ਸੁਖਮਨੀ ਸਾਹਿਬ ਵਿਚੋਂ ਯਾਦ ਰੱਖਣ ਵਾਲੇ ਸਬਕ! (ਕੁਝ ਸਬਕ ਸੁਖਮਨੀ ਬਾਣੀ ਤੋਂ ਬਾਹਰੋਂ ਹੋ ਸਕਦੇ ਹਨ, ਪਰ ਹਨ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ) ਇਹ ਸਾਰਾ ਕੁਝ ਏਸ ਲਈ ਸਮਝਿਆ ਜਾ ਰਿਹਾ ਹੈ, ਤਾਂ ਜੋ ਧਾਰਮਿਕ ਠੇਕੇਦਾਰਾਂ ਵਲੋਂ ਜਾਣ-ਬੁਝ ਕੇ ਕੀਤੀਆਂ ਕੁਤਾਹੀਆਂ, ਜਿਨ੍ਹਾਂ ਨਾਲ ਆਮ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਨੂੰ ਆਮ ਸਿੱਖਾਂ ਸਾਮ੍ਹਣੇ ਰੱਖ ਕੇ, ਕਿਰਤੀ ਸਿੱਖਾਂ ਨੂੰ ਗੁਰਬਾਣੀ ਦਾ ਸੱਚ ਸਮਝਾਇਆ ਜਾ ਸਕੇ। ਸਤ-ਸੰਗ ਦੀ ਗੱਲ , ਜਿਸ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਪਰਮਾਤਮਾ ਦੇ ਰਹਣ ਲਈ, ਦੁਨੀਆਂ ਵਿਚ ਇਸ ਤੋਂ ਚੰਗੀ ਕਿਹੜੀ ਥਾਂ ਹੋ ਸਕਦੀ ਹੈ ?
ਗੁਰਬਾਣੀ ਸ਼ਬਦ ਹੈ,
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥
ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹਦਾ ਹੈ ? ਸਤ-ਸੰਗਤ ਉਹ ਹੈ, ਜਿੱਥੇ ਸਿਰਫ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ, ਸਤ-ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤ-ਸੰਗਤ ਵਿਚ ਸਿਰਫ ਪ੍ਰਭੂ ਦਾ ਨਾਮ ਜਪਣਾ ਹੀ, ਪ੍ਰਭੂ ਦਾ ਹੁਕਮ ਹੈ।5।
ਅੱਜ ਵਰਗੀ ਸਤ-ਸੰਗਤ ਨਹੀਂ, ਜਿਸ ਵਿਚ ਸਟੇਜ ਤੇ ਇਕ ਬੋਲਾ ਬੈਠਾ ਹੁੰਦਾ ਹੈ, ਜਿਸ ਨੂੰ ਕੁਝ ਸੁਣਦਾ ਨਹੀਂ, ਉਸ ਨੇ ਸਿਰਫ ਬੋਲਣਾ ਹੈ। ਅਤੇ ਸਾਮ੍ਹਣੇ ਕੁਝ ਸੌ, ਕੁਝ ਹਜ਼ਾਰ, ਗੂੰਗੇ ਹੁੰਦੇ ਹਨ, ਉਨ੍ਹਾਂ ਨੇ ਸਿਰਫ ਸੁਣਨਾ ਹੈ, ਕੁਝ ਬੋਲਣਾ ਨਹੀਂ। ਇਸ ਸਤਸੰਗਤ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਨਹੀਂ ਹੁੰਦੀ।
ਦਖਣ ਦੇਸ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥2॥
ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਦੇਸ (ਜਗਨ ਨਾਥ ਪੁਰੀ)ਵਿਚ ਹੈ, ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਘਰ ਪੱਛਮ ਵੱਲ (ਕਾਹਬੇ) ਵਿਚ ਹੈ । ਪਰ ਹੇ ਸੱਜਣ ਆਪਣੇ ਮਨ ਵਿਚ ਰੱਬ ਨੂੰ ਭਾਲ, ਸਿਰਫ ਮਨ ਵਿਚ ਹੀ ਲੱਭ, ਇਹ ਮਨ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮਕਾਮ ਹੈ।2।
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ॥4॥
ਅਸਲ ਗੱਲ ਇਹ ਹੈ ਕਿ, ਜੇ ਦਿਲ ਵਿਚ ਠੱਗੀ-ਫਰੇਬ ਵਸਦਾ ਹੈ ਤਾਂ, ਨਾਹ ਤਾਂ ਉੜੀਸੇ, ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਫਾਇਦਾ ਹੈ, ਨਾਂਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਕੋਈ ਲਾਭ ਹੈ, ਨਾ ਨਮਾਜ਼ ਪੜ੍ਹਨ ਦਾ ਕੋਈ ਲਾਭ ਹੈ, ਨਾ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਫਾਇਦਾ ਹੈ।4।
ਕਿੰਨੇ ਸਾਫ ਲਫਜ਼ਾਂ ਵਿਚ ਦੱਸਿਆ ਹੈ ਕਿ ਮਨ ਤੋਂ ਬਾਹਰ ਕੋਈ ਐਸੀ ਥਾਂ ਨਹੀਂ ਹੈ, ਜਿੱਥੇ ਤੁਹਾਨੂੰ ਰੱਬ ਮਿਲ ਸਕੇ। ਪਰ ਸਿੱਖਾਂ ਦੇ ਅੱਜ ਦੇ ਸਾਰੇ ਧਾਰਮਿਕ ਕੰਮਾਂ ਵਿਚ, ਮਨ ਦਾ ਕੋਈ ਰੋਲ ਨਹੀਂ ਹੈ।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥8॥5॥
ਜੋ ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ, ਆਪਣੇ ਪੈਦਾ ਕੀਤੇ ਜੀਵ ਨੂੰ, ਉਹ ਆਪ ਹੀ ਮਾਣ ਬਖਸ਼ਦਾ ਹੈ।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ, ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ, ਕਿਸੇ ਨੂੰ ਅਕਲ ਬਖਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ, ਤੇ ਕਿਸੇ ਨੂੰ ਜਣਾਉਂਦਾ ਹੈ ਕਿ, ਪ੍ਰਭੂ ਕਿਤੇ ਦੂਰ ਹੈ। ਸਭ ਹੀਲਿਆਂ ਅਤੇ ਚਤਰਾਈਆਂ ਤੋਂ ਪ੍ਰਭੂ ਪਰੇ ਹੈ, ਕਿਸੇ ਹੀਲੇ ਚਤੁਰਾਈ ਨਾਲ ਖੁਸ਼ ਨਹੀਂ ਹੁੰਦਾ, ਕਿਉਂਕਿ ਉਹ ਜੀਵ ਦੀ ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ। ਜੋ ਜੀਵ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਲੜ ਲਾਉਂਦਾ ਹੈ, ਪ੍ਰਭੂ ਹਰ ਥਾਂ ਮੌਜੂਦ ਹੈ। ਉਹੀ ਮਨੁੱਖ, ਅਸਲੀ ਸੇਵਕ ਬਣਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਕਰਦਾ ਹੈ। ਹੇ ਨਾਨਕ, ਐਸੇ ਪ੍ਰਭੂ ਨੂੰ ਹਰ ਸਾਹ ਦੇ ਨਾਲ ਯਾਦ ਕਰ।8।5।
ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ ਬਿਗਾਸੁ ॥
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ ਮਤਿ ਊਤਮ ਹੋਇ ॥
ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਨਾਨਕ ਇਨ ਕੈ ਕਛੂ ਨ ਹਾਥ ॥8॥6॥
ਉਹੀ ਮਨੁੱਖ, ਪ੍ਰਭੂ ਦਾ ਨਾਮ ਜਪਦਾ ਹੈ, ਜਿਸ ਪਾਸੋਂ ਪ੍ਰਭੂ ਆਪ ਜਪਾਉਂਦਾ ਹੈ, ਉਹੀ ਮਨੁੱਖ, ਹਰੀ ਦੇ ਗੁਣ ਗਾਉਂਦਾ ਹੈ, ਜਿਸ ਨੂੰ ਉਹ ਗਾਵਣ ਲਈ ਪ੍ਰੇਰਦਾ ਹੈ। ਪ੍ਰਭੂ ਦੀ ਮਿਹਰ ਨਾਲ, ਮਨ ਵਿਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਸ ਦੀ ਦਇਆ ਨਾਲ, ਹਿਰਦਾ ਰੂਪ ਕਉਲ ਫੁੱਲ ਖਿੜਦਾ ਹੈ। ਉਹ ਪ੍ਰਭੂ, ਉਸ ਮਨੁੱਖ ਦੇ ਮਨ ਵਿਚ ਵਸਦਾ ਹੈ, ਜਿਸ ਉੱਤੇ ਉਹ ਆਪ ਮਿਹਰ ਕਰਦਾ ਹੈ, ਪ੍ਰਭੂ ਦੀ ਮਿਹਰ ਨਾਲ, ਮਨੁੱਖ ਦੀ ਮੱਤ ਚੰਗੀ ਹੁੰਦੀ ਹੈ। ਹੇ ਪ੍ਰਭੂ, ਤੇਰੀ ਮਿਹਰ ਦੀ ਨਜ਼ਰ ਵਿਚ, ਸਾਰੇ ਖਜ਼ਾਨੇ ਹਨ। ਆਪਣੇ ਜਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ।8।6।
ਭਾਵ, ਜੀਵ ਦਾ ਉੱਦਮ ਤੱਦ ਹੀ ਸਫਲ ਹੁੰਦਾ ਹੈ, ਜਦ ਉਸ ਤੇ ਤੇਰੀ ਨਦਰ ਸਵੱਲੀ ਹੁੰਦੀ ਹੈ। ਸਿਰੇ ਦੀ ਗੱਲ, ਇਹ ਹੈ ਕਿ ਅਸੀਂ, ਪੂਰਾ ਟਿੱਲ ਲਾਉਂਦੇ ਹਾਂ ਕਿ ਦੂਸਰੇ, ਮੇਰੀ ਗਲ ਸੁਣਨ, ਪਰ ਅਸੀਂ ਕਦੇ, ਇਹ ਕੋਸ਼ਿਸ਼ ਨਹੀਂ ਕਰਦੇ ਕਿ ਮੇਰਾ ਮਨ ਵੀ, ਮੇਰੀ ਗੱਲ ਸੁਣੇ। (ਕਿਉਂ ਜੋ ਅਸੀਂ ਸਮਝਦੇ ਹਾਂ ਕਿ, ਮਨ ਸਾਡੀਆਂ ਸਾਰੀਆਂ ਗੱਲਾਂ ਜਾਣਦਾ ਹੈ, ਜੇ ਅਸੀਂ ਮਨ ਦੀ ਮਾਰਫਤ ਗੱਲ ਕੀਤੀ ਤਾਂ, ਇਹ ਤਾਂ ਰੱਬ ਦਾ ਆਪਣਾ ਹੀ ਰੂਪ ਹੈ, ਗੱਲ ਰੱਬ ਨੂੰ ਦੱਸਣ ਤੋਂ ਪਹਿਲਾਂ ਹੀ ਇਸ ਨੇ ਸਾਰੀ ਅਸਲੀਅਤ ਦੱਸ ਦੇਣੀ ਹੈ, ਇਸ ਤੋਂ ਚੰਗਾ ਹੈ, ਵਜ਼ੀਰਾਂ ਨੂੰ ਕੁਝ ਲੈ-ਦੇ ਕੇ ਕੰਮ ਸਾਰ ਲਵੋ)
ਸਾਡਾ ਮਾਹੌਲ ਹੀ ਵਿਖਾਵੇ ਦਾ ਬਣ ਗਿਆ ਹੈ। ਨਾ ਅਸੀਂ ਗੁਰੂ ਦੀ ਗੱਲ ਸੁਣੀਏ, ਨਾ ਸਾਡੇ ਪੱਲੇ ਪਵੇ ਕਿ, ਮਨ ਵੀ ਕੋਈ ਚੀਜ਼ ਹੈ। ਜੋ ਸਾਡੀ ਗੱਲ, ਬਿਨਾ ਬੋਲੇ ਸੁਣ ਲੈਂਦਾ ਹੈ, ਅਤੇ ਵਾਹਿਗੁਰੂ ਵੀ, ਮਨ ਦੀ ਗੱਲ, ਬਿਨਾ ਬੋਲੇ ਸੁਣ ਲੈਂਦਾ ਹੈ।
ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥1॥
ਜਿਸ ਮਨੁੱਖ ਦੇ ਮਨ ਵਿਚ ਸਦਾ ਥਿਰ ਰਹਣ ਵਾਲਾ ਪ੍ਰਭੂ ਵਸਦਾ ਹੈ। ਜੋ ਆਪਣੇ ਮੂੰਹ ਨਾਲ ਵੀ ਓਸੇ ਦਾ ਨਾਮ ਜਪਦਾ ਹੈ, ਜੋ ਹਰ ਥਾਂ, ਇਕ ਅਕਾਲ-ਪੁਰਖ ਤੋਂ ਬਿਨਾ, ਹੋਰ ਕਿਸੇ ਨੂੰ ਨਹੀਂ ਵੇਖਦਾ। ਹੇ ਨਾਨਕ, ਉਹ ਮਨੁੱਖ, ਇਨ੍ਹਾਂ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ (ਜਿਸ ਨੂੰ ਬ੍ਰਹਮੰਡ ਬਾਰੇ ਗਿਆਨ ਹੈ) ਹੋ ਜਾਂਦਾ ਹੈ।1।
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
ਬ੍ਰਹਮ ਗਿਆਨੀ ਸਦਾ ਸਮਦਰਸੀ ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥3॥
ਬ੍ਰਹਮ-ਗਿਆਨੀ, ਸਾਰੇ ਬੰਦਿਆਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ, ਚ੍ਰਹਮ-ਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ। ਬ੍ਰਹਮ-ਗਿਆਨੀ ਦੀ ਸਭ ਉੱਤੇ ਖੁਸ਼ੀ ਹੁੰਦੀ ਹੈ, ਬ੍ਰਹਮ-ਗਿਆਨੀ ਸਭ ਨਾਲ ਹਮੇਸ਼ਾ ਖਿੜੇ ਮੱਥੇ ਮਿਲਦਾ ਹੈ, ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ। ਬ੍ਰਹਮ-ਗਿਆਨੀ, ਸਦਾ ਸੱਭ ਵੱਲ ਇਕੋ ਜਿਹੀ ਨਗਾਹ ਨਾਲ ਵੇਖਦਾ ਹੈ, ਉਸ ਦੀ ਨਜ਼ਰ ਤੋਂ, ਸਭ ਉੱਤੇ, ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮ-ਗਿਆਨੀ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਅਤੇ ਉਸ ਦੀ ਜੀਵਨ-ਜੁਗਤ, ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਰੱਬੀ ਗਿਆਨ, ਬ੍ਰਹਮ-ਗਿਆਨੀ ਦੀ ਖੁਰਾਕ ਹੈ, ਬ੍ਰਹਮ-ਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਦੀ ਸੁਰਤ, ਅਕਾਲ-ਪੁਰਖ ਨਾਲ ਜੁੜੀ ਹੁੰਦੀ ਹੈ।3।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥8॥8॥
ਬ੍ਰਹਮ-ਗਿਆਨੀ ਸਾਰੇ ਜਗਤ ਦਾ ਬਨਾਉਣ ਵਾਲਾ ਹੈ, ਉਹ ਸਦਾ ਹੀ ਜਿਊਂਦਾ ਹੈ, ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦਾ। ਬ੍ਰਹਮ-ਗਿਆਨੀ, ਮੁਕਤੀ ਦਾ ਰਾਹ ਦੱਸਣ ਵਾਲਾ ਹੈ, ਉੱਚੀ ਆਤਮਕ ਜ਼ਿੰਦਗੀ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ। ਬ੍ਰਹਮ-ਗਿਆਨੀ, ਨਿਖਸਮਿਆਂ ਦਾ ਖਸਮ ਹੈ, ਸਭ ਦੀ ਸਹਾਇਤਾ ਕਰਦਾ ਹੈ, ਸਾਰਾ ਦਿਸਦਾ ਜਗਤ, ਬ੍ਰਹਮ-ਗਿਆਨੀ ਦਾ ਹੈ, ਉਹ ਤਾਂ ਪ੍ਰਤੱਖ ਰੂਪ ਵਿਚ, ਆਪ ਹੀ ਰੱਬ ਹੈ। ਬ੍ਰਹਮ ਗਆਨੀ, ਦੀ ਮਹਿਮਾ ਕੋਈ ਬ੍ਰਹਮ-ਗਿਆਨੀ ਹੀ ਕਰ ਸਕਦਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਸਭ ਜੀਵਾਂ ਦਾ ਮਾਲਕ ਹੈ।8।8।
ਆਖਰੀ, ਮੁਕਦੀ ਗੱਲ ਇਹ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ, ਹਰ ਗੱਲ ਦਾ ਨਿਰਣਾ, ਅਕਲ ਦੀ ਕਸਵੱਟੀ ਤੇ ਲਾ ਕੇ ਕਰਨ ਲਈ ਕਹਿੰਦੇ ਹਨ। ਇਸ ਸੰਸਾਰ ਵਿਚ ਬਹੁਤ ਕੁਝ ਹੋ ਰਿਹਾ ਹੈ, ਜਿਸ ਸਤ-ਸੰਗੀ ਬਾਰੇ ਗੁਰੂ ਸਾਹਿਬ, ਕ੍ਰੋੜਾਂ ਵਿਚ, ਕੋਈ ਹੋਣ ਦੀ ਤਾਕੀਦ ਕਰਦੇ ਹਨ, ਸਿੱਖਾਂ ਨੇ ਉਨ੍ਹਾਂ ਸਤ-ਸੰਗੀਆਂ ਨਾਲੋਂ ਕਿਤੇ ਵੱਡੇ ਬਾਬਿਆ ਦਾ "ਸੰਤ-ਸਮਾਜ" ਬਣਾ ਧਰਿਆ ਹੈ, ਜਿਨ੍ਹਾ ਵਿਚੋਂ ਬਹਤਿਆਂ ਦੇ ਤਾ ਜੇਲ੍ਹਾਂ ਵਿਚ ਦਰਸ਼ਣ ਕੀਤੇ ਜਾ ਸਕਦੇ ਹਨ। ਇਹ ਸਾਰਾ ਕੁਝ ਕਿਰਤੀ ਸਿੱਖ ਚੰਗੀ ਤਰ੍ਹਾਂ ਜਾਣਦੇ ਹਨ, ਪਰ ਪਤਾ ਨਹੀਂ ਕਿਉਂ ਘੇਸਲ ਵੱਟੀ ਬੈਠੇ ਹਨ ?
ਸਿੱਖੋ ਸਮਝੋ, ਗੁਰੂ ਗ੍ਰੰਥ ਸਾਹਿਬ ਜੀ, ਆਪਣੇ ਵਰਗੇ ਕਿਰਤੀਆਂ ਲਈ ਹਨ, ਇਨ੍ਹਾਂ ਨੇਤਿਆਂ, ਇਨ੍ਹਾਂ ਬਾਬਿਆਂ, ਇਨ੍ਹਾਂ ਸਿੰਘ-ਸਾਹਿਬਾਂ, ਗੁਰੂ ਦੇ ਵਜ਼ੀਰਾਂ ਲਈ, ਗੁਰਦੁਆਰੇ ਦੇ ਪ੍ਰਬੰਧਿਕਾਂ ਲਈ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਸੰਭਾਲੋ। ਆਪ ਪੜ੍ਹੋ, ਆਪ ਸਮਝੌ, ਆਪ ਹੀ ਸਮਝੇ ਤੇ ਅmਲ ਕਰੋ। ਗਲਤੀਆਂ ਹੋਣਗੀਆਂ, ਕੋਈ ਗੱਲ ਨਹੀਂ "ਗੁਰੂ" ਅਤੇ "ਪ੍ਰਭੂ" ਜੋ ਅਭੁੱਲ ਹਨ, ਉਹ ਬਹੁਤ ਵੱਡੇ ਬਖਸ਼ਿੰਦ ਨੇ।
ਕਿਤੇ ਇਹ ਨਾ ਹੋਵੇ ਕਿ ਬੋਧੀਆਂ ਦੇ ਗ੍ਰੰਥਾਂ ਵਾਙ, ਇਹ ਸੰਤ-ਮਹਾਂ-ਪੁਰਖ-ਬ੍ਰਹਮ-ਗਿਆਨੀ, ਸਿੰਘ-ਸਾਹਿਬ ਆਦਿ , ਗੁਰੂ ਗ੍ਰੰਥ ਸਾਹਿਬ ਨੂੰ ਹੀ, ਬ੍ਰਾਹਮਣ ਦੇ ਹੱਥ ਵੇਚ ਜਾਣ ?
ਅਮਰ ਜੀਤ ਸਿੰਘ ਚੰਦੀ (ਚਲਦਾ)