ਸਵਾਹ ਖਾ ਲਾ ਫੇਰ!
ਅੱਜ ਮੋਬਾਇਲ ਤੇ ਸਰਵ ਜੀਤ ਸਿੰਘ ਧੂੰਦਾ ਦੀ ਇਕ ਕਥਾ ਸੁਣ ਰਿਹਾ ਸੀ, ਜਿਸ ਵਿਚ ਉਹ ਅਮਰੀਕਾ ਦੇ ਇਕ ਪਰਿਵਾਰ ਦੀ ਗੱਲ ਸੁਣਾ ਰਹੇ ਸਨ, ਪਰਿਵਾਰ ਅਮਰੀਕਾ ਵਿਚ ਵਸਦਾ ਹੈ, ਪੜ੍ਹਿਆ-ਲਿਖਿਆ ਹੈ। ਪੈਸੇ ਵਲੋਂ ਵੀ ਸੌਖਾ ਹੀ ਹੋਵੇਗਾ।ਬਾਕੀ ਕੈਸਾ ਹੈ ? ਇਹ ਤੁਸੀਂ ਆਪ ਹੀ ਪੜ੍ਹ ਕੇ ਸਮਝ ਲੈਣਾ ।
ਉਸ ਪਰਿਵਾਰ ਦੀ ਆਗੂ ਇਕ ਬੀਬੀ ਹੈ, ਜੋ ਹਰ ਸਾਲ ਪੰਜਾਬ ਦਾ ਚੱਕਰ ਲਾਉਂਦੀ ਹੈ, ਇਹ ਨਹੀਂ ਪਤਾ ਕਿ ਸਾਲ ਦਾ ਇਕ ਚੱਕਰ ਲਗਦਾ ਹੈ ? ਜਾਂ ਜ਼ਿਆਦਾ ਲਾਉਣ ਦੀ ਲੋੜ ਪੈਂਦੀ ਹੈ ?
ਕਰਨ ਕੀ ਜਾਂਦੀ ਹੈ ? ਠੇਠ ਪੰਜਾਬੀ ਬੋਲੀ ਵਿਚ 'ਸਵਾਹ ਲੈਣ' ਕੋਈ ਵੀ ਆਪਣੀ ਅਕਲ ਤੋਂ ਕੰਮ ਲੈਣ ਵਾਲਾ, ਇਹ ਜ਼ਰੂਰ ਪੁੱਛੇਗਾ ਕਿ ਕੀ ਅਮਰੀਕਾ ਵਿਚ ਸਵਾਹ ਨਹੀਂ ਮਿਲਦੀ ? ਜਵਾਬ ਸਾਫ ਜਿਹਾ ਹੈ ਕਿ ਜੇ ਅਮਰੀਕਾ ਵਿਚ ਮਿਲਦੀ ਹੁੰਦੀ ਤਾਂ ਉਸ ਨੇ ਪੰਜਾਬ, ਕੀ ਖੇਹ ਖਾਣ ਜਾਣਾ ਹੈ।
ਉਸ ਨਾਲ ਦੀ ਸਵਾਹ ਨਹੀਂ ਮਿਲਦੀ, ਜਿਸ ਤੇ ਪੰਜਾਬ ਦੇ ਬਾਬੇ ਦੀ ਕਿਰਪਾ ਹੋਈ ਹੋਵੇ। ਬੀਬੀ ਪੰਜਾਬ ਤੋਂ ਉਹ ਸਵਾਹ ਲੈ ਕੇ ਜਾਂਦੀ ਹੈ, ਜਿਸ ਤੇ ਪੰਜਾਬ ਦੇ ਬਾਬੇ ਦੀ ਕਿਰਪਾ ਹੋਈ ਹੁੰਦੀ ਹੈ। ਜੇ ਉਨ੍ਹਾਂ ਦੀ ਬੋਲੀ ਸਮਝੀ ਜਾਵੇ ਤਾਂ ਬਾਬਾ, ਉਸ ਸਵਾਹ ਤੇ ਕੁਝ ਪੜ੍ਹ ਕੇ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਵਧਦਾ ਹੈ। ਪਰ ਮੈਂ ਇਹ ਗੱਲ ਦਾਵ੍ਹੇ ਨਾਲ ਕਹਿ ਸਕਦਾ ਹਾਂ ਕਿ ਅਜਿਹਾ ਕੋਈ ਕਲਾਮ ਰੱਬ ਨੇ ਨਹੀਂ ਬਣਾਇਆ, ਜਿਸ ਦੇ ਪੜ੍ਹਨ ਨਾਲ ਕਿਸੇ ਦਾ ਕਾਰੋਬਾਰ ਵਧ ਜਾਵੇ।
ਹਾਲਾਂਕਿ ਮੇਰੇ ਇਕ ਦੋਸਤ ਨੇ (ਜੋ ਗੁਰੂ ਗ੍ਰੰਥ ਸਾਹਿਬ ਦੇ ਬੜੇ ਨੇੜੇ ਸੀ, ਬੜੇ ਚੰਗੇ ਅਖੰਡ-ਪਾਠੀ ਸਨ) ਮੈਨੂੰ ਵੀ ਇਕ ਤੁਕ ਦਿੱਤੀ ਸੀ, ਜਿਸ ਨੂੰ ਹਰ ਵੇਲੇ ਪੜ੍ਹਨ ਨਾਲ ਦਿਨ ਫਿਰ ਜਾਂਦੇ ਹਨ। ਖੈਰ ਮੈਂ ਕੀ ਲਕੋਣਾ,, ਉਹ ਤੁਕ ਹੈ ,
"ਤਿਚਰੁ ਮੂਲਿ ਨ ਥੁੜਂ ੀਦੋ ਜਿਚਰੁ ਆਪਿ ਕ੍ਰਿਪਾਲੁ॥
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ॥20॥
ਹੇ ਨਾਨਕ ਆਖ, ਹੇ ਭਾਈ, ਪਰਮਾਤਮਾ ਦੀ ਸਿਫਤ-ਸਾਲਾਹ ਐਸਾ ਧਨ ਹੈ, ਐਸਾ ਮਾਲ ਹੈ, ਜੋ ਕਦੀ ਮੁੱਕਦਾ ਨਹੀਂ। ਇਸ ਧਨ ਨੂੰ ਆਪ ਵਰਤਿਆ ਕਰ, ਹੋਰਨਾਂ ਨੂੰ ਵੀ ਵੰਡਿਆ ਕਰ। ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਵੀ ਨਹੀਂ ਮੁੱਕਦਾ।20।
ਹੁਣ ਇਸ ਵਿਚ ਜਿਸ ਧਨ ਦੀ ਗੱਲ ਕੀਤੀ ਹੈ, ਉਹ ਤਾਂ, ਪਰਮਾਤਮਾ ਦੀ ਸਿਫਤ-ਸਾਲਾਹ ਦੀ ਗੱਲ ਹੈ। ਪਰ ਉਨ੍ਹਾਂ ਦੇ ਮਨ ਵਿਚ ਤਾਂ ਮਾਇਆ ਦੀ ਗੱਲ ਸੀ, ਅਤੇ ਰੱਬ ਮਨ ਦੀ ਗੱਲ ਸੁਣਦਾ ਹੈ। ਅਤੇ ਮਾਇਆ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਸੇਧ ਹੈ,
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥
ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ, ਇਸ ਧਨ ਨੇ ਬਹੁਤ ਦੁਨੀਆ ਨੂੰ ਖੁਆਰ ਕੀਤਾ ਹੈ। ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ ਇਕੱਠੀ ਕਰਨ ਵਾਲੇ ਦੇ ਨਾਲ ਨਹੀਂ ਜਾਂਦੀ। ਪਰ ਜੀਵ ਦੇ ਕੀ ਵੱਸ ?
ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਉਂਦਾ ਹੈ, ਪਹਿਲਾਂ ਉਸ ਪਾਸੋਂ, ਉਸ ਦੀ ਚੰਗਿਆਈ ਖੋਹ ਲੈਂਦਾ ਹੈ।3।
ਉਸ ਮੁਤਾਬਕ ਹੀ ਪੰਜ-ਸਤ ਪਰਿਵਾਰਾਂ ਨੇ ਗੁਰਦਵਾਰੇ ਤੇ ਕਬਜ਼ਾ ਕਰੀ ਰੱਖਿਆ ਅਤੇ ਉਸ ਦੀ ਗੋਲਕ ਵਰਤਦੇ ਰਹੇ, ਲੋਕਾਂ ਦਾ ਬਹੁ-ਮਤ, ਨਾਲ ਜੋੜੀ ਰੱਖਣ ਲਈ ਗੁਰੂ ਨਾਨਕ ਗਰਲਜ਼ ਇੰਟਰ ਕਾਲਜ ਤੇ ਵੀ ਕਬਜ਼ਾ ਕਰੀ ਰੱਖਆ ਅਤੇ ਅੱਜ ਗੁਰੂ ਨਾਨਕ ਗਰਲਜ਼ ਇੰਟਰ ਕਾਲਜ, ਸਰਕਾਰ ਦੇ ਕੰਟਰੋਲ ਥੱਲੇ ਹੈ, ਅਤੇ ਗੁਰਦਵਾਰਾ ਪੰਜ-ਸਤ ਬੰਦਿਆਂ ਦੀ ਟੋਲੀ ਦੇ ਕਬਜ਼ੇ ਥੱਲੇ ਹੈ। ਗੁਰਦਵਾਰਾ, ਇੰਟਰ ਕਾਲਜ ਅਤੇ ਗੁਰੂ ਨਾਨਕ ਮਾਡਲ ਸਕੂਲ ਅੱਜ ਦੇ ਮੁੱਲ ਮੁਤਾਬ, ਕਈ ਸੌ ਕ੍ਰੋੜ ਦੀ ਜਾਇਦਾਦ ਹੈ, ਪਰ ਸਿੱਖਾਂ ਦੇ ਵਿਕਾਸ ਦੇ ਮਾਮਲੇ ਵਿਚ, ਕੁਝ ਨਾ ਪੁਛੌ ।
ਜੇ ਰੱਬ ਨੇ ਕੋਈ ਅਜਿਹਾ ਕਲਾਮ ਬਣਾਇਆ ਹੁੰਦਾ ਤਾਂ ਰੱਬ ਨੇ ਕਿਸੇ ਕੋਲੋਂ ਲਕੋਣਾ ਥੋੜੈ ਸੀ। ਫਿਰ ਉਸ ਦੇ ਹੁੰਦਿਆਂ ਪੰਜਾਬ ਦੇ ਲੋਕਾਂ ਦੀ ਹਾਲਤ ਅਜਿਹੀ ਕਿਉਂ ਹੋ ਗਈ, ਜਿਸ ਕਾਰਨ ਉਹ "ਖੁਦ-ਕੁਸ਼ੀ" ਕਰਨ ਲਈ ਮਜਬੂਰ ਹੋ ਜਾਂਦੇ। ਗੁਰੂ ਸਾਹਿਬ ਨੇ ਸਿੱਖਾਂ ਲਈ ਇਕ ਤਾਕੀਦ ਕੀਤੀ ਹੈ ਕਿ, ਹਰ ਕੰਮ ਵਿਚ ਅਕਲ ਦੀ ਵਰਤੋਂ ਕਰੋ। ਏਥੋਂ ਤੱਕ ਕਿ ਜੇ ਤੁਸੀਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਵਿਚਲਾ ਗਿਆਨ ਵੀ ਦੇਣਾ ਹੋਵੇ ਤਾਂ ਪਹਿਲਾਂ ਉਸ ਨੂੰ ਵੀ ਆਪਣੀ ਅਕਲ ਨਾਲ ਚੰਗੀ ਤਰ੍ਹਾਂ ਸਮਝ ਲਵੋ।
ਉਸ ਅਕਲ ਦੀ ਵਰਤੋਂ ਕੀਤਿਆਂ, ਇਕ ਗੱਲ ਯਾਦ ਆ ਗਈ ਕਿ ਸਾਡੇ ਗਵਾਂਢ ਇਕ ਪਰਿਵਾਰ ਸੀ, ਉਸ ਦੇ ਨਾਲ ਵੀ ਕਾਫੀ ਨੇੜਤਾ ਸੀ, ਇਕ ਦਿਨ ਉਨ੍ਹਾਂ ਦਾ ਨੌਕਰ ਆਪਣੀ ਛੱਪਰ ਵਿਚ ਸੁੱਤਾ ਸੜ ਗਿਆ, ਰਜਾਈ ਅੱਧਿਉਂ ਵੱਧ ਸੜ ਗਈ, ਮੰਜੀ ਵੀ ਕਾਫੀ ਸੜ ਗਈ, ਆਪ ਥੋੜਾ ਸੜ ਕੇ ਬਚ ਗਿਆ। ਉਸ ਦਾ ਇਲਾਜ ਕਰਵਾ ਕੇ, ਉਸ ਨੂੰ ਵਾਪਸ ਰਾਜਿਸਤਾਨ ਘੱਲ ਦਿੱਤਾ, ਬਾਕੀ ਟੱਬਰ ਨੇ ਓਥੋਂ ਹੋਰ ਨੌਕਰ ਘੱਲ ਦਿੱਤਾ, ਕੰਮ ਚਲਦਾ ਰਿਹਾ, ਫਿਰ ਗੱਲ ਨਿਕਲੀ ਕਿ ਉਹ ਨੌਕਰ ਦੀ ਚਾਹ ਵਿਚ ਥੋੜੀ ਅਫੀਮ ਪਾ ਦਿੰਦੇ ਸਨ, ਜਿਸ ਨਾਲ ਉਹ ਕੰਮ ਵੀ ਲੱਗਾ ਰਹਿੰਦਾ ਸੀ, ਕੋਈ ਲੱਖ ਕੋਸ਼ਿਸ਼ ਕਰੇ ਤਾਂ ਵੀ ਉਹ ਹੋਰ ਕਿਸੇ ਕੋਲ ਨੌਕਰੀ ਨਹੀਂ ਕਰਦਾ ਸੀ। ਗੱਲ ਕਰ ਰਹੇ ਸੀ ਅਮਰੀਕਾ ਦੇ ਪਰਿਵਾਰ ਦੀ, ਸਾਫ ਜਿਹੀ ਗੱਲ ਹੈ ਕਿ ਅੱਜ ਦੇ ਜ਼ਮਾਨੇ ਵਿਚ, ਸਵਾਹ ਤੇ ਕੋਈ ਕਲਾਮ ਨਹੀਂ ਪੜ੍ਹਿਆ ਜਾਂਦਾ ਬਲਕਿ, ਬਹੁਤ ਤਰੀਕਿਆਂ ਦੇ ਨਸ਼ੇ ਹਨ, ਜੋ ਸਵਾਹ ਵਿਚ ਅਰਾਮ ਨਾਲ ਮਿਲਾਏ ਜਾ ਸਕਦੇ ਹਨ, ਬਾਕੀ ਸਾਰਾ ਕੰਮ ਅਰਾਮ ਨਾਲ ਚੱਲ ਸਕਦਾ ਹੈ, ਉਹ ਤਾਂ ਜਦ ਭੇਤ ਖੁਲ੍ਹੇਗਾ ਤਦ ਤਕ ਕੀ ਹੋ ਚੁੱਕਾ ਹੋਵੇਗਾ ? ਰੱਬ ਹੀ ਜਾਣੇ। ਪਰ ਗੱਲ ਸਵਾਹ ਦੀ ਚੱਲੀ ਹੈ ਤਾਂ, ਮੈਂ ਛੋਟਾ ਹੀ ਸੀ ਜਦ ਇਕ ਗੱਲ ਦੀ ਵਰਤੋਂ ਹੁੰਦੀ ਸੀ, ਬੰਦੇ ਸਿੱਧੇ-ਸਾਦੇ ਹੀ ਹੁੰਦੇ ਸੀ, ਘਰ ਦਾ ਆਟਾ, ਘਰ ਦੀ ਸਬਜੀ , ਲੂਣ ਨੂੰ ਛੱਡ ਕੇ, ਬਾਕੀ ਸਭ ਕੁਝ ਘਰੇ ਹੋ ਜਾਂਦਾ ਸੀ। ਜਦੋਂ ਕਿਸੇ ਨੇ ਕਹਿਣਾ ਕਿ ਅੱਜ ਰੋਟੀ ਸਵਾਦ ਨਹੀਂ ਬਣੀ, ਤਾਂ ਘਰ ਵਾਲੇ ਸੁਭਾਵਕ ਹੀ ਕਹਿ ਦੇਂਦੇ ਸਨ 'ਫਿਰ ਸਵਾਹ ਖਾ ਲਾ'। ਏਥੇ ਤਾਂ ਅੱਧੀ ਦੁਨੀਆਂ ਲੰਘ ਕੇ ਸਵਾਹ ਲਿਜਾ ਹੁੰਦੀ ਹੈ, ਉਸ ਵਿਚ ਕੋਈ ਤਾਂ ਖਾਸੀਅਤ ਹੋਵੇਗੀ ਹੀ, ਪਰ ਨਹੀਂ ਇਹ ਵੀ ਜ਼ਰੂਰੀ ਨਹੀਂ।
ਗੁਰੂ ਸਾਹਿਬ ਨੇ 239 ਸਾਲ ਲਗਾ ਕੇ, ਸਿੱਖਾਂ ਲਈ ਪਰਮਾਤਮਾ ਦੇ ਸਿਧਾਂਤ ਮੁਤਾਬਕ ਸੇਧ ਦਿੰਦਾ ਗ੍ਰੰਥ ਲਿਖ ਕੇ ਸਿੱਖਾਂ ਦੇ ਹਵਾਲੇ ਕਰ ਦਿੱਤਾ। ਪੂਰੀ ਮਿਹਨਤ ਨਾਲ ਤਿਆਰ ਕਰ ਕੇ ਅਖੀਰ ਵਿਚ "ਮੁੰਦਾਵਣੀ" ਲਿਖ ਕੇ ਉਸ ਦੀ ਸੰਪੂਰਨਤਾ ਦਾ ਸੰਕੇਤ ਵੀ ਦੇ ਦਿੱਤਾ।
ਪਰ ਪਤਾ ਨਹੀਂ ਕਿਵੇਂ, ਸਿੱਖੀ ਦਾ ਬੇੜਾ ਗਰਕ ਕਰਨ ਦੇ ਚਾਹਵਾਨ, ਨਕਲੀ ਸਿੱਖਾਂ ਦਾ ਦਾਅ ਲਗ ਗਿਆ ਅਤੇ ਉਨ੍ਹਾਂ ਨੇ ਕੰਜਰਾਂ ਵਲੋਂ ਲਿਖੀ "ਰਾਗ-ਮਾਲਾ" ਅਖੀਰ ਤੇ ਪਾ ਦਿੱਤੀ। ਕਈ ਸਾਲ ਵਿਚਾਰ-ਵਟਾਂਦਰੇ ਦੇ ਨਾਮ ਤੇ ਡਰਾਮੇ-ਬਾਜ਼ੀ ਹੁੰਦੀ ਰਹੀ, ਤੇ ਅਖੀਰ ਤੇ ਮੌਕਾ ਵੇਖ ਕੇ ਫੈਸਲਾ ਕਰ ਲਿਆ ਕਿ ਇਸ "ਰਾਗ-ਮਾਲਾ" ਤੋਂ ਬਗੈਰ ਗ੍ਰੰਥ ਦੀ ਕੋਈ ਬੀੜ ਨਹੀਂ ਛਪੇਗੀ, ਜਿਸ ਨੇ ਪੜ੍ਹਨੀ ਹੋਵੇ ਉਹ ਪੜ੍ਹੇ, ਜਿਸ ਨੇ ਨਾ ਪੜ੍ਹਨੀ ਹੋਵੇ ਉਹ ਨਾ ਪੜ੍ਹੇ।
ਕੀ ਕੋਈ ਇਹ ਸਮਝਾਅ ਸਕਦਾ ਹੈ ਕਿ ਕਿਸ ਦੀ ਏਨੀ ਸਮਰਥਾ ਹੈ ਕਿ ਉਹ ਫੈਸਲਾ ਕਰ ਦੇਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਲਿਖਾਵਟ ਵਿਚੋਂ ਜੋ ਚਾਹੇ ਉਹ ਪੜ੍ਹੇ ਅਤੇ ਜੋ ਨਾ ਚਾਹੇ ਉਸ ਨੂੰ ਰੱਦ ਕਰ ਦੇਵੇ। ਜਿਨ੍ਹਾਂ ਨੇ ਰਾਗ-ਮਾਲਾ ਪੜ੍ਹਨੀ ਹੈ, ਉਨ੍ਹਾਂ ਨੂੰ ਕੋਈ ਦਿੱਕਤ ਨਹੀਂ, ਪਰ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਜਦ ਸਿਖਰ ਤੇ ਪਹੁੰਚ ਕੇ ਪੜ੍ਹਦੇ ਹਨ।
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥1॥
ਸਲੋਕ ਮਹਲਾ 5 ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥
ਗੁਰੂ ਗ੍ਰੰਥ ਸਾਹਿਬ ਵਿਚਲੇ ਸਤ, ਸੰਤੋਖ, ਨੂੰ ਦੁਹਰਾਇਆ ਜਾ ਰਿਹਾ ਹੁੰਦਾ ਹੈ, ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੀ ਗੱਲ ਹੋ ਰਹੀ ਹੁੰਦੀ ਹੈ. ਇਹ ਵੀ ਗੱਲ ਹੁੰਦੀ ਹੈ ਕਿ ਜਿਹੜਾ ਇਸ ਨੂੰ ਖਾ ਕੇ ਹਜ਼ਮ ਕਰ ਲਵੇ, ਉਸ ਦਾ ਉੱਧਾਰ ਹੋ ਜਾਂਦਾ ਹੈ।
ਹੇ ਨਾਨਕ, ਆਖ, ਹੇ ਪ੍ਰਭੂ ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝੀ, ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਸੱਜਣ-ਮਿਤ੍ਰ ਗੁਰੂ ਮਿਲ ਪਿਆ, ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ, ਪਿਆਰੇ ਸ਼ਬਦ ਗੁਰੂ ਕੋਲੋਂ ਜਦੋਂ ਮੈਨੂੰ ਤੇਰਾ ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ, ਮੇਰਾ ਮਨ ਉਸ ਆਤਮਕ ਜੀਵਨ ਦੀ ਬਰਕਤ ਨਾਲ ਖਿੜ ਆਉਂਦਾ ਹੈ।1।
ਐਨ ਏਸ ਵੇਲੇ ਸ਼ੁਰੂ ਹੁੰਦਾ ਹੈ,
ਰਾਗ ਮਾਲਾ ।
ਰਾਗ ਏਕ ਸੰਗਿ ਪੰਚ ਬਰੰਗਨ । ਸੰਗਿ ਅਲਾਪਹਿ ਆਠਉ ਨμਦਨ ।
ਪ੍ਰਥਮ ਰਾਗ ਭੈਰਉ ਵੈ ਕਰਹੀ । ਪੰਚ ਰਾਗਨੀ ਸੰਗਿ ਉਚਰਹੀ ।
ਪ੍ਰਥਮ ਭੈਰਵੀ ਬਿਲਾਵਲੀ । ਪੁੰਨਿਆਕੀ ਗਾਵਹਿ ਬੰਗਲੀ ।
ਪੁਨਿ ਅਸਲੇਖੀ ਕੀ ਭਈ ਬਾਰੀ । ਏ ਭੈਰਉ ਕੀ ਪਾਚਉ ਨਾਰੀ ।
ਪੰਚਮ ਹਰਖ ਦਿਸਾਖ ਸੁਨਾਵਹਿ । ਬੰਗਾਲਮ ਮਧੁ ਮਾਧਵ ਗਾਵਹਿ ।1।
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ । ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ।1।
ਦੁਤੀਆ ਮਾਲਕਉਸਕ ਆਲਾਪਹਿ । ਸੰਗਿ ਰਾਗਨੀ ਪਾਚਉ ਥਾਪਹਿ ।
ਗੋਂਡਕਰੀ ਅਰੁ ਦੇਵਗੰਧਾਰੀ । ਗੰਧਾਰੀ ਸੀ ਹੁਤੀ ਉਚਾਰੀ ।
ਧਨਾਸਰੀ ਏ ਪਾਚਉ ਗਾਈ । ਮਾਲ ਰਾਗ ਕਉਸਕ ਸੰਗਿ ਲਾਈ ।
ਮਾਰੂ ਮਸਤਅੰਗ ਮੇਵਾਰਾ । ਪ੍ਰਬਲਚੰਡ ਕਉਸਕ ਉਭਾਰਾ ।
ਖਉਖਟ ਅਉ ਭਉਰਾਨਦ ਗਾਏ । ਅਸਟ ਮਾਲ ਕਉਸਕ ਸੰਗਿ ਲਾਏ ।1।
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ । ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ।1।
ਤੇਲμਗੀ ਦੇਵਕਰੀ ਆਈ । ਬਸੰਤੀ ਸੰਦੂਰ ਸੁਹਾਈ ।
ਸਰਸ ਅਹੀਰੀ ਲੈ ਭਾਰਜਾ । ਸੰਗਿ ਲਾਈ ਪਾਂਚਉ ਆਰਜਾ ।
ਸੁਰਮਾਨμਦ ਭਾਸਕਰ ਆਏ । ਚੰਦ੍ਰਬਿੰਬ ਮੰਗਲਨ ਸੁਹਾਏ ।
ਸਰਸਬਾਨ ਅਉ ਆਹਿ ਬਿਨੋਦਾ । ਗਾਵਹਿ ਸਰਸ ਬਸੰਤ ਕਮੋਦਾ ।
ਅਸਟ ਪੁਤ੍ਰ ਮੈ ਕਹੇ ਸਵਾਰੀ । ਪੁਨਿ ਆਈ ਦੀਪਕ ਕੀ ਬਾਰੀ ।1।
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ । ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ।1।
ਕਾਲμਕਾ ਕੁੰਤਲ ਅਉ ਰਾਮਾ । ਕਮਲਕੁਸਮ ਚੰਪਕ ਕੇ ਨਾਮਾ ।
ਗਉਰਾ ਅਉ ਕਾਨਰਾ ਕਲ੍ਹਾਨਾ ।ਅਸਟ ਪੁਤ੍ਰ ਦੀਪਕ ਕੇ ਜਾਨਾ ।1।
ਸਭ ਮਿਲਿ ਸਿਰੀਰਾਗ ਵੈ ਗਾਵਹਿ । ਪਾਂਚਉ ਸੰਗਿ ਬਰੰਗਨ ਲਾਵਹਿ ।
ਬੈਰਾਰੀ ਕਰਨਾਟੀ ਧਰੀ । ਗਵਰੀ ਗਾਵਹਿ ਆਸਾਵਰੀ ।
ਤਿਹ ਪਾਛੈ ਸਿੰਧਵੀ ਅਲਾਪੀ । ਸਿਰੀਰਾਗ ਸਿਉ ਪਾਂਚਉ ਥਾਪੀ ।1।
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ । ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ।1।
ਖਸਟਮ ਮੇਘ ਰਾਗ ਵੈ ਗਾਵਹਿ । ਪਾਂਚਉ ਸੰਗਿ ਬਰੰਗਨ ਲਾਵਹਿ ।
ਸੋਰਠਿ ਗੋਂਡ ਮਲਾਰੀ ਧੁਨੀ । ਪੁਨਿ ਗਾਵਹਿ ਆਸਾ ਗੁਨ ਗੁਨੀ ।
ਊਚੈ ਸੁਰਿ ਸੂਹਉ ਪੁਨਿ ਕੀਨੀ । ਮੇਘ ਰਾਗ ਸਿਉ ਪਾਂਚਉ ਚੀਨੀ।1।
ਬੈਰਾਧਰ ਗਜਧਰ ਕੇਦਾਰਾ । ਜਬਲੀਧਰ ਨਟ ਅਉ ਜਲਧਾਰਾ ।
ਪੁਨਿ ਗਾਵਹਿ ਸੰਕਰ ਅਉ ਸਿਆਮਾ । ਮੇਘ ਰਾਗ ਪੁਤ੍ਰਨ ਕੇ ਨਾਮਾ ।1।
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ । ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ।1।1।
ਇਹ ਸਾਰਾ ਸੁਣਦੇ ਸੁਣਦੇ ਇਵੇਂ ਮਹਿਸੂਸ ਹੋਣ ਲੱਗ ਪੈਂਦਾ ਹੈ, ਜਿਵੇਂ ਕਿਸੇ ਨੇ ਬਹੁਤ ਵਧੀਆ ਭੋਜਨ ਪਰੋਸਿਆ, ਖਵਾਇਆ ਅਤੇ ਆਖਰੀ ਚੀਜ਼, ਖੀਰ ਦੀ ਕਟੋਰੀ ਲਿਆ ਕੇ ਰੱਖੀ, ਤੇ ਇਕ ਜਣੇ ਨੇ ਆ ਕੇ ਉਸ ਕਟੋਰੀ ਤੇ ਸਵਾਹ ਬੁਰਕ ਦਿੱਤੀ ।
ਸੋਚਦਾ ਹਾਂ ਕਿ ਜਦ ਸਿੱਖ, ਸਦੀਆਂ ਤੋਂ ਇਹ ਸਵਾਹ ਬੜੇ ਚਾਉ ਨਾਲ ਖਾਂਦੇ ਆ ਰਹੇ ਹਨ ਤਾਂ, ਇਸ ਸਵਾਹ ਬਾਰੇ ਕੋਈ ਕੀ ਆਖ ਸਕਦਾ ਹੈ ?
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਸਵਾਹ ਖਾ ਲਾ ਫੇਰ!
Page Visitors: 1316