ਸੁਖਮਨੀ ਸਾਹਿਬ(ਭਾਗ 36)
ਸੁਖਮਨੀ ਸਾਹਿਬ ਵਿਚੋਂ ਯਾਦ ਰੱਖਣ ਵਾਲੇ ਸਬਕ! (ਕੁਝ ਸਬਕ ਸੁਖਮਨੀ ਬਾਣੀ ਤੋਂ ਬਾਹਰੋਂ ਹੋ ਸਕਦੇ ਹਨ, ਪਰ ਹਨ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ)
ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥8॥24॥
ਇਸ ਪੂਰੀ ਬਾਣੀ ਵਿਚ, ਪਰਮਾਤਮਾ ਦੇ ਜਿਹੜੇ ਗੁਣ ਦੱਸੇ ਹਨ, ਉਨ੍ਹਾਂ ਗੁਣਾਂ ਕਾਰਨ ਹੀ ਪਰਮਾਤਮਾ 'ਸੁਖਾਂ ਦੀ ਮਣੀ' ਹੈ, ਜੋ ਬੰਦਾ ਇਨ੍ਹਾਂ ਗੁਣਾਂ ਦੀ ਵਿਚਾਰ ਕਰਦਾ ਹੈ, ਉਨ੍ਹਾਂ ਅਨੁਸਾਰ ਜ਼ਿੰਦਗੀ ਜਿਊਂਦਾ ਹੈ, ਉਸ ਦੀ ਸੋਭਾ, ਰੱਬ ਦੇ ਦਰਬਾਰ ਵਿਚ ਸਭ ਤੋਂ ਉੱਚੀ, ਵੱਧ ਹੋ ਜਾਂਦੀ ਹੈ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥ (669)
ਅਰਥ:- ਹੇ ਭਾਈ, ਸੰਸਾਰ-ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਤੀਰਥ (ਗੁਰੂ) ਦੀ ਸਰਨ ਪੈ ਕੇ, ਪਰਮਾਤਮਾ ਦੀ ਸਿਫਤ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।
ਹੇ ਭਾਈ, ਸੇਵਕ ਅਖਵਾਉਣ ਵਾਲੇ, ਸਿੱਖ ਅਖਵਾਉਣ ਵਾਲੇ, ਸਾਰੇ ਗੁਰੂ ਦੇ ਦਰ ਤੇ, ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗੌਂਦੇ ਹਨ। ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗੌਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ, ਉਸ ਤੇ ਅਮਲ ਕੀਤਾ ਹੈ।1।
ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥7॥
ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣ ॥8॥
ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥9॥5॥ (223)
ਅਰਥ:- ਸਾਰੀ ਸ੍ਰਿਸ਼ਟੀ ਵਿਚ, ਸਿਰਫ ਪਰਮਾਤਮਾ ਦਾ ਹੀ ਹੁਕਮ ਚਲ ਰਿਹਾ ਹੈ, ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ।7।
ਇਕ ਪ੍ਰਭੂ ਤੋਂ ਹੀ ਸਭ ਉਤਪੱਤੀ ਹੋਣ ਤੇ ਵੀ, ਮਾਇਆ ਦੇ ਪ੍ਰਭਾਵ ਹੇਠ, ਜਗਤ ਵਿਚ ਦੋ ਰਸਤੇ ਚੱਲ ਪੈਂਦੇ ਹਨ, (ਗੁਰਮੁਖਤਾ ਦਾ ਅਤੇ ਮਨਮੁਖਤਾ ਦਾ) ਪਰ ਹੇ ਭਾਈ, ਤੂੰ ਸਭ ਵਿਚ ਇਕ ਪਰਮਾਤਮਾ ਨੂੰ ਹੀ ਵਰਤਦਾ ਜਾਣ। ਅਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ, ਸਾਰੇ ਜਗਤ ਵਿਚ ਪਰਮਾਤਮਾ ਦਾ ਹੀ ਹੁਕਮ ਚਲਦਾ ਪਛਾਣ।8।
ਹੇ ਨਾਨਕ! ਆਖ, ਮੈਂ ਉਸ ਇਕ ਪਰਮਾਤਮਾ ਦੀ ਹੀ ਸਿਫਤ-ਸਾਲਾਹ ਕਰਦਾ ਹਾਂ, ਜੋ ਸਾਰੇ ਰੂਪਾਂ ਵਿਚ , ਸਾਰੇ ਵਰਨਾਂ ਵਿਚ ਤੇ ਸਾਰੇ ਜੀਵਾਂ ਦੇ ਮਨਾਂ ਵਿਚ ਵਿਆਪਕ ਹੈ।9।5।
ਇਸ ਵਿਚ ਤਿਨ ਚੀਜ਼ਾਂ ਸਾਫ ਹਨ, 1 , ਹਰ ਥਾਂ, ਸਿਰਫ ਪਰਮਾਤਮਾ ਦਾ ਹੀ ਹੁਕਮ ਚਲਦਾ ਹੈ। 2, ਗੁਰੂ ਦੇ ਸ਼ਬਦ ਰਾਹੀਂ ਹੀ ਪਰਮਾਤਮਾ ਦਾ ਹੁਕਮ ਪਛਾਣ ਹੋਣਾ ਹੈ। 3, ਪਰਮਾਤਮਾ ਸਾਰੇ ਜੀਵਾਂ ਦੇ ਮਨਾਂ ਵਿਚ ਵਸਦਾ ਹੈ।
ਹੇ ਮੇਰੇ ਮਨ, ਤੂੰ ਆਪਣੇ ਅੰਦਰ, ਗੁਰੂ ਦਾ ਸ਼ਬਦ ਵਸਾਉਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਜੇ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ। ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ।ਰਹਾਉ।
ਪਰ, ਹੇ ਨਾਨਕ, ਜੇ ਗੁਰੂ ਮਿਲ ਪਵੇ ਤਾਂ, ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਸਦਾ ਥਿਰ ਪ੍ਰਭੂ, ਮਨੁੱਖ ਦੇ ਮਨ ਵਿਚ ਆ ਵਸਦਾ ਹੈ, ਤਦੋਂ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਟਿਕਿਆ ਰਹਿੰਦਾ ਹੈ, ਸੇਵਾ-ਭਗਤੀ ਕਰ ਕੇ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ।4।9।
ਪ੍ਰਭੂ ਦਾ, ਅਮਰ ਕਰਨ ਵਾਲਾ ਅਤੇ ਸੁਖ ਦੇਣ ਵਾਲਾ ਨਾਮ, ਹੁਕਮ ਹੀ ਸੁੱਖਾਂ ਦੀ ਮਨੀ ਹੈ, ਜਿਸ ਦਾ ਵਾਸ ਭਗਤ ਲੋਕਾਂ ਦੇ ਮਨ ਵਿਚ ਹੈ।ਰਹਾਉ।
ਪ੍ਰਭੂ ਦੀ ਰਜ਼ਾ, ਉਸ ਦੇ ਹੁਕਮ ਵਿਚ ਚਲਦਿਆਂ, ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੀ ਪ੍ਰਭੂ ਦਾ ਸਿਮਰਨ ਕਰਨਾ ਹੈ।
ਹੇ ਮੇਰੇ ਮਨ, ਧਿਆਨ ਜੋੜ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰ । ਪਰ ਹਰੀ ਦਾ ਨਾਮ, ਉਹੀ ਮਨੁੱਖ ਸਿਮਰ ਸਕਦਾ ਹੈ, ਜਿਸ ਦੇ ਹਿਰਦੇ ਵਿਚ ਸ਼ਬਦ ਗੁਰੂ ਦੀ ਸਿਖਿਆ ਵਸੀ ਹੋਈ ਹੋਵੇ। ਤਾਂ ਤੇ ਹੇ ਮਨ ਤੂੰ ਵੀ ਸ਼ਬਦ ਗੁਰੂ ਦਾ ਆਸਰਾ ਲੈ।1।ਰਹਾਉ॥
ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਗੁਰੂ ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ ਪਾਰਸ ਨਾਲ ਛੁਹ ਕੇ ਲੋਹਾ, ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ।1।ਰਹਾਉ।
ਹੇ ਮੇਰੇ ਮਨ, ਪਰਮਾਤਮਾ ਦੀ ਸਰਨ ਪਿਆ ਰਹੁ, ਇਸ ਤਰ੍ਹਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੇ ਤੂੰ ਪ੍ਰਭੂ ਦੇ ਦਰ ਤੇ ਰਹਿ ਕੇ, ਖੁਸ਼ੀ-ਗਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ, ਪ੍ਰਭੂ ਨੂੰ ਮਿਲ ਪਵੇਂਗਾ।1।ਰਹਾਉ।
ਗੁਰਬਾਣੀ ਵਿਚ ਜੋ ਸੁਣਨ ਦੀ ਵਡਿਆਈ ਹੈ, ਉਹ ਤੱਦ ਪੂਰੀ ਹੁੰਦੀ ਹੈ, ਜਦ ਅੱਖਾਂ ਦਾ ਪੜ੍ਹਿਆ, ਜਾਂ ਕੰਨਾਂ ਦਾ ਸੁਣਿਆ, ਦਿਮਾਗ, ਮਨ ਤੱਕ ਪਹੁੰਚਾ ਦੇਵੇ। ਇਸ ਤੋਂ ਅੱਗੇ ਮਨ ਦਾ ਕੰਮ ਹੈ।
ਇਵੇਂ ਹੀ ਇਸ ਤੋਂ ਅਗਲੀਆਂ ਚਾਰ ਪਉੜੀਆਂ ਬਾਰਾਂ,ਤੇਰਾਂ, ਚੌਦਾਂ ਅਤੇ ਪੰਦਰਾਂ, ਮੰਨਣ ਬਾਰੇ ਹਨ, ਇਹ ਵਡਿਆਈ ਤਦ ਮਿਲਦੀ ਹੈ, ਜਦ ਮਨ ਉਸ ਸੁਣੇ ਨੂੰ ਮੰਨ ਲੈਂਦਾ ਹੈ।
ਜੇ ਮਨੁੱਖ ਦਾ ਮਨ, ਰੱਬ ਦੇ ਨਾਮ ਵਿਚ ਪਤੀਜ ਜਾਵੇ, ਤਾਂ ਜ਼ਿੰਦਗੀ ਦੇ ਸਫਰ ਵਿਚ, ਵਿਕਾਰ ਆਦਿ ਦੀ ਕੋਈ ਰੁਕਾਵਟ ਨਹੀਂ ਪੈਂਦੀ। ਉਹ ਸੰਸਾਰ ਵਿਚੋਂ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ, ਉਹ ਫਿਰ ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ ਰਸਤਿਆਂ ਤੇ ਨਹੀਂ ਤੁਰਦਾ, ਉਹ ਪਰਮਾਤਮਾ ਵਲੋਂ ਬਣਾਏ ਧਰਮ ਦੇ ਰਸਤੇ ਤੇ ਹੀ ਚਲਦਾ ਹੈ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ, ਏਡਾ ਉੱਚਾ ਹੈ, ਕਿ ਇਸ ਵਿਚ ਜੁੜਨ ਵਾਲਾ ਵੀ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੋ ਜਾਂਦਾ ਹੈ।
ਇਹ ਸੀ ਦੁਨੀਆਂ ਦੀ ਖੇਡ ਵਿਚ ਮਨ ਦਾ ਕੰਮ ਜਿੰਨਾ ਕੁ ਅਸੀਂ ਸ਼ਬਦ ਗੁਰੂ ਕੋਲੋਂ ਸਮਝਿਆ ਹੈ।
ਜੇ ਕੋਈ, ਵੇਦ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਗਿਆਨ ਦੀਆਂ ਕਈ ਗੱਲਾਂ ਕਰੇ ਤੇ ਦੇਵਤਿਆਂ ਦਾ ਧਿਆਨ ਧਰੇ, ਛੇ ਸ਼ਾਸਤ੍ਰ ਤੇ ਸਿਮ੍ਰਤੀਆਂ ਦਾ ਉਪਦੇਸ਼ ਕਰੇ। ਜੋਗ ਦੇ ਸਾਧਨ ਕਰੇ, ਕਰਮ-ਕਾਂਡੀ ਧਰਮ ਦੀ ਕ੍ਰਿਆ ਕਰੇ, ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿਚ ਘੁੰਮਦਾ ਫਿਰੇ, ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨ-ਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰੱਤੀ-ਰੱਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮ ਦੇ ਵਰਤਾਂ ਦੀ ਪਾਲਣਾ ਕਰੇ, ਪਰ ਇਹ ਸਾਰੇ ਹੀ ਕੰਮ, ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, ਭਾਵੇਂ ਇਹ ਨਾਮ ਇਕ ਵਾਰੀ ਹੀ, ਗੁਰੂ ਦੇ ਸਨਮੁੱਖ ਹੋ ਕੇ ਜਪਿਆ ਜਾਵੇ।1।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਅਮਰ ਜੀਤ ਸਿੰਘ ਚਂਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 36)
Page Visitors: 1303