ਸੁਖਮਨੀ ਸਾਹਿਬ(ਭਾਗ 35)
ਸਲੋਕੁ ॥
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥1॥
ਜਿਸ ਮਨੁੱਖ ਨੇ ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ, ਤਾਂ ਤੇ ਹੇ ਨਾਨਕ, ਤੂੰ ਵੀ ਪੂਰਨ ਪ੍ਰਭੂ ਦੇ ਗੁਣ ਗਾ।1।
ਅਸਟਪਦੀ ॥
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥1॥
ਹੇ ਮਨ, ਪੂਰੇ ਗੁਰ ਦੀ ਸਿਖਿਆ ਸੁਣ, ਤੇ ਅਕਾਲ-ਪੁਰਖ ਨੂੰ ਹਰ ਥਾਂ ਨੇੜੇ ਜਾਣ ਕੇ ਵੇਖ। ਹੇ ਭਾਈ ਹਰ ਸਾਹ ਦੇ ਨਾਲ ਪ੍ਰਭੂ ਨੂੰ ਯਾਦ ਕਰ, ਤਾਂ ਜੋ ਤੇਰੇ ਮਨ ਦੇ ਅੰਦਰਲੀ ਚਿੰਤਾ ਖਤਮ ਹੋ ਜਾਵੇ। ਹੇ ਮਨ, ਨਿੱਤ ਨਾ ਰਹਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਦੀਆਂ ਲਹਿਰਾਂ ਛੱਡ ਦੇਹ ਅਤੇ ਸੰਤ-ਜਨਾਂ ਦੇ ਪੈਰਾਂ ਦੀ ਧੂੜ ਮੰਗ। ਹੇ ਭਾਈ, ਆਪਾ-ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ, ਤੇ ਇਸ ਤਰ੍ਹਾਂ ਸਾਧ-ਸੰਗਤ ਵਿਚ ਰਹਿ ਕੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ। ਹੇ ਨਾਨਕ, ਪ੍ਰਭੂ-ਨਾਮ ਰੂਪੀ ਧਨ ਦੇ ਖਜ਼ਾਨੇ ਭਰ ਲੈ, ਅਤੇ ਪੂਰੇ ਗੁਰ, ਸ਼ਬਦ ਗੁਰੂ ਨੂੰ ਨਮਸਕਾਰ ਕਰ।1।
ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥
ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥
ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥2॥
ਹੇ ਭਾਈ, ਸਾਧ-ਸੰਗਤ ਵਿਚ ਪਰਮ-ਸੁਖ ਦੇ ਖਜਾਨੇ ਪ੍ਰਭੂ ਨੂੰ ਸਿਮਰ, ਇਸ ਤਰ੍ਹਾਂ ਅਟੱਲ ਸੁਖ, ਸੌਖਾ ਜੀਵਨ, ਤੇ ਆਤਮਕ ਅਡੋਲਤਾ ਦਾ ਆਨੰਦ ਮਿਲਣਗੇ। ਗੋਬਿੰਦ ਦੇ ਗੁਣ ਗਾ, ਨਾਮ ਅੰਮ੍ਰਿਤ ਦਾ ਰਸ ਪੀ, ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰ ਕੇ ਜਿੰਦ ਨੂੰ ਬਚਾ ਲੈ, ਜਿਸ ਇਕ ਅਕਾਲ-ਪੁਰਖ ਦੇ ਅਨੇਕਾਂ ਰੰਗ ਹਨ, ਉਸ ਇਕ ਪ੍ਰਭੂ ਦਾ ਧਿਆਨ ਚਿਤ ਵਿਚ ਧਰੋ। ਦੀਨਾਂ ਉੱਤੇ ਦਇਆ ਕਰਨ ਵਾਲਾ, ਗੋਪਾਲ-ਦਮੋਦਰ ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਜੋ ਮਿਹਰ ਦਾ ਘਰ ਹੈ। ਹੇ ਨਾਨਕ, ਉਸ ਦਾ ਨਾਮ, ਮੁੜ ਮੁੜ ਯਾਦ ਕਰ, ਜਿੰਦ ਦਾ ਆਸਰਾ ਇਹ ਨਾਮ ਹੀ ਹੈ।2।
ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥
ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥3॥
ਸਾਧ, ਗੁਰੂ ਦੇ ਬਚਨ ਸਭ ਤੋਂ ਚੰਗੀ ਸਿਫਤ ਸਾਲਾਹ ਦੀ ਬਾਣੀ ਹਨ, ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ। ਇਨ੍ਹਾਂ ਬਚਨਾਂ ਨੂੰ ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ, ਜੋ ਕਮਾਉਂਦਾ ਹੈ, ਉਹ ਆਪ ਤਰਦਾ ਹੈ ਤੇ ਲੋਕਾਂ ਦਾ ਵੀ ਨਿਸਤਾਰਾ ਕਰਦਾ ਹੈ। ਜਿਸ ਮਨੁੱਖ ਦੇ ਮਨ ਵਿਚ, ਪ੍ਰਭੂ ਦਾ ਪਿਆਰ ਬਣ ਜਾਂਦਾ ਹੈ, ਉਸ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ। ਉਸ ਦੇ ਅੰਦਰ ਚੜ੍ਹਦੀਆਂ ਕਲਾ ਦੀ ਰੌਂ ਸਦਾ ਚਲਦੀ ਹੈ, ਜਿਸ ਨੂੰ ਸੁਣ ਕੇ, ਮਹਿਸੂਸਸ ਕਰ ਕੇ ਉਹ ਖੁਸ਼ ਹੁੰਦਾ ਹੈ, ਕਿਉਂਕਿ ਪ੍ਰਭੂ ਉਸ ਦੇ ਅੰਦਰ ਆਪਣਾ ਨੂਰ ਰੌਸ਼ਨ ਕਰਦਾ ਹੈ। ਗੋਪਾਲ ਪ੍ਰਭੂ ਜੀ, ਉੱਚੀ ਕਰਣੀ ਵਾਲੇ ਬੰਦੇ ਦੇ ਮੱਥੇ ਉੱਤੇ ਪਰਗਟ ਹੁੰਦੇ ਹਨ, ਹੇ ਨਾਨਕ, ਅਜਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ।3।
ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪ ਮਿਲਾਏ ॥
ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥
ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥4॥
ਹੇ ਪ੍ਰਭੂ, ਇਹ ਸੁਣ ਕੇ ਕਿ ਤੂੰ ਦਰ ਤੇ ਢੱਠਿਆਂ ਦੀ ਬਾਂਹ ਫੜਨ ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ, ਤੂੰ ਮਿਹਰ ਕਰ ਕੇ, ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਹੁਣ ਸਾਡੇ ਵੈਰ ਮੁਕ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖਾਕ ਹੋ ਗਏ ਹਾਂ, ਹੁਣ ਸਾਧ-ਸੰਗਤ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ। ਗੁਰ-ਦੇਵ ਜੀ ਸਾਡੇ ਤੇ ਮਿਹਰਬਾਨ ਹੋ ਪਏ ਹਨ, ਇਸ ਵਾਸਤੇ ਸਾਡੀ ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ। ਅਸੀਂ ਹੁਣ ਘਰ ਦੇ ਧੰਦਿਆਂ ਅਤੇ ਵਿਕਾਰਾਂ ਤੋਂ ਬਚ ਗਏ ਹਾਂ, ਪ੍ਰਭੂ ਦਾ ਨਾਮ ਸੁਣ ਕੇ ਮਨੋਂ ਵੀ ਉਚਾਰਦੇ ਹਾਂ। ਹੇ ਨਾਨਕ, ਪ੍ਰਭੂ ਨੇ ਮਿਹਰ ਕਰ ਕੇ ਸਾਡੇ ਤੇ ਦਇਆ ਕੀਤੀ ਹੈ, ਤੇ ਸਾਡਾ ਕੀਤਾ ਹੋਇਆ ਵਪਾਰ, ਦਰਗਾਹ ਵਿਚ ਕਬੂਲ ਹੋ ਗਿਆ ਹੈ।4।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥
ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥5॥
ਹੇ ਸੰਤਜਨ ਮਿਤਰੋ, ਧਿਆਨ ਨਾਲ ਮਨ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ, ਅਕਾਲ-ਪੁਰਖ ਦੀ ਸਿਫਤ-ਸਾਲਾਹ ਕਰੋ। ਪ੍ਰਭੂ ਦੀ ਸਿਫਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਨ ਹੈ, ਤੇ ਸੁੱਖਾਂ ਦੀ ਮਣੀ, ਰਤਨ ਹੈ, ਜਿਸ ਦੇ ਮਨ ਵਿਚ ਨਾਮ ਵਸਦਾ ਹੈ, ਉਹ ਗੁਣਾਂ ਦਾ ਖਜਾਨਾ ਹੋ ਜਾਂਦਾ ਹੈ। ਉਸ ਮਨੁੱਖ ਦੀ ਸਾਰੀ ਇੱਛਿਆ ਪੂਰੀ ਹੋ ਜਾਂਦੀ ਹੈ, ਉਹ ਬੰਦਾ ਤੁਰਨੇ ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ। ਉੱਸ ਨੂੰ ੳੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ, ਮੁੜ ਉਸ ਨੂੰ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ। ਹੇ ਨਾਨਕ, ਜਿਸ ਮਨੁੱਖ ਨੂੰ ਧੁਰੋਂ ਇਹ ਦਾਤ ਮਿਲਦੀ ਹੈ, ਉਹ ਮਨੁੱਖ ਜਗਤ ਤੋਂ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ ਜਾਂਦਾ ਹੈ।5।
ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥
ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥6॥
ਅਟੱਲ ਸੁਖ, ਮਨ ਦਾ ਟਿਕਾਉ, ਰਿਧੀਆਂ, ਨੌਂ ਖਜਾਨੇ, ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ ਆ ਜਾਂਦੀਆਂ ਹਨ, ਵਿਦਿਆ, ਤਪ, ਜੋਗ, ਅਕਾਲ-ਪੁਰਖ ਦਾ ਧਿਆਨ, ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ, ਯਾਨੀ ਤੀਰਥਾਂ ਦਾ ਇਸ਼ਨਾਨ, ਧਰਮ, ਅਰਥ, ਕਾਮ, ਮੋਖ, ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ, ਸਾਰਿਆਂ ਵਿਚ ਰਹਿੰਦਿਆਂ, ਸਾਰਿਆਂ ਤੋਂ ਉਪਰਾਮ ਰਹਣਾ, ਸੋਹਣਾ, ਸਿਆਣਾ, ਜਗਤ ਦੇ ਮੂਲ਼ ਪ੍ਰਭੂ ਦਾ ਮਹਰਮ, ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕ ਨਜ਼ਰ ਨਾਲ ਵੇਖਣਾ, ਇਹ ਸਾਰੇ ਫਲ, ਹੇ ਨਾਨਕ, ਉਸ ਮਨੁੱਖ ਦੇ ਅੰਦਰ ਆ ਵਸਦੇ ਹਨ, ਜੋ ਗੁਰੂ ਦੇ ਬਚਨ ਅਨੁਸਾਰ ਪ੍ਰਭੂ ਦਾ ਨਾਮ, ਮਨ ਲਾ ਕੇ ਸੁਣਦਾਂ ਹੈ।6।
ਇਹੁ ਨਿਧਾਨੁ ਜਪੈ ਮਨਿ ਕੋਇ ॥ ਸਭ ਜੁਗ ਮਹਿ ਤਾ ਕੀ ਗਤਿ ਹੋਇ ॥
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਸਾਧ ਸਰਣਿ ਨਾਨਕ ਤੇ ਆਏ ॥7॥
ਜਿਹੜਾ ਵੀ ਮਨੁੱਖ, ਇਸ ਨਾਮ ਨੂੰ, ਜੋ ਗੁਣਾਂ ਦਾ ਖਜਾਨਾ ਹੈ, ਜਪਦਾ ਹੈ, ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ, ਉਸ ਮਨੁੱਖ ਦੇ ਸਾਧਾਰਨ ਬਚਨ ਵੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌਂ ਹੀ ਹੁੰਦੇ ਹਨ, ਇਹੀ ਗੱਲ ਵੇਦਾਂ, ਸ਼ਾਸਤ੍ਰਾਂ, ਸਿਮ੍ਰਿਤੀਆਂ ਨੇ ਵੀ ਆਖੀ ਹੈ। ਸਾਰੇ ਮਤਾਂ ਦਾ ਨਚੋੜ ਪ੍ਰਭੂ ਦਾ ਨਾਮ ਹੀ ਹੈ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤਾਂ ਦੇ ਮਨ ਵਿਚ ਹੁੰਦਾ ਹੈ। ਜੋ ਮਨੁੱਖ ਨਾਮ ਜਪਦਾ ਹੈ, ਉਸ ਦੇ ਕ੍ਰੋੜਾਂ ਪਾਪ ਸਤ-ਸੰਗ ਵਿਚ ਰਹ ਕੇ ਖਤਮ ਹੋ ਜਾਂਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ। ਪਰ ਹੇ ਨਾਨਕ ਜਿਨ੍ਹਾਂ ਦੇ ਮੱਥੇ ਤੇ ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਦੇ ਲੇਖ ਲਿਖ ਧਰੇ ਹਨ, ਉਹ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ।7।
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥
ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥8॥24॥
ਜਿਸ ਮਨੁੱਖ ਦੇ ਮਨ ਵਿਚ ਨਾਮ ਵਸਦਾ ਹੈ, ਜੋ ਪਿਆਰ ਨਾਲ ਨਾਮ ਸੁਣਦਾ ਹੈ, ਉਸ ਨੂੰ ਪ੍ਰਭੂ ਚੇਤੇ ਆਉਂਦਾ ਹੈ, ਉਸ ਮਨੁੱਖ ਦਾ ਜੰਮਣ-ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ, ਉਹ ਇਸ ਦੁਰਲੱਭ ਮਨੁੱਖਾ ਸਰੀਰ ਨੂੰ ਉਸ ਵੇਲੇ, ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਉਸ ਦੀ ਬੇਦਾਗ ਸੋਭਾ ਤੇ ਉਸ ਦੀ ਬਾਣੀ, ਨਾਮ-ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ, ਕਿਉਂਕਿ ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ। ਦੁੱਖ, ਰੋਗ, ਡਰ ਤੇ ਵਹਮ, ਉਸ ਦੇ ਨਾਸ ਹੋ ਜਾਂਦੇ ਹਨ, ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸ ਦੇ ਕੰਮ ਵਿਕਾਰਾਂ ਦੀ ਮੈਲ ਤੋਂ ਸਾਫ ਹੁੰਦੇ ਹਨ। ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ। ਹੇ ਨਾਨਕ, ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁਖਾਂ ਦੀ ਮਨੀ , ਸਰਬੋਤਮ ਸੁਖ ਹੈ।8।24। ਅਮਰ ਜੀਤ ਸਿੰਘ ਚੰਦੀ (ਚਲਦਾ)