ਸੁਖਮਨੀ ਸਾਹਿਬ(ਭਾਗ 38)
ਸੁਖਮਨੀ ਸਾਹਿਬ ਵਿਚੋਂ ਯਾਦ ਰੱਖਣ ਵਾਲੇ ਸਬਕ! (ਕੁਝ ਸਬਕ ਸੁਖਮਨੀ ਬਾਣੀ ਤੋਂ ਬਾਹਰੋਂ ਹੋ ਸਕਦੇ ਹਨ, ਪਰ ਹਨ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ) ਇਹ ਸਾਰਾ ਕੁਝ ਏਸ ਲਈ ਸਮਝਿਆ ਜਾ ਰਿਹਾ ਹੈ, ਤਾਂ ਜੋ ਧਾਰਮਿਕ ਠੇਕੇਦਾਰਾਂ ਵਲੋਂ ਜਾਣ-ਬੁਝ ਕੇ ਕੀਤੀਆਂ ਕੁਤਾਹੀਆਂ, ਜਿਨ੍ਹਾਂ ਨਾਲ ਆਮ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਨੂੰ ਆਮ ਸਿੱਖਾਂ ਸਾਮ੍ਹਣੇ ਰੱਖ ਕੇ, ਕਿਰਤੀ ਸਿੱਖਾਂ ਨੂੰ ਗੁਰਬਾਣੀ ਦਾ ਸੱਚ ਸਮਝਾਇਆ ਜਾ ਸਕੇ। ਸਤ-ਸੰਗ ਦੀ ਗੱਲ , ਜਿਸ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਪਰਮਾਤਮਾ ਦੇ ਰਹਣ ਲਈ, ਦੁਨੀਆਂ ਵਿਚ ਇਸ ਤੋਂ ਚੰਗੀ ਕਿਹੜੀ ਥਾਂ ਹੋ ਸਕਦੀ ਹੈ ?
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ਇਸ ਸਾਰੇ ਜਗਤ ਦਾ ਮੂਲ ਕਾਰਣ , ਬਣਾਉਣ ਵਾਲਾ, ਇਕ ਅਕਾਲ-ਪੁਰਖ ਹੀ ਹੈ, ਕੋਈ ਦੂਜਾ ਨਹੀਂ। ਹੇ ਨਾਨਕ, ਮੈਂ ਉਸ ਪ੍ਰਭੂ ਦੇ ਸਦਕੇ ਹਾਂ, ਜੋ ਜਲ ਵਿਚ, ਥਲ ਵਿਚ, ਤੇ ਧਰਤੀ ਦੇ ਤਲ ਉੱਤੇ, ਭਾਵ ਆਕਾਸ਼ ਵਿਚ, ਹਰ ਥਾਂ ਮੌਜੂਦ ਹੈ।1।
ਅਸਟਪਦੀ ॥
ਕਰਨ ਕਰਾਵਨ ਕਰਨੈ ਜੋਗੁ ॥ ਜੋ ਤਿਸੁ ਭਾਵੈ ਸੋਈ ਹੋਗੁ ॥
ਖਿਨ ਮਹਿ ਥਾਪਿ ਉਥਾਪਨਹਾਰਾ ॥ ਅੰਤੁ ਨਹੀ ਕਿਛੁ ਪਾਰਾਵਾਰਾ ॥
ਹੁਕਮੇ ਧਾਰਿ ਅਧਰ ਰਹਾਵੈ ॥ ਹੁਕਮੇ ਉਪਜੈ ਹੁਕਮਿ ਸਮਾਵੈ ॥
ਹੁਕਮੇ ਊਚ ਨੀਚ ਬਿਉਹਾਰ ॥ ਹੁਕਮੇ ਅਨਿਕ ਰੰਗ ਪਰਕਾਰ ॥
ਕਰਿ ਕਰਿ ਦੇਖੈ ਅਪਨੀ ਵਡਿਆਈ ॥ ਨਾਨਕ ਸਭ ਮਹਿ ਰਹਿਆ ਸਮਾਈ ॥1॥
ਪ੍ਰਭੂ ਸਭ ਕੁਝ ਕਰਨ ਦੀ ਸਮਰਥਾ, ਤੇ ਜੀਆਂ ਨੂੰ ਵੀ ਕੰਮ ਕਰਨ ਲਈ ਪ੍ਰੇਰਨ ਕਰਨ ਜੋਗਾ ਵੀ ਹੈ, ਓਹੀ ਕੁਝ ਹੁੰਦਾ ਹੈ, ਜੋ ਉਸ ਨੂੰ ਚੰਗਾ ਲਗਦਾ ਹੈ। ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ, ਨਾਸ ਵੀ ਕਰਨ ਵਾਲਾ ਹੈ, ਉਸ ਦੀ ਤਾਕਤ ਦਾ ਕੋਈ ਹੱਦ-ਬੰਨਾ ਨਹੀਂ ਹੈ। ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ ਪੈਦਾ ਕਰ ਕੇ, ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ, ਜਗਤ ਉਸ ਦੇ ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ। ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਉਸ ਦੇ ਹੁਕਮ ਵਿਚ ਹੀ ਹੈ, ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ, ਉਸ ਦੇ ਹੁਕਮ ਵਿਚ ਹੋ ਰਹੇ ਹਨ। ਆਪਣੀ ਬਜ਼ੁਰਗੀ ਦੇ ਕੰਮ ਕਰ ਕਰ ਕੇ ਆਪ ਹੀ ਵੇਖ ਰਿਹਾ ਹੈ। ਹੇ ਨਾਨਕ, ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ।1।
ਕਰਨ ਕਰਾਵਨ ਕਰਨੈਹਾਰੁ ॥ ਇਸ ਕੈ ਹਾਥਿ ਕਹਾ ਬੀਚਾਰੁ ॥
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥ ਆਪੇ ਆਪਿ ਆਪਿ ਪ੍ਰਭੁ ਸੋਇ ॥
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥ ਸਭ ਤੇ ਦੂਰਿ ਸਭਹੂ ਕੈ ਸੰਗਿ ॥
ਬੂਝੈ ਦੇਖੈ ਕਰੈ ਬਿਬੇਕ ॥ ਆਪਹਿ ਏਕ ਆਪਹਿ ਅਨੇਕ ॥
ਮਰੈ ਨ ਬਿਨਸੈ ਆਵੈ ਨ ਜਾਇ ॥ ਨਾਨਕ ਸਦ ਹੀ ਰਹਿਆ ਸਮਾਇ ॥6॥
ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ, ਕੁਝ ਵੀ ਨਹੀਂ ਹੈ, ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ, ਤੇ ਜੀਵਾਂ ਕੋਲੋਂ ਕਰਵਾਉਣ ਜੋਗਾ ਹੈ। ਪ੍ਰਭੂ ਜਿਹੋ ਜਿਹੀ ਨਜ਼ਰ ਬੰਦੇ ਵੱਲ ਕਰਦਾ ਹੈ, ਬੰਦਾ ਵੈਸਾ ਹੀ ਬਣ ਜਾਂਦਾ ਹੈ, ਉਹ ਪ੍ਰਭੂ ਆਪ ਹੀ ਆਪ ਸਭ-ਕੁਝ ਹੈ। ਪ੍ਰਭੂ ਨੇ ਜੋ ਕੁਝ ਬਣਾਇਆ ਹੈ, ਆਪਣੀ ਮੌਜ ਵਿਚ ਬਣਾਇਆ ਹੈ, ਪ੍ਰਭੂ ਸਭ ਜੀਵਾਂ ਦੇ ਅੰਗ-ਸੰਗ ਵੀ ਹੈ, ਤੇ ਸਭ ਤੋਂ ਵੱਖਰਾ ਵੀ ਹੈ। ਪ੍ਰਭੂ ਆਪ ਹੀ ਇਕ ਹੈ ਅਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ, ਸਭ ਕੁਝ ਵੇਖਦਾ ਹੈ, ਸਮਝਦਾ ਹੈ ਤੇ ਪਛਾਣਦਾ ਹੈ। ਉਹ ਨਾ ਕਦੇ ਮਰਦਾ ਹੈ, ਨਾ ਨਾਸ ਹੁੰਦਾ ਹੈ, ਨਾ ਕਿਤੇ ਜਾਂਦਾ ਹੈ, ਨਾ ਕਿਤਿਉਂ ਆਉਂਦਾਂ ਹੈ, ਹੇ ਨਾਨਕ, ਪ੍ਰਭੂ ਸਦਾ ਹੀ ਆਪਣੇ-ਆਪ ਵਿਚ ਟਿਕਿਆ ਰਹਿੰਦਾ ਹੈ।6।
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥
ਇਸ ਦੇ ਅਰਥ ਸ਼ੁਰੂ ਕਰਨ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ "ਸੰਤ" ਕੀ ਹੈ ? ਸਿੱਖਾਂ ਨੇ ਖਾਸ ਕਰ,"ਨਾਨਕ-ਸਰ" ਵਾਲਿਆਂ ਨੇ, ਇਸ ਦੀ ਬਹੁਤ ਕੁਵਰਤੋਂ ਕੀਤੀ ਹੈ, ਇਸ ਨੂੰ ਸਮਝੇ ਬਗੈਰ, ਰੱਟੇ ਲਾਉਂਦਿਆਂ ਪੰਥ ਵਿਚ ਹਜ਼ਾਰਾਂ ਸੰਤ ਬਣਾ ਦਿੱਤੇ ਹਨ, ਅਤੇ 'ਸੁਖਮਨੀ ਸਾਹਿਬ' ਨੂੰ ਰੱਟਾ ਲਾਉਣ ਵਾਲਾ ਹਰ ਬੰਦਾ ਇਸ ਅਸ਼ਟਪਦੀ ਨੂੰ ਆਧਾਰ ਬਣਾ ਕੇ, ਹਰ ਵਿਭਚਾਰੀ, ਹਰ ਬਲਾਤਕਾਰੀ ਸੰਤ ਬਾਰੇ, ਕੁਝ ਵੀ ਕਹਿੰਦਾ ਹੋਇਆ ਕੰਬਦਾ ਹੈ। ਅਤੇ ਅਣਖੀਲੇ ਸਿੱਖ ਪੰਥ ਦੀਆਂ ਬੱਚੀਆਂ ਨੂੰ ਵੇਲ੍ਹੜ ਸਾਧਾਂ ਦੀਆਂ ਰਖੈਲਾਂ ਬਣਾ ਕੇ ਰੱਖ ਦਿੱਤਾ ਹੈ। 'ਸੁਖਮਨੀ ਸਾਹਿਬ' ਦੀ ਇਸ ਲੜੀ ਨੂੰ ਸ਼ੁਰੂ ਕਰਨ ਦਾ ਮਕਸਦ ਵੀ ਇਹੀ ਹੈ ਕਿ, ਬਾਣੀ ਨੂੰ ਵਿਚਾਰੋ, ਰੱਟੇ ਨਹੀਂ ਲਾਉ, ਬਾਣੀ ਵਿਚਾਰਨ ਦੀ ਚੀਜ਼ ਹੈ, ਰੱਟੇ ਲਾਉਣ ਦੀ ਨਹੀਂ ।
ਆਉ ਪਹਿਲਾਂ ਗੁਰਬਾਣੀ ਦਾ ਇਕ ਸ਼ਬਦ ਵਿਚਾਰਦੇ ਹਾਂ।
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2 ॥ (141)
ਅਰਥ:- ਗੁਰੂ ਸਾਹਿਬ ਨੇ ਇਸ ਵਿਚ ਸਾਰੀ ਗੱਲ ਸਮਝਾਈ ਹੈ।
ਪਹਿਲੀ ਗੱਲ ਹੈ ਰੱਟਾ ਲਾਉਣ ਦੀ। ਕੀ ਇਸ ਦਾ ਰੱਟਾ ਲਾਉਣ ਨਾਲ ਕੁਝ ਸੌਰ ਜਾਵੇਗਾ ? (ਆਪੇ ਵਿਚਾਰੋ)
ਦੂਜੀ ਗੱਲ ਹੈ, ਪੂਰੀ ਗੱਲ ਸਮਝਣ ਦੀ ਥਾਂ ਇਕ ਤੁਕ ਨਾਲ ਸਾਰਨਾ। ਇਹ ਵੀ ਵਿਦਵਾਨਾਂ ਨੇ ਅਜਿਹੀ ਚਲਾਈ ਹੈ
ਕਿ ਸਤ-ਸੰਗ (ਜਿਸ ਵਿਚ ਰੱਬ ਦੇ ਨਾਮ ਦੀ ਵਿਚਾਰ ਹੁੰਦੀ ਸੀ) ਉਸ ਦੀ ਥਾਂ (ਤਰਕ-ਵਿਤਰਕ) ਦਾ ਅਖਾੜਾ ਬਣਾ
ਦਿੱਤਾ ਹੈ , ਤਰਕ ਨਾਲ ਮੰਨ ਲਿਆ ਕਿ ਪਰਾਇਆ ਹੱਕ ਖਾਣਾ, ਮੁਸਲਮਾਨ ਲਈ 'ਸੂਰ' ਖਾਣ ਬਰਾਬਰ ਹੈ, ਅਤੇ
ਹਿੰਦੂ ਲਈ 'ਗਾਂ' ਖਾਣ ਬਰਾਬਰ ਹੈ। ਕੀ ਇਸ ਨਾਲ ਸਰ ਜਾਵੇਗਾ ? (ਆਪ ਹੀ ਵਿਚਾਰੋ)
ਤੀਜੀ ਗੱਲ ਹੈ, ਗੁਰੂ ਦਾ ਪੂਰਾ ਸੰਦੇਸ਼ ਸੁਣੋ, ਸਮਝੋ ਅਤੇ ਉਸ ਤੇ ਅਮਲ ਕਰੋ। ਆਉ ਗੁਰੂ ਦਾ ਸੰਦੇਸ਼ ਸੁਣੀਏ।
ਹੇ ਨਾਨਕ, ਪਰਾਇਆ ਹੱਕ, ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ। ਗੁਰੂ, ਪੀਰ, ਪੈਗੰਬਰ ਤਾਂ ਹੀ ਸਿਫਾਰਸ਼ ਕਰਦਾ
ਹੈ, ਜੇ ਮਨੁੱਖ ਪਰਾਇਆ ਹੱਕ ਨਾ ਖਾਵੇ। ਨਿਰੀਆਂ ਗੱਲਾਂ ਕਰਨ ਨਾਲ ਸਵਰਗ ਵਿਚ ਨਹੀਂ ਅੱਪੜ ਸਕੀਦਾ।
(ਕੁਝ ਕਰਨਾ ਪੈਂਦਾ ਹੈ)
ਸੱਚ ਨੂੰ, ਜਿਸ ਨੂੰ ਤੁਸੀਂ ਸੱਚਾ ਰਸਤਾ ਆਖਦੇ ਹੋ, ਉਸ ਨੂੰ ਅਮਲੀ ਜੀਵਨ ਵਿਚ ਵਰਤਿਆਂ ਹੀ ਗੱਲ ਬਣਦੀ ਹੈ। ਬਹਸ
ਆਦਿਕ ਗੱਲਾਂ ਦੇ ਮਸਾਲੇ, ਹਰਾਮ ਦੇ ਮਾਲ ਵਿਚ ਪਾਇਆਂ, ਉਹ ਹਰਾਮ ਦਾ ਮਾਲ, ਹੱਕ ਦਾ ਮਾਲ ਨਹੀਂ ਬਣ ਜਾਂਦਾ।
ਹੇ ਨਾਨਕ, ਕੂੜੀਆਂ ਗੱਲਾਂ ਕੀਤਿਆਂ, ਕੂੜ ਹੀ ਮਿਲਦਾ ਹੈ।2।
ਇਹ ਸੀ ਗੁਰੂ ਦਾ ਸੰਦੇਸ਼, ਜੇ ਇਸ ਨੂੰ ਸਮਝ ਕੇ ਸਾਰੇ ਮਨੁੱਖ, ਪਰਾਇਆ ਹੱਕ ਮਾਰਨਾ ਛੱਡ ਦੇਣ, ਤਾਂ ਸੰਸਾਰ ਦੇ ਸਾਰੇ
ਝਗੜੇ ਮੁੱਕ ਜਾਂਦੇ ਹਨ। (ਇਹ ਹੈ ਰੱਟਾ ਲਾਉਣ ਅਤੇ ਅਮਲ ਕਰਨ ਵਿਚ ਫਰਕ)
ਦੁਨੀਆ ਵਿਚ ਕੋਈ ਚੀਜ਼ ਅਜਿਹੀ ਨਹੀਂ ਹੈ, ਜੋ ਪਰਮਾਤਮਾ ਦੇ ਗੁਣ ਨਾ ਗਾ ਰਹੀ ਹੋਵੇ, ਹੁਣ ਇਹ ਵਿਚਾਰਨ ਦੀ ਲੋੜ
ਹੈ ਕਿ ਇਹ ਸਾਰੀਆਂ ਚੀਜ਼ਾਂ, ਸਿੱਖਾਂ ਦੇ ਸਿਮਰਨ ਵਾਙ, ਕਿਹੜੇ ਕਿਹੜੇ ਸਾਜ਼ਾਂ ਨਾਲ ਰਲਾ ਕੇ ਗੁਣ ਗਾ ਰਹੀਆਂ ਹਨ ?
ਗਾਉਣ ਵਾਲੀਆਂ ਚੀਜ਼ਾਂ ਹਨ, ਹਵਾ, ਪਾਣੀ ਅਤੇ ਧਰਮ-ਰਾਜ, ਬੇ-ਗਿਣਤ ਈਸਰੁ ਬ੍ਰਹਮੇ ਅਤੇ ਦੇਵੀਆਂ, ਸਮਾਧੀ ਵਿਚ
ਜੁੜੇ ਹੋਏ ਸਿੱਧ, ਜਤੀ ਸਤੀ ਤੇ ਸੰਤੋਖੀ , ਬ੍ਰਹਮੰਡ ਅਤੇ ਉਸ ਦੇ ਵੱਖ ਵੱਖ ਹਿੱਸੇ, ਪਰਮਾਤਮਾ ਵਲੋਂ ਪੈਦਾ ਕੀਤੇ ਰਤਨ,
(ਲਾਲ, ਜਵਾਹਰ, ਮਾਣਕ, ਹੀਰੇ ਮੋਤੀ ਆਦਿ ਅਤੇ ਅਠਾਹਟ ਤੀਰਥ, ਇਹ ਸਾਰੇ ਪ੍ਰਭੂ ਦੇ ਗੁਣ ਗਾ ਰਹੇ ਹਨ।
ਜ਼ਾਹਰ ਜਿਹੀ ਗੱਲ ਹੈ ਕਿ ਇਹ ਸਭ, ਕੋਈ ਰਾਗ ਨਹੀਂ ਗਾ ਰਹੇ, ਬਲਕਿ ਉਸ ਪ੍ਰਭੂ ਦੇ ਹੁਕਮ ਵਿਚ ਚੱਲ ਰਹੇ ਹਨ।
ਇਵੇਂ ਹੀ ਗੁਰੂ ਸਾਹਿਬ ਨੇ ਸਿਮਰਨ ਬਾਰੇ ਵੀ ਪੂਰੀ ਸੇਧ ਦਿੱਤੀ ਹੋਈ ਹੈ ਕਿ ਸੂਰਜ, ਚੰਦ-ਤਾਰੇ, ਸਾਰੇ ਪਹਾੜ, ਜੰਗਲ,
ਜੰਗਲ ਵਿਚਲੇ ਦਰੱਖਤ, ਵੇਲਾਂ ਆਦਿ ਸਾਰਾ ਕੁਝ, ਪ੍ਰਭੂ ਦਾ ਸਿਮਰਨ ਕਰ ਰਹੇ ਹਨ, ਯਾਨੀ ਰੱਬ ਦੀ ਰਜ਼ਾ ਵਿਚ ਚੱਲ
ਰਹੇ ਹਨ। (ਇਹ ਤਾਂ ਸਿੱਖਾਂ ਦੇ ਮੰਨਣ ਦਾ ਕੰਮ ਹੈ)
ਸੰਤ ਕੈ ਦੂਖਨਿ ਆਰਜਾ ਘਟੈ ॥ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥ ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥ ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥ ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥1॥13॥ (279/280)
ਅਰਥ :-
ਸੰਤਾਂ, ਸਤ-ਸੰਗੀਆਂ ਦੀ ਨਿੰਦਿਆ ਕਰਨ ਨਾਲ, ਮਨੁੱਖ ਦੀ ਉਮਰ ਅਜਾਈਂ ਬੀਤਦੀ ਜਾਂਦੀ ਹੈ, ਕਿਉਂਕਿ ਸਤ-ਸੰਗੀਆਂ ਦੀ ਨਿੰਦਿਆ ਕਰਨ ਨਾਲ ਬੰਦਾ ਜਮ ਤੋਂ ਬਚ ਨਹੀਂ ਸਕਦਾ। ਸਤ-ਸੰਗੀਆਂ ਦੀ ਨਿੰਦਾ ਕਰਨ ਦੇ ਨਾਲ ਸਾਰਾ ਹੀ ਸੁਖ, ਨਾਸ ਹੋ ਜਾਂਦਾ ਹੈ, ਅਤੇ ਮਨੁੱਖ ਨਰਕ ਵਿਚ, ਘੋਰ ਦੁੱਖਾਂ ਵਿਚ ਪੈ ਜਾਂਦਾ ਹੈ। ਸਤ-ਸੰਗੀਆਂ ਦੀ ਨਿੰਦਾ ਕਰਨ ਨਾਲ ਮਨੁੱਖ ਦੀ ਮੱਤ ਮੈਲੀ ਹੋ ਜਾਂਦੀ ਹੈ, ਤੇ ਜਗਤ ਵਿਚ ਮਨੁੱਖ, ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ। ਸਤ-ਸੰਗੀਆਂ ਦੇ ਫਿਟਕਾਰੇ ਹੋਏ ਬੰਦੇ ਦੀ, ਕੋਈ ਬੰਦਾ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਸਤ-ਸੰਗੀਆਂ ਦੀ ਨਿੰਦਾ ਕੀਤਿਆਂ, ਨਿੰਦਕ ਦਾ ਹਿਰਦਾ ਗੰਦਾ ਹੋ ਜਾਂਦਾ ਹੈ। ਪਰ ਜੇ ਕਿਰਪਾਲ ਸਤ-ਸੰਗੀ ਆਪ ਕਿਰਪਾ ਕਰਨ, ਤਾਂ ਹੇ ਨਾਨਕ, ਸਤ-ਸੰਗੀਆਂ ਦੀ ਸੰਗਤ ਵਿਚ, ਨਿੰਦਕ ਵੀ ਪਾਪ ਤੋਂ ਬਚ ਜਾਂਦਾ ਹੈ।1।
ਗੁਰੂ ਦੀ ਕਿਰਪਾ ਸਦਕਾ, ਆਪਾਂ ਅੱਖਰ "ਸੰਤ" ਨੂੰ ਸਮਝਿਆ ਹੈ। ਹੁਣ ਸਵਾਲ ਇਹ ਰਹਿ ਗਿਆ ਹੈ ਕਿ, ਲਫਜ਼ 'ਸੰਤਾਂ' ਅਤੇ ਸਤ-ਸੰਗੀਆਂ ਵਿਚ ਕੀ ਫਰਕ ਹੈ, ਜੋ ਆਪਾਂ ਅੱਖਰ "ਸੰਤਾਂ" ਦੀ ਥਾਂ 'ਸਤ-ਸੰਗੀਆਂ' ਨੂੰ ਪਹਲ ਦੇ ਰਹੇ ਹਾਂ ?
ਇਹ ਠੀਕ ਹੈ ਕਿ ਅੱਖਰ "ਸੰਤਾਂ" ਵੀ "ਸੰਤ" ਦਾ ਬਹੁ-ਵਚਨ ਹੈ, ਪਰ ਸਮਝਣ ਵਾਲੀ ਗੱਲ ਹੈ ਕਿ ਜੇ ਇਹ ਠੀਕ ਹੁੰਦਾ ਤਾਂ ਗੁਰੂ ਸਾਹਿਬ ਵੀ ਇਸ ਦੀ ਵਰਤੋਂ ਕਰ ਸਕਦੇ ਸੀ, ਪਰ ਗੁਰੂ ਸਾਹਿਬ ਨੇ ਖਾਸ ਕਰ ਕੇ ਅੱਖਰ "ਸੰਤਨ" ਦੀ ਵਰਤੋਂ ਕਰ ਕੇ ਕੀ ਸੇਧ ਦੇਣ ਦੀ ਬਖਸ਼ਿਸ਼ ਕੀਤੀ ਹੈ ?
ਆਪਾਂ ਵੇਖਿਆ ਹੈ ਕਿ "ਮਹਾਨ-ਕੋਸ਼" ਵਿਚ 'ਸੰਤਨ' ਨੂੰ 'ਸੰਤ-ਜਨਾ' ਦਾ ਸੰਖੇਪ ਰੂਪ ਦੱਸਿਆ ਹੈ, 'ਸੰਤਾਂ' ਦਾ ਨਹੀਂ ।
ਹੁਣ ਸੋਚਣ ਦੀ ਲੋੜ ਹੈ ਕਿ 'ਸੰਤਾਂ' ਅਤੇ 'ਸੰਤ-ਜਨਾ' ਵਿਚ, ਫਰਕ ਕੀ ਹੈ ?
ਸੰਤਾਂ ਲਫਜ਼ ਦਾ ਮਤਲਬ ਬਹੁਤੇ ਸੰਤ ਬਣਦਾ, ਉਹ ਬਹੁਤੇ ਸੰਤ, 'ਸੰਤੁ, ਵੀ ਹੋ ਸਕਦੇ ਸਨ, ਭਾਵੇਂ ਦੋ ਹੋਣ ਜਾਂ ਚਾਰ, ਪਰ ਗੁਰਬਾਣੀ ਵਿਚ ਸਾਫ ਕੀਤਾ ਹੈ ਕਿ 'ਸੰਤੁ' ਇਕ ਹੀ ਹੈ, ਭਾਵੇਂ ਗੁਰੂ ਹੋਵੇ ਜਾਂ ਰੱਬ, ਉਨ੍ਹਾਂ ਦੇ ਦੋ ਜਾਂ ਚਾਰ ਨਹੀਂ ਹੋ ਸਕਦੇ। ਪਰ ਇਹ ਫਰਾਡੀ ਸੰਤ ਹੇਰਾ-ਫੇਰੀ ਜ਼ਰੂਰ ਕਰਦੇ, ਜਿਵੇਂ ਹੁਣ ਉਹ ਸੰਤ-ਸਮਾਜ ਬਣਾਈ ਬੈਠੇ ਹਨ, ਸਿੱਖ ਇਸ ਗਲਤੀ ਬਾਰੇ ਚੁੱਪ ਹਨ।
ਕਿਰਤੀ ਸਿੱਖ, ਹੇਰਾ-ਫੇਰੀ ਤੋਂ ਦੂਰ ਹੁੰਦੇ ਹਨ, ਨਾ ਉਨ੍ਹਾਂ ਕੋਲ ਹੇਰਾ-ਫੇਰੀ ਵਾਲੀ ਮੱਤ ਹੀ ਹੁੰਦੀ ਹੈ, ਉਨ੍ਹਾਂ ਦੀ ਆਤਮਾ, ਸ਼ਰੋਮਣੀ-ਕਮੇਟੀ ਅਤੇ ਹੋਰ ਵੱਡੀਆਂ ਕਮੇਟੀਆਂ, ਜਿਨ੍ਹਾਂ ਵਿਚ ਸਾਲ ਦੇ, ਅਰਬਾਂ ਜਾਂ ਕ੍ਰੋੜਾਂ ਦੇ ਬਜਟ ਹੁੰਦੇ ਹਨ, ਉਨ੍ਹਾਂ ਦੇ ਮੈਂਬਰਾਂ ਵਾਙ ਮਾਇਆ ਵਿਚ ਮਲੀਨ ਹੋ ਕੇ, ਗਰਕੀ ਹੋਈ ਨਹੀਂ ਹੁੰਦੀ। ਇਨ੍ਹਾਂ ਗਿਰੀਆਂ ਹੋਈਆਂ ਆਤਮਾਵਾਂ ਦੇ ਕਾਰਨਾਮੇ ਹੀ ਤਾਂ ਆਪਾਂ ਵਿਚਾਰ ਰਹੇ ਹਾਂ।
ਸੰਤ-ਜਨਾ ਦਾ ਮਤਲਬ ਹੈ, ਹਰੀ ਦੇ ਸੰਤਾਂ ਦਾ ਸਮੂਹ, ਇਕੱਠ, ਜਿਸ ਵਿਚ ਪਰਮਾਤਮਾ ਦੇ ਨਾਮ, ਉਸ ਦੇ ਹੁਕਮ, ਉਸ ਦੀ ਰਜ਼ਾ ਬਾਰੇ ਵਿਚਾਰ ਕੀਤੀ ਜਾਂਦੀ ਹੋਵੇ, ਇਕ ਗੱਲ ਬੜੀ ਸਾਫ-ਸਪੱਸ਼ਟ ਹੈ ਕਿ ਇਹ ਅੱਖਰ ਸੰਗਤ ਦਾ ਪ੍ਰਤੀਕ ਹੈ, ਕਿਸੇ ਇਕੱਲੇ ਬੰਦੇ ਲਈ ਤਾਂ ਇਸ ਨੂੰ ਬਿਲਕੁਲ ਵੀ ਨਹੀਂ ਵਰਤਿਆ ਜਾ ਸਕਦਾ।
ਇਹ ਹੈ ਫਰਕ ਸੰਤਾਂ ਅਤੇ ਸੰਤ-ਜਨਾ ਵਿਚ।
ਗੁਰਬਾਣੀ ਸੰਤ-ਜਨਾ ਨੂੰ ਮਾਨਤਾ ਦਿੰਦੀ ਹੈ, ਸੰਤਾਂ ਨੂੰ ਨਹੀਂ।
ਤੁਰਦੇ ਹਾਂ ਆਪਣੇ ਅਸਲ ਵਿਸ਼ੇ ਵੱਲ," ਸੁਖਮਨੀ " ਦੀ ਸਰਲ ਵਿਆਖਿਆ ਵੱਲ।
ਸੰਤ ਕੇ ਦੂਖਨ ਤੇ ਮੁਖੁ ਭਵੈ ॥ ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥ ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥ ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥ ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥ ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥2॥
ਸਤ ਸੰਗੀਆਂ ਦੀ ਨਿੰਦਾ ਕਰਨ ਨਾਲ, ਨਿੰਦਕ ਦਾ ਚੇਹਰਾ ਹੀ ਭ੍ਰਿਸ਼ਟਿਆ ਜਾਂਦਾ ਹੈ, ਨਿੰਦਕ ਥਾਂ ਥਾਂ ਕਾਂ ਵਾਙ ਲਊਂ ਲਊਂ ਕਰਦਾ, ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ। ਸੰਤ-ਜਨਾ ਦੀ ਨਿੰਦਾ ਕੀਤਿਆਂ, ਖੋਟਾ ਸੁਭਾਉ ਬਣ ਜਾਣ ਤੇ ਮਨੁੱਖ, ਸੱਪ ਦੀ ਜੂਨੇ ਜਾ ਪੈਂਦਾ ਹੈ, ਤੇ ਕਿਰਮ ਆਦਿ ਨਿੱਕੀਆਂ ਜੂਨਾਂ ਵਿਚ ਭਟਕਦਾ ਹੈ। ਸੰਤਨ ਦੀ ਨਿੰਦਾ ਦੇ ਕਾਰਨ, ਨਿੰਦਕ, ਤ੍ਰਿਸਨਾ ਦੀ ਅੱਗ ਵਿਚ ਸੜਦਾ-ਭੁੱਜਦਾ ਹੈ, ਤੇ ਹਰੇਕ ਮਨੁੱਖ ਨੂੰ ਧੋਖਾ ਦਿੰਦਾ ਫਿਰਦਾ ਹੈ। ਸੰਤ-ਜਨਾ ਦੀ ਨਿੰਦਿਆ ਕੀਤਿਆਂ, ਮਨੁੱਖ ਦਾ ਸਾਰਾ ਤੇਜ-ਪਰਤਾਪ ਹੀ ਨਸ਼ਟ ਹੋ ਜਾਂਦਾ ਹੈ, ਤੇ ਨਿੰਦਕ ਮਹਾਂ ਨੀਚ ਬਣ ਜਾਂਦਾ ਹੈ। ਸੰਤਨ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀੰ ਰਹਿੰਦਾ, ਹੇ ਨਾਨਕ ਜੇ ਸੰਤ-ਜਨਾ ਨੂੰ ਭਾਵੇ ਤਾਂ ਉਹ ਨਿੰਦਕ ਵੀ ਚੰਗੀ ਅਵਸਥਾ ਤੇ ਪਹੁੰਚ ਜਾਂਦੇ ਹਨ।2।
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥5॥
ਸੰਤ-ਜਨਾ ਦੀ ਨਿੰਦਾ ਕਰਨ ਵਾਲਾ, ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿਚ ਹੀ ਰਹਿ ਜਾਂਦਾ ਹੈ। ਸੰਤਨ ਦੇ ਨਿੰਦਕ ਨੂੰ ਮਾਨੋ ਜੰਗਲਾਂ ਵਿਚ ਖੁਆਰ ਕੀਤਾ ਜਾਂਦਾ ਹੈ, ਤੇ ਰਾਹੋਂ ਖੁੰਝਾ ਕੇ ਕੁਰਾਹੇ ਪਾਇਆ ਜਾਂਦਾ ਹੈ। ਜਿਵੇਂ ਪਰਾਣਾਂ ਤੋਂ ਬਗੈਰ, ਬੰਦਾ ਮੁਰਦਾ ਲੋਥ ਹੈ, ਤਿਵੇਂ ਹੀ ਸੰਤਨ ਦਾ ਨਿੰਦਕ ਅੰਦਰੋਂ, ਉਸ ਜ਼ਿੰਦਗੀ ਤੋਂ ਸੱਖਣਾ ਹੁੰਦਾ ਹੈ, ਜਿਹੜੀ ਜ਼ਿੰਦਗੀ, ਮਨੁੱਖਾ ਜੀਵਨ ਦਾ ਆਧਾਰ ਹੈ। ਸਤ-ਸੰਗਤਿ ਦੇ ਨਿੰਦਕਾਂ ਦੀ ਨੇਕ ਕਮਾਈ ਤੇ ਸਿਮਰਨ ਵਾਲੀ, ਕੋਈ ਪੱਕੀ ਨੀਂਹ ਨਹੀਂ ਹੁੰਦੀ, ਆਪ ਹੀ ਨਿੰਦਾ ਦੀ ਕਮਾਈ ਕਰ ਕੇ, ਆਪ ਹੀ ਉਸ ਦਾ ਮੰਦਾ ਫਲ ਖਾਂਦੇ ਹਨ। ਸੰਤ-ਜਨਾ ਦੀ ਨਿੰਦਾ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ, ਨਿੰਦਿਆ ਦੀ ਆਦਤ ਤੋਂ ਬਚਾ ਨਹੀਂ ਸਕਦਾ, ਪਰ ਹੇ ਨਾਨਕ, ਜੇ ਸਤ-ਸੰਗੀ ਚਾਹੁਣ ਤਾਂ ਨਿੰਦਕ ਨੂੰ, ਨਿੰਦਾ ਦੇ ਸੁਭਾਉ ਤੋਂ ਬਚਾ ਸਕਦੇ ਹਨ।5।
ਗੁਰੂ ਸਾਹਿਬ ਨੇ, ਸਿੱਖਾਂ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਵਿਚ ਇਸ ਦਾ ਖੁਲ੍ਹਾ ਖੁਲਾਸਾ ਕੀਤਾ ਹੈ। ਪਰ ਸਿੱਖਾਂ ਨੂੰ ਤਾਂ ਤਦ ਹੀ ਪਤਾ ਲੱਗੇ, ਜੇ ਇਸ ਨੂੰ ਵਿਚਾਰਿਆ ਜਾਵੇ। ਸਿੱਖੀ ਵਿਚਲੇ ਬਰਾਹਮਣ ਰੂਪੀ ਸੰਤਾਂ ਨੇ ਤਾਂ ਉਸ ਦੀ ਸ਼ਕਤੀ ਦੇ ਅਲੱਗ ਹੀ ਰੂਪ ਮਿਥੇ ਹਨ, ਅਤੇ ਇਸ ਬਾਣੀ ਨੂੰ, ਸਿਰਫ ਰੱਟੇ ਜੋਗਾ ਹੀ ਕਰ ਦਿੱਤਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)