ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥
ਅਰਥ:-
ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਚਿਹਨ-ਚੱਕਰ ਹੈ ਤੇ ਨਾ ਹੀ ਕੋਈ ਰੰਗ ਹੈ, ਪ੍ਰਭੂ ਮਾਇਆ ਦੇ ਤਿੰਨਾਂ ਗੁਣਾਂ ਤੋਂ ਬੇ-ਦਾਗ ਹੈ, ਹੇ ਨਾਨਕ, ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ, ਜਿਸ ਤੇ ਆਪ ਮਿਹਰਬਾਨ ਹੁੰਦਾ ਹੈ।1।
ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥ ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥ ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥ ਨਾਨਕ ਕੈ ਮਨਿ ਇਹੁ ਅਨਰਾਉ ॥1॥
ਹੇ ਭਾਈ, ਮਨੁੱਖ ਦਾ ਮੋਹ ਛੱਡ ਕੇ, ਅਕਾਲ-ਪੁਰਖ ਨੂੰ ਆਪਣੇ ਮਨ ਵਿਚ ਸੰਭਾਲ। ਸਭ ਜੀਵਾਂ, ਸਭ ਚੀਜ਼ਾਂ, ਸਭ ਥਾਵਾਂ ਵਿਚ ਪ੍ਰਭੂ ਹੀ ਰਮਿਆ ਹੋਇਆ ਹੈ, ਉਸ ਤੋਂ ਬਾਹਰਾ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ। ਪ੍ਰਭੂ ਬਹੁਤ ਡੂੰਘਾ ਹੈ, ਗੰਭੀਰ ਅਤੇ ਸਿਆਣਾ ਹੈ, ਉਹ ਆਪ ਹੀ ਜੀਵਾਂ ਦੇ ਦਿਲ ਦੀ ਜਾਨਣ ਵਾਲਾ ਹੈ, ਪਛਾਨਣ ਵਾਲਾ ਹੈ।
ਹੇ ਪਾਰਬ੍ਰਹਮ ਪ੍ਰਭੂ, ਸਭ ਦੇ ਵੱਡੇ ਮਾਲਕ, ਜੀਵਾਂ ਦੇ ਪਾਲਣ ਵਾਲੇ, ਕਿਰਪਾਲਤਾ ਦੇ ਖਜਾਨੇ, ਦਇਆ ਦੇ ਘਰ ਤੇ ਬਖਸ਼ਣਹਾਰ। ਨਾਨਕ ਦੇ ਮਨ ਵਿਚ ਇਹ ਤਾਂਘ ਹੈ ਕਿ ਮੈਂ ਤੇਰੇ ਸਾਧਾਂ ਦੇ ਚਰਣੀ ਪਵਾਂ, ਨਿਮਰਤਾ ਸਹਿਤ ਉਨ੍ਹਾਂ ਦੀ ਸਤ-ਸੰਗਤ ਦਾ ਹਿੱਸਾ ਬਣਾਂ।1।
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥5॥
ਸਾਰੇ ਜੀਅ-ਜੰਤ, ਅਕਾਲ-ਪੁਰਖ ਦੇ ਆਸਰੇ ਹੀ ਹਨ, ਬ੍ਰਹਮੰਡ ਦੇ ਸਾਰੇ ਹਿੱਸੇ ਵੀ ਪ੍ਰਭੂ ਦੇ ਹੀ ਟਿਕਾਏ ਹੋਏ ਹਨ। ਵੇਦ, ਪੁਰਾਨ, ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਵੀ ਅਕਾਲ-ਪੁਰਖ ਦੇ ਆਸਰੇ ਹੀ ਹੈ। ਸਾਰੇ ਆਕਾਸ਼ ਪਾਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਅਧਾਰ ਤੇ ਹਨ। ਤਿੰਨੇ ਭਵਨ ਤੇ ਚੌਦਹ ਲੋਕ ਅਕਾਲ-ਪੁਰਖ ਦੇ ਟਿਕਾਏ ਹੋਏ ਨੇ, ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ। ਪ੍ਰਭੂ, ਮਿਹਰ ਕਰ ਕੇ ਜਿਸ ਨੂੰ ਵੀ ਆਪਣੇ ਨਾਮ ਨਾਲ ਜੋੜਦਾ ਹੈ, ਹੇ ਨਾਨਕ, ਉਹ ਮਨੁੱਖ ਮਾਇਆ ਦੇ ਅਸਰ ਤੋਂ ਪਰਲੇ, ਚੌਥੇ ਦਰਜੇ ਵਿਚ ਅੱਪੜ ਕੇ, ਉੱਚੀ ਅਵਸਥਾ ਪਰਾਪਤ ਕਰਦਾ ਹੈ।5।
ਆਦਿ ਸਚੁ ਜੁਗਾਦਿ ਸਚੁ ॥
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥1॥
ਅਰਥ:-
ਪ੍ਰਭੂ, ਸ਼ੁਰੂ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਹੋਣ ਵੇਲੇ ਵੀ ਹੋਂਦ ਵਾਲਾ ਸੀ, ਅੱਜ ਵੀ ਹੋਂਦ ਵਾਲਾ ਹੈ ਅਤੇ ਭਵਿੱਖ ਵਿਚ ਵੀ ਸਦਾ ਕਾਇਮ ਰਹੇਗਾ।1।
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥
ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥6॥
ਹੇ ਭਾਈ, ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ ਨਾਮ ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦਰਿਆਂ ਨੂੰ ਸੰਤੁਸ਼ਟ ਕਰ ਦੇਵੀਏ। ਜਿਸ ਗੁਰਮੁੱਖ ਨੇ ਨਾਮ ਰੂਪੀ ਰਤਨ ਲੱਭ ਲਿਆ ਹੈ, ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿਸਦਾ। ਨਾਮ ਉਸ ਗੁਰਮੁੱਖ ਦਾ ਧਨ ਹੈ, ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ। ਜੋ ਮਨੁੱਖ, ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਉਨ੍ਹਾਂ ਦੇ ਮਨ ਤਨ ਕੇਵਲ ਪ੍ਰਭੂ ਦੇ ਨਾਮ ਵਿਚ ਹੀ ਜੁੜੇ ਰਹਿੰਦੇ ਹਨ। ਹੇ ਨਾਨਕ ਆਖ, ਕਿ ਉਠਦਿਆਂ ਬੈਠਦਿਆਂ ਸੁਤਿਆਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਨਾ ਹੀ ਸੇਵਕਾਂ ਦਾ ਸਦਾ ਦਾ ਆਹਰ ਹੁੰਦਾ ਹੈ।6।
ਮਨ ਮੇਰੇ ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ ਤਿਨ ਜਨ ਦੇਹਿ ॥
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥
ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥8॥17॥
ਹੇ ਮੇਰੇ ਮਨ, ਜੋ ਮਨੁੱਖ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵਸਦੇ ਹਨ, ਉਨ੍ਹਾਂ ਦੀ ਸਰਨੀ ਪਉ ਅਤੇ ਆਪਣਾ ਤਨ ਮਨ ਉਨ੍ਹਾਂ ਦੇ ਸਦਕੇ ਕਰ ਦੇਹ। ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਮਨੁੱਖ ਸਾਰੈ ਪਦਾਰਥ ਦੇਣ ਦੇ ਲਾਇਕ ਹੋ ਜਾਂਦਾ ਹੈ। (ਗੁਰਮਤਿ ਵਿਚ ਐਸੀ ਕੋਈ ਸਕੀਮ ਨਹੀਂ ਹੈ, ਜਿਸ ਅਧੀਨ ਆਪਣੇ ਪ੍ਰਭੂ ਨੂੰ ਪਛਾਨਣ ਵਾਲਾਂ ਸਾਰੇ ਪਦਾਰਥ ਦੇਣ ਦੇ ਲਾਇਕ ਹੋ ਜਾਂਦਾ ਹੈ ? ਇਕੋ ਹੀ ਢੰਗ ਹੈ, ਪ੍ਰਭੂ ਨੂੰ ਪਛਾਨਣ ਵਾਲਾ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਸ ਦੀ ਆਪਣੀ ਅਲੱਗ ਪਛਾਣ ਨਹੀਂ ਰਹਿ ਜਾਂਦੀ, ਜਦ ਉਹ ਪ੍ਰਭੂ ਵਿਚ ਮਿਲ ਕੇ ਪ੍ਰਭੂ ਹੀ ਹੋ ਗਿਆ ਤਾਂ ਸਾਰੇ ਪਦਾਰਥ ਦੇਣ ਦੇ ਲਾਇਕ ਤਾਂ ਆਪੇ ਹੀ ਹੋ ਗਿਆ।)
ਹੇ ਮਨ, ਉਸ ਦੀ ਸਰਨ ਪਿਆਂ ਤੂੰ ਵੀ ਸਾਰੇ ਸੁਖ ਪਾਵੇਂਗਾ, ਉਸ ਦੇ ਦਰਸ਼ਨ ਕਰਨ ਨਾਲ ਸਾਰੇ ਪਾਪ ਦੂਰ ਕਰ ਲਵੇਂਗਾ। ਹੋਰ ਚਤੁਰਾਈ ਛੱਡ ਦੇਹ ਤੇ ਉਸ ਸੇਵਕ ਦੀ ਸੇਵਾ ਵਿਚ ਲਗ ਜਾ। ਹੇ ਨਾਨਕ, ਉਸ ਸੰਤ-ਜਨ ਦੇ ਸਦਾ ਪੈਰ ਪੂਜ, ਨਿਮਰਤਾ ਸਹਿਤ ਉਸ ਦੇ ਨਾਲ ਪ੍ਰਭੂ ਦੇ ਨਾਮ ਦੀ ਵਿਚਾਰ ਵਿਚ ਲੱਗ, ਫਿਰ ਤੇਰਾ ਜਗਤ ਵਿਚ ਆਉਣ ਜਾਣ ਨਹੀਂ ਹੋਵੇਗਾ।8।17।
(ਜਿਹੜੇ ਸਿੱਖ ਵਿਦਵਾਨ ਦਾਵਾ ਕਰਦੇ ਹਨ ਕਿ ਆਵਾ-ਗਵਣ ਸਿੱਖ ਸਿਧਾਂਤ ਦਾ ਵਿਸ਼ਾ ਨਹੀਂ ਹੈ, ਉਹ ਇਸ ਬਾਰੇ ਕੀ ਢੁੱਚਰ ਘੜਨਗੇ ?)
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥1॥
ਸਤਿਗੁਰੁ ਸਿੱਖ ਦੀ ਰੱਖਿਆ ਕਰਦਾ ਹੈ, ਸਤਿਗੁਰੁ ਆਪਣੇ ਸੇਵਕ ਉੱਤੇ ਸਦਾ ਮਿਹਰ ਕਰਦਾ ਹੈ।
(ਏਥੇ ਰਾਰੇ ਦੇ ਪੈਰ ਵਿਚ ਔਂਕੜ ਹੈ, ਮਤਲਬ ਹੈ 'ਪਰਮਾਤਮਾ')
ਗੁਰੁ (ਪਰਮਾਤਮਾ) ਆਪਣੇ ਸਿੱਖ ਦੀ ਭੈੜੀ ਮੱਤ ਰੂਪੀ ਮੈਲ ਦੂਰ ਕਰ ਦੇਂਦਾ ਹੈ। ਕਿਉਂਕਿ ਸਿੱਖ ਆਪਣੇ ਗੁਰ (ਸ਼ਬਦ-ਗੁਰੂ) ਦੇ ਉਪਦੇਸ਼ ਅਨੁਸਾਰ ਪ੍ਰਭੂ ਦਾ ਨਾਮ ਸਿਮਰਦਾ ਹੈ।
ਗੁਰ ਦਾ ਸਿੱਖ, ਸ਼ਬਦ-ਗੁਰੂ ਦਾ ਸਿੱਖ, ਉਸ ਦੇ ਉਪਦੇਸ਼ ਆਸਰੇ ਵਿਕਾਰਾਂ ਵਲੋਂ ਹੱਟ ਜਾਂਦਾ ਹੈ, ਤਾਂ ਸਤਿਗੁਰੁ (ਪਰਮਾਤਮਾ) ਉਸ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ। (ਸ਼ਬਦ-ਗੁਰੂ ਦਾ ਕੰਮ ਹੈ ਸਿੱਖਾਂ ਨੂੰ ਸਿੱਧੇ ਰਸਤੇ ਪਾਵੇ।)
(ਪਰਮਾਤਮਾ ਦਾ ਕੰਮ ਹੈ, ਸਿੱਖ ਦੇ ਬੰਧਨ ਕੱਟ ਦੇਵੇ, ਕਿਉਂਕਿ ਪਰਮਾਤਮਾ ਹੀ ਇਸ ਵਿਚ ਸਮਰੱਥ ਹੈ)
ਕਿਉਂਕਿ ਸਤਿਗੁਰੁ (ਪਰਮਾਤਮਾ) ਸਿੱਖ ਨੂੰ ਆਪਣੇ ਨਾਮ, (ਆਪਣੇ ਹੁਕਮ, ਆਪਣੀ ਰਜ਼ਾ) ਦਾ ਧਨ ਬਖਸ਼ਦਾ ਹੈ।
ਇਸ ਤਰ੍ਹਾਂ ਗੁਰ (ਸ਼ਬਦ-ਗੁਰੂ) ਦਾ ਸਿੱਖ ਵਡਭਾਗੀ, ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ।
ਸਤਿਗੁਰੁ (ਪਰਮਾਤਮਾ) ਆਪਣੇ ਸਿੱਖ ਦਾ ਲੋਕ-ਪਰਲੋਕ ਸਵਾਰ ਦੇਂਦਾ ਹੈ। ਹੇ ਨਾਨਕ, ਸਤਿਗੁਰੁ (ਪਰਮਾਤਮਾ) ਆਪਣੇ ਸਿੱਖ, ਆਪਣੇ ਜਨ ਨੂੰ ਮਨੋਂ ਸਵਾਰਦਾ ਹੈ।1।
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥2॥
ਜਿਹੜਾ ਸੇਵਕ, ਸਿਖਿਆ ਦੀ ਖਾਤਰ, ਗੁਰ (ਸ਼ਬਦ) ਦੇ ਘਰ, ਗੁਰ ਦੇ ਦਰ ਤੇ ਰਹਿੰਦਾ ਹੈ, ਤੇ ਗੁਰ ਦਾ ਹੁਕਮ ਮਨ ਕਰ ਕੇ ਮੰਨਦਾ ਹੈ, ਜੋ ਆਪਣੇ-ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਆਪਣੇ ਮਨ ਵਿਚ ਯਾਦ ਕਰਦਾ ਹੈ, ਜੋ ਆਪਣਾ ਮਨ ਸਤਿਗੁਰ (ਸ਼ਬਦ) ਅੱਗੇ ਵੇਚ ਦੇਂਦਾ ਹੈ, ਸਤਿਗੁਰ ਦੇ ਹਵਾਲੇ ਕਰ ਦੇਂਦਾ ਹੈ, ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਜੋ ਸੇਵਕ, ਗੁਰ ਦੀ ਸੇਵਾ ਕਰਦਾ ਹੋਇਆ, ਕਿਸੇ ਫਲ ਦੀ ਇੱਛਾ ਨਹੀਂ ਰਖਦਾ, ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ। ਹੇ ਨਾਨਕ, ਉਹ ਸੇਵਕ, ਸਤਿਗੁਰ ਦੀ ਸਿਖਿਆ ਲੈਂਦਾ ਹੈ, ਜਿਸ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ।2।
(ਜਿਹੜੇ ਭੈਣ-ਵੀਰ ਚਾਹੁੰਦੇ ਹਨ ਕਿ ਉਹ ਇਸ ਚੱਕਰ ਵਿਚ ਦੁਬਾਰਾ ਨਾ ਪੈਣ, ਉਨ੍ਹਾਂ ਅੱਗੇ ਬੇਨਤੀ ਹੈ ਕਿ ਗੁਰਮਤਿ ਦੇ ਇਸ ਸਿਧਾਂਤ ਨੂੰ ਜ਼ਰੂਰ ਸਮਝਣ ਕਿ, ਰੱਬ (ਸਤਿਗੁਰੁ ਗੁਰੁ) ਦੀ ਮਿਹਰ ਹੁੰਦੀ ਹੈ ਤਾਂ ਜੀਵ ਸ਼ਬਦ-ਗੁਰੂ (ਗੁਰ) ਨਾਲ ਜੁੜਦੇ ਹਨ, ਅਤੇ ਗੁਰ ਦੀ ਸਿਖਿਆ ਅਨੁਸਾਰ ਚੱਲ ਕੇ ਗੁਰੁ ਨਾਲ ਇਕ-ਮਿਕ ਹੁੰਦੇ ਹਨ।)
ਸਲੋਕੁ ॥
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥1॥
ਜਿਸ ਨੇ ਸਤਿ ਪੁਰਖ, ਪਰਮਾਤਮਾ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸ਼ਬਦ-ਗੁਰੂ, ਸਤਿਗੁਰ ਹੋਣਾ ਚਾਹੀਦਾ ਹੈ, ਸਤਿਗੁਰੁ , ਪਰਮਾਤਮਾ ਨਹੀਂ। ਉਸ ਦੀ ਸੰਗਤਿ ਵਿਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ। ਹੇ ਨਾਨਕ, ਤੂੰ ਵੀ ਗੁਰ ਦੀ ਸੰਗਤ ਵਿਚ ਰਹ ਕੇ ਅਕਾਲ-ਪੁਰਖ ਦੇ ਗੁਣ ਗਾ।1।
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ਏਕੁ ਸਿਮਰਿ ਨਾਮ ਆਧਾਰੁ ॥
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥
ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥1॥
ਸੰਤ-ਜਨਾ (ਸਤਸੰਗੀਆਂ) ਨਾਲ ਰਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ, ਇਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ ਲਵੋ। ਹੇ ਦੋਸਤ, ਹੋਰ ਸਾਰੇ ਆਸਰੇ ਛੱਡ ਦਿਉ, ਤੇ ਪ੍ਰਭੂ ਦੇ ਕਮਲਾਂ ਵਰਗੇ ਸੋਹਣੇ ਚਰਨ ਹਿਰਦੇ ਵਿਚ ਟਿਕਾਉ। ਉਹ ਪ੍ਰਭੂ, ਸਭ ਕੁਝ ਆਪ ਕਰਨ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ, ਉਸ ਪ੍ਰਭੂ ਦਾ ਨਾਮ ਰੂਪੀ ਸੋਹਣਾ ਪਦਾਰਥ ਪੱਕਾ ਕਰ ਕੇ ਸਾਂਭ ਲਵੋ। ਹੇ ਭਾਈ, ਨਾਮ ਰੂਪੀ ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਤ-ਜਨਾ ਦਾ ਇਹੀ ਪਵਿੱਤ੍ਰ ਉਪਦੇਸ਼ ਹੈ। ਆਪਣੇ ਮਨ ਵਿਚ ਇਕ ਪ੍ਰਭੂ ਦੀ ਆਸ ਰੱਖੋ, ਹੇ ਨਾਨਕ, ਇਸ ਤਰ੍ਹਾਂ ਸਾਰੇ ਰੋਗ ਮਿੱਟ ਜਾਣਗੇ।1।
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍ਾਰੋ ਚੀਤ ॥
ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥6॥
ਹੇ ਅੰਞਾਣ ਬੰਦੇ, ਗੁਰ (ਸ਼ਬਦ) ਦੀ ਮੱਤ ਲੈ, ਸਿਖਿਆ ਤੇ ਤੁਰ, ਬੜੇ ਸਿਆਣੇ ਸਿਆਣੇ ਬੰਦੇ ਵੀ ਭਗਤੀ ਤੋਂ ਬਿਨਾ, ਵਿਕਾਰਾਂ ਵਿਚ ਹੀ ਡੁੱਬ ਜਾਂਦੇ ਹਨ। ਹੇ ਮਿੱਤ੍ਰ ਮਨ, ਪ੍ਰਭੂ ਦੀ ਭਗਤੀ ਕਰ, ਇਸ ਤਰ੍ਹਾਂ ਤੇਰੀ ਸੁਰਤ ਪਵਿੱਤ੍ਰ ਹੋਵੇਗੀ। ਹੇ ਭਾਈ, ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਆਪਣੇ ਮਨ ਵਿਚ ਸੰਭਾਲ ਕੇ ਰੱਖ, ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ। ਪ੍ਰਭੂ ਦਾ ਨਾਮ ਤੂੰ ਆਪ ਜਪ, ਤੇ ਹੋਰਨਾਂ ਨੂੰ ਜਪਣ ਲਈ ਪ੍ਰੇਰ, ਨਾਮ ਸੁਣਦਿਆਂ ਉਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ, ਉੱਚੀ ਅਵਸਥਾ ਬਣ ਜਾਏਗੀ। ਪ੍ਰਭੂ ਦਾ ਨਾਮ ਹੀ, ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ, ਤਾਂ ਤੇ ਹੇ ਨਾਨਕ, ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ।6।
ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥7॥
ਧਰਮ ਦੇ ਬਾਹਰਲੇ ਧਾਰੇ ਹੋਏ ਚਿਨ੍ਹ ਹੋਰ ਹਨ, ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ, ਮਨ ਵਿਚ ਤਾਂ ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। ਪਰ ਦਿਲ ਦੀਆਂ ਜਾਨਣ ਵਾਲਾ ਪ੍ਰਭੂ ਸਿਆਣਾ ਹੈ, ਉਹ ਕਦੇ ਕਿਸੇ ਦੇ ਬਾਹਰਲੇ ਭੇਖ ਨਾਲ ਖੁਸ਼ ਨਹੀਂ ਹੋਇਆ। ਜੋ ਬੰਦਾ ਹੋਰਨਾਂ ਨੂੰ ਮੱਤਾਂ ਦਿੰਦਾ ਹੈ, ਪਰ ਆਪ ਨਹੀਂ ਕਮਾਉਂਦਾ, ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵਸਦਾ ਹੈ, ਉਸ ਦੀ ਸਿਖਿਆ ਨਾਲ ਜਗਤ, ਵਿਕਾਰਾਂ ਤੋਂ ਬਚਦਾ ਹੈ। ਹੇ ਪ੍ਰਭੂ, ਜੋ ਭਗਤ ਤੈਨੂੰ ਪਿਆਰੇ ਲਗਦੇ ਹਨ, ਉਨ੍ਹਾਂ ਨੇ ਤੈਨੂੰ ਪਛਾਣਿਆ ਹੈ। ਹੇ ਨਾਨਕ, ਆਖ, ਮੈਂ ਉਨ੍ਹਾਂ ਦੇ ਚਰਨਾਂ ਤੇ ਪੈਂਦਾ ਹਾਂ।7।
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥
ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥8॥24॥
ਜਿਸ ਮਨੁੱਖ ਦੇ ਮਨ ਵਿਚ ਨਾਮ ਵਸਦਾ ਹੈ, ਜੋ ਪਿਆਰ ਨਾਲ ਨਾਮ ਸੁਣਦਾ ਹੈ, ਉਸ ਨੂੰ ਪ੍ਰਭੂ ਚੇਤੇ ਆਉਂਦਾ ਹੈ, ਉਸ ਮਨੁੱਖ ਦਾ ਜੰਮਣ-ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ, ਉਹ ਇਸ ਦੁਰਲੱਭ ਮਨੁੱਖਾ ਸਰੀਰ ਨੂੰ ਉਸ ਵੇਲੇ, ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਉਸ ਦੀ ਬੇਦਾਗ ਸੋਭਾ ਤੇ ਉਸ ਦੀ ਬਾਣੀ, ਨਾਮ-ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ, ਕਿਉਂਕਿ ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ। ਦੁੱਖ, ਰੋਗ, ਡਰ ਤੇ ਵਹਮ, ਉਸ ਦੇ ਨਾਸ ਹੋ ਜਾਂਦੇ ਹਨ, ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸ ਦੇ ਕੰਮ ਵਿਕਾਰਾਂ ਦੀ ਮੈਲ ਤੋਂ ਸਾਫ ਹੁੰਦੇ ਹਨ। ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ। ਹੇ ਨਾਨਕ, ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁਖਾਂ ਦੀ ਮਨੀ , ਸਰਬੋਤਮ ਸੁਖ ਹੈ।8।24।
ਅਮਰ ਜੀਤ ਸਿੰਘ ਚੰਦੀ (ਸਮਾਪਤ)