੀਆ-ਜੰਤਾਂ ਦੇ ਪਾਲਣ ਵਾਲੇ ਪ੍ਰਭੂ, ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ। ਹੇ ਨਾਨਕ, ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਕੋਈ ਦੂਜਾ, ਕਿੱਥੇ ਵੇਖਣ ਵਿਚ ਆਇਆ ਹੈ ?।1।
ਅਸਟਪਦੀ ॥
ਆਪਿ ਕਥੈ ਆਪਿ ਸੁਨਨੈਹਾਰੁ ॥ ਆਪਹਿ ਏਕੁ ਆਪਿ ਬਿਸਥਾਰੁ ॥
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥
ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਸਚੁ ਨਾਮੁ ਸੋਈ ਜਨੁ ਪਾਏ ॥
ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥1॥
ਸਭ ਜੀਵਾਂ ਵਿਚ ਪ੍ਰਭੂ ਆਪ ਬੋਲ ਰਿਹਾ ਹੈ, ਆਪੇ ਹੀ ਸੁਣਨ ਵਾਲਾ ਹੈ, ਆਪ ਹੀ ਇਕ ਹੈ,(ਸ੍ਰਿਸ਼ਟੀ ਰਚਣ ਤੋਂ ਪਹਿਲਾਂ) ਤੇ ਆਪ ਹੀ (ਜਗਤ ਨੂੰ ਆਪਣੇ ਵਿਚ ਸਮੇਟ ਲੈਂਦਾ ਹੈ। ਹੇ ਪ੍ਰਭੂ ਤੇਰੇ ਤੋਂ ਵੱਖਰਾ ਕੁਝ ਨਹੀਂ ਹੈ, ਤੂੰ ਆਪਣੇ ਹੁਕਮ ਰੂਪ ਧਾਗੇ ਵਿਚ, ਸਾਰੇ ਜਗਤ ਨੂੰ ਪਰੋ ਰੱਖਿਆ ਹੈ। ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖਸ਼ਦੇ ਹਨ, ਉਹ ਮਨੁੱਖ ਪ੍ਰਭੂ ਦਾ ਸਦਾ ਥਿਰ ਰਹਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਸਭ ਵੱਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ-ਪੁਰਖ ਦਾ ਮਹਰਮ ਹੋ ਜਾਂਦਾ ਹੈ। ਹੇ ਨਾਨਕ, ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ॥1।
ਜੀਅ ਜੰਤ੍ਰ ਸਭ ਤਾ ਕੈ ਹਾਥ ॥ ਦੀਨ ਦਇਆਲ ਅਨਾਥ ਕੋ ਨਾਥੁ ॥
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ ਸੋ ਮੂਆ ਜਿਸੁ ਮਨਹੁ ਬਿਸਾਰੈ ॥
ਤਿਸੁ ਤਜਿ ਅਵਰ ਕਹਾ ਕੋ ਜਾਇ ॥ ਸਭ ਸਿਰਿ ਏਕੁ ਨਿਰੰਜਨ ਰਾਇ ॥
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ ਅੰਤਰਿ ਬਾਹਰਿ ਜਾਨਹੁ ਸਾਥਿ ॥
ਗੁਨ ਨਿਧਾਨ ਬੇਅੰਤ ਅਪਾਰ ॥ ਨਾਨਕ ਦਾਸ ਸਦਾ ਬਲਿਹਾਰ ॥2॥
ਸਾਰੇ ਜੀਵ-ਜੰਤੂ ਉਸ ਪ੍ਰਭੂ ਦੇ ਵੱਸ ਵਿਚ ਹਨ, ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ ਅਨਾਥਾਂ ਦਾ ਮਾਲਕ ਹੈ। ਜਿਸ ਜੀਵ ਨੂੰ ਪ੍ਰਭੂ ਆਪ ਰਖਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਮੋਇਆ ਹੋਇਆ ਤਾਂ ਉਹ ਜੀਵ ਹੈ, ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ। ਉਸ ਪ੍ਰਭੂ ਨੂੰ ਛੱਡ ਕੇ, ਹੋਰ ਕਿੱਥੇ ਕੋਈ ਜਾਵੇ ? ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ ਸੰਗ ਜਾਣੋ, ਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ। ਹੇ ਨਾਨਕ ਆਖ, ਪ੍ਰਭੂ ਦੇ ਸੇਵਕ, ਉਸ ਦੇ ਸਦਕੇ ਹਨ, ਜੋ ਗੁਣਾਂ ਦਾ ਖਜ਼ਾਨਾ ਹੈ,ਬੇਅੰਤ ਹੈ, ਅਪਾਰ ਹੈ।2।
ਪੂਰਨ ਪੂਰਿ ਰਹੇ ਦਇਆਲ ॥ ਸਭ ਊਪਰਿ ਹੋਵਤ ਕਿਰਪਾਲ ॥
ਅਪਨੇ ਕਰਤਬ ਜਾਨੈ ਆਪਿ ॥ ਅੰਤਰਜਾਮੀ ਰਹਿਓ ਬਿਆਪਿ ॥
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥ ਭਗਤਿ ਕਰਹਿ ਹਰਿ ਕੇ ਗੁਣ ਗਾਇ ॥
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ ਕਰਨਹਾਰੁ ਨਾਨਕ ਇਕੁ ਜਾਨਿਆ ॥3॥
ਦਯਾ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ, ਤੇ ਸਭ ਜੀਵਾਂ ਤੇ ਮਿਹਰ ਕਰਦੇ ਹਨ। ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ, ਸਭ ਦੇ ਦਿਲ ਦੀ ਜਾਨਣ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ। ਜੀਵਾਂ ਨੂੰ ਕਈ ਤਰੀਕਿਆਂ ਨਾਲ ਪਾਲਦਾ ਹੈ, ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਓਸੇ ਪ੍ਰਭੂ ਨੂੰ ਸਿਮਰਦਾ ਹੈ। ਜਿਸ ਉੱਤੇ ਦਿਆਲ ਹੁੰਦਾ ਹੈ, ਉਸ ਨੂੰ ਨਾਲ ਜੋੜ ਲੈਂਦਾ ਹੈ, ਜਿਨ੍ਹਾਂ ਉੱਤੇ ਤਰੁਠਦਾ ਹੈ, ਉਹ ਉਸ ਦੇ ਗੁਣ ਗਾ ਕੇ, ਉਸ ਦੀ ਭਗਤੀ ਕਰਦੇ ਹਨ। ਹੇ ਨਾਨਕ, ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਸੱਚ-ਮੁੱਚ ਹੋਂਦ ਵਾਲਾ ਮੰਨ ਲਿਆ ਹੈ, ਉਸ ਨੇ ਉਸ ਇਕ ਕਰਤਾਰ ਨੂੰ ਹੀ ਪਛਾਣਿਆ ਹੈ।3।
ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥4॥
ਜੋ ਸੇਵਕ, ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ, ਉਸ ਦੀ ਆਸ ਕਦੀ ਖਾਲੀ ਨਹੀਂ ਜਾਂਦੀ। ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ। ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿਚ ਅਕਾਲ-ਪੁਰਖ ਵੱਸਦਾ ਹੈ, ਉਨ੍ਹਾਂ ਨੂੰ ਇਸ ਨਾਮ-ਸਿਮਰਨ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁਝਦਾ। ਮਾਇਆ ਦੇ ਬੰਧਨ ਤੋੜ ਕੇ ਉਹ ਨਿਰ-ਵੈਰ ਹੋ ਜਾਂਦੇ ਹਨ, ਤੇ ਹਰ ਵੇਲੇ ਗੁਰ ਦੇ ਚਰਨ ਪੂਜਦੇ ਹਨ। ਉਹ ਮਨੁੱਖ, ਇਸ ਜਨਮ ਵਿਚ ਸੁਖੀ ਹਨ,ਤੇ ਪਰਲੋਕ ਵਿਚ ਵੀ ਸੌਖੇ ਹੁੰਦੇ ਹਨ, ਹੇ ਨਾਨਕ, ਕਿਉਂਕਿ ਪ੍ਰਭੂ ਨੇ ਆਪ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।4।
ਸਾਧਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥
ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥
ਆਠ ਪਹਰ ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ ॥
ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਮਨ ਇਛੇ ਨਾਨਕ ਫਲ ਪਾਵਹੁ ॥5॥
ਪਰਮ ਖੁਸ਼ੀਆਂ ਵਾਲੇ ਪ੍ਰਭੂ ਦੀ ਸਿਫਤ-ਸਾਲਾਹ ਕਰੋ, ਸਤਸੰਗ ਵਿਚ ਮਿਲ ਕੇ ਇਹ ਆਤਮਕ ਆਨੰਦ ਮਾਣੋ। ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰੋ ਤੇ ਇਸ ਮਨੁੱਖਾ ਸਰੀਰ ਦਾ ਬਚਾਉ ਕਰੋ, ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਅਕਾਲ-ਪੁਰਖ ਦੇ ਗੁਣ ਗਾਉ, ਜੋ ਅਮਰ ਕਰਨ ਵਾਲੇ ਬਚਨ ਹਨ, ਜ਼ਿੰਦਗੀ ਨੂੰ ਵਿਕਾਰਾਂ ਤੋਂ ਬਚਾਉਣ ਦਾ ਇਹੀ ਵਸੀਲਾ ਹੈ। ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖੋ, ਇਸ ਤਰ੍ਹਾ ਅਗਿਆਨਤਾ, ਮਿਟ ਜਾਏਗੀ, ਤੇ ਮਾਇਆ ਵਾਲਾ ਹਨੇਰਾ ਦੂਰ ਹੋ ਜਾਇਗਾ। ਹੇ ਨਾਨਕ, ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ।5
ਹਲਤੁ ਪਲਤੁ ਦੁਇ ਲੇਹੁ ਸਵਾਰਿ ॥ ਰਾਮ ਨਾਮੁ ਅੰਤਰਿ ਉਰਿ ਧਾਰਿ ॥
ਪੂਰੇ ਗੁਰ ਕੀ ਪੂਰੀ ਦੀਖਿਆ ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ ਮਨ ਤੇ ਭਉ ਜਾਇ ॥
ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥
ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥6॥
ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਉ, ਇਸ ਤਰ੍ਹਾ ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ। ਪੂਰੇ ਗੁਰੂ ਦੀ ਸਿਖਿਆ ਵੀ ਪੂਰਨ ਹੁੰਦੀ ਹੈ, ਜਿਸ ਮਨੁੱਖ ਦੇ ਮਨ ਵਿਚ ਇਹ ਸਿਖਿਆ ਵਸਦੀ ਹੈ, ਉਸ ਨੂੰ ਸਦਾ ਥਿਰ ਰਹਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ। ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪੋ, ਦੁਖ-ਦਰਦ ਤੇ ਮਨ ਤੋਂ ਡਰ ਦੂਰ ਹੋ ਜਾਵੇਗਾ, ਹੇ ਵਣਜਾਰੇ ਜੀਵ, ਸੱਚਾ ਵਪਾਰ ਕਰੋ, ਨਾਮ ਰੂਪ ਸੱਚੇ ਵਪਾਰ ਨਾਲ ਤੁਹਾਡਾ ਸੌਦਾ, ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ। ਹੇ ਨਾਨਕ, ਮਨ ਵਿਚ ਇਕ ਅਕਾਲ-ਪੁਰਖ ਦਾ ਆਸਰਾ ਰੱਖੋ, ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਏਗਾ।6।
ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥
ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥7॥
ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ ? ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ। ਜੋ ਮਨੁੱਖ ਨਿਰ-ਭਉ ਅਕਾਲ-ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ, ਕਿਉਂਕਿ ਪ੍ਰਭੂ ਦੀ ਮਿਹਰ ਨਾਲ ਹੀ ਬੰਦਾ, ਡਰ ਤੋਂ ਖਲਾਸੀ ਪਾਉਂਦਾ ਹੈ। ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ। ਨਾਮ ਸਿਮਰਿਆਂ, ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ, ਉਸ ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ । ਹੇ ਨਾਨਕ, ਜਿਸ ਬੰਦੇ ਦੇ ਸਿਰ ਉੱਤੇ ਸੂਰਮਾ ਗੁਰੂ ਰਾਖਾ ਖਲੋਤਾ ਹੋਇਆ ਹੈ, ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ।7।
ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ ਉਧਰਤ ਸ੍ਰਿਸਟਿ ॥
ਚਰਨ ਕਮਲ ਜਾ ਕੇ ਅਨੂਪ ॥ ਸਫਲ ਦਰਸਨੁ ਸੁੰਦਰ ਹਰਿ ਰੂਪ ॥
ਧੰਨੁ ਸੇਵਾ ਸੇਵਕੁ ਪਰਵਾਨੁ ॥ ਅੰਤਰਜਾਮੀ ਪੁਰਖੁ ਪ੍ਰਧਾਨੁ ॥
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥
ਅਮਰ ਭਏ ਅਮਰਾ ਪਦੁ ਪਾਇਆ ॥ ਸਾਧਸੰਗਿ ਨਾਨਕ ਹਰਿ ਧਿਆਇਆ ॥8॥22॥
ਜਿਸ ਪ੍ਰਭੂ ਦੀ ਸਮਝ ਪੂਰਨ ਅਭੁੱਲ ਹੈ, ਜਿਸ ਦੀ ਨਜ਼ਰ ਵਿਚ ਅੰਮ੍ਰਿਤ ਵਰ੍ਹਦਾ ਹੈ, ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ। ਜਿਸ ਪ੍ਰਭੂ ਦੇ ਕਮਲਾਂ ਵਰਗੇ ਅੱਤ ਸੋਹਣੇ ਚਰਨ ਹਨ, ਉਸ ਦਾ ਰੂਪ ਸੁੰਦਰ ਹੈ, ਤੇ ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਉਹ ਅਕਾਲ-ਪੁਰਖ ਘਟ ਘਟ ਦੀ ਜਾਨਣ ਵਾਲਾ ਹੈ ਤੇ ਸਭ ਤੋਂ ਵੱਡਾ ਹੈ, ਉਸ ਦਾ ਸੇਵਕ, ਦਰਗਾਹ ਵਿਚ ਕਬੂਲ ਹੋ ਜਾਂਦਾ ਹੈ, ਤਾਂ ਹੀ ਉਸ ਦੀ ਸੇਵਾ ਮੁਬਾਰਕ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਐਸਾ ਪ੍ਰਭੂ ਵਸਦਾ ਹੈ, ਉਹ ਫੁੱਲ ਵਾਙ ਖਿੜ ਆਉਂਦਾ ਹੈ, ਉਸ ਦੇ ਨੇੜੇ, ਕਾਲ ਵੀ ਨਹੀਂ ਆਉਂਦਾ, ਉਸ ਨੂੰ ਮੌਤ ਦਾ ਡਰ ਨਹੀਂ ਲਗਦਾ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ, ਉਹ ਜਨਮ-ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ।8।22।
ਅਮਰ ਜੀਤ ਸਿੰਘ ਚੰਦੀ (ਚਲਦਾ)