ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 6)
ਞੰਞਾ ਨਿਕਟੁ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥16॥
ਹੇ ਭਾਈ, ਜੋ ਹਰੀ ਬਹੁਤ ਹੀ ਨੇੜੇ (ਕਹਿ ਰਵਿਦਾਸ ਹਾਥ ਪੈ ਨੇਰੈ) ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨੂੰ ਅਣਗੌਲਿਆਂ ਕਰ ਕੇ, ਦੂਰ-ਦੂਰ ਤਕ ਕਿੱਥੇ ਭਾਲਦਾ ਫਿਰਦਾ ਹੈਂ ?
ਜਿਸ ਪ੍ਰਭੂ ਨੂੰ ਲੱਭਣ ਲਈ ਸਾਰਾ ਜਗਤ, ਸਾਰਾ ਸੰਸਾਰ ਢੂੰਡਿਆ, ਅੰਤ ਵਿਚ ਉਹ ਪ੍ਰਭੂ ਤਾਂ ਮੈਨੂੰ ਨੇੜਿਉਂ ਹੀ, ਅੰਦਰੋਂ ਹੀ ਲੱਭ ਪਿਆ ਹੈ।
ਟਟਾ ਬਿਕਟ ਘਾਟ ਘਟ ਮਾਹੀ ॥
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
ਰਹੈ ਲਪਟਿ ਘਟ ਪਰਚਉ ਪਾਵਾ ॥17॥
ਪ੍ਰਭੂ ਨੂੰ ਮਿਲਣ ਦਾ ਘਾਟ, ਪੱਤਣ ਲੱਭਣਾ ਬੜਾ ਮੁਸ਼ਕਿਲ ਹੈ, ਪਰ ਹੈ ਸਰੀਰ ਦੇ ਅੰਦਰ ਹੀ। ਹੇ ਭਾਈ ਤੂੰ ਮਾਇਆ ਮੋਹ ਦੇ ਕਿਵਾੜ, ਦਰਵਾਜੇ, ਪਾਲ ਹਟਾ ਕੇ, ਖੋਲ੍ਹ ਕੇ, ਉਸ ਦੇ ਦਰਬਾਰ ਵਿਚ ਕਿਉਂ ਨਹੀਂ ਪਹੁੰਚ ਜਾਂਦਾ ?
ਜਿਸ ਨੇ ਮਨੁੱਖੀ ਹਿਰਦੇ ਵਿਚ ਹੀ ਟਿਕੇ ਰਹਣ ਵਾਲੇ ਸਦਾ-ਥਿਰ, ਹਮੇਸ਼ਾ ਕਾਇਮ ਰਹਣ ਵਾਲੇ ਅਕਾਲ ਨੂੰ ਜਾਣ ਲਿਆ ਹੈ, ਉਹ ਠੀਕ ਰਾਹ ਤੋਂ ਥਿੜਕ ਕੇ ਕੁਰਾਹੇ ਨਹੀਂ ਪੈਂਦਾ, ਉਹ ਪ੍ਰਭੂ ਚਰਨਾਂ ਨਾਲ ਪਿਆਰ ਪਾ ਲੈਂਦਾ ਹੈ।
ਠਠਾ ਇਹੈ ਦੂਰਿ ਠਗ ਨੀਰਾ ॥
ਨੀਠਿ ਨੀਠਿ ਮਨੁ ਕੀਆ ਧੀਰਾ ॥
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
ਸੋ ਠਗੁ ਠਗਿਆ ਠਉਰ ਮਨੁ ਆਵਾ ॥18॥
ਜਿਵੇਂ ਦੂਰੋਂ ਵੇਖਿਆਂ ਰੇਤ ਦਾ ਥਲ ਪਾਣੀ ਦਾ ਤਾਲ ਜਾਪਦਾ ਹੈ,ਓਵੇਂ ਹੀ ਇਹ ਮਾਇਆ ਹੈ, ਹੁੰਦੀ ਕੁਝ ਹੋਰ ਹੈ ਅਤੇ ਦਿਸਦੀ ਕੁਝ ਹੋਰ ਹੈ। ਮੈਂ ਇਸ ਨੂੰ ਧਿਆਨ ਨਾਲ ਸਮਝ-ਸਮਝ ਕੇ ਇਸ ਦੀ ਅਸਲੀਅਤ ਜਾਣ ਲਈ ਹੈ, ਜਿਸ ਆਸਰੇ ਮੈਂ ਆਪਣੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ, ਮਾਇਆ ਦੇ ਪਿੱਛੇ ਭੱਜਣ ਤੋਂ ਬਚਾ ਲਿਆ ਹੈ।
ਜਿਸ ਮਾਇਆ ਨੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਕੇ ਠੱਗ ਲਿਆ ਹੈ, ਆਪਣੇ ਮੋਹ ਵਿਚ ਫਸਾ ਲਿਆ ਹੈ, ਉਸ ਮੋਹ ਨੂੰ ਤਿਆਗ ਕੇ, ਛੱਡ ਕੇ ਮੇਰਾ ਮਨ ਅਸਲੀ ਟਿਕਾਣੇ ਤੇ ਆ ਗਿਆ ਹੈ, ਆਪਣੀ ਖੋੜ ਵਿਚ ਹੀ ਟਿਕ ਗਿਆ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)