ਏ ਅਖਰ ਖਿਰਿ ਜਾਹਿਗੇ (ਦੋ ਅੱਖਰ)
ਇਹ ਨਹੀਂ ਆਖਿਆ ਜਾ ਸਕਦਾ ਕਿ ਸਿੱਖੀ ਨਾਲ ਸਬੰਧਿਤ ਕਿੰਨੇ ਭੈਣਾਂ-ਵੀਰਾਂ ਨੇ ਇਸ ਵਿਸ਼ੇ ਨੂੰ ਵਿਚਾਰਿਆ ਹੋਵੇ ? ਹਾਲਾਂਕਿ ਜਦ ਤੱਕ ਮੈਂ ਚੰਦੀਗੜ੍ਹ ਵਿਚ ਸੀ, ਤਦ ਤੱਕ ਇਸ ਵਿਸ਼ੇ ਦੀ ਖਾਸ ਜਾਣਕਾਰੀ ਨਹੀਂ ਸੀ। ਉਸ ਵੇਲੇ ਇਕ ਸ਼ੋਸ਼ਾ ਜਿਹਾ ਜ਼ਰੂਰ ਉੱਠ ਰਿਹਾ ਸੀ। ਸ, ਜੁਗਿੰਦਰ ਸਿੰਘ ਸਾਨ੍ਹੀ , ਸਪੋਕਸ-ਮੈਨ , ਅਖਬਾਰ ਵਲੋਂ ਜ਼ਰੂਰ ਇਕ ਅਫਵਾਹ ਸੀ ਕਿ ਸ, ਜੁਗਿੰਦਰ ਸਿੰਘ ਨੇ "ਓਇ ਅਖਰ" ਲੱਭਣ ਲਈ 4 ਕ੍ਰੌੜ ਰੁਪਏ ਰਾਖਵੇਂ ਰੱਖੇ ਹਨ। ਬੱਸ ਇਸ ਤੋਂ ਜ਼ਿਆਦਾ ਕੋਈ ਜਾਣਕਾਰੀ ਵੀ ਨਹੀਂ ਸੀ, ਅਤੇ ਕੋਈ ਲਾਲਸਾ ਵੀ ਨਹੀਂ ਸੀ, ਇਸ ਕਰ ਕੇ ਚੰਦੀਗੜ੍ਹ ਦੇ ਵੀਰਾਂ ਨਾਲ ਇਸ ਬਾਰੇ ਕੋਈ ਵਿਚਾਰ ਵੀ ਨਹੀਂ ਹੋਇਆ ਸੀ।
ਨੌਕਰੀ ਛੱਡ ਕੇ ਘਰ ਆ ਗਿਆ। ਆਪਣਾ 'ਸੈਟ-ਅਪ' ਖੜਾ ਕਰਨ ਲਈ ਅਤੇ 'ਵੈਬ-ਸਾਇਟ' ਸ਼ੁਰੂ ਕਰਨ ਲਈ ਕਈ ਸਾਲ ਲੱਗ ਗਏ। ਵੇਹਲੇ ਹੋ ਕੇ ਨਵੇਂ ਵਿਸ਼ੇ ਵਿਚਾਰਨੇ ਸ਼ੁਰੂ ਕੀਤੇ। ਇਕ ਵਾਰ ਇਸ ਵਿਸ਼ੇ ਬਾਰੇ ਵੀ ਧਿਆਨ ਆਇਆ, ਪਰ ਚਾਰ ਕ੍ਰੋੜ ਰੁਪਏ ਦੀ ਗੱਲ ਨੇ ਵਿਚਾਰ ਤੇ ਪਾਬੰਦੀ ਲਗਾ ਦਿੱਤੀ।
ਇਕ ਵਾਰ ਮਨ ਵਿਚ ਉੱਠੀ ਗਲ ਫਿਰ ਚੇਤੇ ਆ ਗਈ, ਨਾਲ ਹੀ ਮਨ ਵਿਚ ਇਹ ਵਿਚਾਰ ਵੀ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਪੈਸਿਆਂ ਨਾਲ ਕੀ ਸਬੰਧ ? ਇਕ ਦਿਨ ਥੋੜਾ ਵੇਲ੍ਹ ਮਿਲਣ ਤੇ ਮਨ ਨੇ ਕਿਹਾ "ਇਕ ਵਾਰ ਪੜ੍ਹ ਕੇ ਤਾਂ ਵੇਖ" ਉਸ ਤੋਂ ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ 'ਭਗਤ ਕਬੀਰ' ਜੀ ਦੀ ਰਚਨਾ ਹੈ। ਪੜ੍ਹਨੀ ਸ਼ੁਰੂ ਕੀਤੀ, ਭਗਤ ਕਬੀਰ ਜੀ ਦੀ ਗਹਰ-ਗੰਭੀਰ ਪਰ ਸਰਲ ਬੋਲੀ ਵਾਲੀ ਰਚਨਾ। ਨਾ ਕੁਝ ਪੱਲੇ ਹੀ ਪਿਆ, ਨਾ ਨਿਰਾਸ਼ ਹੀ ਹੋਇਆ, ਦੋਬਾਰਾ ਪੜ੍ਹਨ ਜੋਗਾ ਰਹ ਗਿਆ। ਦੋ-ਚਾਰ ਵਾਰ ਪੜ੍ਹਨ ਤੇ ਤੱਤ-ਸਾਰ ਸਮਝ ਆ ਗਿਆ, ਇਹ ਸਾਫ ਹੋ ਗਿਆ ਕਿ ਇਸ ਨੂੰ ਜਾਣੇ ਬਗੈਰ, ਦੁਨੀਆ ਦੀ ਕਿਸੇ ਬੋਲੀ ਵਿਚ ਰੱਬ ਨੂੰ ਮਿਲਣ ਦੀ ਸਿਖਿਆ ਕਾਰਗਰ ਨਹੀਂ ਹੋ ਸਕਦੀ। ਹਾਲਾਂਕਿ ਮੈਂ ਰੱਬ ਨੂੰ ਮਿਲਣ ਦੇ ਬਾਰੇ ਵਿਚ ਅੱਜ ਵੀ ਏਥੇ ਹੀ ਖੜਾ ਹਾਂ ਕਿ ਇਹ ਰੱਬ ਦੀ ਮਿਹਰ ਦਾ ਵਿਸ਼ਾ ਹੈ। ਪਰ ਇਸ ਨੂੰ ਜਾਣੇ ਬਗੈਰ ਉਹ ਮਿਹਰ ਵੀ ਨਹੀਂ ਹੋਣੀ।
ਇਸ ਨਾਲ ਇਕ ਗੱਲ ਹੋਰ ਸਾਮ੍ਹਣੇ ਆਉਂਦੀ ਹੈ ਕਿ ਪੁਜਾਰੀ ਜਮਾਤ ਨੇ ਸਾਨੂੰ ਜਿਸ ਰਾਹ ਪਾਇਆ ਹੈ, ਉਸ ਤੋਂ ਬਚਣ ਦਾ ਸਰਲ ਰਾਹ ਵੀ ਹੈ, ਜਿਵੇਂ ਪੁਜਾਰੀ ਜਮਾਤ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਖਾਸ ਕਰ ਕੇ ਸਤਿਕਾਰ ਦੇ ਮਾਮਲੇ ਵਿਚ, ਸਤਿਕਾਰ ਕਮੇਟੀ ਵਾਲੇ ਜੋ ਵਿਹਾਰ ਪਾਠੀਆਂ ਆਦਿ ਨਾਲ ਕਰਦੇ ਹਨ, ਉਹ ਤਾਂ ਸਰਾ-ਸਰ ਸਿੱਖੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਇਕ ਗੱਲ ਪਹਿਲਾਂ ਸਮਝ ਲਵੋ ਕਿ, ਕੀ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਹੋਏ ਅੱਖਰ ਸਦੀਵੀ ਹਨ ?
ਕੀ ਉਹ ਨਾਸ਼ਵਾਨ ਨਹੀਂ ਹਨ ?
ਲਿਖਿਆ ਹੋਇਆ ਅੱਖਰ, ਭਾਵੇਂ ਸਿਆਹੀ, ਕਿਹੋ ਜਿਹੀ ਵੀ ਹੋਵੇ, ਭਾਵੇਂ ਕਾਗਜ਼ ਤੇ ਹੋਵੇ, ਭਾਵੇ ਖੱਲ ਤੇ ਹੋਵੇ ਜਾਂ ਕਿਸੇ ਧਾਤ ਦੇ ਪੱਤਰੇ ਤੇ ਹੋਵੇ, ਜਾਂ ਕਿਸੇ ਪੱਥਰ ਤੇ ਉੱਕਰ ਕੇ ਹੀ ਲਿਖਿਆ ਹੋਵੇ, ਉਸ ਨੇ ਤਾਂ ਖਤਮ ਹੋ ਹੀ ਜਾਣਾ ਹੈ। ਫਿਰ ਉਨ੍ਹਾਂ ਅੱਖਰਾਂ ਦੇ ਸਤਿਕਾਰ ਜਾਂ ਤਿਰਸਕਾਰ ਦਾ ਕੀ ਅਰਥ ? ਜਿਨ੍ਹਾਂ ਅੱਖਰਾਂ ਦਾ ਮਤਲਬ ਸਮਝ ਕੇ, ਮਨ ਨੇ ਆਪਣਾ ਰਾਹ ਮਿਥਣਾ ਹੈ, ਉਸ ਦੀ ਵਡਿਆਈ ਤਾਂ ਹੀ ਹੈ. ਜੇ ਮਨ ਸਹੀ ਰਾਹ ਮਿਥਦਾ ਹੈ।
ਜੇ ਉਹ ਸਹੀ ਰਾਹ ਨਹੀਂ ਮਿਥਦਾ ਤਾਂ ਉਸ ਦੀ ਕੀ ਵਡਿਆਈ ? ਜੇ ਗੁਰ ਦੇ ਸ਼ਬਦ ਦੀ ਵਿਚਾਰ ਹੁੰਦੀ ਹੈ, ਤਾਂ ਹੀ ਮਨ ਵਿਚੋਂ ਹਉਮੈ ਖਤਮ ਹੁੰਦੀ ਹੈ। ਜੇ ਉਹ ਸ਼ਬਦ ਦਸ-ਦਸ ਰੁਮਾਲਿਆਂ ਨਾਲ ਢੱਕ ਕੇ ਸਤਿਕਾਰ ਹੀ ਕੀਤਾ ਜਾਂਦਾ ਹੈ, ਮਨ ਵਿਚ ਹਉਮੈ ਤਾਂ ਓਵੇਂ ਹੀ ਰਹਿੰਦੀ ਹੈ, ਤਾਂ ਉਸ ਸ਼ਬਦ ਦਾ ਕੀ ਫਾਰਿਦਾ ?
ਕਬੀਰ ਜੀ ਦਾ ਸ਼ਬਦ ਸਾਡੇ ਮਨ ਨੂੰ "ਓਇ ਅਖਰ" ਆਪ ਲਿਖਣ ਦਾ ਢੰਗ ਦਸਦਾ ਹੈ, ਜੋ ਮਨ ਦੇ ਨਾਲ ਹੀ, ਅਕਾਲ-ਪੁਰਖ ਦੀ ਦਰਗਾਹ ਵਿਚ ਜਾਂਦਾ ਹੈ।
ਕਬੀਰ ਜੀ ਇਹ ਸੋਚਣ ਤੇ ਮਜਬੂਰ ਕਰਦੇ ਹਨ ਕਿ ਜਿਨ੍ਹਾਂ ਅੱਖਰਾਂ ਨੂੰ ਹਜ਼ਾਰ ਵਾਰ ਨਹੀਂ ਲੱਖ ਵਾਰ ਪੜ੍ਹ ਲਵੋ, ਉਹ ਮਨ ਦੇ ਨਾਲ ਨਹੀਂ ਜਾ ਸਕਦੇ, ਉਹ ਚੰਗੇ ਹਨ ਜਾਂ ਜੋ ਅੱਖਰ ਮਨ ਦੇ ਨਾਲ ਜਾਵੇ ਉਹ ਚੰਗਾ ਹੈ ?
ਆਉ ਜਾਣੀਏ ਅਤੇ ਮਨ ਨੂੰ ਉਹ ਅੱਖਰ ਲਿਖਣ ਦੀ ਜਾਂਚ ਦਸੀਏ ਜਿਹੜੇ ਮਨ ਦੇ ਨਾਲ ਜਾਣੇ ਹਨ ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ (ਦੋ ਅੱਖਰ)
Page Visitors: 1323