ਸੁਖਮਨੀ ਸਾਹਿਬ(ਭਾਗ 34)
ਸਲੋਕੁ ॥
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥1॥
ਜਿਸ ਮਨੁੱਖ ਨੂੰ ਗੁਰ (ਸ਼ਬਦ ਗੁਰੂ) ਨੇ ਗਿਆਨ ਦਾ ਸੁਰਮਾ, ਬਖਸ਼ਿਆ ਹੈ, ਉਸ ਦੇ ਅਗਿਆਨ ਰੂਪ ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ, ਜੋ ਮਨੁੱਖ ਅਕਾਲ-ਪੁਰਖ ਦੀ ਮਿਹਰ ਨਾਲ, ਗੁਰ ਨੂੰ ਮਿਲਿਆ ਹੈ, ਉਸ ਦੇ ਮਨ ਵਿਚ ਗਿਆਨ ਦਾ ਚਾਨਣ ਹੋ ਜਾਂਦਾ ਹੈ।1।
ਅਸਟਪਦੀ ॥
ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥
ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥
ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥1॥
ਜਿਸ ਮਨੁੱਖ ਨੇ ਸੰਤ-ਜਨਾ ਦੀ ਸੰਗਤ ਵਿਚ ਰਹ ਕੇ ਆਪਣੇ ਅੰਦਰ ਅਕਾਲ-ਪੁਰਖ ਨੂੰ ਵੇਖਿਆ ਹੈ, ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ। ਜਗਤ ਦੇ ਸਾਰੇ ਪਦਾਰਥ ਉਸ ਨੂੰ ਇਕ ਪ੍ਰਭੂ ਵਿਚ ਹੀ ਲੀਨ ਦਿਸਦੇ ਹਨ, ਉਸ ਪ੍ਰਭੂ ਤੇ ਹੀ ਉਸ ਨੂੰ ਅਨੇਕਾਂ ਕਿਸਮ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਸਦੇ ਹਨ। ਉਸ ਮਨੁੱਖ ਦੇ ਸਰੀਰ ਵਿਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ ਹੋ ਜਾਂਦਾ ਹੈ, ਜੋ ਮਾਨੋ ਜਗਤ ਦੇ ਨੌਂ ਹੀ ਖਜ਼ਾਨਿਆਂ ਵਰਗਾ ਹੈ ਤੇ ਅੰਮ੍ਰਿਤ ਹੈ। ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ, ਤੇ ਅਜਿਹਾ ਅਸਚਰਜ ਇਕ-ਰਸ ਰਾਗ-ਰੂਪ ਆਨੰਦ ਬਣਿਆ ਰਹਿੰਦਾ ਹੈ, ਜਿਸ ਦਾ ਬਿਆਨ ਨਹੀਂ ਹੋ ਸਕਦਾ। ਪਰ ਹੇ ਨਾਨਕ, ਇਹ ਆਨੰਦ ਉਸ ਮਨੁੱਖ ਨੇ ਵੇਖਿਆ ਹੈ, ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ, ਕਿਉਂਕਿ ਉਸ ਮਨੁੱਖ ਨੂੰ, ਉਸ ਆਨੰਦ ਦੀ ਸਮਝ, ਪ੍ਰਭੂ ਆਪ ਬਖਸ਼ਦਾ ਹੈ।1।
ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥
ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥
ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥
ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥
ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥2॥
ਉਹ ਬੇਅੰਤ ਭਗਵਾਨ ਅੰਦਰ ਬਾਹਰ ਸਭ ਥਾਈਂ, ਹਰੇਕ ਸਰੀਰ ਵਿਚ ਮੌਜੂਦ ਹੈ, ਧਰਤੀ ਆਕਾਸ਼ ਤੇ ਪਾਤਾਲ ਵਿਚ ਹੈ, ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਣਾ ਕਰਦਾ ਹੈ। ਉਹ ਪਾਰ-ਬ੍ਰਹਮ ਜੰਗਲ ਵਿਚ ਹੈ, ਘਾਹ ਆਦਿ ਵਿਚ ਹੈ ਤੇ ਪਰਬਤ ਵਿਚ ਹੈ, ਜਿਹੋ-ਜਿਹਾ ਉਹ ਹੁਕਮ ਕਰਦਾ ਹੈ, ਓਹੋ ਜਿਹਾ ਜੀਵ ਕੰਮ ਕਰਦਾ ਹੈ। ਪਉਣ ਵਿਚ, ਪਾਣੀ ਵਿਚ. ਅੱਗ ਵਿਚ ਚਹੁੰ ਕੁੰਟਾਂ ਵਿਚ, ਦਸੀਂ ਪਾਸੀਂ, ਸਭ ਥਾਈਂ ਸਮਾਇਆ ਹੋਇਆ ਹੈ। ਕੋਈ ਵੀ ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ, ਪਰ ਹੇ ਨਾਨਕ, ਇਸ ਨਿਸਚੇ ਦਾ ਆਨੰਦ, ਗੁਰ ਦੀ ਕਿਰਪਾ ਨਾਲ ਮਿਲਦਾ ਹੈ।2।
ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ੍ਹਤ੍ਰ ਮਹਿ ਏਕੁ ॥
ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥
ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥
ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥
ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥3॥
ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤੀਆਂ ਵਿਚ ਓਸੇ ਪ੍ਰਭੂ ਨੂੰ ਤੱਕੋ, ਚੰਦ੍ਰਮਾ, ਸੂਰਜ , ਤਾਰਿਆਂ ਵਿਚ ਵੀ ਇਕ ਓਹੀ ਹੈ। ਹਰੇਕ ਜੀਵ, ਅਕਾਲ-ਪੁਰਖ ਦੀ ਹੀ ਬੋਲੀ ਬੋਲਦਾ ਹੈ, ਪਰ ਸਭ ਵਿਚ ਹੁੰਦਿਆਂ ਵੀ ਉਹ ਆਪ ਅਡੋਲ ਹੈ. ਕਦੇ ਡੋਲਦਾ ਨਹੀਂ। ਸਾਰੀਆਂ ਤਾਕਤਾਂ ਰਚ ਕੇ, ਜਗਤ ਦੀਆਂ ਖੇਡਾਂ ਖੇਡ ਰਿਹਾ ਹੈ, ਪਰ ਉਹ ਕਿਸੇ ਮੁੱਲ ਤੇ ਨਹੀਂ ਮਿਲਦਾ, ਕਿਉਂਕਿ ਅਮੋਲਕ ਗੁਣਾਂ ਵਾਲਾ ਹੈ, ਜਿਸ ਪ੍ਰਭੂ ਦੀ ਜੋਤ, ਸਾਰੀਆਂ ਜੋਤਾਂ ਵਿਚ ਜਗ ਰਹੀ ਹੈ, ਉਹ ਮਾਲਕ ਤਾਣੇ-ਪੇਟੇ ਵਾਙ ਸਭ ਨੂੰ ਆਸਰਾ ਦੇ ਰਿਹਾ ਹੈ। ਪਰ ਹੇ ਨਾਨਕ, ਅਕਾਲ-ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ ਇਹ ਯਕੀਨ ਉਨ੍ਹਾਂ ਮਨੁੱਖਾਂ ਦੇ ਅੰਦਰ ਬਣਦਾ ਹੈ, ਜਿਨ੍ਹਾਂ ਦਾ ਭਰਮ ਗੁਰ ਦੀ ਕਿਰਪਾ ਨਾਲ ਮਿਟ ਜਾਂਦਾ ਹੈ।3।
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥
ਜੋ ਜੋ ਹੋਇ ਸੋਈ ਸੁਖੁ ਮਾਨੈ ॥ ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥
ਅੰਤਰਿ ਬਸੇ ਬਾਹਰਿ ਭੀ ਓਹੀ ॥ ਨਾਨਕ ਦਰਸਨੁ ਦੇਖਿ ਸਭ ਮੋਹੀ ॥4॥
ਸੰਤ-ਜਨ ਹਰ ਥਾਂ ਅਕਾਲ-ਪੁਰਖ ਨੂੰ ਹੀ ਵੇਖਦੇ ਹਨ, ਉਨ੍ਹਾਂ ਦੇ ਹਿਰਦੇ ਵਿਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ। ਸੰਤ ਜਨ ਭਲੇ ਬਚਨ ਹੀ ਸੁਣਦੇ ਹਨ, ਤੇ ਸਭ ਥਾਈਂ ਵਿਆਪਕ ਅਕਾਲ-ਪੁਰਖ ਨਾਲ ਜੁੜੇ ਰਹਿੰਦੇ ਹਨ। ਜਿਸ ਜਿਸ ਸੰਤ-ਜਨ ਨੇ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦੀ ਰਹਣੀ ਹੀ ਇਹ ਹੋ ਜਾਂਦੀ ਹੈ ਕਿ ਉਹ ਸਦਾ ਸੱਚੇ ਬਚਨ ਬੋਲਦਾ
ਹੈ। ਤੇ ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ, ਓਸੇ ਨੂੰ ਸੁਖ ਮੰਨਦਾ ਹੈ, ਸਭ ਕੰਮ ਕਰਨ ਵਾਲਾ ਤੇ ਜੀਆਂ ਪਾਸੋਂ ਕਰਵਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ। ਸਾਧੂ-ਜਨਾ ਲਈ ਅੰਦਰ ਬਾਹਰ ਹਰ ਥਾਂ ਉਹੀ ਪ੍ਰਭੂ ਵਸਦਾ ਹੈ। ਹੇ ਨਾਨਕ, ਪ੍ਰਭੂ ਦਾ ਸਰਬ-ਵਿਆਪੀ ਦਰਸ਼ਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ।4।
ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥
ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥
ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥
ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥
ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥5॥
ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ, ਉਹ ਸਭ ਹੋਂਦ ਵਾਲਾ ਹੈ,(ਭਰਮ-ਭੁਲੇਖਾ ਨਹੀਂ) ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ। ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ, ਜੇ ਭਾਵੇ ਤਾਂ, ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ। ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨ੍ਹੀਂ ਹੋ ਸਕਦਾ, ਜਿਸ ਉੱਤੇ ਦਿਆਲ ਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ ਅਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ ? ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸਮਝਾਉਂਦਾ ਹੈ, ਹੇ ਨਾਨਕ, ਉਸ ਮਨੁੱਖ ਨੂੰ ਆਪਣੀ ਸਰਬ-ਵਿਆਪਕਤਾ ਦੀ ਸਮਝ ਬਖਸ਼ਦਾ ਹੈ।5।
ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥
ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥
ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥
ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥
ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥6॥
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, ਉਨ੍ਹਾਂ ਜੀਵਾਂ ਦੀਆਂ ਸਾਰੀਆਂ ਅੱਖਾ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ। ਜਗਤ ਦੇ ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, ਸਭ ਵਿਚ ਵਿਆਪਕ ਹੋ ਕੇ ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ। ਜੀਵਾਂ ਦਾ ਜੰਮਣਾ-ਮਰਨਾ, ਪ੍ਰਭੂ ਨੇ ਇਕ ਖੇਡ ਬਣਾਈ ਹੈ, ਤੇ ਆਪਣੇ ਹੁਕਮ ਵਿਚ ਚੱਲਣ ਵਾਲੀ ਮਾਇਆ ਬਣਾ ਦਿੱਤੀ ਹੈ। ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ. ਤੇ ਆਪ ਹੀ ਸਭ ਤੌਂ ਅਲੱਗ ਵੀ ਹੈ, ਪ੍ਰਭੂ ਨੇ ਜੋ ਕੁਝ ਵੀ ਕਰਨਾ ਹੈ, ਉਹ ਆਪ ਹੀ ਕਰਦਾ ਹੈ, ਉਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਹੇ ਨਾਨਕ, ਜੀਵ, ਅਕਾਲ-ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰ ਜਾਂਦਾ ਹੈ, ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਾਂ ਜੀਵਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ।6।
ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥
ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥
ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥
ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥
ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥7॥
ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ, ਜੀਆਂ ਲਈ ਮਾੜਾ ਨਹੀਂ ਹੁੰਦਾ, ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਵਿਖਾਇਆ ਹੈ ? ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਵੀ ਚੰਗਾ ਹੈ, ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ॥ ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ, ਉਹ ਵੀ ਹੋਂਦ ਵਾਲੀ ਹੈ, ਕੋਈ ਭੁਲੇਖੇ ਵਾਲੀ ਗੱਲ ਨਹੀਂ, ਸਾਰੀ ਰਚਨਾ ਆਪਣੇ ਨਾਲ ਤਾੇਣੇ-ਪੇਟੇ ਵਾਙ ਮਿਲਾਈ ਹੋਈ ਹੈ। ਉਹ ਪ੍ਰਭੂ, ਕਿਹੋ ਜਿਹਾ ਹੈ ? ਕੇਡਾ ਵੱਡਾ ਹੈ ? ਇਹ ਗੱਲ ਬਿਆਨ ਤੋਂ ਬਾਹਰੀ ਹੈ, ਕੋਈ ਦੂਜਾ ਵੱਖਰਾ ਹੋਵੇ ਤਾਂ ਸਮਝ ਸਕੇ॥ ਪ੍ਰਭੂ ਦਾ ਕੀਤਾ ਹੋਇਆ ਸਭ ਕੁਝ, ਜੀਵਾਂ ਨੂੰ ਸਿਰ-ਮੱਥੇ ਮੰਨਣਾ ਪੈਂਦਾ ਹੈ, ਪਰ ਹੇ ਨਾਨਕ, ਇਹ ਪਛਾਣ, ਗੁਰੂ ਦੀ ਕਿਰਪਾ ਨਾਲ ਆਉਂਦੀ ਹੈ।7।
ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥8॥23॥
ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਸ ਨੂੰ ਸਦਾ ਸੁਖ ਮਿਲਦਾ ਹੈ, ਪ੍ਰਭੂ ਉਸ ਨੂੰ ਆਪਣੇ ਨਾਲ, ਆਪ ਮਿਲਾ ਲੈਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵਸਦਾ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ। ਜਿਸ ਮਨੁੱਖ ਦੀ ਮਿਹਰ ਨਾਲ ਸਾਰਾ ਜਗਤ ਹੀ ਤਰਦਾ ਹੈ, ਉਸ ਦਾ ਜਗਤ ਵਿਚ ਆਉਣਾ ਮੁਬਾਰਕ ਹੈ। ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ ਕਿ ਉਸ ਦੀ ਸੰਗਤ ਵਿਚ ਰਹ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ ਨਾਮ ਚੇਤੇ ਆਉਂਦਾ ਹੈ। ਉਹ ਮਨੁੱਖ ਆਪ ਮਾਇਆ ਤੋਂ ਆਜ਼ਾਦ ਹੈ, ਜਗਤ ਨੂੰ ਵੀ ਮੁਕਤ ਕਰਦਾ ਹੈ, ਹੇ ਨਾਨਕ, ਐਸੇ ਉੱਤਮ ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ।8।23।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 34)
Page Visitors: 1322