ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 15)
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
ਤਾ ਕਾਰਣਿ ਬਿਆਪੈ ਬਹੁ ਸੋਗੁ ॥
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
ਸੋਗੁ ਮਿਟੈ ਸਭ ਹੀ ਸੁਖ ਪਾਵੈ ॥43॥
ਸਾਰਾ ਸੰਸਾਰ ਮਾਇਆ ਦੀ ਲਾਲਸਾ ਵਿਚ ਹੀ ਲਊਂ ਲਊਂ ਕਰਦਾ ਫਿਰਦਾ ਹੈ, ਤਰਲੇ ਲੈਂਦਾ ਫਿਰਦਾ ਹੈ { ਕਿ ਮੇਰੇ ਕੋਲ ਹੋਰ ਮਾਇਆ ਆ ਜਾਵੇ, ਹੋਰ ਜ਼ਮੀਨ-ਜਾਇਦਾਦ ਹੋ ਜਾਵੇ, ਹੋਰ ਪੁਤ੍ਰ-ਪੋਤਰੇ ਹੋ ਜਾਣ, ਹੋਰ ਕਾਰੋਬਾਰ ਵੱਧ ਜਾਵੇ, ਹੋਰ ਪੁੱਛ-ਗਿੱਛ ਵੱਧ ਜਾਵੇ, ਇਹ ਸਾਰੇ ਮਾਇਆ ਦਾ ਹੀ ਰੂਪ ਹਨ। ਜਦ ਕੁਝ ਮਾਇਆ ਆ ਜਾਂਦੀ ਹੈ ਤਾਂ ਇਹ ਫਿਕਰ ਹੁੰਦਾ ਹੈ ਕਿ ਇਹ ਮਾਇਆ ਘਟੇ ਨਹੀਂ, ਸਵਾਂ ਹੋਰ ਵਧੇ। ਜਦ ਹੋਰ ਵੱਧ ਜਾਂਦੀ ਹੈ ਤਾਂ ਉਸ ਨੂੰ ਸੰਭਾਲਣ ਦੀ ਫਿਕਰ ਹੁੰਦੀ ਹੈ, ਚੋਰਾਂ ਠੱਗਾਂ ਤੋਂ ਕਿਵੇਂ ਬਚਾਂ ? ਟੈਕਸਾਂ ਤੋਂ ਕਿਵੇਂ ਬਚਾਂ ? ਇਸ ਤੋਂ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ਬਾਰੇ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ,
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਜਿਸ ਨੋ ਆਪ ਖਵਾਏ ਕਰਤਾ ਖੁਸਿ ਲਏ ਚੰਗਿਆਈ ॥3॥
ਏਥੇ ਇਹ ਵੀ ਸਮਝਣ ਦੀ ਗੱਲ ਹੈ ਕਿ ਮਾਇਆ ਪਰਮਾਤਮਾ ਨੇ ਹੀ ਬਣਾਈ ਹੈ, ਮਾਇਆ ਤੋਂ ਬਗੈਰ ਦੁਨੀਆ ਦਾ ਕੰਮ ਚੱਲਣਾ ਸੰਭਵ ਵੀ ਨਹੀਂ ਹੈ। ਬੰਦੇ ਕੋਲ ਕਿੰਨੀ ਵੀ ਧਨ-ਦੌਲਤ ਹੋਵੇ, ਜੇ ਉਹ ਉਸ ਨੂੰ ਕਮਾਉਣ ਲਈ ਦੂਸਰੇ ਨਾਲ ਬੇਈਮਾਨੀ ਹੇਰਾ-ਫੇਰੀ ਨਾ ਕਰੇ, ਦੂਸਰੇ ਦਾ ਹੱਕ ਨਾ ਮਾਰੇ, ਉਸ ਨੂੰ ਸਮਾਜ ਦੀ ਭਲਾਈ ਦੇ ਕੰਮ ਲਾਵੇ ਤਾਂ ਉਹ ਮਾਇਆ ਨਹੀਂ ਹੈ । ਪਰ ਜਿੱਥੇ ਬੰਦਾ ਉਸ ਨੂੰ ਕਮਾਉਣ ਲਈ ਬੁਰੇ ਢੰਗ ਵਰਤੇ, ਉਸ ਨੂੰ ਆਪਣੀ ਵਿਅਕਤੀ-ਗਤ ਜਾਗੀਰ ਸਮਝੇ, ਉਸ ਨੂੰ ਸਮਾਜ-ਭਲਾਈ ਦੀ ਥਾਂ ਆਪਣੀ ਹਉਮੈ ਦਰਸਾਉਣ ਲਈ ਵਰਤੇ ਤਾਂ ਉਹ ਮਾਇਆ ਬਣ ਜਾਂਦੀ ਹੈ । ਮਾਇਆ ਦੇ ਦੋ ਹੀ ਪੱਖ ਹਨ, ਇਕ ਉਹ ਮਾਇਆ ਜੋ ਦੁਨੀਆ ਦੀ ਭਲਾਈ ਕਰੇ, ਉਹ ਮਾਇਆ ਨਹੀਂ ਬੰਦੇ ਦੀ ਲੋੜ ਹੈ, ਉਹ ਸਤਿਕਾਰ-ਯੋਗ ਹੈ । ਜੋ ਮਾਇਆ ਦੁਨੀਆ ਦਾ ਬੁਰਾ ਕਰੇ, ਦੁਨੀਆ ਵਿਚ ਗੰਦ ਫੈਲਾਉਣ ਦਾ ਕਾਰਨ ਬਣੇ, ਉਹ ਮਾਇਆ ਹੈ, ਉਹ ਧਿੱਕਾਰ-ਯੋਗ ਹੈ। ਇਹੀ ਉਹ ਮਾਇਆ ਹੈ, ਜੋ ਬੰਦੇ ਨੂੰ ਮਰਨ ਵੇਲੇ ਵੀ ਚੈਨ ਨਾਲ ਨਹੀਂ ਮਰਨ ਦਿੰਦੀ।}
ਕਬੀਰ ਜੀ ਕਹਿੰਦੇ ਹਨ ਕਿ ਫਿਰ ਇਸ ਮਾਇਆ ਕਾਰਨ ਹੀ ਬੰਦੇ ਨੂੰ ਬੜਾ ਫਿਕਰ ਆ ਲੱਗਦਾ ਹੈ।
ਪਰ ਜੋ ਬੰਦਾ ਮਾਇਆ ਨੂੰ ਅਣਗੌਲਿਆ ਕਰ ਕੇ (ਤਿਆਗ ਕੇ ਨਹੀਂ, ਇਸ ਵਿਚ ਹੀ ਵਿਚਰਦਿਆਂ) ਮਾਇਆ ਦੇ ਪਤੀ-ਖਸਮ ਨਿਰੰਕਾਰ ਨਾਲ ਲਿਵ ਜੋੜਦਾ ਹੈ, ਪਿਆਰ ਪਾਉਂਦਾ ਹੈ, ਉਸ ਦਾ ਸਾਰਾ ਫਿਕਰ ਖਤਮ ਹੋ ਜਾਂਦਾ ਹੈ, ਅਤੇ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ।
ਖਖਾ ਖਿਰਤ ਖਪਤ ਗਏ ਕੇਤੇ ॥
ਖਿਰਤ ਖਪਤ ਅਜਹੂੰ ਨਹ ਚੇਤੇ ॥
ਅਬ ਜਗੁ ਜਾਨਿ ਜਉ ਮਨਾ ਰਹੈ ॥
ਜਹ ਕਾ ਬਿਛੁਰਾ ਤਹ ਥਿਰੁ ਲਹੈ ॥44॥
ਮਰਦਿਆਂ ਖਪਦਿਆਂ ਹੀ ਜੀਵ ਦੇ ਕਈ ਜਨਮ ਬੀਤ ਗਏ ਹਨ, ਪਰ ਇਸ ਗੇੜ ਵਿਚ ਪਿਆ ਮਨ ਅਜੇ ਵੀ ਉਸ ਕਰਤਾ-ਪੁਰਖ ਨੂੰ ਯਾਦ ਨਹੀਂ ਕਰਦਾ । ਹੁਣ ਇਸ ਮਨੁੱਖਾ ਜਨਮ ਵਿਚ, ਜੇ ਬੰਦਾ ਇਸ ਦੁਨੀਆ ਦੀ ਅਸਲੀਅਤ ਨੂੰ ਸਮਝ ਲਵੇ ਕਿ ਇਹ ਦਿਸਦਾ ਸੰਸਾਰ ਨਾਸ਼ਵਾਨ ਹੈ, ਜੀਵ ਲਈ ਇਹ ਸਿਰਫ ਕਰਮ ਭੂਮੀ ਹੈ, ਅਤੇ ਅਣਦਿਸਦਾ ਸੰਸਾਰ , ਅਕਾਲ-ਪੁਰਖ ਨਾਸ਼ਵਾਨ ਨਹੀਂ ਹੈ, ਉਹ ਸਦੀਵੀ ਕਾਇਮ ਰਹਣ ਵਾਲਾ ਹੈ, ਅਤੇ ਜੇ ਬੰਦੇ ਦਾ ਮਨ ਉਸ ਪ੍ਰਭੂ ਵਿਚ ਪਰਚ ਜਾਏ, ਗੁਰੂ ਦੀ ਸਿਖਿਆ ਅਨੁਸਾਰ, ਜੇ ਰੱਬ ਦੇ ਸਿਮਰਨ ਵਿਚ ਜੁੜ ਜਾਵੇ, ਤਾਂ ਇਹ ਜਿਸ ਤੋਂ ਵਿਛੜਿਆ ਹੈ, ਜੋ ਮਨ ਦਾ ਮੂਲ ਹੈ, ਉਸ ਕਰਤਾਰ ਨਾਲ ਜੁੜ ਕੇ, ਉਸ ਨਾਲ ਇਕ-ਮਿਕ ਹੋ ਕੇ, ਇਸ ਮਨ ਦਾ ਆਵਾ-ਗਵਣ ਦਾ ਗੇੜ ਮੁੱਕ ਜਾਂਦਾ ਹੈ।
ਬਾਵਨ ਅਖਰ ਜੋਰੇ ਆਨਿ ॥
ਸਕਿਆ ਨ ਅਖਰੁ ਏਕੁ ਪਛਾਨਿ ॥
ਸਤ ਕਾ ਸਬਦੁ ਕਬੀਰਾ ਕਹੈ ॥
ਪੰਡਿਤ ਹੋਇ ਸੁ ਅਨਭੈ ਰਹੈ ॥
ਪੰਡਿਤ ਲੋਗਹ ਕਉ ਬਿਉਹਾਰ ॥
ਗਿਆਨਵੰਤ ਕਉ ਤਤੁ ਬੀਚਾਰ ॥
ਜਾ ਕੈ ਜੀਅ ਜੈਸੀ ਬੁਧਿ ਹੋਈ ॥
ਕਹਿ ਕਬੀਰ ਜਾਨੈਗਾ ਸੋਈ ॥45॥
ਇਸ ਦੁਨੀਆ ਵਿਚ ਪੜ੍ਹਿਆਂ ਲਿਖਿਆਂ ਨੇ ਦੁਨਿਆਵੀ ਅੱਖਰ ਜੋੜ ਕੇ ਕਿਤਾਬਾਂ, ਗ੍ਰੰਥ ਲਿਖ ਦਿੱਤੇ ਹਨ, ਪਰ ਇਨ੍ਹਾਂ ਕਿਤਾਬਾਂ, ਗ੍ਰੰਥਾਂ ਆਸਰੇ ਸੰਸਾਰ ਦੇ ਲੋਕ ਉਸ ਇਕ ਨਾਸ-ਰਹਿਤ ਅੱਖਰ ਨੂੰ ਪਛਾਣ ਨਹੀਂ ਸਕੇ। ਹੇ ਭਾਈ, ਕਬੀਰ ਸੱਤ ਦਾ, ਪ੍ਰਭੂ ਦਾ ਗਿਆਨ ਦੱਸਦਾ ਹੈ ਕਿ, ਜੋ ਮਨੁੱਖ ਇਨ੍ਹਾਂ ਦੁਨਿਆਵੀ ਅੱਖਰਾਂ ਦੀ ਮਦਦ ਨਾਲ, ਗੁਰੂ ਵਲੌਂ ਮਿਲੇ ਗਿਆਨ ਆਸਰੇ ਪ੍ਰਭੂ ਦੀ ਸਿਫਤ-ਸਲਾਹ ਕਰਦਾ ਹੈ, ਉਹ ਪੰਡਿਤ ਹੈ, ਗਿਆਨ ਵਾਲਾ ਹੈ, ਓਹੀ ਸੋਝੀ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 15)
Page Visitors: 119