ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 23)
ਇਹ ਤਾਂ ਆਪਾਂ ਵੇਖ ਲਿਆ ਹੈ ਕਿ ਇਨ੍ਹਾਂ ਖਿਰਨ ਵਾਲੇ ਅੱਖਰਾਂ ਤੋਂ ਅਲੱਗ ਉਹ ਅੱਖਰ ਵੀ ਹਨ ਜੋ ਖਿਰਦੇ ਨਹੀਂ ਹਨ, ਬਲਕਿ ਜਦ ਤੱਕ ਮਨ ਦੀ ਅੱਡਰੀ ਹੋਂਦ ਖਤਮ ਨਹੀਂ ਹੋ ਜਾਂਦੀ, ਤਦ ਤੱਕ ਮਨ ਦੇ ਨਾਲ ਹੀ ਚਲਦੇ ਹਨ। ਆਪਾਂ ਇਹ ਵੀ ਵਿਚਾਰਿਆ ਹੈ ਕਿ ਇਨ੍ਹਾਂ, ਨਾ ਖਿਰਨ ਵਾਲੇ ਅੱਖਰਾਂ ਦੇ ਆਧਾਰ ਤੇ ਹੀ, ਪ੍ਰਭੂ ਦੇ ਦਰਬਾਰ ਵਿਚ ਮਨ ਦਾ ਫੈਸਲਾ ਹੋਣਾ ਹੈ। ਇਹ ਵੀ ਵਿਚਾਰਿਆ ਹੈ ਕਿ ਇਨ੍ਹਾਂ ਮਨ ਵਲੋਂ ਲਿਖੇ ਅੱਖਰਾਂ ਦੇ ਆਧਾਰ ਤੇ ਹੀ ਮਨ, ਆਪਣੇ ਮੂਲ ਵਿਚ ਵਿਲੀਨ ਵੀ ਹੋ ਸਕਦਾ ਹੈ, (ਜਿਸ ਦੇ ਨਾਲ ਹੀ ‘ਨਾ ਖਿਰਨ ਵਾਲੇ’ ਅੱਖਰਾਂ ਦਾ ਵੀ ਖਾਤਮਾ ਹੋ ਜਾਂਦਾ ਹੈ) ਅਤੇ ਓਨ੍ਹਾਂ ਦੇ ਆਧਾਰ ਤੇ ਹੀ, ਮੁੜ ਜਨਮ-ਮਰਨ ਦੇ ਗੇੜ ਵਿਚ ਵੀ ਪੈ ਸਕਦਾ ਹੈ। (ਇਸ ਗੇੜ ਵਿਚ, ਮਨ ਵਲੋਂ ਲਿਖੇ ‘ਨਾ ਖਿਰਨ ਵਾਲੇ ਅੱਖਰ’, ਉਸ ਦੇ ਨਾਲ ਹੀ ਚਲਦੇ ਹਨ। ਯਾਨੀ ਮਨ ਵਲੋਂ ਲਿਖੇ ਓਹ ਅੱਖਰ, ਮਨ ਲਈ ਜੀਵਨ-ਦਾਈ ਵੀ ਹੁੰਦੇ ਹਨ ਅਤੇ ਘਾਤਕ ਵੀ ਹੁੰਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਕੀ ਭਗਤ ਕਬੀਰ ਜੀ ਨੇ ਇਹ ਪੂਰਾ ਸ਼ਬਦ, ਖਾਲੀ ਸਾਡੀ ਜਾਣਕਾਰੀ ਲਈ ਹੀ ਲਿਖਿਆ ਹੈ ਜਾਂ ਉਸ ਵਿਚ ਓਨ੍ਹਾਂ ਅੱਖਰਾਂ ਦੀ ਸੋਝੀ ਵੀ ਦਿੱਤੀ ਹੈ, ਜਿਨ੍ਹਾਂ ਦੇ ਲਿਖਣ ਨਾਲ ਮਨ ਆਪਣੇ ਮੂਲ ਨਾਲ ਇਕ-ਮਿਕ ਹੋ ਜਾਵੇ ?
ਆਉ ਆਪਾਂ ਇਕ ਵਾਰ ਫਿਰ ਕਬੀਰ ਜੀ ਦੇ ਸੰਪੂਰਨ ਸ਼ਬਦ ਵਿਚੋਂ ਇਸ ਬਾਰੇ ਖੋਜ ਕਰੀਏ।
ਆਉ ਆਪਾਂ ਇਕ ਵਾਰ ਫਿਰ ਕਬੀਰ ਜੀ ਦੀ ਬਾਣੀ ਨੂੰ ਫਰੋਲਦੇ ਹਾਂ ਕਿ ਕਬੀਰ ਜੀ (ਗੁਰਬਾਣੀ) ਸਾਨੂੰ ਇਸ ਬਾਰੇ ਕੀ ਸੇਧ ਦਿੰਦੀ ਹੈ ?
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥5॥
ਮਨ ਚੋਂ ਦੁਵਿਧਾ ਨੂੰ ਮਿਟਾਈ ਰੱਖਣ ਅਤੇ ਵਾਹਿਗੁਰੂ ਨਾਲ ਜੁੜੇ ਰਹਣ ਲਈ, ਮਨ ਦਾ ਗਿਆਨ ਨਾਲ ਕੁਝ-ਨਾ-ਕੁਝ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਹ ਇਕ ਲਗਾਤਾਰ ਦੀ ਕਿਰਿਆ ਹੈ, ਜਿਸ ਨੂੰ ਅਸੀਂ ਨਿੱਤ-ਨੇਮ ਕਹਿੰਦੇ ਹਾਂ
ਓਅੰਕਾਰ ਲਖੈ ਜਉ ਕੋਈ ॥
ਸੋਈ ਲਖਿ ਮੇਟਣਾ ਨ ਹੋਈ ॥6॥
ਜੋ ਬੰਦਾ ਓਅੰਕਾਰ ਨੂੰ ਸ੍ਰਿਸ਼ਟੀ ਦਾ ਮੁੱਢ, ਸਭ ਨੂੰ ਪੈਦਾ ਕਰਨ ਵਾਲਾ ਮੰਨਦਾ ਹੈ, ਜਿਸ ਬੰਦੇ ਨੂੰ ਅਜਿਹੇ ਪਰਮਾਤਮਾ ਬਾਰੇ ਸੋਝੀ ਹੋ ਗਈ, ਉਸ ਦੇ ਮਨ ਤੋਂ ਫਿਰ ਉਹ ਸੋਝੀ ਮਿਟ ਨਹੀਂ ਸਕਦੀ।
ਖਸਮਹਿ ਜਾਣਿ ਖਿਮਾ ਕਰਿ ਰਹੈ ॥
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥8॥
ਜਿਹੜਾ ਮਨ, ਦਇਆ ਦੇ ਭੰਡਾਰ ਆਪਣੇ ਖਸਮ ਪ੍ਰਭੂ ਨੂੰ ਪਛਾਣ ਕੇ, ਉਸ ਨਾਲ ਜੁੜਿਆ ਰਹਿੰਦਾ ਹੈ, ਉਹ, ਉਸ ਪਦਵੀ ਨੂੰ ਪਾ ਲੈਂਦਾ ਹੈ, ਜੋ ਉਸ ਤੋਂ ਕਦੀ ਖੁਸਣੀ ਨਹੀਂ।
ਘਘਾ ਗੁਰ ਕੈ ਬਚਨ ਪਛਾਨਾ ॥
ਦੂਜੀ ਬਾਤ ਨ ਧਰਈ ਕਾਨਾ ॥ (9)
ਜਿਸ ਬੰਦੇ ਨੇ ਗੁਰੂ ਦੀ ਸਿਖਿਆ ਦੀ ਮਾਰਫਤ, ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਸ ਦੇ ਮਨ ਨੂੰ ਪ੍ਰਭੂ ਦੇ ਪਿਆਰ ਤੋਂ ਇਲਾਵਾ ਦੁਨੀਆ ਦੀ ਹੋਰ ਕੋਈ ਵੀ ਚੀਜ਼ ਮੋਹ ਨਹੀਂ ਪਾਂਦੀ।
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥11॥
ਹੇ ਭਾਈ ਅਪਣੇ ਕਰਮ-ਇੰਦਰਿਆਂ ਨੂੰ ਭਟਕਣਾ ਵਲੋਂ ਰੋਕ, ਪ੍ਰਭੂ ਨਾਲ ਪਿਆਰ ਪਾ ਕੇ ਸਿਦਕ-ਹੀਣਤਾ ਖਤਮ ਕਰ, ਸਿਦਕ ਵਿਚ ਆ। ਸਿਰਫ ਇਹ ਸੋਚ ਕੇ ਹੀ ਕਿ ਇਹ ਕੰਮ ਔਖਾ ਹੈ, ਅਸੰਭਵ ਹੈ, ਹੋ ਹੀ ਨਹੀਂ ਸਕਦਾ, ਉਦਾਸ ਨਹੀਂ ਹੋਣਾ ਚਾਹੀਦਾ, ਦਿਲ ਨਹੀਂ ਛੱਡਣਾ ਚਾਹੀਦਾ, ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ।
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥12॥
ਹੇ ਭਾਈ ਇਸ ਸੰਸਾਰ ਦੇ ਮੋਹ ਤੋਂ ਬਚਣ ਦਾ ਇਹੀ ਰਾਹ ਹੈ ਕਿ ਸੰਸਾਰ ਦੀ ਚਕਾ-ਚੌਂਧ ਵਲੋਂ ਧਿਆਨ ਹਟਾ ਕੇ, ਇਸ ਸੰਸਾਰ ਨੂੰ ਬਨਾਉਣ ਵਾਲੇ ਦੀ ਵਡਿਆਈ ਵਿਚ ਆਪਣਾ ਮਨ ਜੋੜ।
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
ਤਾਹਿ ਛਾਡਿ ਕਤ ਆਪੁ ਬੰਧਾਵਾ ॥13॥
ਹੇ ਮਨ ਮੈਂ ਤਾਂ ਤੈਨੂੰ ਪਲ-ਪਲ, ਹਰ ਵੇਲੇ ਸਮਝਾਉਂਦਾ ਹਾਂ ਕਿ ਸੰਸਾਰ ਪੈਦਾ ਕਰਨ ਵਾਲੇ ਉਸ ਪ੍ਰਭੂ ਨੂੰ ਵਿਸਾਰ ਕੇ, ਭੁੱਲ ਕੇ, ਉਸ ਦੇ ਬਣਾਏ ਹੋਏ ਮਾਇਆ-ਜਾਲ ਵਿਚ ਆਪਣੇ-ਆਪ ਨੂੰ ਕਿਉਂ ਜਕੜ ਰਿਹਾ ਹੈਂ ? ਇਸ ਤੋਂ ਬਚ।
ਅਸ ਜਰਿ ਪਰ ਜਰਿ ਜਰਿ ਜਬ ਰਹੈ ॥
ਤਬ ਜਾਇ ਜੋਤਿ ਉਜਾਰਉ ਲਹੈ ॥14॥
ਜਦੋਂ ਕੋਈ ਬੰਦਾ ਆਪਣੀ ਦੌਲਤ ਦਾ ਮਾਣ ਅਤੇ ਪਰਾਈ ਦੌਲਤ ਦੀ ਲਾਲਸਾ ਸਾੜ ਕੇ, ਛੱਡ ਕੇ ਆਪਣੇ ਵਿੱਤ ਵਿਚ, ਆਪਣੀ ਔਕਾਤ ਵਿਚ ਰਹਿੰਦਾ ਹੈ, ਤਦ ਹੀ ਉਹ ਬੰਦਾ ਉੱਚੀ ਆਤਮਕ ਅਵਸਥਾ ਵਿਚ ਪੁਜ ਕੇ, ਪਰਮਾਤਮਾ ਦੀ ਜੋਤ, ਕਰਤਾਰ ਦੀ ਸੋਝੀ ਦੇ ਪਰਕਾਸ਼ ਦੇ ਰੂ-ਬ-ਰੂ ਹੁੰਦਾ ਹੈ।
ਕਤ ਝਖਿ ਝਖਿ ਅਉਰਨ ਸਮਝਾਵਾ ॥
ਝਗਰੁ ਕੀਏ ਝਗਰਉ ਹੀ ਪਾਵਾ ॥15॥
ਵਾਧੂ ਦੀਆਂ ਗੱਲਾਂ ਕਰ-ਕਰ ਕੇ ਹੋਰਨਾ ਨੂੰ ਸਿਖਿਆ ਦੇਣ ਦਾ ਯਤਨ ਕਿਉਂ ਕਰਦਾ ਹੈਂ ?
ਵਾਦ-ਵਿਵਾਦ ਵਿਚ ਪੈ ਕੇ ਵਾਦ-ਵਿਵਾਦ ਹੀ ਪੱਲੇ ਪਵੇਗਾ, ਜਿਸ ਦਾ ਕੋਈ ਲਾਭ ਨਹੀਂ ਹੈ ।
ਅਮਰ ਜੀਤ ਸਿੰਘ ਚੰਦੀ (ਚਲਦਾ)