ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 25)
ਨਿਰਣਾ:-
ਗੁਰਬਾਣੀ ਸੋਝੀ ਦਿੰਦੀ ਹੈ ਕਿ ਮਾਇਆ, ਕਰਤਾਰ ਨੇ ਹੀ ਬਣਾਈ ਹੈ, ਇਸ ਦਿਸਦੇ, ਮਾਦੀ ਸੰਸਾਰ ਨੂੰ ਚਲਾਉਣ ਲਈ, ਮਾਇਆ ਬਹੁਤ ਜ਼ਰੂਰੀ ਹੈ, ਇਸ ਤੋਂ ਬਗੈਰ ਸੰਸਾਰ ਚੱਲ ਹੀ ਨਹੀਂ ਸਕਦਾ। ਇਸ ਸੰਸਾਰ ਵਿਚ, ਮਾਇਆ ਵਿਚ ਵਿਚਰਦਿਆਂ ਹੀ ਮਨ ਨੇ ਪ੍ਰਭੂ ਨਾਲ ਇਕ-ਮਿਕ ਹੋਣਾ ਹੈ, ਆਪਣੀ ਜੀਵਨ ਬਾਜ਼ੀ ਜਿੱਤ ਕੇ, ਭਵ ਸਾਗਰ ਸੰਸਾਰ ਤੋਂ ਪਾਰ ਹੋਣਾ ਹੈ।
ਇਸ ਵਿਚ ਅੜਚਣ ਕੀ ਹੈ ?
ਇਸ ਸੰਸਾਰ ਵਿਚ ਵਿਚਰਦਿਆਂ ਮਨ ਨੇ ਪਰਮਾਤਮਾ ਨਾਲ ਇਕੋ ਖੋੜ ਵਿਚ ਰਹਿੰਦਿਆਂ, ਪ੍ਰਭੂ ਨੂੰ ਪਛਾਣ ਕੇ, ਉਸ ਨਾਲ ਪਿਆਰ-ਸਾਂਝ ਪਾ ਕੇ, ਆਪਣੀ ਬਾਜ਼ੀ ਜਿੱਤਣੀ ਹੈ, ਪਰ ਮਾਇਆ ਏਨੀ ਪਰਬਲ ਹੈ ਕਿ ਮਨ, ਦਿਸਦੇ ਸੰਸਾਰ ਨੂੰ ਵੇਖਦਿਆਂ, ਉਸ ਤੋਂ ਪ੍ਰਭਾਵਤ ਹੋ ਕੇ ਆਪਣੇ ਆਪ ਨੂੰ ਵੀ ਸੰਸਾਰ ਦਾ ਹੀ ਹਿੱਸਾ ਸਮਝਦਾ ਹੈ, ਇਸ ਭੁਲੇਖੇ ਵਿਚ ਹੀ ਉਹ ਆਪਣੇ ਆਪ ਨੂੰ ਪ੍ਰਭੂ ਨਾਲੋਂ ਜੁਦਾ ਹਸਤੀ ਸਮਝਦਾ ਹੈ। ਇਹੀ ਉਸ ਲਈ ਕਰਤਾਰ ਨੂੰ ਮਿਲਣ ਦੇ ਰਾਹ ਵਿਚ ਵੱਡੀ ਅੜਚਣ ਹੈ।
ਗੁਰਬਾਣੀ ਸਮਝਾਉਂਦੀ ਹੈ ਕਿ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਗੁਰੂ ਸਾਹਿਬ ਇਕ ਸਵਾਲ ਖੜਾ ਕਰਦੇ ਹਨ ਕਿ, ਇਸ ਮਾਇਆ ਵਿਚ ਰਹਿੰਦਿਆਂ, ਜਦੋਂ ਕਿ ਮਨ ਅਤੇ ਕਰਤਾਰ ਇਕੋ ਖੋੜ ਵਿਚ ਹੀ ਰਹਿੰਦੇ ਹਨ, ਪਰ ਮਨ ਪਰਮਾਤਮਾ ਨੂੰ ਨਹੀਂ ਮਿਲ ਪਾਉਂਦਾ, ਦੋਵਾਂ ਦੇ ਵਿਚਾਲੇ ਮਾਇਆ ਦਾ ਪਰਦਾ ਹੈ। ਫਿਰ ਕਿਵੇਂ ਹੋਵੇ ਕਿ ਮਨ ਅਤੇ ਪਰਮਾਤਮਾ ਦੇ ਵਿਚਾਲੇ ਦਾ ਮਾਇਆ ਦਾ ਪਰਦਾ ਦੂਰ ਹੋਵੇ, ਖਤਮ ਹੋਵੇ, ਅਤੇ ਮਨ ਪ੍ਰਭੂ ਨੂੰ ਮਿਲ ਕੇ ਸਚਿਆਰਾ ਹੋ ਜਾਵੇ, ਪ੍ਰਭੂ ਨਾਲ ਇਕ-ਮਿਕ ਹੋ ਕੇ, ਜੀਵਨ ਦੀ ਬਾਜ਼ੀ ਜਿੱਤ ਜਾਵੇ ?
ਫਿਰ ਆਪ ਹੀ ਇਸ ਦਾ ਹੱਲ ਦੱਸਦੇ ਹਨ ਕਿ, ਸੰਸਾਰ ਨੂੰ ਸ਼ੁਰੂ ਕਰਦਿਆਂ ਹੀ ਪ੍ਰਭੂ ਨੇ ਨਿਯਮ-ਕਾਨੂਨ ਬਣਾ ਦਿੱਤਾ ਹੈ ਕਿ ਮਾਇਆ ਦਾ ਇਹ ਪਰਦਾ ਤਦ ਹੀ ਹਟ ਸਕਦਾ ਹੈ, ਜੇ ਮਨ ਪਰਮਾਤਮਾ ਦੇ ਹੁਕਮ, ਰਜ਼ਾ ਦੇ ਮਾਲਕ ਪ੍ਰਭੂ ਦੀ ਰਜ਼ਾ ਦੀ ਪਾਲਣਾ ਕਰੇ।
ਜਿਸ ਲਈ ਗੁਰਬਾਣੀ ਇਹ ਵੀ ਸੇਧ ਦਿੰਦੀ ਹੈ ਕਿ, ਜਿਸ ਗੁਰੂ ਦੀ ਸਿਖਿਆ ਨਾਲ ਇਹ ਮਦਾਨ ਜਿੱਤ ਹੋਣਾ ਹੈ, ਉਸ ਗੁਰੂ ਦੀ ਸੇਵਾ,
ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥੭॥ (223)
ਜੇ ਸਿਰੇ ਦੀ ਗੱਲ ਕਰੀਏ ਤਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ, ਬੰਦੇ ਵਿਚੋਂ ਹਉਮੈ ਦੂਰ ਕਰਦੀ ਹੈ, ਖਤਮ ਕਰਦੀ ਹੈ, ਅਤੇ ਪਰਮਾਤਮਾ ਨਾਲ ਜੁੜਨ ਲਈ, ਮਨ ਵਿਚੋਂ ਹਉਮੈ ਨੂੰ ਦੂਰ ਕਰਨਾ ਜ਼ਰੂਰੀ ਹੈ। ਗੁਰਬਾਣੀ ਹੁਕਮ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥
(1) ਹੇ ਭਾਈ ਹਉਮੈ ਦਾ, ਅਕਾਲ ਦੇ ਹੁਕਮ ਨਾਲ, ਉਸ ਦੀ ਰਜ਼ਾ ਨਾਲ ਵਿਰੋਧ ਹੈ, ਹਿਰਦੇ ਘਰ ਵਿਚ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਹਉਮੈ ਦੇ ਅਧੀਨ ਰਿਹਾਂ, ਪਰਮਾਤਮਾ ਦੀ ਸੇਵਾ, ਉਸ ਦੀ ਭਗਤੀ ਨਹੀਂ ਹੋ ਸਕਦੀ। ਜੇ ਅਜਿਹੀ ਅਵਸਥਾ ਵਿਚ ਮਨ, ਭਗਤੀ ਕਰਨ ਦਾ, ਪ੍ਰਭੂ ਦੇ ਹੁਕਮ ਵਿਚ ਚੱਲਣ ਦਾ ਵਿਖਾਵਾ ਵੀ ਕਰੇ, ਤਾਂ ਉਸ ਦਾ ਇਹ ਕਰਮ ਵਿਅਰਥ ਹੀ ਜਾਂਦਾ ਹੈ। ਕਿਉਂਕਿ,
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ (474)
ਜੋ ਬੰਦਾ ਆਪਣੇ ਮਾਲਕ ਨੂੰ ਸਲਾਮ ਵੀ ਕਰਦਾ ਹੈ, ਉਸ ਦੀ ਇੱਜ਼ਤ ਕਰਨ ਦਾ ਵਿਖਾਵਾ ਵੀ ਕਰਦਾ ਹੈ, ਅਤੇ ਦੂਸਰੇ ਪਾਸੇ ਉਸ ਦਾ ਹੁਕਮ ਮੰਨਣ ਤੋਂ ਆਕੀ ਵੀ ਹੈ, ਉਸ ਨੂੰ ਅੱਗੋਂ ਜਵਾਬ ਵੀ ਦਿੰਦਾ ਹੈ, ਉਹ ਆਪਣੇ ਮਾਲਕ ਦੀ ਸਿਖਿਆ ਵਲੋਂ ਬਿਲਕੁਲ ਹੀ ਖੁੰਝਿਆ ਹੋਇਆ ਹੈ। ਉਸ ਬੰਦੇ ਦੇ ਦੋਵੇਂ ਕੰਮ, ਮਾਲਕ ਦੀ ਇੱਜ਼ਤ ਕਰਨਾ ਅਤੇ ਉਸ ਦਾ ਆਖਾ ਨਾ ਮੰਨਣਾ, ਝੂਠੇ ਹਨ, ਨਾ ਉਹ ਮਨੋਂ ਮਾਲਕ ਦੀ ਇੱਜ਼ਤ ਹੀ ਕਰਦਾ ਹੈ ਅਤੇ ਨਾ ਉਹ ਮਾਲਕ ਦਾ ਹੁਕਮ ਮੰਨਣ ਤੋਂ ਇੰਕਾਰੀ ਹੀ ਹੈ, ਅਜਿਹੇ ਬੰਦੇ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ।
(ਰਹਾਉ) ਹੇ ਮੇਰੇ ਮਨ, ਤੂੰ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਸ ਅਨੁਸਾਰ ਹੀ ਹਰੀ ਨੂੰ ਯਾਦ ਰੱਖ, ਉਸ ਦੀ ਰਜ਼ਾ ਵਿਚ ਚੱਲ,
ਤੂੰ ਗੁਰੂ ਦੀ ਸਿਖਿਆ ਅਨੁਸਾਰ ਚੱਲੇਂਗਾ ਤਾਂ ਤੇਰੇ ਅੰਦਰੋਂ ਹਉਮੈ ਖਤਮ ਹੋ ਜਾਵੇਗੀ ਅਤੇ ਤੈਨੂੰ ਰੱਬ ਮਿਲ ਜਾਵੇਗਾ।
(੍2) ਹੇ ਭਾਈ, ਇਹ ਸਾਰਾ ਸਰੀਰਕ ਕਾਰ-ਵਿਹਾਰ ਹਉਮੈ ਕਾਰਨ ਹੀ ਹੈ, ਹਉਮੈ ਕਾਰਨ ਹੀ ਇਹ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਹਉਮੈ ਕਾਰਨ ਹੀ, ਆਤਮਕ ਜੀਵਨ ਵਿਚ ਅਗਿਆਨਤਾ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਅਤੇ ਬੰਦਾ ਆਤਮਕ ਜੀਵਨ ਦਾ ਸੁਚੱਜਾ ਰਾਹ ਲੱਭ ਨਹੀਂ ਪਾਉਂਦਾ।
(3) ਹੇ ਭਾਈ ਹਉਮੈ ਵਿਚਲੀ ਅਗਿਆਨਤਾ ਹੀ ਬੰਦੇ ਦੇ ਆਤਮਕ ਜੀਵਨ ਵਿਚਲੀ ਵੱਡੀ ਔਕੜ ਬਣੀ ਰਹਿੰਦੀ ਹੈ, ਨਾ ਪਰਮਾਤਮਾ ਦੀ ਰਜ਼ਾ ਹੀ ਸਮਝੀ ਜਾ ਸਕਦੀ ਹੈ ਅਤੇ ਨਾ ਹੀ ਰੱਬ ਦਾ ਨਾਮ, ਰੱਬ ਦਾ ਹੁਕਮ ਬੰਦੇ ਦੇ ਹਿਰਦੇ ਵਿਚ ਵਸਦਾ ਹੈ, ਨਾ ਹੀ ਹਰੀ ਦੀ ਭਗਤੀ, ਉਸ ਦੀ ਰਜ਼ਾ ਵਿਚ ਚੱਲਣ ਦੀ ਕਾਰ ਹੀ ਕੀਤੀ ਜਾ ਸਕਦੀ ਹੈ।
(4) ਹੇ ਨਾਨਕ, ਜੇ ਸੱਚਾ ਗੁਰੂ ਮਿਲ ਪਵੇ ਤਾਂ ਉਸ ਦੇ ਸ਼ਬਦ ਦੀ ਵਿਚਾਰ ਆਸਰੇ, ਬੰਦੇ ਦੇ ਮਨ ‘ਚੋਂ ਹਉਮੈ ਦੂਰ ਹੋ ਜਾਂਦੀ ਹੈ, ਬੰਦੇ ਅਤੇ ਰੱਬ ਵਿਚਲਾ ਮਾਇਆ ਦਾ ਪਰਦਾ ਹਟ ਕੇ ਮਨ, ਪ੍ਰਭੂ ਨਾਲ ਮਿਲ ਜਾਂਦਾ ਹੈ, ਫਿਰ ਉਹ ਮਨ, ਸੱਚ ਨਾਲ, ਕਰਤਾਰ ਨਾਲ ਹੀ ਜੁੜਿਆ ਰਹਿੰਦਾ ਹੈ, ਹਰੀ ਦੀ ਹੀ ਸੇਵਾ ਕਰਦਾ ਹੈ, ਉਸ ਦੇ ਹੀ ਹੁਕਮ ਵਿਚ ਚਲਦਾ ਹੇ, ਅਤੇ ਅੰਤ ਵਿਚ ਰੱਬ ਨਾਲ ਹੀ ਇਕ-ਮਿਕ ਹੋ ਕੇ, ਉਸ ਵਿਚ ਹੀ ਸਮਾਅ ਜਾਂਦਾ ਹੈ, ਉਸ ਦਾ ਹੀ ਅੰਗ ਬਣ ਜਾਂਦਾ ਹੈ।
ਮੁੱਕਦੀ ਗੱਲ ਇਹ ਹੈ ਕਿ ਆਤਮਕ ਸਫਰ ਤੇ ਤੁਰਨ ਲਈ ਜ਼ਰੂਰੀ ਹੈ ਕਿ ਮਨ ਪਹਿਲਾਂ ਹਉ-ਮੈਂ ਨੂੰ ਦੂਰ ਕਰੇ, ਅਤੇ ਹਉਮੈਂ ਨੂੰ ਦੂਰ ਕਰਨ ਦਾ ਇਕੋ ਹੀ ਰਾਹ ਹੈ, ਸੱਚੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਉਸ ਤੋਂ ਗਿਆਨ ਪਰਾਪਤ ਕਰ ਕੇ, ਉਸ ਅਨੁਸਾਰ ਆਪਣਾ ਜੀਵਨ ਢਾਲਣਾ। ਇਹ ਸਾਰਾ ਕੁਝ ਦੁਨਿਆਵੀ ਅੱਖਰਾਂ ਰਾਹੀਂ ਹੀ ਸੰਭਵ ਹੈ।
ਇਸ ਤੋਂ ਅਗਾਂਹ ਮਨ ਨੇ ਓਹੀ ਕੰਮ ਕਰਨਾ ਹੈ, ਜਿਸ ਮਾਹੌਲ ਵਿਚੋਂ ਮਨ ਨੇ ਸਿਖਿਆ ਲਈ ਹੋਵੇ। ਦੁਨੀਆ ਵਿਚ ਹੁੰਦੇ ਸਾਰੇ ਚੰਗੇ-ਬੁਰੇ ਕੰਮਾਂ ਦੀਆਂ ਸ਼ਾਖਾਵਾਂ, ਟਾਹਣੀਆਂ ਏਥੋਂ ਹੀ ਫੁੱਟਦੀਆਂ ਹਨ, ਦੁਨੀਆ ਦੇ ਕਹੇ ਜਾਂਦੇ ਸਾਰੇ ਚੰਗੇ-ਮਾੜੇ ਕੰਮ, ਇਸ ਰਾਹ ਦੀਆਂ ਹੀ ਪਗਡੰਡੀਆਂ ਹਨ। ਸਰੀਰਕ ਰੂਪ ਵਿਚ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ,
1. ਉਹ ਕੰਮ, ਜੋ ਸਮਾਜ ਲਈ ਸੁੱਖ ਦੇ ਸਾਧਨ ਜੁਟਾਉਂਦੇ ਹਨ।
2, ਉਹ ਕੰਮ, ਜੋ ਸਮਾਜ ਲਈ ਦੁਖ ਦੇ ਸਾਧਨ ਜੁਟਾਉਂਦੇ ਹਨ।
ਪਰ ਮੂਲ ਰੂਪ ਵਿਚ ਇਹ ਦੋਵੇਂ ਕੰਮ ਇਕ ਦੂਸਰੇ ਲਈ ਕਰਮ ਅਤੇ ਪ੍ਰਤੀਕਰਮ ਹੀ ਹਨ। ਇਨ੍ਹਾਂ ਦੋਵਾਂ ਕੰਮਾਂ ਨਾਲ ਸਮਾਜ ਦਾ ਵਿਕਾਸ ਵੀ ਹੁੰਦਾ ਹੈ ਅਤੇ ਵਿਨਾਸ਼ ਵੀ ਹੁੰਦਾ ਹੈ। ਇਹ ਦੋਵੇਂ ਕੰਮ ਮਿਲ ਕੇ ਹੀ ਸਮਾਜ ਵਿਚ ਵੰਡੀਆਂ ਵੀ ਪਾਉਂਦੇ ਹਨ ਅਤੇ ਸਮਾਜ ਵਿਚਲੇ ਦੂਸਰੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਢੰਗ ਵੀ ਲੱਭਦੇ ਹਨ। ਪਰ ਇਨ੍ਹਾਂ ਦਾ ਆਤਮਕ ਗਿਆਨ ਨਾਲ ਕੋਈ ਸਬੰਧ ਨਹੀਂ ਹੈ, ਅਤੇ ਆਪਣਾ ਅੱਜ ਦਾ ਵਿਸ਼ਾ ਆਤਮਕ ਗਿਆਨ ਨਾਲ ਸਬੰਧਿਤ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)