ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 19)
ਆਪਾਂ ਇਹ ਵਿਚਾਰਿਆ ਹੈ ਕਿ ਇਹ ਦਿਸਦਾ ਸੰਸਾਰ ਬਿਨਸ ਜਾਣਾ ਹੈ, ਖਤਮ ਹੋ ਜਾਣਾ ਹੈ, ਅਦਿੱਖ ਪ੍ਰਭੂ ਹੀ ਹਮੇਸ਼ਾ ਕਾਇਮ ਰਹਿਣਾ ਹੈ, ਉਸ ਦਿਆਲੂ ਰੱਬ ਦੇ ਫਲਸਫੇ ਬਾਰੇ ਤਦ ਹੀ ਸੋਝੀ ਹੁੰਦੀ ਹੈ, ਜਦ ਆਪਣੇ ਦਸਵੇਂ ਦੁਆਰ ਨੂੰ ਗੁਰੂ ਦੀ ਸਿਖਿਆ ਰੂਪੀ ਕੁੰਜੀ ਲਾਈ ਜਾਵੇ, ਜਦੋਂ ਗੁਰੂ ਦੇ ਗਿਆਨ ਆਸਰੇ, ਅਕਲ ਦੀ ਵਰਤੋਂ ਕਰਦਿਆਂ ਮਨ ਨੂੰ ਸਮਝਾਇਆ ਜਾਵੇ ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ ਅਰਧਹਿ (ਨੀਵੀਂ ਅਵਸਥਾ) ਤੋਂ ਉਰਧ (ਉੱਚੀ ਅਵਸਥਾ) ਵਿਚ ਅਪੜਨ ਦੀ ਲੋੜ ਹੁੰਦੀ ਹੈ। ਮਨ ਦਾ ਪਰਮਾਤਮਾ ਚਿ ਵਾਸਾ ਹੋਣ, ਪ੍ਰਭੂ ਨਾਲ ਇਕ-ਮਿਕ ਹੋਣ ਨਾਲ ਹੀ ਜਨਮ-ਮਰਨ ਦੀ ਖੇਡ ਖਤਮ ਹੁੰਦੀ ਹੈ। ਇਹ ਸਭ ਕੁਝ ਤਦ ਹੀ ਹੁੰਦਾ ਹੈ ਜਦੋਂ ਮਨ ਮਾਇਆ ਦੀ ਖੱਡ ਵਿਚੋਂ ਨਿਕਲ ਕੇ ਉੱਚੇ, ਮਾਇਆ ਤੋਂ ਨਿਰਲੇਪ ਪ੍ਰਭੂ ਨਾਲ ਮਿਲਦਾ ਹੈ। ਇਹ ਸਭ ਪਿਆਰ ਦੀ ਖੇਡ ਹੈ, ਪਿਆਰ ਤਦ ਹੀ ਪੈਂਦਾ ਹੈ, ਜਦ ਬੰਦਾ ਇੰਦਰੀਆਂ ਨੂੰ ਕਾਬੂ ਵਿਚ ਰੱਖ ਕੇ, ਪਾਪ-ਪੁੰਨ ਦੀ ਵਿਚਾਰ ਮੁਕਾ ਲੈਂਦਾ ਹੈ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਹੰਕਾਰ, ਹਉਮੈ ਵਿਚ ਪਿਆ ਬੰਦਾ, ਕੁਝ ਵੀ ਹਾਸਲ ਨਹੀਂ ਕਰ ਸਕਦਾ। ਜਦ ਬੰਦਾ ਹਉਮੈ ਛੱਡ ਕੇ ਗੁਰੂ ਦੀ ਸਰਨ ਪੈ ਜਾਵੇ ਤਾਂ ਬੰਦੇ ਨੂੰ ਉਸ ਦਾ ਅਜਿਹਾ ਫਲ ਮਿਲਦਾ ਹੈ, ਜਿਸ ਨਾਲ ਉਹ ਦੂਣਿ, ਜਨਮ-ਮਰਨ ਦੀ ਖੱਡ ਵਿਚੋਂ ਨਿਕਲ ਜਾਂਦਾ ਹੈ, ਉਸ ਦਾ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਜਦ ਬੰਦੇ ਦੀ ਹਾਲਤ,
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥3॥11॥ (634)
ਵਾਲੀ ਹੋ ਜਾਂਦੀ ਹੈ ਤਾਂ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋਕੇ ਕਰਤਾਰ ਨਾਲੌਂ ਵਿਛੜਦਾ ਨਹੀਂ, ਉਸ ਨੂੰ ਹਰ ਵੇਲੇ, ਪ੍ਰਭੂ ਆਪਣੇ ਅੰਗ-ਸੰਗ ਹੀ ਜਾਪਦਾ ਹੈ। ਉਸ ਦੇ ਮਨ ਵਿਚੋਂ ਦੁਨਿਆਵੀ ਡਰ ਦੂਰ ਹੋ ਜਾਂਦੇ ਹਨ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਜਿਹੜਾ ਬੰਦਾ ਅਭੇਦ ਕਰਤਾਰ ਨਾਲ ਭੇਦ ਦੀ ਸਾਂਝ ਪਾਉਂਦਾ ਹੈ, ਉਹ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੂੰ ਹਰੀ ਤੇ ਪੂਰਨ ਭਰੋਸਾ ਹੋ ਜਾਂਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਅੰਦਰ-ਬਾਹਰ ਹਰ ਥਾਂ ਵਾਹਿਗੁਰੂ ਆਪ ਹੀ ਆਪ ਹੈ। (30)
ਆਪਾਂ ਇਹ ਵੀ ਸਿਖਿਆ ਲਈ ਹੈ ਕਿ ਜੇ ਮਨ, ਪ੍ਰਭੂ ਨਾਲ ਜੁੜਨ ਲੱਗੇ ਤਾਂ ਉਸ ਵਿਚ ਢਿੱਲ਼ ਨਹੀਂ ਪਾਉਣੀ ਚਾਹੀਦੀ, ਉਸ ਦੇ ਰਾਹ ਵਿਚ ਕੋਈ ਅੜਚਣ ਨਹੀਂ ਆਉਣ ਦੇਣੀ ਚਾਹੀਦੀ, ਕਿਉਂਕਿ ਉਹੀ ਇਕ ਪਲ ਅਜਿਹਾ ਹੁੰਦਾ ਹੈ, ਜਦ ਮਨ ਆਪਣੇ ਮੂਲ ਨਾਲ ਜੁੜ ਕੇ ਫਿਰ ਵਿਛੜਦਾ ਨਹੀਂ। (31)
ਆਪਾਂ ਇਹ ਵੀ ਜਾਣਿਆ ਹੈ ਕਿ ਸਾਰੇ ਸੰਸਾਰ ਦੀ ਖੇਡ, ਮਨ ਦੁਆਲੇ ਹੀ ਘੁੰਮਦੀ ਹੈ, ਜੀਵ ਦਾ, ਮਨ ਵਰਗਾ ਹੋਰ ਕੋਈ ਸਾਥੀ ਨਹੀਂ ਹੈ। ਜੇ ਮਨ ਨੂੰ ਸਮਝਾਅ ਲਿਆ ਤਾਂ ਬੰਦਾ ਜਿੱਤ ਗਿਆ, ਖੇਡ ਖਤਮ ਹੋ ਗਈ। ਜੇ ਜੀਵ ਮਨ ਨੂੰ ਨਾ ਸਮਝਾਅ ਸਕਿਆ ਤਾਂ ਅਗਾਂਹ ਦੀ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ।(32)
ਮਾਇਆ ਵਿਚ ਮਿਲਿਆ ਮਨ, ਮਾਇਆ ਦਾ ਹੀ ਹਿੱਸਾ ਹੁੰਦਾ ਹੈ, ਸਰੀਰ ਵਿਚ ਸਰੀਰ ਦਾ ਹੀ ਹਿੱਸਾ ਹੁੰਦਾ ਹੈ ਅਤੇ ਪਰਮਾਤਮਾ ਵਿਚ ਮਿਲਿਆ ਮਨ ਪ੍ਰਭੂ ਦਾ ਹੀ ਹਿੱਸਾ ਹੁੰਦਾ ਹੈ। ਮਾਇਆ ਬਣੇ ਮਨ ਦੀ ਖੇਡ ਚਲਦੀ ਰਹਿੰਦੀ ਹੈ, ਸਰੀਰ ਮਨ ਦੀ ਇਸ ਖੇਡ ਦਾ ਮੈਦਾਨ ਹੈ, ਰੱਬ ਵਿਚ ਮਿਲਿਆ ਮਨ ਰੱਬ ਹੀ ਹੋ ਨਿਬੜਦਾ ਹੈ ਅਤੇ ਖੇਡ ਸੰਪੂਰਨ ਹੋ ਜਾਂਦੀ ਹੈ। (33)
ਗੁਰੂ ਸਾਹਿਬ ਇਹ ਵੀ ਦੱਸਦੇ ਹਨ ਕਿ ਸੂਰਮਾ, ਬਲਵਾਨ ਓਹੀ ਹੈ, ਜੋ ਸਰੀਰ ਤੇ ਕਾਬੂ ਰੱਖ ਕੇ ਗਿਆਨ ਇੰਦਰਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਓਹ ਇਸ ਕੰਮ ਵਿਚ ਨਿਰੰਤਰ ਲੱਗਾ ਰਹੇ, ਹਾਰੇ ਨਹੀਂ।(34)
(ਇਹ ਪਰਕਿਰਿਆ ਲਗਾਤਾਰ ਕਰਨ ਵਾਲੀ ਹੈ, ਜਿਵੇਂ ਗੰਦ ਪਾਉਣ ਲਈ ਕਿਸੇ ਉੱਦਮ ਦੀ ਲੋੜ ਨਹੀਂ ਹੁੰਦੀ, ਆਪੇ ਹੀ ਪੈਂਦਾ ਅਤੇ ਵਧਦਾ ਰਹਿੰਦਾ ਹੈ ਪਰ, ਸਫਾਈ ਲਗਾਤਾਰ ਦੀ ਕਿਰਿਆ ਹੈ, ਇਕ ਦਿਨ ਵੀ ਨਹੀਂ ਕਰੋਗੇ ਤਾਂ ਗੰਦ ਆਪੇ ਪੈ ਜਾਵੇਗਾ। ਇਵੇਂ ਹੀ ਸਾਰੀਰ ਨੂੰ ਕਾਬੂ ‘ਚ ਰੱਖਣਾ ਅਤੇ ਗਿਆਨ ਇੰਦਰਿਆਂ ਨੂੰ ਵਿਕਾਰਾਂ ਤੋਂ ਬਚਾਉਣਾ ਨਿਰੰਤਰ ਕਿਰਿਆ ਹੈ, ਕਿਸੇ ਵੇਲੇ ਵੀ ਢਿੱਲ ਕਰੋਗੇ ਤਾਂ ਮਨ ਆਪੇ ਭਟਕ ਜਾਵੇਗਾ) ਅਤੇ ਨਿਰੰਤਰ ਇਸ ਕੰਮ ਵਿਚ ਲੱਗਾ ਰਹੇ, ਹਾਰੇ ਨਹੀਂ।(34)
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 19)
Page Visitors: 113