ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ ਆਖਰੀ)
ਨਚੋੜ:- ਆਪਾਂ ਖਿਰਨ ਵਾਲੇ, ਏ ਅੱਖਰਾਂ ਬਾਰੇ ਵਿਚਾਰ ਕਰ ਲਿਆ ਹੈ, ਦੁਨਿਆਵੀ ਕਾਰ-ਵਿਹਾਰ ਸਿੱਖਣ-ਸਿਖਾਉਣ, ਉਸ ਸਿੱਖੇ ਹੋਏ ਨੂੰ ਵਿਹਾਰ ਵਿਚ ਲਿਆਉਣ ਵਾਲੇ ਸਾਰੇ ਅੱਖਰ ਖਿਰਨ ਵਾਲੇ ਹੀ ਹਨ। ਇਨ੍ਹਾਂ ਅੱਖਰਾਂ ਦਾ ਬੰਦੇ ਨਾਲ ਵਾਹ, ਸਿਰਫ ਜੀਵਨ ਦਾ ਹੈ। ਜੀਵਨ ਦੇ ਖਾਤਮੇ ਦੇ ਨਾਲ ਹੀ, ਜੀਵ ਲਈ ਇਨ੍ਹਾਂ ਅੱਖਰਾਂ ਦਾ ਵਜੂਦ ਵੀ ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਅਰਥ ਵੀ ਮੁੱਕ ਜਾਂਦੇ ਹਨ। ਯਾਨੀ ਕਿ ‘ਏ ਅਖਰ’ ਬੰਦੇ ਦੇ ਜਿਊਂਦਿਆਂ ਹੀ ਕੰਮ ਆਉਣ ਵਾਲੇ ਹਨ, ‘ਅਬੋਲ ਅਵਸਥਾ’ ਵਿਚ ਇਹ ਕੰਮ ਨਹੀਂ ਆਉਂਦੇ।
ਹੁਣ ਆਪਾਂ ‘ਓਇ ਅੱਖਰਾਂ’ ਦੀ ਗੱਲ ਕਰਨੀ ਹੈ, ਜੋ ਆਪਣੇ ਵਿਚਾਰ ਦਾ ਅਸਲ ਵਿਸ਼ਾ ਹਨ।
ਆਪਾਂ ਵੇਖਿਆ ਹੈ ਕਿ ਇਹ(ਓਇ) ਅੱਖਰ ਮਨ ਦੁਆਰਾ, ਆਪਣੇ ਵਿਹਾਰ ਰਾਹੀਂ ਲਿਖੇ ਜਾਂਦੇ ਹਨ। ਸੱਚੇ ਗੁਰੂ ਨੇ ਸਾਮਝਾਇਆ ਹੈ ਕਿ ਕਰਤਾਰ ਨਾਲ ਮਿਲ ਕੇ, ਜੀਵਨ ਦੀ ਬਾਜ਼ੀ ਜਿੱਤ ਕੇ ਜਨਮ-ਮਰਨ ਦਾ ਚੱਕਰ ਮੁਕਾਇਆ ਜਾ ਸਕਦਾ ਹੈ। ਪਰਮਾਤਮਾ ਨਾਲ ਇਕ-ਮਿਕ ਹੋਣ ਲਈ, ਮਨ ਨੂੰ ਪ੍ਰਭੂ ਨਾਲ ਪਿਆਰ-ਸਾਂਝ ਪਾਉਣੀ ਹੀ ਇਕੋ-ਇਕ ਵਸੀਲਾ ਹੈ, ਜਿਸ ਆਸਰੇ ਦਿਆਲ ਹੋ ਕੇ ਰੱਬ ਬੰਦੇ ਨੂੰ ਆਪਣੇ ਵਿਚ ਹੀ ਵਿਲੀਨ ਕਰ ਲਵੇ।
ਪ੍ਰਭੂ ਨਾਲ ਪਿਆਰ ਪਾ ਕੇ ਹੀ ਬੰਦਾ ਸਚਿਆਰ ਬਣਦਾ ਹੈ, ਪ੍ਰਭੂ ਦੀ ਰਚਨਾ ਨਾਲ ਪਿਆਰ ਪਾ ਕੇ ਬੰਦਾ ਸਚਿਆਰ ਨਹੀਂ ਹੋ ਸਕਦਾ, ਕਿਉਂਕਿ ਕਰਤਾਰ ਆਪ ਹੀ ਸਚਿਆਰ ਹੈ, ਉਸ ਦੀ ਰਚਨਾ ਸਚਿਆਰ ਨਹੀਂ, ਨਾਸਵਾਨ ਹੈ। ਏਥੋਂ ਤਕ ਤਾਂ ਆਪਾਂ ਨਚੋੜ ਕੱਢ ਸਕਦੇ ਹਾਂ ਕਿ ਮਨ ਵਲੋਂ ਆਪਣੇ ਵਿਹਾਰ ਰਾਹੀਂ, ਪਰਮਾਤਮਾ ਨਾਲ ਪਾਈ ਪਿਆਰ-ਸਾਂਝ ਦੁਆਰਾ ਲਿਖਿਆ ‘ਪਿਆਰ’ ਦਾ ਅੱਖਰ ਹੀ, ਬੰਦੇ ਦੀ ਜ਼ਿੰਦਗੀ ਦੀ ਕਮਾਈ ਬਣ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਸਕਦਾ ਹੈ।
ਪਰ ਓਇ (ਨਾ ਖਿਰਨ ਵਾਲੇ) ਅੱਖਰ ਇਕ ਹੀ ਤਾਂ ਨਹੀਂ ਹੈ, ਸਵਾਂ ਇਹ ਅੱਖਰ ਵੀ ਬਹੁਤ ਸਾਰੇ ਹਨ, ਜਿਨ੍ਹਾਂ ਨੂੰ ਮਨ ਹੀ ਲਿਖਦਾ ਹੈ, ਪਰ ਉਨ੍ਹਾਂ ਅੱਖਰਾਂ ਦੀ ਮਦਦ ਨਾਲ ਬੰਦਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦਾ ਬਲਕਿ ਭਵਜਲ ਸੰਸਾਰ ਵਿਚ ਫਸਿਆ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ,
ਪਰ ਕਾ ਬੁਰਾ ਨ ਰਾਖਹੁ ਚੀਤ ॥
ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥ (386)
ਹੇ ਮੇਰੇ ਭਾਈ, ਹੇ ਮੇਰੇ ਮਿੱਤਰ, ਤੂੰ ਆਪਣੇ ਮਨ ਵਿਚ ਕਿਸੇ ਦਾ ਬੁਰਾ ਨਾ ਚਿਤਵ, ਵਿਚਾਰ, ਫਿਰ ਤੈਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਹੋਵੇਗੀ। ਫਿਰ ਵੀ ਜੀਵ ਆਪਣੇ ਸਵਾਰਥ ਲਈ, ਮਨ ਕੋਲੋਂ ਦੂਸਰਿਆਂ ਦੀ ਬੁਰਾਈ ਦੇ ਅੱਖਰ ਲਿਖਵਾਉਂਦੇ ਰਹਿੰਦੇ ਹਨ। ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ,
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (141)
ਹੇ ਨਾਨਕ, ਦੁਨੀਆ ਦੀ ਸਭ ਤੋਂ ਵੱਧ ਅਭੱਖ ਚੀਜ਼, ਪਰਾਇਆ ਹੱਕ ਖਾਣਾ ਹੈ, ਪਰਾਇਆ ਹੱਕ ਮਾਰਨਾ ਹੈ, ਅਜਿਹਾ ਨੀਚ ਕਰਮ ਕਰਨ ਨਾਲ, ਕੋਈ ਵੀ ਗੁਰੂ-ਪੀਰ ਜੋ ਤੈਨੂੰ ਆਤਮਕ ਗਿਆਨ ਦੀ ਸੋਝੀ ਦਿੰਦਾ ਹੈ, ਉਹ ਤੇਰੀ ਹਮਾਇਤ ਨਹੀਂ ਕਰੇਗਾ, ਤੇਰੀ ਬਾਂਹ ਨਹੀਂ ਫੜੇਗਾ, ਤੈਨੂੰ ਆਤਮਕ ਗਿਆਨ ਨਹੀਂ ਦੇਵੇਗਾ। ਗੁਰੂ ਸਾਹਿਬ ਵਲੋਂ ਏਨੀ ਕਰੜੀ ਚਿਤਾਵਨੀ ਦੇਣ ਦੇ ਬਾਵਜੂਦ ਵੀ ਦੁਨੀਆ ਦੇ 99.9 % ਲੋਕ ਪਰਾਇਆ ਹੱਕ ਖਾ ਰਹੇ ਹਨ, ਭਾਵੇਂ ਕੋਈ ਕਿੰਨਾ ਵੀ ਵੱਡਾ ਸੰਤ-ਮਹਾਂ ਪੁਰਸ਼-ਬ੍ਰਹਮ ਗਿਆਨੀ ਹੋਵੇ, ਸਭ ਆਪਣੇ ਸਵਾਰਥ ਲਈ, ਆਪਣੇ ਮਨ ਨੂੰ ਪਰਾਇਆ ਹੱਕ ਖਾਣ ਦੇ ਅੱਖਰ ਲਿਖਣ ਲਈ ਉਤਸਾਹਿਤ ਕਰਦੇ ਹਨ। ਅਜਿਹੀ ਹਾਲਤ ਵਿਚ ਮਨ, ਆਪਣੇ ਮੂਲ ਨਾਲ ਕਿਵੇਂ ਇਕ-ਮਿਕ ਹੋ ਸਕਦਾ ਹੈ ? ਜੋ ਸੱਚ ਹੀ ਸੱਚ ਹੈ।
ਗੁਰੂ ਸਾਹਿਬ ਸ੍ਰਿਸ਼ਟੀ ਦੀ ਸਿਰਜਨਾ ਦਾ ਵਰਨਣ ਕਰਦੇ ਲਿਖਦੇ ਹਨ,
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥ (19)
ਸੱਚੇ ਗੁਰੂ ਦੇ ਸ਼ਬਦ ਵਿਚ ਰੱਤੇ ਹੋਏ, ਗੁਰੂ ਦੇ ਸ਼ਬਦ ਦੀ ਚੰਗੀ ਤਰ੍ਹਾਂ ਸੋਝੀ ਲੈਣ ਮਗਰੋਂ ਉਸ ਦੀ ਸਿਖਿਆ ਅਨੁਸਾਰ ਜੀਵਨ ਢਾਲਣ ਵਾਲੇ ਨੂੰ ਵਿਕਾਰਾਂ ਦੀ ਮੈਲ ਨਹੀਂ ਲਗਦੀ, ਉਹ ਹਮੇਸ਼ਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ ਮਿਲਦਾ ਹੈ। ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਇਹ ਵਿਸ਼ਵਾਸ ਬਣਿਆ ਰਹਿੰਦਾ ਹੈ ਕਿ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਤੋਂ ਇਹ ਪਵਨ, ਹਵਾ ਬਣੀ ਹੈ ਅਤੇ ਪਵਨ ਤੋਂ ਹੀ ਜਲ ਬਣਿਆ ਹੈ, ਜਿਸ ਬਾਰੇ ਗੁਰੂ ਸਾਹਿਬ ਸੇਧ ਦਿੰਦੇ ਹਨ,
(ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥) (472)
ਜਲ ਤੋਂ ਹੀ ਇਸ ਸੰਸਾਰ ਦੀ ਸਿਰਜਨਾ ਹੋਈ ਹੈ ਅਤੇ ਸੰਸਾਰ ਦੇ ਹਰ ਘਟ(ਹਰੇਕ ਸਰੀਰ ਅਤੇ ਹਰ ਕਿਣਕੇ) ਵਿਚ ਰੱਬ ਦੀ ਜੋਤ ਸਮਾਈ ਹੋਈ ਹੈ।
ਸਾਡੇ ਵਿਚਾਰਨ ਵਾਲੀ ਇਹ ਗੱਲ ਹੈ ਕਿ ਹਵਾ-ਪਾਣੀ-ਧਰਤੀ, ਇਹ ਤਿੰਨੇ ਚੀਜ਼ਾਂ ਬੰਦੇ ਦੇ ਜੀਵਨ ਲਈ ਸਭ ਤੋਂ ਵੱਧ ਜ਼ਰੂਰੀ ਹਨ, ਧਰਤੀ ਦੀ ਉਪਜ ਨੂੰ ਖਾ ਕੇ ਬੰਦਾ ਜਿਊਂਦਾ ਰਹਿੰਦਾ ਹੈ, (ਇਸ ਤੋਂ ਬਗੈਰ ਬੰਦਾ ਕੁਝ ਦਿਨ ਤੋਂ ਵੱਧ ਨਹੀਂ ਜਿਊ ਸਕਦਾ)। ਪਾਣੀ ਤੋਂ ਬਗੈਰ ਵੀ ਬੰਦਾ ਕੁਝ ਪਹਰ ਤੋਂ ਵੱਧ ਨਹੀਂ ਜਿਊ ਸਕਦਾ ਅਤੇ ਹਵਾ ਤੋਂ ਬਗੈਰ ਤਾਂ ਬੰਦਾ ਕੁਝ ਪੱਲ ਤੋਂ ਵੱਧ ਨਹੀਂ ਜਿਊ ਸਕਦਾ, ਫਿਰ ਵੀ ਬੰਦਾ ਆਪਣੇ ਸਵਾਰਥ(ਲਾਲਚ) ਕਾਰਨ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਏਨਾ ਗੰਦਾ ਕਰ ਚੁੱਕਾ ਹੈ ਕਿ ਖਾਣ ਦੀ ਕੋਈ ਚੀਜ਼ ਵੀ ਕੁਦਰਤੀ ਨਿਯਮਾਂ ਅਨੁਸਾਰ ਬਣੀ ਨਹੀਂ ਮਿਲ ਸਕਦੀ। ਦਰਿਆਵਾਂ ਦਾ ਪਾਣੀ, ਜੋ ਬੰਦੇ ਦਾ ਜੀਵਨ ਹੁੰਦਾ ਸੀ, ਉਹ ਅੱਜ ਏਨਾ ਗੰਦਾ ਹੋ ਚੁੱਕਾ ਹੈ ਕਿ ਬੰਦੇ ਦੇ ਇਸ਼ਨਾਨ ਕਰਨ ਲਾਇਕ ਵੀ ਨਹੀਂ ਰਹਿ ਗਿਆ, ਧਰਤੀ ਥਲਲਾ ਪਾਣੀ ਦੀਰਘ ਬਿਮਾਰਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਹਵਾ ਦੇ ਦੂਸ਼ਤ ਹੋਣ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਹ ਲੈਣ ਲਈ ਵੀ ਸਾਨੂੰ ਕਪੜੇ ਨਾਲ ਨੱਕ ਢਕਣ ਦੀ ਲੋੜ ਪੈ ਰਹੀ ਹੈ। ਇਸ ਸਾਰੇ ਕੰਮ ਦੀ ਪ੍ਰੋੜ੍ਹਤਾ ਦੇ ਅੱਖਰ ਵੀ ਬੰਦੇ ਨੇ ਹੀ ਮਨ ਕੋਲੋਂ ਲਿਖਵਾਏ ਹਨ।
ਜਦ ਬੰਦੇ ਨੂੰ ਆਪਣੀ ਜ਼ਿੰਦਗੀ ਲਈ ਅੱਤ ਲੋੜੀਂਦੀਆਂ ਇਨ੍ਹਾਂ ਤਿੰਨਾਂ ਚੀਜ਼ਾਂ ਨਾਲ ਹੀ ਕੋਈ ਪਿਆਰ ਨਹੀਂ ਤਾਂ ਉਸ ਨੂੰ ਇਨ੍ਹਾਂ ਚੀਜ਼ਾਂ ਦੇ ਬਨਾਉਣਵਾਲੇ ਨਾਲ ਕੀ ਪਿਆਰ ਹੋ ਸਕਦਾ ਹੈ ?
ਅਜਿਹੇ ਬੰਦੇ ਦਾ ਮਨ ਜੋ ਅੱਖਰ ਲਿਖਦਾ ਹੈ, ਉਨ੍ਹਾਂ ਆਸਰੇ ਜੀਵ ਦਾ ਭਲਾ ਕਿਵੇਂ ਹੋ ਸਕਦਾ ਹੈ ?
ਉਹ ਪਰਮਾਤਮਾ ਨਾਲ ਕਿਵੇਂ ਇਕ-ਮਿਕ ਹੋ ਸਕਦਾ ਹੈ ?
ਉਸ ਦਾ ਜਨਮ-ਮਰਨ ਦਾ ਗੇੜ ਕਿਵੇਂ ਮੁੱਕ ਸਕਦਾ ਹੈ ?
ਗੁਰਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਕਿ ਖਿਰਨ ਵਾਲੇ ਅੱਖਰਾਂ ਰਾਹੀਂ ਗਿਆਨ ਲੈ ਕੇ, ਸਾਨੂੰ ਮਨ ਕੋਲੋਂ ਓਹੀ ਨਾ ਖਿਰਨ ਵਾਲੇ ਅੱਖਰ ਲਿਖਵਾਉਣੇ ਚਾਹੀਦੇ ਹਨ, ਜਿਨ੍ਹਾਂ ਆਸਰੇ ਮਨ ਦਾ ਆਪਣੇ ਮੂਲ ਨਾਲ ਪਿਆਰ ਵਧੇ, ਕਰਤਾਰ, ਮਨ ਤੇ ਦਿਆਲ ਹੋ ਕੇ, ਉਸ ਨੂੰ ਆਪਣੇ ਨਾਲ ਇਕ-ਮਿਕ ਕਰ ਲਵੇ ਅਤੇ ਮਨ ਆਪਣੇ ਜੀਵਨ ਦੀ ਬਾਜ਼ੀ ਜਿੱਤ ਜਾਵੇ।
ਜਿਹੜੇ ਜੀਵ ਆਪਣੇ ਸਵਾਰਥ ਲਈ, ਹਉਮੈ ਅਧੀਨ ਮਨ ਨੂੰ ਭਟਕਣੋਂ ਨਹੀਂ ਰੋਕਦੇ, ਉਨ੍ਹਾਂ ਦੇ ਮਨ ਆਪਣੀ ਜੀਵਨ ਖੇਡ ਕਿਵੇਂ ਜਿੱਤ ਸਕਦੇ ਹਨ ?
ਹੁਣ ਦੋਵੇਂ ਅੱਖਰ ਸਾਡੇ ਸਾਮ੍ਹਣੇ ਹਨ, ਇਨ੍ਹਾਂ ਅੱਖਰਾਂ ਦੀ ਸੋਝੀ ਕਰੋੜਾਂ ਰੁਪਏ ਖਰਚ ਕੇ ਨਹੀਂ ਹੋ ਸਕਦੀ। ਇਨ੍ਹਾਂ ਅੱਖਰਾਂ ਬਾਰੇ ਸੋਝੀ ਸਿਰਫ-ਤੇ-ਸਿਰਫ ਸੱਚੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਹੋ ਸਕਦੀ ਹੈ। ਪਰ ਚਤੁਰ ਪੁਜਾਰੀ ਲਾਣੇ ਨੇ ਆਪਣੇ ਸਵਾਰਥ ਲਈ ਗੁਰਬਾਣੀ ਦੇ ਅਰਥ ਹੀ ਬਦਲ ਦਿੱਤੇ ਹਨ, ਗੁਰਬਾਣੀ ਬੜੇ ਸਾਫ ਲਫਜ਼ਾਂ ਵਿਚ ਕਹਿੰਦੀ ਹੈ ਕਿ ਇਸ ਸੰਸਾਰ ਵਿਚਲੀ ਹਰ ਚੀਜ਼, ਸੂਰਜ-ਚੰਦ-ਤਾਰੇ-ਧਰਤੀ, ਹਵਾ-ਪਾਣੀ-ਅੱਗ, ਪਹਾੜ-ਮੈਦਾਨ ਅਤੇ ਬਨਸਪਤੀ ਆਦਿ ਹਰ ਚੀਜ਼, ਹਰ ਵੇਲੇ ਪ੍ਰਭੂ ਦਾ ਸਿਮਰਨ ਕਰ ਰਹੇ ਹਨ।
ਉਹ ਕਿਵੇਂ ਕਰ ਰਹੇ ਹਨ ?
ਬੜੀ ਸਾਫ ਜਿਹੀ ਗੱਲ ਹੈ ਕਿ ਉਹ ਹਰ ਵੇਲੇ ਰੱਬ ਦੇ ਹੁਕਮ, ਉਸ ਦੀ ਰਜ਼ਾ ਵਿਚ ਚੱਲ ਰਹੇ ਹਨ। ਅਤੇ ਬੰਦੇ ਨੂੰ ਵੀ ਇਵੇਂ ਹੀ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ, ਪਰ ਸਿੱਖੀ ਦੇ ਆਪੂੰ ਬਣੇ ਠੇਕੇਦਾਰਾਂ ਨੇ ਢੋਲਕੀਆਂ-ਛੈਣਿਆਂ, ਵਾਜਿਆਂ-ਤਬਲਿਆਂ ਦੀ ਤਾਨ ਤੇ, ਉੱਚੀ ਉੱਚੀ ਵਾਹਿਗੁਰੂ-ਵਾਹਿਗੁਰੂ ਲਫਜ਼ ਦੇ ਰਟਨ ਨੂੰ ਹੀ ਸਿਮਰਨ ਬਣਾ ਦਿੱਤਾ ਹੈ। ਇਹ ਮਿੱਥ ਦਿੱਤਾ ਹੈ ਕਿ ਉਨ੍ਹਾਂ (ਪੁਜਾਰੀਆਂ) ਤੋਂ ਵਿਧੀ-ਵਿਧਾਨ ਸਿੱਖੇ ਬਗੈਰ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਨੂੰ ਪਾਪ ਲਗਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਉਸ ਨੂੰ ਰੁਮਾਲਿਆਂ ਵਿਚ ਲਪੇਟ ਕੇ ਰੱਖਣਾ ਹੈ, ਉਸ ਲਈ ਸਰਦੀਆਂ ਵਿਚ ਹੀਟਰ ਆਦਿ ਲਾਉਣੇ ਅਤੇ ਗਰਮੀਆਂ ਵਿਚ ਕੂਲਰ ਅਤੇ ਏ.ਸੀ. ਆਦਿ ਲਾਉਣੇ ਹੀ ਸੇਵਾ ਹੈ। ਕੁਝ ਬੇਅਕਲੇ ਪੁਜਾਰੀ ਤਾਂ ਇਹ ਵੀ ਪਰਚਾਰ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਕੜਾਹ-ਪਰਸ਼ਾਦ ਵੀ ਛਕਦੇ ਹਨ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਆਪ ਸੇਧ ਦਿੰਦੇ ਹਨ,
ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥੭॥
ਗੁਰੂ ਦੀ ਸੇਵਾ, ਉਸ ਦੇ ਸ਼ਬਦ, ਉਸ ਦੇ ਉਪਦੇਸ਼ ਦੀ ਵਿਚਾਰ ਕਰਨਾ ਅਤੇ ਉਸ ਤੇ ਅਮਲ ਕਰਨਾ ਹੀ ਹੈ। ਉਸ ਵਿਚਾਰ ਕੀਤੇ ਦਾ ਸ੍ਰੇਸ਼ਟ (ਸਭ ਤੋਂ ਵਧੀਆ) ਸਿੱਟਾ ਇਹੀ ਨਿਕਲਦਾ ਹੈ ਕਿ ਬੰਦੇ ਦੇ ਅੰਦਰੋਂ ਹਉਮੈ (ਜੋ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ) ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ।
ਹੁਣ ਇਹ ਸਾਡੇ ਵਿਚਾਰਨ ਦੀ ਗੱਲ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਆਸਰੇ, ਹਉਮੈ (ਪਰਮਾਤਮਾ ਤੋਂ ਅੱਡਰੀ ਹੋਂਦ ਦੀ ਸੋਚ) ਨੂੰ ਖਤਮ ਕਰ ਕੇ, ਮਨ ਤੋਂ ਪ੍ਰਭੂ ਨਾਲ ਪਿਆਰ ਦੇ ਅੱਖਰ ਲਿਖਵਾਉਣੇ ਹਨ ? ਜਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਿਆਂ ਵਿਚ ਲਪੇਟ ਕੇ, ਉਸ ਲਈ ਦੁਨਿਆਵੀ ਸਹੂਲਤਾਂ ਦੇ ਸਾਧਨ ਵਰਤ ਕੇ, ਹਉਮੈ ਨੂੰ ਪਰਫੁੱਲਤ ਕਰ ਕੇ ਆਪਣੇ ਮਨ ਕੋਲੋਂ, ਰੱਬ ਦੀ ਕਿਰਤ ਨਾਲ ਹੀ ਪਿਆਰ ਪਾਉਣ ਦੇ ਅੱਖਰ ਲਿਖਵਾਉਣੇ ਹਨ ?
ਇਹ ਅੱਖਰ, ਹਰ ਮਨ ਆਪਣੇ ਹਿਸਾਬ ਨਾਲ ਅਲੱਗ-ਅਲੱਗ ਲਿਖਦਾ ਹੈ, ਉਨ੍ਹਾਂ ਅਨੁਸਾਰ ਹੀ ਉਸ ਦਾ ਸੁਭਾਉ ਬਣਦਾ ਹੈ, ਇਸ ਸੁਭਾਉ ਅਨੁਸਾਰ ਹੀ ਉਹ ਜਨਮਾਂ-ਜਨਮਾਂ ਦੇ ਕੰਮ ਕਰਦਾ ਅਤੇ ਉਨ੍ਹਾਂ ਦਾ ਲੇਖਾ ਭੁਗਤਾ ਰਹਿੰਦਾ ਹੈ।
ਗੁਰਮਤਿ ਦੇ ਪਰਚਾਰਕ, ਪਤਾ ਨਹੀਂ ਕਿਹੜੀ ਗੁਰਮਤਿ ਤੋਂ ਸੇਧ ਲੈ ਕੇ ਪਰਚਾਰ ਕਰਦੇ ਹਨ ਕਿ,
ਗੁਰਮਤਿ ਵਿਚ ਆਵਾ-ਗਵਣ ਹੈ ਹੀ ਨਹੀਂ ? ?
ਕੋਈ ਲੇਖਾ ਜੋਖਾ ਹੈ ਹੀ ਨਹੀਂ ? ?
ਖੈਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਕੁਝ ਸੰਕੋਚ ਕੇ, ਉਸ ਦੀ ਸਿਖਿਆ ਨੂੰ ਜਾਣੀਏ ਅਤੇ ਉਸ ਸਿਖਿਆ ਅਨੁਸਾਰ ਜੀਵਨ ਢਾਲੀਏ ਤਾਂ ਯਕੀਨਨ, ਮਨ, ਪ੍ਰਭੂ ਨਾਲ ਪਿਆਰ ਦੇ ਅੱਖਰ ਹੀ ਲਿਖੇਗਾ ਅਤੇ ਅਸੀਂ ਇਹ ਮਨੁੱਖਾ ਜਨਮ ਸਫਲ ਕਰ ਕੇ ਹੀ ਜਾਵਾਂਗੇ।
ਅਮਰ ਜੀਤ ਸਿੰਘ ਚੰਦੀ