ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਕਿਵੇਂ ਗਿਆ ? (ਭਾਗ 1)
ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਕਿਵੇਂ ਗਿਆ ? (ਭਾਗ 1)
Page Visitors: 1304

 

 

ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਕਿਵੇਂ ਗਿਆ ?        (ਭਾਗ 1)   
  ਇਹ ਲੇਖ ਇਕ ਵੀਰ ਨੇ, ਵਾਟਸ-ਅਪ ਤੇ ਪਾਇਆ ਸੀ, (ਜਿਸ ਦਾ ਕੋਈ ਸਿਰਲੇਖ ਨਹੀਂ ਸੀ) ਉਸ ਨੇ ਆਪਣਾ ਨਾਮ (ਸਿਰਫ) ਸਿੰਘ ਲਿਖਿਆ ਹੈ ਅਤੇ ਆਪਣਾ ਫੋਨ ਨੰਬਰ ਵੀ ਲਿਖਿਆ ਹੈ, ਇਸ ਵਿਚ ਇਤਿਹਾਸਿਕ ਪੱਖੋਂ ਕੁਝ ਵੀ ਅਜਿਹਾ ਨਹੀਂ ਹੈ, ਜਿਸ ਨੂੰ ਗਲਤ ਕਿਹਾ ਜਾਵੇ। ਇਸ ਵਿਚ ਉਸ ਰਾਜ ਬਾਰੇ ਕਈ-ਕੁਝ ਲਿਖਿਆ ਗਿਆ ਹੈ, ਜਿਸ ਨੂੰ ਸਿੱਖ, ਖਾਲਸਾ ਰਾਜ ਕਹਿੰਦੇ ਹਨ।
 ਇਸ ਨੂੰ ਇਸ ਕਰ ਕੇ ਪੇਸਟ ਕਰ ਰਿਹਾ ਹਾਂ, ਤਾਂ ਜੋ ਇਹ ਵਿਚਾਰ ਕੀਤਾ ਜਾ ਸਕੇ ਕਿ ਇਸ ਵਿਚ ਕਿੰਨੀਆਂ ਖੂਬੀਆਂ ਅਤੇ ਸਿੱਖ ਰਾਜ ਦੇ ਹਿਸਾਬ ਨਾਲ ਕਿੰਨੀਆਂ ਗਲਤੀਆਂ ਸਨ ਉਨ੍ਹਾਂ ਨੂੰ ਵਿਚਾਰਿਆ ਜਾ ਸਕੇ, ਅਤੇ ਅੱਜ ਦੇ ਸਮੇ ਵਿਚ ਜੋ ਇਹ ਕਹਿੰਦੇ ਹਨ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਰ ਰਹੇ ਹਾਂ, ਉਨ੍ਹਾਂ ਦੀ ਕਥਨੀ ਅਤੇ ਕਰਨੀ ਬਾਰੇ ਵਿਚਾਰ ਕੀਤਾ ਜਾ ਸਕੇ। ਆਉਣ ਵਾਲੇ ਖਾਲਸਾ ਰਾਜ ਬਾਰੇ ਵਿਚਾਰ ਕਰ ਕੇ ਉਸ ਦੀ ਰੂਪ-ਰੇਖਾ ਉਲੀਕੀ ਜਾ ਸਕੇ, ਤਾਂ ਜੋ ਆਉਣ ਵਾਲੇ ਰਾਜੇ ਅਤੇ ਉਨ੍ਹਾਂ ਨੂੰ ਰਾਜੇ ਬਨਾਉਣ ਵਾਲੀ ਜੰਤਾ ਸੁਚੇਤ ਹੋ ਕੇ ਚੱਲ ਸਕੇ, ਤਾਂ ਜੋ ਖਾਲਸਾ ਰਾਜ ਦੀ ਇਹ ਧਾਰਨਾ ਕਿ, (ਇਕ ਵਾਰ ਸਹੀ ਅਰਥਾਂ ਵਿਚ ਖਾਲਸਾ ਰਾਜ ਸਥਾਪਤ ਹੋ ਜਾਵੇ ਤਾਂ ਉਹ ਰਾਜ ਸਦਾ ਕਾਇਮ ਰਹੇਗਾ ਕਿਉਂਕਿ ਉਹ ਇੰਸਾਫ ਤੇ ਕਾਇਮ ਹੋਵੇਗਾ) ਠੀਕ ਸਾਬਤ ਹੋ ਸਕੇ।  
  30 ਜੂਨ,1839
*30 ਜੂਨ,1839 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਕੀਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਧਿਆਨ ਸਿੰਘ ਡੋਗਰੇ ਨੇ ਬਹੁਤ ਪਾਖੰਡ ਕੀਤੇ। ਉਸ ਨੇ ਕਈ ਵਾਰ ਭੱਜ ਕੇ ਚਿਤਾ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ।*
30 ਜੂਨ,1839 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਨਾਲ ਚਾਰ ਰਾਣੀਆਂ,ਰਾਣੀ ਕਟੋਚਨ, ਹਰੀ ਦੇਵੀ ਰਾਜ ਕੌਰ ਅਤੇ ਈਸ਼ਰ ਕੌਰ ਅਤੇ ਸੱਤ ਗੋਲੀਆਂ ਨੂੰ ਸਤੀ ਕੀਤਾ ਗਿਆ। ਇਨ੍ਹਾਂ ਵਿਚੋਂ ਰਾਣੀ ਕਟੋਚਨ ਅਤੇ ਹਰੀ ਦੇਵੀ ਹਿੰਦੂ ਸਨ ਜਦੋਂ ਕਿ ਰਾਜ ਕੌਰ ਅਤੇ ਈਸ਼ਰ ਕੌਰ ਦੋਵੇਂ ਸਿੱਖ ਸਨ।
30 ਜੂਨ,1857 ਵਾਲੇ ਦਿਨ 65 ਸਾਲ ਦੀ ਉਮਰ ਭੋਗ ਕੇ ਗੁਲਾਬ ਸਿੰਘ ਡੋਗਰੇ ਦੀ ਮੌਤ ਹੋ ਗਈ।
 17 ਅਕਤੂਬਰ,1792 ਵਾਲੇ ਦਿਨ ਗੁਲਾਬ ਸਿੰਘ ਡੋਗਰੇ ਦਾ ਜਨਮ ਜੰਮੂ ਵਿੱਖੇ ਹੋਇਆ । ਇਸ ਦੀ ਧਰਮ ਸੁਪਤਨੀ ਦਾ ਨਾਮ ਨਿਹਾਲ ਕੌਰ ਸੀ। ਜਿਸ ਤੋਂ ਇਸ ਨੂੰ ਇੱਕ ਸੰਤਾਨ ਹੋਈ ਜਿਸ ਦਾ ਨਾਮ ਰਣਬੀਰ ਸਿੰਘ ਡੋਗਰਾ ਰੱਖਿਆ ਗਿਆ।
 1809 ਵਿੱਚ ਗੁਲਾਬ ਸਿੰਘ ਡੋਗਰਾ,ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਭਰਤੀ ਹੋਇਆ ਅਤੇ ਜਲਦੀ ਹੀ ਤਰੱਕੀ ਕਰਦਿਆਂ ਹੋਇਆਂ ਬਾਰ੍ਹਾਂ ਹਜ਼ਾਰ ਸਲਾਨਾ ਜਾਗੀਰ ਦਾ ਮਾਲਕ ਬਣ ਗਿਆ ਅਤੇ ਬਾਅਦ ਵਿੱਚ ਇਸ ਨੂੰ 250 ਘੋੜਸਵਾਰਾਂ ਦਾ ਕਮਾਂਡਰ ਬਣਾ ਦਿੱਤਾ ਗਿਆ।
 ਸ਼ੁਰੂ ਸ਼ੁਰੂ ਵਿੱਚ ਗੁਲਾਬ ਸਿੰਘ ਡੋਗਰੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਚੰਗੀ ਵਫਾਦਾਰੀ ਵਿਖਾਈ ਅਤੇ ਮਹਾਰਾਜਾ ਸਾਹਿਬ ਦਾ ਵਿਸ਼ਵਾਸ ਪਾਤਰ ਬਣ ਕੇ ਸੇਵਾ ਕੀਤੀ ਅਤੇ ਬਦਲੇ ਵਿੱਚ ਵੱਡੇ ਵੱਡੇ ਇਨਾਮ ਪ੍ਰਾਪਤ ਕੀਤੇ। ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਨਾਲ ਉਸਨੇ ਖਾਲਸਾ ਫੌਜ ਵੱਲੋਂ ਜੰਗਾ ਵਿੱਚ ਹਿੱਸਾ ਲਿਆ।
 1821 ਵਿੱਚ ਉਸ ਨੇ ਮਹਾਰਾਜਾ ਸਾਹਿਬ ਦੇ ਥਾਪੜੇ ਦੇ ਨਾਲ ਰਾਜੌਰੀ ਅਤੇ ਕਿਸ਼ਤਵਾੜ ਨੂੰ ਖਾਲਸਾ ਰਾਜ ਵਿੱਚ ਮਿਲਾਉਣ ਅਤੇ ਡੇਰਾ ਗਾਜ਼ੀ ਖਾਨ ਨੂੰ ਜਿੱਤਣ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਅਤੇ ਮਹਾਰਾਜਾ ਸਾਹਿਬ ਦੇ ਹੋਰ ਨਜ਼ਦੀਕ ਹੋ ਗਿਆ। 1824 ਸਨ ਦੇ ਦੌਰਾਨ ਇਸ ਨੇ ਆਪਣੀ ਸੂਝ ਦੇ ਨਾਲ “ਸਮਾਰਥ” ਦਾ ਕਿਲ੍ਹਾ ਜਿੱਤਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ 1827 ਵਿੱਚ ਜਰਨੈਲ ਹਰੀ ਸਿੰਘ ਨਲੂਏ ਦੀ ਕਮਾਂਡ ਹੇਠ "ਸਾਦੂ ਦੀ ਜੰਗ ਵਿੱਚ ਸੰਯਦ ਅਹਿਮਦ ਸ਼ਾਹ ਬਰੇਲਵੀ ਨੂੰ ਹਰਾਇਆ।
 ਇੰਝ ਜਿੱਥੇ ਉਹ ਲਗਾਤਾਰ ਮਹਾਰਾਜਾ ਸਾਹਿਬ ਦਾ ਵਿਸ਼ਵਾਸ ਪਾਤਰ ਬਣਦਾ ਚਲਿਆ ਗਿਆ ਉਥੇ ਉਹ ਖਾਲਸਾ ਦਰਬਾਰ ਵਿੱਚ ਇੱਕ ਤਾਕਤਵਰ ਸਰਦਾਰ ਵਜੋਂ ਜਾਣਿਆ ਜਾਣ ਲੱਗ ਪਿਆ। ਹੁਣ ਪੈਦਲ ਰੈਜਮੈਂਟਾਂ, ਜਿਨ੍ਹਾਂ ਵਿੱਚ ਛੇ ਹਜ਼ਾਰ ਫੌਜੀ ਸਨ, ਉਹ ਉਸ ਦੀ ਕਮਾਨ ਹੇਠ ਸਨ ਅਤੇ 15 ਛੋਟੀਆਂ ਅਤੇ 40 ਵੱਡੀਆਂ ਤੋਪਾਂ ਦਾ ਜ਼ਖੀਰਾ ਉਸ ਦੇ ਅੰਡਰ ਸੀ।  ਬਾਅਦ ਵਿੱਚ ਵਿੱਚ ਮਹਾਰਾਜਾ ਸਾਹਿਬ ਨੇ ਮਿਆਣੀ ਦੀਆਂ ਲੂਣ ਦੀ ਖਾਨਾਂ, ਦੇ ਨਾਲੋ ਨਾਲ ਜੇਹਲਮ, ਰੋਹਤਾਸ ਅਤੇ ਗੁਜਰਾਤ ਦੀ ਜਾਗੀਰ ਵੀ ਗੁਲਾਬ ਸਿੰਘ ਡੋਗਰੇ ਨੂੰ ਬਖਸ਼ ਦਿੱਤੀ। ਮਹਾਰਾਜਾ ਸਾਹਿਬ ਦੇ ਜਿਊਂਦੇ ਜੀਅ ਇਸ ਨੇ ਮਹਾਰਾਜਾ ਸਾਹਿਬ ਦਾ ਵਿਸ਼ਵਾਸ ਪਾਤਰ ਬਣ ਕੇ ਲਾਹੌਰ ਦਰਬਾਰ ਦੀ ਬਾਖੂਬੀ ਸੇਵਾ ਨਿਭਾਈ।
  *ਪਰ 27 ਜੂਨ,1839 (29 ਜੂਨ 2022 ਅਨੁਸਾਰ) ਵਾਲੇ ਦਿਨ* ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਡੋਗਰਿਆਂ ਨੇ ਜੇਹੜੀ ਗ਼ਦਾਰੀ ਦੀ ਲਹਿਰ ਚਲਾ ਕੇ ਖਾਨਾਜੰਗੀ ਦੀ ਤੀਲੀ ਲਾਈ ਉਸ ਅੱਗ ਨੇ ਲਾਹੌਰ ਰਾਜ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਸਾਜਿਸ਼ਾਂ ਦਾ ਅਤੇ ਖਾਨਾਜੰਗੀ ਦਾ ਅਖਾੜਾ ਬਣ ਗਿਆ। ਹੁਣ ਇਨ੍ਹਾਂ ਤਿੰਨਾਂ ਡੋਗਰੇ ਭਰਾਵਾਂ ਦਾ ਗ਼ਦਾਰੀ ਭਰਪੂਰ ਖੇਡ ਸ਼ੁਰੂ ਹੋਇਆ ਅਤੇ ਇਸ ਸ਼ਤਰੰਜ ਦੀ ਬਿਸਾਤ ਦੇ ਇਹ ਤਿੰਨੇ ਮੋਹਰੀ ਖਿਡਾਰੀ ਸਾਬਤ ਹੋਏ।
 ਗਦਾਰੀ ਦੀ ਇਸ ਸ਼ਤਰੰਜ ਦਾ ਵਜ਼ੀਰ ਭਾਵੇਂ ਰਾਜਾ ਧਿਆਨ ਸਿੰਘ ਡੋਗਰਾ ਸੀ, ਪਰ ਗੁਲਾਬ ਸਿੰਘ ਨੇ ਵੀ ਗ਼ਦਾਰੀ ਦੇ ਰੋਲ ਨੂੰ ਨਿਭਾਉਣ ਦੇ ਵਿਚ ਕੋਈ ਗੁਰੇਜ਼ ਨਹੀਂ ਕੀਤਾ।  9 ਅਕਤੂਬਰ,1839 ਵਾਲੇ ਦਿਨ ਰਾਜਾ ਧਿਆਨ ਸਿੰਘ ਡੋਗਰੇ ਨੇ ਕੁੰਵਰ ਨੌਨਿਹਾਲ ਸਿੰਘ, ਜਨਰਲ ਗਾਰਡਨਰ ਅਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਸਰਦਾਰ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ, ਮਹਾਰਾਜਾ ਖੜਕ ਸਿੰਘ ਨੂੰ ਉਸ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿਤਾ ਗਿਆ ਤੇ ਕੁੰਵਰ ਨੌਨਿਹਾਲ ਸਿੰਘ ਨੂੰ ਗੱਦੀ ਉੱਤੇ ਬਿਠਾ ਦਿਤਾ।
  8 ਅਕਤੂਬਰ 1839 ਵਾਲੇ ਦਿਨ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ। ਕੁੰਵਰ ਖੜਕ ਸਿੰਘ,ਮਹਾਰਾਜਾ ਰਣਜੀਤ ਸਿੰਘ ਅਤੇ ਬੀਬੀ ਦਾਤਾਰ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ।
 ਆਪ ਦਾ ਜਨਮ 9 ਫ਼ਰਵਰੀ,1807 ਵਾਲੇ ਦਿਨ ਲਾਹੌਰ ਵਿਖੇ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ 1 ਸਤੰਬਰ,1839 ਨੂੰ ਕੁੰਵਰ ਖੜਕ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ।
 ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸ਼ੁਰੂ ਹੋਈ ਖਾਨਾਜੰਗੀ ਵਿਚ ਆਪਸੀ ਭਰਾਮਾਰੂ ਜੰਗ ਦੀ ਕਤਲੋ ਗਾਰਤ ਵਿੱਚ, ਵੇਖਦਿਆਂ ਹੀ ਵੇਖਦਿਆਂ ਪੰਜਾਬ ਦੀ ਛਾਤੀ ਇਨ੍ਹਾਂ ਗਦਾਰਾਂ ਨੇ ਲੀਰੋ ਲੀਰ ਕਰ ਦਿੱਤੀ। ਗ਼ਦਾਰ ਡੋਗਰੇ ਭਰਾਵਾਂ ਨੇ ਲਾਹੌਰ ਦਰਬਾਰ ਵਿੱਚ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਾਦਸ਼ਾਹ ਬਣਾਉਣ ਦੇ ਖਿਆਲ ਨਾਲ ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ ਅਤੇ ਸਰਦਾਰ ਚੇਤ ਸਿੰਘ ਬਾਜਵਾ ਨੂੰ ਮਰਵਾ ਕੇ ਜਿਹੜੀ ਗੱਦਾਰੀ ਦੀ ਪਰੰਪਰਾ ਨਿਭਾਈ ਸੀ ਉਹ ਜਗ ਜਾਹਿਰ ਸੀ,ਜਿਸ ਗਲ ਤੋਂ ਦੁਖੀ ਹੋਏ ਸੰਧਾਵਾਲੀਏ ਸਰਦਾਰਾਂ ਨੇ ਰਾਜਾ ਧਿਆਨ ਸਿੰਘ ਅਤੇ ਕੁੰਵਰ ਸ਼ੇਰ ਸਿੰਘ ਦਾ ਕਤਲ ਕਰਵਾ ਦਿੱਤਾ ਸੀ ਪਰ ਰਾਜਾ ਹੀਰਾ ਸਿੰਘ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸੰਧਾਵਾਲੀਏ ਸਰਦਾਰ ਆਪਣੇ ਆਪ ਨੂੰ ਮੁਸ਼ਕਿਲ ਵਿੱਚ ਮਹਿਸੂਸ ਕਰ ਰਹੇ ਸਨ।
 9 ਅਕਤੂਬਰ,1839 ਨੂੰ 18 ਸਾਲ ਦੀ ਛੋਟੀ ਉਮਰ ਵਿਚ ਹੀ ਕੁੰਵਰ ਨੌਨਿਹਾਲ ਸਿੰਘ ਨੇ ਸਿੱਖ ਰਾਜ ਦੀ ਵਾਗਡੋਰ ਸੰਭਾਲ ਲਈ ਸੀ।
 ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਜਦੋਂ ਸ਼ਹਿਜਾਦਾ ਖੜਕ ਸਿੰਘ ਮਹਾਰਾਜਾ ਬਣਿਆ ਤਾਂ ਉਹ ਇਕ ਅਸਫਲ ਰਾਜ ਪ੍ਰਬੰਧਕ ਸਾਬਤ ਹੋਇਆ ਜਿਹੜਾ ਆਪਣੇ ਰਾਜ ਪ੍ਰਬੰਧ ਵਿੱਚ ਅਮਲੀ ਤੌਰ 'ਤੇ ਨਾ ਤਾਂ ਸਾਰਿਆਂ ਨੂੰ ਆਪਣੇ ਅਧੀਨ ਰੱਖ ਸਕਿਆ ਅਤੇ ਨਾ ਹੀ ਯੌਗ ਅਗਵਾਈ ਦੇ ਸਕਿਆ।
 ਬਸ ਇਸ ਦੀ ਹਰ ਪੱਖੋਂ ਕਮਜ਼ੋਰੀ ਦੇ ਕਾਰਣ ਡੋਗਰਿਆਂ ਅਤੇ ਹੋਰ ਗਦਾਰਾਂ ਨੂੰ ਗਦਾਰੀ ਦਾ ਮੌਕਾ ਮਿਲਿਆ ਅਤੇ ਖਾਨਾਜੰਗੀ ਦੇ ਦੌਰ ਦੀ ਇਕ ਵਖਰੀ ਸ਼ੁਰੂਆਤ ਹੋਈ।  ਇੰਜ ਡੋਗਰਿਆਂ ਨੇ ਆਪਣੀਆਂ ਕੁਟਲ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਓ ਆਪਣੀ ਚਾਲ ਚਲਦਿਆਂ ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੇ ਖਿਲਾਫ਼ ਅਜਿਹਾ ਭੜਕਾਇਆ ਕਿ, ਨਤੀਜੇ ਵਜੋਂ ਜਦੋਂ ਮਹਾਰਾਜਾ ਖੜਕ ਸਿੰਘ ਦੇ ਸਲਾਹਕਾਰ ਚੇਤ ਸਿੰਘ ਬਾਜਵੇ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਕੇ ਉਸ ਨੂੰ ਕੈਦ ਵਿੱਚ ਸੁੱਟ ਦਿੱਤਾ ਤਾਂ ਕੁੰਵਰ ਨੌਨਿਹਾਲ ਸਿੰਘ ਕੁਝ ਵੀ ਨਾ ਬੋਲਿਆ।
 ਕੁੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ ਅਤੇ ਕੈਦ ਵਿੱਚ ਸੁੱਟੇ ਮਹਾਰਾਜਾ ਖੜਕ ਸਿੰਘ ਨੂੰ ਖਾਣੇ ਵਿੱਚ ਹੋਲੀ ਹੋਲੀ ਜ਼ਹਿਰ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
 ਇੰਝ ਕੁੰਵਰ ਨੌਨਿਹਾਲ ਸਿੰਘ ਦੇ ਪਿਤਾ ਮਹਾਰਾਜਾ ਖੜਕ ਸਿੰਘ ਨੇ 5 ਨਵੰਬਰ,1840 ਨੂੰ ਲਾਹੌਰੀ ਦਰਵਾਜ਼ੇ ਅੰਦਰ ਸ਼ਾਹੀ ਹਵੇਲੀ ਵਿਚ ਤੜਪ ਤੜਪ ਕੇ ਦਮ ਤੋੜ ਦਿੱਤਾ।
 5 ਨਵੰਬਰ,1840 ਵਾਲੇ ਮਨਹੂਸ ਦਿਨ ਹੀ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰ ਕੇ ਹਜ਼ਾਰੀ ਬਾਗ ਦੇ ਰੋਸ਼ਨਈ ਦਰਵਾਜੇ ਹੇਠੋਂ ਲੰਘ ਰਹੇ ਸਨ ਤਾਂ ਉਹਨਾਂ ਉੱਤੇ ਡੋਗਰਿਆਂ ਨੇ ਸਾਜਿਸ਼ ਅਧੀਨ ਦਰਵਾਜ਼ੇ ਦਾ ਛੱਜਾ ਉਨ੍ਹਾਂ ਦੇ ਸਿਰ ਉੱਪਰ ਸੁੱਟਿਆ ਅਤੇ ਕੁੰਵਰ ਬੇਹੋਸ਼ ਹੋ ਗਏ।  ਉਥੇ ਇਕ ਦਮ ਭੱਜ ਦੌੜ ਮਚ ਗਈ ਅਤੇ ਡੋਗਰਾ ਵਜ਼ੀਰ ਧਿਆਨ ਸਿੰਘ ਦੇ ਇਸ਼ਾਰੇ ਨਾਲ ਕੁੰਵਰ ਸਾਹਿਬ ਨੂੰ ਕਿਲ੍ਹੇ ਦੀ ਅੰਦਰ ਲੈ ਗਏ। ਹੁਣ ਕਿਲ੍ਹੇ ਦੇ ਅੰਦਰ ਡੋਗਰਾ ਵਜ਼ੀਰ ਧਿਆਨ ਸਿੰਘ ਦੇ ਹੁਕਮਾਂ ਤੋਂ ਬਿਨ੍ਹਾ ਕਿਸੇ ਨੂੰ ਅੰਦਰ ਆਉਣ ਦੀ ਇਜ਼ਾਜਤ ਨਹੀਂ ਸੀ। ਇਥੋਂ ਤਕ ਕਿ ਰੋਂਦੀ ਕੁਰਲਾਉਂਦੀ ਕੁੰਵਰ ਸਾਹਿਬ ਦੀ ਮਾਤਾ ਚੰਦ ਕੌਰ ਨੂੰ ਵੀ ਮਿਲਣ ਦੀ ਇਜਾਜ਼ਤ ਨਾ ਦਿੱਤੀ ਗਈ ,ਉਹ ਆਪਣਾ ਮੱਥਾ ਉਸ ਕਮਰੇ ਦੇ ਦਰਵਾਜ਼ੇ ਨਾਲ ਟਕਰਾਉਂਦੀ ਰਹੀ,ਪਰ ਪੱਥਰ ਦਿਲ ਇਨ੍ਹਾਂ ਡੋਗਰਿਆਂ ਨੂੰ ਉਸ ਵੇਚਾਰੀ ਮਾਂ ਤੇ ਵੀ ਕੋਈ ਤਰਸ ਨਾ ਆਇਆ। 19 ਵਰ੍ਹੇ ਦੀ ਭਰ ਜਵਾਨੀ ਵੇਲੇ ਇਨ੍ਹਾਂ ਡੋਗਰਿਆਂ ਨੇ ਗੰਦੀਆਂ ਚਾਲਾਂ ਦੇ ਅਧੀਨ ਕੁੰਵਰ ਨੌਨਿਹਾਲ ਸਿੰਘ ਦਾ ਕਤਲ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਸੋ ਇਹ ਸਾਰੀ ਘਟਨਾ ਇਕ ਸੋਚੀ ਸਮਝੀ ਪ੍ਰੀ - ਪਲੇਂਨਡ ਸਾਜਿਸ਼ ਦਾ ਹਿੱਸਾ ਸੀ।
  ਇਤਿਹਾਸ ਦੇ ਝਰੋਖੇ ਚੋਂ ਜਦੋਂ ਇਸ ਘਟਨਾ ਵਲ ਧਿਆਨ ਨਾਲ ਦੇਖਦੇ ਹਾਂ ਤਾਂ ਜਿਹੜੀ ਗੱਲ ਸਮਝ ਪੈਂਦੀ ਹੈ ਉਹ ਇਹ ਹੈ ਕਿ ਪਹਿਲਾਂ ਤੋਂ ਘੜੀ ਸਾਜ਼ਸ਼ ਮੁਤਾਬਕ ਇੰਝ ਵਾਪਰਿਆ ਕੇ ਰਾਜਾ ਧਿਆਨ ਸਿੰਘ ਡੋਗਰੇ ਨੇ ਰੋਸ਼ਨਾਈ ਗੇਟ ਦਾ ਛੱਜਾ ਸੁਟਵਾਇਆ ਅਤੇ ਕੁੰਵਰ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਆਪਣੇ ਭਰਾ ਦੇ ਬੇਟੇ ਊਧਮ ਸਿੰਘ ਦੀ ਕੁਰਬਾਨੀ ਤਕ ਦੇ ਦਿੱਤੀ,  ਕਿਉਂਕਿ ਛਜਾ ਡਿੱਗਣ ਜਾਂ ਡੇਗਣ ਵੇਲੇ ਕੰਵਰ ਨੌਨਿਹਾਲ ਸਿੰਘ ਨੇ ਰਾਜਾ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਹੋਇਆ ਸੀ ਅਤੇ ਗੇਟ ਦਾ ਛੱਜਾ ਦੋਨਾਂ ਉਪਰ ਡਿੱਗਾ ਪਰ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਉੱਤੇ ਛਜਾ ਸਿੱਧਾ ਉਸ ਦੇ ਸਿਰ ਉਪਰ ਡਿੱਗਣ ਕਾਰਨ ਉਸਦੀ ਉਸੇ ਵੇਲੇ ਮੌਤ ਹੀ ਗਈ,ਪਰ ਕੁੰਵਰ ਨੌਨਿਹਾਲ ਸਿੰਘ ਨੂੰ ਮਾਮੂਲੀ ਝਰੀਟਾਂ ਹੀ ਆਈਆਂ।
 ਕੁੰਵਰ ਨੌਨਿਹਾਲ ਸਿੰਘ ਨੂੰ ਇੱਕ ਦੰਮ ਜਬਰੀ ਇੱਕ ਪਾਲਕੀ ਵਿੱਚ ਲੰਮਿਆਂ ਪਾ ਲਿਆ ਗਿਆ,ਕਿਉਕਿ ਘੜੀ ਮਿੱਥੀ ਸਾਜ਼ਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਉਥੇ ਮੌਜੂਦ ਸੀ ਅਤੇ ਰਾਜਾ ਧਿਆਨ ਸਿੰਘ ਡੋਗਰੇ ਦੇ ਇਸ਼ਾਰੇ ਨਾਲ ਪਾਲਕੀ ਲੈ ਕੇ ਕੁਹਾਰ ਬੜੀ ਤੇਜ਼ੀ ਨਾਲ ਕਿਲ੍ਹੇ ਵਲ ਚਲੇ ਗਏ।
  ਸਰਦਾਰ ਲਹਿਣਾ ਸਿੰਘ ਮਜੀਠੀਆ ਇਸ ਸਾਜਸ਼ ਨੂੰ ਸਮਝ ਗਿਆ ਅਤੇ ਉਸ ਨੇ ਜਦੋਂ ਪਾਲਕੀ ਦੇ ਨਾਲ ਜਾਣਾ ਚਾਹਿਆ ਤਾਂ ਉਸ ਨੂੰ ਜਬਰੀ ਉਥੇ ਹੀ ਰੋਕ ਦਿੱਤਾ ਗਿਆ। ਇਥੋਂ ਤਕ ਕਿ ਕੁੰਵਰ ਨੌਨਿਹਾਲ ਸਿੰਘ ਦੀ ਮਾਂ ਮਹਾਰਾਣੀ ਚੰਦ ਕੌਰ ਨੂੰ ਵੀ ਪਾਲਕੀ ਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿਤੀ ਗਈ।
 ਆਖਰ ਕਿਲ੍ਹੇ ਤਕ ਪੁੱਜੀ ਮਹਾਰਾਣੀ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਹੀ ਦਰਵਾਜ਼ੇ ਉੱਤੇ ਹੱਥ ਮਾਰ-ਮਾਰ ਕੇ ਪਿਟਦੀ ਰਹੀ ਙ ਸ਼ਾਹ ਮੁਹੰਮਦ ਦੇ ਕਹੇ ਮੁਤਾਬਿਕ ਰਾਜਾ ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਵਡੇ ਪੱਥਰ ਉਸ ਦੇ ਸਿਰ ਉਪਰ ਮਰਵਾਏ।
  *ਹੁਣ ਇਥੇ ਇਕ ਪ੍ਰਸ਼ਨ ਹੈ ਕੇ ਕੁੰਵਰ ਨੌਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰਾ ਦੇ ਪੁੱਤ ਮੀਆਂ ਊਧਮ ਸਿੰਘ ਦਾ ਹੱਥ ਕਿਉਂ ਫ਼ੜਿਆ ਹੋਇਆ ਸੀ ਅਤੇ ਉਹ ਉਸ ਦਾ ਹੱਥ ਛਡ ਕਿਉਂ ਨਹੀਂ ਸੀ ਰਿਹਾ?*   ਅਸਲ ਦੇ ਵਿੱਚ ਕੁੰਵਰ ਨੌਨਿਹਾਲ ਸਿੰਘ ਬਹੁਤ ਜੀ ਸੂਝਵਾਨ ਸੀ ਉਸ ਨੂੰ ਸਾਰੀ ਤਿਆਰੀ ਵੇਖ ਕੇ ਸ਼ਕ ਹੋ ਗਿਆ ਸੀ ਕਿ ਰਾਜਾ ਧਿਆਨ ਸਿੰਘ ਡੋਗਰਾ ਉਸ ਨੂੰ ਮਾਰਣ ਦੀ ਕੋਈ ਸਾਜਸ਼ ਘੜੀ ਬੈਠਾ ਹੈ ਪਰ ਕੁੰਵਰ ਨੂੰ ਇਹ ਇਲਮ ਕਦੇ ਵੀ ਨਹੀਂ ਹੋ ਸਕਦਾ ਸੀ ਕਿ ਉਸ ਨੂੰ ਮਾਰਣ ਦੇ ਲਈ ਉਹ ਆਪਣੇ ਭਤੀਜੇ ਤਕ ਦੀ ਕੁਰਬਾਨੀ ਵੀ ਦੇ ਸਕਦਾ ਹੈ।
 ਉਸ ਵਕਤ ਮਿਸਟਰ ਗਾਰਡਨਰ ਜਿਹੜਾ ਸਿੱਖ ਰਾਜ ਦੇ ਤੋਪਖਾਨੇ ਦਾ ਅਫ਼ਸਰ ਸੀ, ਉਹ ਰਾਜਾ ਧਿਆਨ ਸਿੰਘ ਡੋਗਰੇ ਦਾ ਗੂੜ੍ਹਾ ਮਿੱਤਰ ਵੀ ਸੀ। ਸਸਕਾਰ ਵਾਲੀ ਜਗ੍ਹਾ ਹਜ਼ਾਰੀ ਬਾਗ਼ ਦੇ ਕੋਲ ਰਾਜਾ ਧਿਆਨ ਸਿੰਘ ਡੋਗਰੇ ਨੇ ਮਿਸਟਰ ਗਾਰਡਨਰ ਨੂੰ ਤੋਪਖਾਨੇ ਦੇ 40 ਸਿਪਾਹੀਆਂ ਨੂੰ ਬਿਨਾਂ ਵਰਦੀ ਭਾਵ ਸਾਦੇ ਕਪੜਿਆਂ ਵਿੱਚ ਉਥੇ ਲਿਆਉਣ ਦੇ ਲਈ ਪਹਿਲਾਂ ਹੀ ਕਹਿ ਦਿੱਤਾ ਸੀ।
 ਕੰਵਰ ਨੌਨਿਹਾਲ ਸਿੰਘ ਨੇ ਆਪਣੀਆਂ ਤੀਖਣ ਨਜ਼ਰਾਂ ਨਾਲ ਅਤੇ ਚੌਕਨੀ ਨਾਲ ਰਾਜਾ ਧਿਆਨ ਸਿੰਘ ਡੋਗਰਾ,ਮਿਸਟਰ ਗਾਰਡਨਰ ਦੇ ਨਾਲ ਕਾਨਾਫੂਸੀ ਕਰਦਿਆਂ ਅਤੇ ਕੁਝ ਸਾਜਸ਼ੀ ਰਾਇ ਮਸ਼ਵਰਾ ਕਰਦਿਆਂ ਦੇਖ ਲਿਆ। ਇੰਝ ਕੰਵਰ ਨੌਨਿਹਾਲ ਸਿੰਘ ਨੂੰ ਸ਼ੱਕ ਹੋ ਗਿਆ ਸੀ ਅਤੇ ਉਸ ਨੇ ਝੱਟ ਹੀ ਨਾਲ ਚੱਲ ਰਹੇ ਰਾਜਾ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਘੁੱਟ ਕੇ ਫੜ ਲਿਆ ਸੀ, ਪਰ ਜਦੋਂ ਦੋਵੇਂ ਕਿਲ੍ਹੇ ਵੱਲ ਨੂੰ ਵੱਧ ਰਹੇ ਸਨ ਤਾਂ ਬਾਕੀ ਦੇ ਦਰਬਾਰੀ ਅਤੇ ਮਿਸਟਰ ਗਾਰਡਨਰ ਦੇ ਸਾਦੀ ਵਰਦੀ ਸਿਪਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਰਹੇ ਸਨ। ਕੰਵਰ ਨੌਨਿਹਾਲ ਸਿੰਘ ਦੇ ਮਨ ਵਿਚ ਇਹ ਸ਼ਕ ਬੈਠ ਚੁੱਕਾ ਸੀ,ਇਸ ਕਰਕੇ ਹੀ ਉਹ ਮੀਆ ਊਧਮ ਸਿੰਘ ਦੇ ਛਡਾਉਣ ਤੇ ਵੀ ਉਸ ਦਾ ਹੱਥ ਨਹੀ ਛੱਡ ਰਿਹਾ ਸੀ।
 ਰੇਸ਼ਮੀ ਦਰਵਾਜ਼ੇ ਕੋਲ ਪੁੱਜਣ ਤੇ ਸੁਰੱਖਿਆ ਦਾ ਭੁਲੇਖਾ ਪਾਉਣ ਲਈ ਉਪਰ ਬਿਠਾਏ ਗਏ ਕਰਨਲ ਬਿਜੈ ਸਿੰਘ ਨੂੰ ਰਾਜਾ ਧਿਆਨ ਸਿੰਘ ਡੋਗਰੇ ਨੇ ਇਸ਼ਾਰਾ ਕੀਤਾ। ਉਸ ਨੂੰ ਇਹ ਪਹਿਲਾਂ ਹੀ ਕਿਹਾ ਜਾ ਚੁੱਕਿਆ ਸੀ ਕਿ ਜਦੋਂ ਕੰਵਰ ਨੌਨਿਹਾਲ ਸਿੰਘ ਦਰਵਾਜ਼ੇ ਹੇਠੋਂ ਦੀ ਲੰਘੇ ਤਾਂ ਉਸ ਉੱਪਰ ਇੱਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ। ਕਰਨਲ ਬਿਜੈ ਸਿੰਘ ਨੂੰ ਇਹ ਇਸ਼ਾਰਾ ਰਾਜਾ ਧਿਆਨ ਸਿੰਘ ਦੇ ਪੁੱਤ ਹੀਰਾ ਸਿੰਘ ਨੇ ਕਰਨਾ ਸੀ ਜੋ ਲਾਗੇ ਹੀ ਖੜ੍ਹਾ ਸੀ।
 ਹੁਣ ਕਿਉਂਕਿ ਕੰਵਰ ਨੌਨਿਹਾਲ ਸਿੰਘ ਨੇ ਮੀਆਂ ਊਧਮ ਸਿੰਘ ਦਾ ਘੁੱਟ ਕੇ ਹਥ ਪਕੜਿਆ ਹੋਇਆ ਸੀ ਅਤੇ ਇਨ੍ਹਾਂ ਦੋਨਾਂ ਵਲੋਂ ਦਰਵਾਜ਼ੇ ਦੇ ਲਾਗੇ ਪਹੁੰਚਣ ਤੇ ਹੀਰਾ ਸਿੰਘ ਨੇ ਪਿੱਛੇ ਆ ਰਹੇ ਰਾਜਾ ਧਿਆਨ ਸਿੰਘ ਵੱਲ ਵੇਖ ਕੇ ਇਸ਼ਾਰੇ ਨਾਲ ਪੁੱਛਿਆ ਕੀ ਹੁਣ ਕੀਤਾ ਜਾਵੇ ?
 ਪਰ ਰਾਜਾ ਧਿਆਨ ਸਿੰਘ ਡੋਗਰਾ ਇਸ ਗਲ ਦੇ ਲਈ ਬਾਜ਼ਿਦ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਨੂੰ ਹੀ ਖ਼ਤਮ ਕਰਨਾ ਹੈ ਤਾਂ ਜੋ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਤਖ਼ਤ ‘ਤੇ ਬਿਠਿਆ ਜਾ ਸਕੇ ਅਤੇ ਉਨ੍ਹਾਂ ਦਾ ਵੰਸ਼ ਪੰਜਾਬ ਤੇ ਰਾਜ ਕਰੋ।
 ਸੋ ਇਸ ਕੁਟਲ ਨੀਤੀ ਦੇ ਤਹਿਤ ਰਾਜਾ ਧਿਆਨ ਸਿੰਘ ਡੋਗਰੇ ਨੇ ਹੀਰਾ ਸਿੰਘ ਨੂੰ ਅੱਖ ਦੇ ਇਸ਼ਾਰੇ ਨਾਲ ਅਤੇ ਹਾਂ ਪੱਖੀ ਗਰਦਨ ਹਿਲਾ ਕੇ ਘੜੀ ਸਾਜਿਸ਼ ਮੁਤਾਬਕ ਹੀ ਕੰਮ ਕਰਣ ਦਾ ਇਸ਼ਾਰਾ ਕੀਤਾ।
 ਮੇਰਾ ਭਤੀਜਾ ਮੀਆਂ ਊਧਮ ਸਿੰਘ ਇਸ ਮੌਕੇ 'ਤੇ ਮਰਦਾ ਹੈ ਤਾਂ ਮਰ ਜਾਣ ਦਿਉ।
 ਸੋ ਹੀਰਾ ਸਿੰਘ ਨੇ ਉਸ ਵੇਲੇ ਕਰਨਲ ਬਿਜੈ ਸਿੰਘ ਨੂੰ ਇਸ਼ਾਰਾ ਕੀਤਾ ਅਤੇ ਕਰਨਲ ਬਿਜੈ ਸਿੰਘ ਦੇ ਸਿਪਾਹੀਆਂ ਨੇ ਉਸੇ ਵੇਲੇ ਕੁੰਵਰ ਸਾਹਿਬ ਦੇ ਉੱਤੇ, ਉਪਰ ਤੋਂ ਛੱਜਾ ਸੁੱਟ ਦਿੱਤਾ।
  ਊਧਮ ਸਿੰਘ ਤਾਂ ਮੌਕੇ 'ਤੇ ਭਾਵ ਥਾਏ ਮਰ ਗਿਆ ਜਦੋਂਕਿ ਕੰਵਰ ਨੌਨਿਹਾਲ ਸਿੰਘ ਦੇ ਕੰਨ ਪਿੱਛੇ ਥੋੜੀ ਜੇਹੀ ਸੱਟ ਵਜੀ ਅਤੇ ਕੁਝ ਝਰੀਟਾਂ ਆਈਆਂ ,ਪਰ ਕੁੰਵਰ ਨੌਨਿਹਾਲ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ। ਮਿੱਥੀ ਸਾਜਿਸ਼ ਦੇ ਮੁਤਾਬਿਕ ਬਿਨਾਂ ਵਰਦੀ ਸਿਪਾਹੀ ਉਸੇ ਵੇਲੇ ਫਟਾਫਟ ਬਿਨਾ ਕਿਸੇ ਦੇਰ ਦੇ ਦਰਵਾਜ਼ੇ ਦੀ ਨਾਲ ਵਾਲੀ ਕੋਠੜੀ ਵਿੱਚੋਂ ਪਾਲਕੀ ਲੈ ਆਏ ਅਤੇ ਕੁੰਵਰ ਸਾਹਿਬ ਨੂੰ ਪਾਲਕੀ ਵਿੱਚ ਪਾ ਕੇ ਕਿਲ੍ਹੇ ਅੰਦਰ ਲੈ ਗਏ। ਇਸ ਮਚੀ ਹਫੜਾ ਦਫੜੀ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਤੇਜ਼ੀ ਨਾਲ ਮਗਰ ਭੱਜਿਆ ਪਰ ਧਿਆਨ ਸਿੰਘ ਨੇ ਉਸ ਨੂੰ ਰੋਕ ਕੇ ਜਬਰੀ ਧੱਕੇ ਮਾਰ ਕੇ ਪਿੱਛੇ ਮੋੜ ਦਿੱਤਾ।
 ਕਿਲ੍ਹੇ ਅੰਦਰ ਵੜਦੇ ਹੀ ਕਿਲ੍ਹੇ ਦਾ ਵਡਾ ਪ੍ਰਵੇਸ਼ ਦੁਆਰ ਬੰਦ ਕਰ ਦਿੱਤਾ ਗਿਆ। ਮਿਸਟਰ ਗਾਰਡਨਰ ਆਪਣੇ 40 ਸਾਦੀ ਵਰਦੀ ਸਿਪਾਹੀ ਲੈ ਕੇ ਉਥੋਂ ਚਲਾ ਗਿਆ।
 ਇਥੇ ਮਿਸਟਰ ਗਾਰਡਨਰ ਲਿਖਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਇਨ੍ਹਾਂ ਸਾਦੀ ਵਰਦੀ ਸਿਪਾਹੀਆਂ ਦੀ ਲੋੜ ਨਹੀਂ, ਤੁਸੀਂ ਇਨ੍ਹਾਂ ਨੂੰ ਵਾਪਸ ਬੈਰਕਾਂ ਵਿਚ ਲੈ ਜਾਉ।
 ਉਹ ਕਹਿੰਦਾ ਹੈ ਕਿ ਇਹ ਗੱਲ ਮੇਰੇ ਅੰਦਰ ਬੁਝਾਰਤ ਬਣ ਕੇ ਮੈਨੂੰ ਪੁੱਛਦੀ ਰਹੀ ਕਿ ਇਨ੍ਹਾਂ ਸਿਪਾਹੀਆਂ ਤੋਂ ਧਿਆਨ ਸਿੰਘ ਨੇ ਕੀ ਕਰਾਉਣਾ ਸੀ ਅਤੇ ਹੁਣ ਉਨ੍ਹਾਂ ਦੀ ਲੋੜ ਕਿਉਂ ਨਹੀਂ ਸੀ ?
 ਹੁਣ ਕਮਰੇ ਦੇ ਬਾਹਰ ਉਸ ਦੇ ਆਪਣੇ ਇਲਾਕੇ ਦੀ ਪਹਾੜੀ ਡੋਗਰਾ ਫ਼ੌਜ ਦੇ ਸਿਪਾਹੀ ਪਹਿਰੇ ਤੇ ਬਿਠਾ ਦਿੱਤੇ ਗਏ ਅਤੇ ਇਸ ਗਲ ਦੇ ਸਖਤ ਹਦਾਇਤ/ ਹੁਕਮ ਦੇ ਦਿੱਤੇ ਗਏ ਕੇ ਕਮਰੇ ਦੇ ਲਾਗੇ ਚਿੜੀ ਵੀ ਨਹੀਂ ਫੜਕਣੀ ਚਾਹੀਦੀ।
 ਮਹਾਰਾਣੀ ਚੰਦ ਕੌਰ ਦੀ ਤਰਸਦਾਇਕ ਦਸ਼ਾ ਉਸ ਵਕਤ ਕੀ ਹੋ ਸਕਦੀ ਹੈ ਜਦੋਂ ਇਕ ਪਾਸੇ ਅਜੇ ਪਤੀ ਦੀ ਚਿਖਾ ਪੂਰੀ ਸੜੀ ਵੀ ਨਾ ਹੋਈ ਹੋਵੇ ਅਤੇ ਵਿਧਵਾ ਹੋਣ' ਤੇ ਵਿਧਵਾਪੁਣੇ ਦੇ ਬਲਦੇ ਭਾਂਬੜ ਮਨ ਵਿੱਚ ਵੇਖ ਰਹੀ ਹੋਵੇ ਅਤੇ ਖ਼ਬਰ ਮਿਲੇ ਕਿ ਤੇਰੇ ਪੁੱਤ ਕੁੰਵਰ ਨੌਨਿਹਾਲ ਸਿੰਘ ਨੂੰ ਜਾਨ ਤੋ ਮਾਰਣ ਦੀ ਕੋਝੀ ਸਾਜਸ਼ ਦੇ ਨਾਲ ਡੋਗਰੇ ਉਸਨੂੰ ਕਿਲ੍ਹੇ ਵੱਲ ਲਈ ਜਾਂਦੇ ਹਨ।
 ਮਹਾਰਾਣੀ ਚੰਦ ਕੌਰ ਦੇ ਨਾਲ ਹੀ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਬੀਬੀ ਨਾਨਕੀ ਵੀ ਕਿਲ੍ਹੇ ਵੱਲ ਨੂੰ ਉਠ ਦੌੜੀਆਂ। ਇਕ ਆਪਣੇ ਪਤੀ ਨੂੰ ਰੋ ਰਹੀ ਸੀ ਅਤੇ ਦੂਜੀ ਆਪਣੇ ਪੁੱਤ ਨੂੰ ਪਰ ਇਨ੍ਹਾਂ ਦੀਆਂ ਅੱਖਾਂ ਚੋ ਨਿਕਲਦੇ ਹੰਝੂ ਨਾ ਤਾਂ ਪੱਥਰ ਦਿਲ ਬੇਰਹਿਮ,ਬੇਸ਼ਰਮ ਡੋਗਰਿਆਂ ਦੇ ਦਿਲਾਂ ਨੂੰ ਪਿਘਲਾ ਸਕੇ ਅਤੇ ਨਾ ਹੀ ਪਿਘਲਿਆ ਉਹ ਬੇਜਾਨ ਪੱਥਰ ਜਿਸ ਦੇ ਨਾਲ ਕੁੰਵਰ ਨੌਨਿਹਾਲ ਸਿੰਘ ਦਾ ਸਿਰ ਹੀ ਇਨ੍ਹਾਂ ਨੇ ਫੇਹ ਦਿੱਤਾ ਸੀ।
 ਮਿਤੀਆਂ ਚ ਫਰਕ ਹੋ ਸਕਦਾ ਹੈ ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ, ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ, ਪਰ ਜਾਣ ਬੁੱਝ ਕੇ ਜਾਂ ਇਰਾਦਾ ਗਲਤ ਨਹੀਂ।
 ਭੁੱਲਾਂ ਦੀ ਖਿਮਾ ਬਖਸ਼ੋ ਜੀ।                (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.