ਮਸਲਾ ਪ੍ਰੋ: ਇੰਦਰ ਸਿੰਘ ਘੱਗਾ ਜੀ ਵਿਰੁੱਧ ਘਟੀਆ ਪ੍ਰਚਾਰ ਕਰਨ ਦਾ ।
ਧਾਰਮਿਕ ਭਾਵਨਾਵਾਂ ਦੇ ਨਾਮ ਤੇ ਸ਼ਾਂਤ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਕਿਉਂਕਿ ਵਿਗੜੇ ਹੋਏ ਅਸ਼ਾਂਤ ਮਾਹੌਲ ਦਾ ਲਾਭ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਇਸ ਦਾ ਨੁਕਸਾਨ ਹਰੇਕ ਨੂੰ ਹੀ ਹੁੰਦਾ ਹੈ ।
ਸਿੱਖ ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ਜੀ ਵੱਲੋਂ ਰੱਖੜੀ ਵਿਸ਼ੇ ਤੇ ਇੱਕ ਲੇਖ ਲਿਖਿਆ ਗਿਆ ਸੀ, ਇਹ ਲੇਖ ਮਈ 2010 ਵਿੱਚ ਲਿਖੀ ਉਨ੍ਹਾਂ ਦੀ ਕਿਤਾਬ ਬੇਗਾਨੀ ਧੀ, ਪਰਾਇਆ ਧਨ........? ਵਿੱਚ ਛਪਿਆ ਹੋਇਆ ਹੈ । ਇਹੀ ਲੇਖ ਰੱਖੜੀ ਦੇ ਦਿਨ੍ਹਾਂ ਵਿੱਚ ਬਾਘਾਪੁਰਾਣਾ (ਮੋਗਾ) ਤੋਂ ਛਪਦੇ ਮਾਲਵਾ ਮੇਲ ਅਖਬਾਰ ਵਿੱਚ ਛਪ ਗਿਆ । ਇਸ ਲੇਖ ਦੇ ਛਪਣ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਗਈ । ਜਿਸ ਕਾਰਨ ਉਨ੍ਹਾਂ ਨੇ ਅਖਬਾਰ ਦੇ ਸੰਪਾਦਕ ਫੂਲ ਮਿੱਤਲ ਅਤੇ ਲੇਖ ਦੇ ਲੇਖਕ ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਧਰਨੇ ਮੁਜਾਹਰੇ ਕੀਤੇ । ਅਖਬਾਰ ਦੇ ਦਫਤਰ ਦੀ ਭੰਨ ਤੋੜ ਕੀਤੀ । ਪੁਲਿਸ ਨੇ ਅਖਬਾਰ ਦੇ ਸੰਪਾਦਕ ਫੂਲ ਚੰਦ ਮਿੱਤਲ ਅਤੇ ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ਅਧੀਨ ਪਰਚਾ ਦਰਜ ਕਰਕੇ 20 ਅਗਸਤ ਨੂੰ ਇੰਦਰ ਸਿੰਘ ਘੱਗਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ । ਘੱਗਾ ਜੀ 24 ਅਗਸਤ ਨੂੰ ਰਿਹਾ ਵੀ ਹੋ ਗਏ ਸਨ । ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ । ਪਰ ਕੁੱਝ ਘਟੀਆ ਸੋਚ ਦੇ ਮਾਲਕ ਵਿਅਕਤੀ ਹੁਣ ਵੀ ਨੀਚ ਹਰਕਤਾਂ ਕਰਨੋਂ ਨਹੀਂ ਹਟਦੇ । ਉਹ ਕਦੇ ਪ੍ਰੋ: ਘੱਗਾ ਨੂੰ ਫੋਨ ਤੇ ਧਮਕੀਆਂ ਦਿੰਦੇ ਹਨ, ਕਦੀ ਪ੍ਰੋ: ਘੱਗੇ ਦੀ ਤਸਵੀਰ ਨਾਲ ਛੇੜ-ਛਾੜ ਕਰਕੇ ਇੱਕ ਕੁੱਤੇ ਦੀ ਫੋਟੋ ਉੱਪਰ ਪ੍ਰੋ: ਘੱਗੇ ਦੀ ਫੋਟੋ ਲਗਾ ਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦੇ ਹਨ । ਕੀ ਅਜਿਹੇ ਵਿਅਕਤੀ ਧਾਰਮਿਕ ਭਾਵਨਾਵਾਂ ਵਾਲੇ ਹਨ ਜਾਂ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲੇ ਹਨ ?
ਮੇਰੀ ਸਮਝ ਅਨੁਸਾਰ ਤਾਂ ਅਜਿਹੇ ਲੋਕ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਉਹ ਧਰਮੀ ਇਨਸਾਨ ਹੋਣ ਦੀ ਥਾਂ ਧਰਮ ਦੀ ਓਟ ਵਿੱਚ ਵਿਚਰ ਰਹੇ ਗੁੰਡੇ ਹੀ ਹੁੰਦੇ ਹਨ । ਅਜਿਹੇ ਲੋਕਾਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਕੋਈ ਧਾਰਮਿਕ ਭਾਵਨਾ । ਕਿਉਂਕਿ ਸਾਰੇ ਧਰਮ ਰੱਬ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਰੱਬ ਨੂੰ ਹਰ ਇੱਕ ਦੇ ਅੰਦਰ ਵਸਦਾ ਮੰਨਦੇ ਹਨ । ਜਦੋਂ ਸਾਰਿਆਂ ਦਾ ਰੱਬ ਇੱਕ ਹੈ ਤਾਂ ਫਿਰ ਇੱਕ ਰੱਬ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਵੱਖ-ਵੱਖ ਕਿਵੇਂ ਹੋ ਸਕਦੀਆਂ ਹਨ । ਜੇ ਅਸੀਂ ਸੱਚਮੁੱਚ ਹੀ ਇੱਕ ਰੱਬ ਨੂੰ ਮੰਨਣ ਵਾਲੇ ਧਾਰਮਿਕ ਇਨਸਾਨ ਹੋਈਏ ਤਾਂ ਅਸੀਂ ਨਫਰਤ ਦੀ ਥਾਂ ਹਰ ਇੱਕ ਨੂੰ ਸਿਰਫ ਪਿਆਰ ਹੀ ਕਰਾਂਗੇ ।
ਆਪਣੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਰ ਪਾਉਣ ਵਾਲੇ ਵੀਰੋ, ਕੀ ਤੁਸੀਂ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸੰਪਾਦਕ ਫੂਲ ਚੰਦ ਮਿੱਤਲ ਜਾਂ ਇਹਨਾਂ ਦੀਆਂ ਸਮਰਥਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੇ ? ਕੀ ਤੁਹਾਨੂੰ ਇਹ ਖੁੱਲ੍ਹ ਹੈ ਕਿ ਤੁਸੀਂ ਜੋ ਮਰਜੀ ਕਹੀਂ/ਕਰੀ ਜਾਓ? ਨਹੀਂ ਧਾਰਮਿਕ ਭਾਵਨਾਵਾਂ ਸਭ ਦੀਆਂ ਹੀ ਬਰਾਬਰ ਹੁੰਦੀਆਂ ਹਨ । ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਦੇ ਨਾਲ ਨਾਲ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ । ਜੇ ਕਿਸੇ ਗੱਲ ਤੇ ਵਿਵਾਦ ਵੀ ਹੋ ਜਾਵੇ ਤਾਂ ਵੀ ਸਾਨੂੰ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਸ਼ਾਂਤਮਈ ਢੰਗ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਦੂਜੇ ਦਾ ਪੱਖ ਸੁਣਨਾ ਚਾਹੀਦਾ ਹੈ । ਅਸਲ ਵਿੱਚ ਗੱਲ ਤਾਂ ਇਹ ਹੈ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਅਤੇ ਧਾਰਮਿਕ ਕਹਾਉਣ ਵਾਲੇ ਲੋਕ ਰੱਬ ਨੂੰ ਨਹੀਂ ਮੰਨਦੇ, ਰੱਬ ਦੇ ਨਾਮ ਤੇ ਆਪਣੀ ਮੱਤ ਨੂੰ ਹੀ ਉੱਤਮ ਮੰਨਦੇ ਹਾਂ । ਜਦੋਂ ਕਿਸੇ ਹੋਰ ਵਿਅਕਤੀ ਦੀ ਗੱਲ ਸਾਡੀ ਆਪਣੀ ਮੱਤ ਤੋਂ ਉਲਟ ਹੁੰਦੀ ਹੈ ਤਾਂ ਅਸੀਂ ਉਸਨੂੰ ਆਪਣੀ ਨਿੱਜ ਮੱਤ ਦਾ ਵਿਰੋਧੀ ਮੰਨਣ ਦੀ ਥਾਂ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਵਿਰੋਧੀ ਪ੍ਰਚਾਰਕੇ ਆਪਣੇ ਧਰਮ ਪੱਖੀਆਂ ਨੂੰ ਇਕੱਠਾ ਕਰ ਲੈਂਦੇ ਹਾਂ ਅਤੇ ਇਹ ਸ਼ੋਰ ਪਾਉਣ ਲੱਗ ਜਾਂਦੇ ਹਾਂ ਕਿ ਫਲਾਣਾ ਵਿਅਕਤੀ ਸਾਡੇ ਧਰਮ ਦਾ ਵਿਰੋਧੀ ਹੈ ।
ਉਸਨੂੰ ਮਾਰੋ ਜਾਂ ਫਾਹੇ ਲਾਓ । ਵਿਚਾਰਣ ਯੋਗ ਗੱਲ ਇਹ ਹੈ ਕਿ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਹੀ ਪੁੰਨਦਾਨ ਅਤੇ ਇਨਸਾਨn ਦੇ ਭਲੇ ਦੀਆਂ ਗੱਲਾਂ ਕਰਦੇ ਹਨ ਅਤੇ ਇਨਸਾਨੀਅਤ ਦੇ ਕਾਤਿਲ ਵੀ ਅਜਿਹੇ ਅਖੌਤੀ ਧਾਰਮਿਕ ਲੋਕ ਹੀ ਹੁੰਦੇ ਹਨ । ਇਸਦਾ ਮੁੱਖ ਕਾਰਣ ਇਹ ਹੁੰਦਾ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਦੇ ਗ੍ਰੰਥਾਂ ਦੇ ਗਿਆਨ ਤੋਂ ਕੋਰੇ ਹੁੰਦੇ ਹਨ। ਹਰ ਧਰਮ ਦੇ 99% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਹੈ । ਕਿਉਂਕਿ ਹਰ ਇੱਕ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੇ ਗ੍ਰੰਥਾਂ ਨੂੰ ਆਪ ਪੜ੍ਹਣ ਦੀ ਥਾਂ ਭਾੜੇ ਦੇ ਪੁਜਾਰੀ ਰੱਖੇ ਹੁੰਦੇ ਹਨ । ਉਨ੍ਹਾਂ ਤੋਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਵਾ ਕੇ ਜਾਂ ਉਨ੍ਹਾਂ ਵੱਲੋਂ ਫੈਲਾਏ ਗਏ ਝੂਠ ਪਾਖੰਡ ਨੂੰ ਬਿਨ੍ਹਾਂ ਸੋਚੇ ਵਿਚਾਰੇ ਹੀ ਮੰਨ ਕੇ ਅਸੀਂ ਧਾਰਮਿਕ ਹੋਣ ਦਾ ਭਰਮ ਪਾਲ ਬੈਠਦੇ ਹਾਂ ਜਿਸ ਕਾਰਨ ਆਪਣੇ ਵੱਲੋਂ ਅਪਣਾਏ ਧਰਮ ਮੱਤ ਨੂੰ ਸਭ ਤੋਂ ਉੱਤਮ ਅਤੇ ਦੂਜੇ ਧਰਮ ਮੱਤਾਂ ਨੂੰ ਨੀਵਾਂ ਸਮਝਣਾ ਹੀ ਸਾਡੀ ਧਾਰਮਿਕਤਾ ਹੁੰਦੀ ਹੈ । ਆਪਣੇ ਧਰਮ ਦੀ ਅਸਲੀਅਤ ਦਾ ਗਿਆਨ ਨਾ ਹੋਣ ਕਾਰਨ ਜਦੋਂ ਕੋਈ ਸਿਆਣਾ ਵਿਅਕਤੀ (ਉਹ ਭਾਵੇਂ ਸਾਡੀ ਮੱਤ ਦਾ ਹੋਵੇ ਜਾਂ ਕਿਸੇ ਹੋਰ ਮੱਤ ਦਾ ਹੋਵੇ) ਸਾਨੂੰ ਸਾਡੇ ਧਰਮ ਜਾਂ ਧਰਮ ਗ੍ਰੰਥਾਂ ਵਿਚਲੀਆਂ ਕਮਜੋਰੀਆਂ (ਉਣਤਾਈਆਂ) ਨੂੰ ਸਾਡੇ ਸਾਹਮਣੇ ਨੰਗੀਆਂ ਕਰਦਾ ਹੈ । ਫਿਰ ਉਸ ਸਮੇਂ ਸਾਡੇ ਕੋਲ ਨਾ ਤਾਂ ਆਪਣੇ ਧਰਮ ਦੀ ਸਹੀ ਜਾਣਕਾਰੀ ਹੁੰਦੀ ਹੈ, ਨਾ ਹੀ ਵਿਚਾਰ ਕਰਨ ਦੀ ਯੋਗਤਾ ਅਤੇ ਨਾ ਹੀ ਸੱਚ ਸੁਨਣ ਦੀ ਸਮੱਰਥਾ ਹੁੰਦੀ ਹੈ । ਬੱਸ ਫਿਰ ਉਸੇ ਸਮੇਂ ਸਾਡੀਆਂ ਭਾਵਨਾਵਾਂ (ਝੂਠੀਆਂ ਮੱਤਾਂ) ਨੂੰ ਠੇਸ ਪਹੁੰਚ ਜਾਂਦੀ ਹੈ । ਜਿਸ ਕਾਰਨ ਅਸੀਂ ਸੱਚ ਨੂੰ ਸੁਣ ਕੇ ਆਪਣੀਆਂ ਕਮਜੋਰੀਆਂ ਨੂੰ ਦੂਰ ਕਰਨ ਦੀ ਥਾਂ ਸੱਚ ਬੋਲਣ (ਸਾਡੀਆਂ ਕਮਜੋਰੀਆਂ ਨੂੰ ਨੰਗੀਆਂ ਕਰਨ) ਵਾਲੇ ਦੇ ਵਿਰੁੱਧ ਭੜਕ ਜਾਂਦੇ ਹਾਂ ਤੇ ਉਸਨੂੰ ਮਾਰਨ ਤੇ ਉਤਰ ਆਉਂਦੇ ਹਾਂ ।
ਪ੍ਰੋ: ਇੰਦਰ ਸਿੰਘ ਘੱਗਾ ਦਾ ਵਿਰੋਧ ਕਰਨ ਵਾਲੇ ਹਿੰਦੂ ਵੀਰ ਜੇਕਰ ਆਪਣੇ ਦੇਵੀ ਦੇਵਤਿਆਂ ਬਾਰੇ ਆਪਣੇ ਹੀ ਧਰਮ ਗ੍ਰੰਥਾਂ ਵਿੱਚ ਲਿਖਿਆ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਲੇਖ ਵਿੱਚ ਤਾਂ ਕੁੱਝ ਵੀ ਗਲਤ ਨਹੀਂ ਹੈ । ਸਾਡੇ ਧਰਮ ਬਾਰੇ ਤਾਂ ਸਾਡੇ ਆਪਣੇ ਹੀ ਗ੍ਰੰਥਾਂ ਵਿੱਚ ਬਹੁਤ ਕੁੱਝ ਮਾੜਾ ਲਿਖਿਆ ਹੋਇਆ ਹੈ । ਜੇ ਅਜਿਹੀਆਂ ਲਿਖਤਾਂ ਨੂੰ ਭਾਵਨਾਵਾਂ ਦੇ ਭਰਮ ਤੋਂ ਉੱਚਾ ਉੱਠ ਕੇ ਪੜ੍ਹਿਆ ਵਿਚਾਰਿਆ ਜਾਵੇ ਤਾਂ ਹਿੰਦੂ ਵੀਰਾਂ ਨੂੰ ਆਪਣੇ ਧਰਮ ਦੀ ਅਸਲੀਅਤ ਬਾਰੇ ਪਤਾ ਲੱਗ ਜਾਵੇਗਾ ਕਿ ਕਮੀ ਕਿੱਥੇ ਹੈ ਤੇ ਭਾਵਨਾਵਾਂ ਕੀ ਹਨ ਤੇ ਕੌਣ ਇਨ੍ਹਾਂ ਨੂੰ ਠੇਸ ਪਹੁੰਚਾਉਂਦਾ ਹੈ। ਪਰ ਜੇਕਰ ਬਿਨ੍ਹਾਂ ਸੋਚੇ ਵਿਚਾਰੇ ਇਸੇ ਤਰ੍ਹਾਂ ਹੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸ਼ੋਰ ਪਾਉਣਾ ਹੈ ਤਾਂ ਆਮ ਲੇਖਕਾਂ ਜਾਂ ਸੰਪਾਦਕਾਂ ਦੀ ਥਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਸਮੂਹ ਰਚਨਹਾਰਿਆਂ (ਗੁਗੂਆਂ/ਭਗਤਾਂ) ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਵਾ ਦੇਣਾ ਚਾਹੀਦਾ ਹੈ ਕਿਉਂਕਿ ਮੇਰੀ ਸੋਚ ਮੁਤਾਬਿਕ ਦੁਨੀਆਂ ਦਾ ਸਭ ਤੋਂ ਵੱਡਾ ਸੱਚ ਗੁਰਬਾਣੀ ਵਿੱਚ ਹੀ ਦਰਜ ਹੈ । ਗੁਰਬਾਣੀ ਵਿੱਚ ਤਾਂ ਹੋਰ ਵੀ ਬਹੁਤ ਕੁੱਝ ਲਿਖਿਆ ਹੈ ਪਰ ਸਿਰਫ ਟੂਕ ਮਾਤਰ ਉਦਹਾਰਣ ਲਈ ਸਿਰਫ ਇੱਕ ਸ਼ਬਦ ਲਿਖ ਰਿਹਾ ਹਾਂ ਜਿਵੇਂ ਕਿ ਗੁਰਵਾਕ ਹੈ :-
"ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਂਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ (ਪੰਨਾ ਨੰ: 874)
ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਹੇਠ ਲਿਖੇ ਅਨੁਸਾਰ ਕੀਤੇ ਹਨ :-
ਅਰਥ :- ਹੇ ਪਾਂਡੇ, ਮੈ ਤਾਂ ਇਸ ਜਨਮ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ ਤੈਨੂੰ ਦਰਸ਼ਨ ਨਹੀਂ
ਹੋਇਆ,) ਆ ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ ।1। ਰਹਾਉ ॥ ਹੇ ਪਾਂਡੇ, (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇੱਕ ਵਾਰੀ ਸ਼ਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆਕੇ ਇਹ) ਇੱਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਗੜਾ-ਲੰਗੜਾ ਕੇ ਤੁਰਨ ਲੱਗੀ ।1। ਹੇ ਪਾਂਡੇ (ਫਿਰ ਤੂੰ ਜਿਸ ਸ਼ਿਵਜੀ ਦੀ ਅਰਾਧਨਾ ਕਰਦਾ ਹੈਂ, ਉਸਨੂੰ ਤੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸ਼ਰਾਪ ਦੇ ਦਿੰਦਾ ਹੈ, ਭਸਮ ਕਰ ਦਿੰਦਾ ਹੈਂ । ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਵਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਜਾਂਦਾ ਵੇਖਿਆ, (ਭਾਵ ਤੂੰ ਦੱਸਦਾ ਹੈਂ ਕਿ ਸ਼ਿਵਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਨੇ ਸ਼ਰਾਪ ਦੇ ਕੇ) ਉਸਦਾ ਮੁੰਡਾ ਮਾਰ ਦਿੱਤਾ ।2॥ ਹੇ ਪਾਂਡੇ, ਤੇਰੇ ਸ਼੍ਰੀ ਰਾਮ ਚੰਦਰ ਜੀ ਵੀ ਆਉਂਦੇ ਵੇਖੇ ਹਨ (ਭਾਵ ਜਿਸ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ ਉਹਨਾਂ ਦੀ ਬਾਬਤ ਭੀ ਤੈਥੋਂ ਅਸਾਂ ਇਹੀ ਕੁੱਝ ਸੁਣਿਆ ਹੈ ਕਿ) ਰਾਵਣ ਨਾਲ ਉਨ੍ਹਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ।3। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ । ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ । (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ ਹੀਣ ਕਹਾਣੀਆਂ ਘੜਨ ਲਗ ਪਿਆ ਅਤੇ ਦੂਜੀ ਗਵਾਈ ਜਦੋਂ ਉਹ ਪ੍ਰਮਾਤਮਾ ਨੂੰ ਨਿਰਾ ਮੰਦਰਾਂ ਵਿੱਚ ਬੈਠਾ ਸਮਝ ਕੇ) ਮੰਦਰਾਂ ਨੂੰ ਪੂਜਣ ਲੱਗ ਪਿਆ । ਮੁਸਲਮਾਨ (ਦੀ ਹਜਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ । ਮੈਂ ਨਾਮਦੇਵ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸਦਾ ਨਾ ਕੋਈ ਖਾਸ ਮੰਦਰ ਹੈ ਤੇ ਨਾ ਮਸਜਿਦ ॥4॥3॥7॥
ਸਾਡੀ ਮੱਤ ਅਨੁਸਾਰ ਤਾਂ ਇਸ ਸ਼ਬਦ ਦੇ ਰਚਨਹਾਰੇ ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਵਿਰੁੱਧ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਸਕਦਾ ਹੈ । ਕਿਉਂਕਿ ਇਸ ਸ਼ਬਦ ਵਿੱਚ ਹਿੰਦੂਆਂ ਦੇ ਸਤਿਕਾਰਤ ਅਵਤਾਰਾਂ ਬਾਰੇ ਕੀ ਕੁੱਝ ਲਿਖਿਆ ਹੈ । ਪਰ ਨਹੀਂ, ਭਗਤ ਨਾਮਦੇਵ ਜੀ ਨੇ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਈ ਕਿਉਂਕਿ ਉਸਨੇ ਤਾਂ ਉਹੀ ਕੁੱਝ ਨੰਗਾ ਕੀਤਾ ਹੈ, ਜੋ ਕੁੱਝ ਹਿੰਦੂ ਧਰਮ ਗ੍ਰੰਥਾਂ ਵਿੱਚ ਇਹਨਾਂ ਅਵਤਾਰਾਂ ਬਾਰੇ ਲਿਖਿਆ ਹੋਇਆ ਹੈ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਿੰਦੂ ਦੇਵੀ ਦੇਵਤਿਆਂ ਬਾਰੇ ਹੋਰ ਵੀ ਬਹੁਤ ਕੁੱਝ ਲਿਖਿਆ ਹੋਇਆ ਹੈ । ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਛੱਡੋ, ਹਿੰਦੂ ਗ੍ਰੰਥਾਂ ਵਿੱਚ ਵੀ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ । ਉਦਹਾਰਣ ਤੌਰ ਤੇ ਜਿਵੇਂ ਭਗਵਾਨ ਰਾਮ ਚੰਦਰ ਜੀ ਵੱਲੋਂ ਸੀਤਾ ਮਾਤਾ ਨੂੰ ਘਰੋਂ ਕੱਢ ਦੇਣਾ, ਸ਼ੰਭੂਕ ਰਿਸ਼ੀ ਦਾ ਕਤਲ ਕਰ ਦੇਣਾ, ਪਾਂਡਵਾਂ ਵੱਲੋਂ ਜੂਆ ਖੇਡਦੇ ਸਮੇਂ ਆਪਣੀ ਧਰਮ ਪਤਨੀ ਦਰੋਪਦਾਂ ਜੀ ਨੂੰ ਜੂਏ ਵਿੱਚ ਹਾਰ ਜਾਣਾ, ਕ੍ਰਿਸ਼ਨ ਭਗਵਾਨ ਜੀ ਵੱਲੋਂ ਨਹਾਉਂਦੀਆਂ ਕੁੜੀਆਂ ਦੇ ਕੱਪੜੇ ਚੁੱਕ ਕੇ ਉਨ੍ਹਾਂ ਨੂੰ ਨੰਗੀਆਂ ਹੀ ਪਾਣੀ ਵਿੱਚੋਂ ਬਾਹਰ ਆਉਣ ਲਈ ਕਹਿਣਾ, ਦੇਵੀਆਂ ਦੇ ਮੰਦਰਾਂ ਵਿੱਚ ਸ਼ਰਾਬ ਦਾ ਚੜ੍ਹਾਵਾ ਚੜ੍ਹਣਾ ਆਦਿ । ਕੀ ਇਹੀ ਕੁੱਝ ਧਰਮ ਹੈ ? ਮੈਂ ਤਾਂ ਹਿੰਦੂ ਵੀਰਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਵੀਰੋ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਸ਼ਾਂਤ ਰੱਖਿਆ ਕਰੋ, ਸਹਿਣਸ਼ੀਲਤਾ ਦਾ ਪੱਲਾ ਨਾ ਛੱਡਿਆ ਕਰੋ । ਤੁਹਾਡਾ ਧਰਮ ਸ਼ਾਇਦ ਸਭ ਤੋਂ ਪੁਰਾਣਾ ਧਰਮ ਹੈ । ਇਸ ਦੇ ਗ੍ਰੰਥਾਂ ਵਿੱਚ ਬਹੁਤ ਕੁੱਝ ਅਜਿਹਾ ਹੈ, ਜੋ ਇਨਸਾਨੀਅਤ ਦੇ ਪੱਧਰ ਤੋਂ ਬੁਹਤ ਨੀਵਾਂ ਹੈ । ਜਦੋਂ ਅਸੀਂ ਅਜਿਹੇ ਗ੍ਰੰਥਾਂ ਦੇ ਪੈਰੋਕਾਰ ਕਹਾਵਾਂਗੇ ਤਾਂ ਜਿੱਥੇ ਅਜਿਹੇ ਗ੍ਰੰਥਾਂ ਵਿਚਲੀਆਂ ਚੰਗੀਆਂ ਗੱਲਾਂ (ਕਥਾ ਕਹਾਣੀਆਂ ਨਾਲ) ਸਾਡਾ ਸਿਰ ਉੱਚਾ ਹੋਵੇਗਾ, ਉੱਥੇ ਇਨ੍ਹਾਂ ਵਿਚਲੀਆਂ ਨੀਵੇਂ ਪੱਧਰ ਦੀਆਂ ਕਥਾ ਕਹਾਣੀਆਂ ਨਾਲ ਸਿਰ ਨੀਵਾਂ ਵੀ ਸਾਡਾ ਹੀ ਹੋਵੇਗਾ ।
ਤੁਹਾਨੂੰ ਤਾਂ ਕੀ ਦੋਸ਼ ਹੈ ਕਿਉਂਕਿ ਤੁਹਾਡਾ ਧਰਮ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ, ਉਦੋਂ ਦਾ ਪੁਜਾਰੀਆਂ ਦੇ ਹੱਥਾਂ ਵਿੱਚ ਹੈ ਜਿਸਦੀ ਤੁਹਾਨੂੰ ਨਾਮੋਸ਼ੀ ਝੱਲਣੀ ਪੈ ਰਹੀ ਹੈ । ਤੁਸੀਂ ਸਾਡੇ (ਸਿੱਖਾਂ) ਵੱਲ ਵੇਖੋ ਸਾਡਾ ਧਰਮ ਤਾਂ ਪੰਜ ਕੁ ਸੌ ਸਾਲ ਪੁਰਾਣਾ ਹੀ ਹੈ, ਨਾਲੇ ਇਸ ਵਿੱਚ ਪੁਜਾਰੀਆਂ ਲਈ ਵੀ ਕੋਈ ਥਾਂ ਨਹੀਂ ਹੈ । ਫਿਰ ਵੀ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ (ਰਾਗ ਮਾਲਾ ਤੋਂ ਬਗੈਰ) ਇਸਦੇ ਇਤਿਹਾਸ ਅਤੇ ਹੋਰ ਗ੍ਰੰਥਾਂ ਵਿੱਚ ਇੰਨੀ ਮਿਲਾਵਟ ਕਰ ਦਿੱਤੀ ਜਾਂ ਪੂਰੇ ਦੇ ਪੂਰੇ ਗ੍ਰੰਥ ਹੀ ਅਜਿਹੇ ਤਿਆਰ ਕਰ ਦਿੱਤੇ ਜੋ ਤੁਹਾਡੇ ਗ੍ਰੰਥਾਂ ਨਾਲੋਂ ਵੀ ਵੱਧ ਮਾੜੇ ਹਨ । ਜਿਵੇਂ ਕਿ ਅਖੌਤੀ ਦਸ਼ਮ ਗ੍ਰੰਥ ਹੈ । ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਇਨੀ ਅਸ਼ਲੀਲਤਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕੋਗੇ । ਪਰ ਸਾਡੇ ਧਰਮ ਦੇ ਪੁਜਾਰੀ, ਠੇਕੇਦਾਰ ਹੀ ਇਸ ਅਸ਼ਲੀਲ ਗ੍ਰੰਥ ਨੂੰ ਸਿੱਖ ਕੌਮ ਅਤੇ ਗੁਰੂ ਗੋਬਿੰਦ ਸਿੰਘ ਦੇ ਗਲ ਮੜ੍ਹਣ ਲਈ ਤਰਲੋ ਮੱਛੀ ਹੋ ਰਹੇ ਹਨ । ਪਰ ਸਾਡੇ ਕੁੱਝ ਜਾਗਰੂਕ ਸਿੱਖ ਇਸਦਾ ਵਿਰੋਧ ਕਰ ਰਹੇ ਹਨ । ਹੋ ਸਕਦੈ ਉਨ੍ਹਾਂ ਦੀ ਮਿਹਨਤ ਸਦਕਾ ਸਿੱਖ ਕੌਮ ਦਾ ਇਸ ਅਸ਼ਲੀਲ ਗ੍ਰੰਥ ਤੋਂ ਖਹਿੜਾ ਛੁੱਟ ਜਾਵੇ । ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਾਂਗ ਸਾਡੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸਾਂ ਪਹੁੰਚਿਆ ਕਰਨਗੀਆਂ । ਇਹ ਵੀ ਫਿਰ ਸੱਚ ਲਿਖਣ ਤੇ ਬੋਲਣ ਵਾਲਿਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਵਾਇਆ ਕਰਨਗੇ । ਹੁਣ ਅੱਖਾਂ ਮੀਟ ਕੇ ਉਸ ਅਸ਼ਲੀਲ ਗ੍ਰੰਥ ਨੂੰ ਮੱਥੇ ਟੇਕ ਰਹੇ ਹਨ । ਫਿਰ ਅਸੀਂ ਵੀ ਤੁਹਾਡੇ ਨਾਲ ਹੀ ਰਲ ਜਾਵਾਂਗੇ । ਫਿਰ ਅਸੀਂ (ਸਿੱਖ) ਤੇ ਤੁਸੀਂ (ਹਿੰਦੂ) ਇਕੱਠੇ ਹੋ ਕੇ ਸੱਚ ਬੋਲਣ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਇਆ ਕਰਾਂਗੇ । ਪਰ ਸੱਚ ਤਾਂ ਇਹ ਹੈ ਕਿ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜਣ ਦਾ ਰੌਲਾ ਪਾਉਂਦੇ ਹਨ, ਅਸਲ ਵਿੱਚ ਨਾ ਤਾਂ ਉਹ ਧਰਮੀ ਹੁੰਦੇ ਹਨ ਅਤੇ ਨਾ ਹੀ ੳਨ੍ਹਾਂ ਦੀਆਂ ਕੋਈ ਭਾਵਨਾਵਾਂ ਹੁੰਦੀਆਂ ਹਨ ।
ਕਿਉਂਕਿ ਧਰਮੀ ਅਤੇ ਜਿਉਂਦੀਆਂ ਭਾਵਨਾਵਾਂ ਵਾਲੇ ਇਨਸਾਨ ਸਾਡੇ ਵਾਂਗ ਇਨਸਾਨੀਅਤ ਤੋਂ ਗਿਰੀਆਂ ਗੱਲਾਂ (ਕਥਾ/ਕਹਾਣੀਆਂ) ਦੇ ਪੈਰੋਕਾਰ ਨਹੀਂ ਹੁੰਦੇ । ਜੋ ਇਨਸਾਨ ਇਨਸਾਨੀਅਤ ਤੇ ਪੈਹਰਾ ਦਿੰਦੇ ਹੋਏ ਸੱਚ ਬੋਲਦੇ ਜਾਂ ਸੱਚ ਲਿਖਦੇ ਹਨ ਅਸਲ ਵਿੱਚ ਉਹੀ ਧਾਰਮਿਕ ਭਾਵਨਾਵਾਂ ਵਾਲੇ ਹੁੰਦੇ ਹਨ । ਪਰ ਇਸਦੇ ਉਲਟ ਅਸੀਂ ਅਖੌਤੀ ਧਾਰਮਿਕ ਭਾਵਨਾਵਾਂ ਵਾਲੇ ਆਪਣੇ ਆਪ ਨੂੰ ਧਰਮੀ ਹੋਣ ਦਾ ਸ਼ੋਰ ਪਾ ਕੇ (ਚੋਰ ਮਚਾਵੇ ਸ਼ੋਰ ਦੀ ਕਹਾਵਤ ਅਨੁਸਾਰ) ਸੱਚੇ ਧਰਮੀਆਂ ਨੂੰ ਦੋਸ਼ੀ ਸਿੱਧ ਕਰਕੇ ਉਨ੍ਹਾਂ ਉੱਤੇ ਪਰਚੇ ਦਰਜ ਕਰਵਾ ਦਿੰਦੇ ਹਾਂ, ਜਾਂ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਹਾਂ । ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਅਖੌਤੀ ਧਰਮੀ, ਝੂਠੇ ਲੋਕ ਵੱਧ ਗਿਣਤੀ ਵਿੱਚ ਹੋਣ ਕਰਕੇ ਝੂਠ ਨੂੰ ਨੰਗਾ ਨਹੀਂ ਹੋਣ ਦਿੰਦੇ ਅਤੇ ਸੱਚ ਨੂੰ ਛੁਪਾ ਕੇ ਰੱਖਦੇ ਹਨ ਉਥੇ ਅਸਲੀ ਧਰਮੀ ਸੱਚੇ ਲੋਕ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸੱਚ ਨੂੰ ਪ੍ਰਗਟ ਕਰਕੇ ਝੂਠ ਨੂੰ ਨੰਗਾ ਕਰ ਹੀ ਜਾਂਦੇ ਹਨ । ਮੈਂ ਤਾਂ ਅਖੀਰ ਵਿੱਚ ਇਹੀ ਕਹਾਂਗਾ ਕਿ ਸਾਨੂੰ ਆਪਣੀਆਂ ਝੂਠੀਆਂ ਭਾਵਨਾਵਾਂ ਵਾਲਿਆਂ ਨੂੰ ਦੂਜਿਆਂ ਦੀਆਂ ਸੱਚਿਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ । ਉਨ੍ਹਾਂ ਦਾ ਕਤਲ ਨਹੀਂ ਕਰਨਾ ਚਾਹੀਦਾ । ਉਂਝ ਭਾਵਨਾਵਾਂ ਤਾਂ ਠੱਗਾਂ, ਚੋਰਾਂ, ਲੁਟੇਰਿਆਂ, ਬਲਾਤਕਾਰੀਆਂ, ਕਾਤਲਾਂ ਆਦਿ ਸਭ ਦੀਆਂ ਹੀ ਹੁੰਦੀਆਂ ਹਨ । ਜਦੋਂ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ । ਜਿਵੇਂ ਕਿ ਹੁਣ ਆਸ਼ਾਰਾਮ ਜਾਂ ਆਸ਼ਾਰਾਮ ਦੇ ਸਮਰਥਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਰਹੀ ਹੈ । ਇਸ ਲਈ ਸਾਨੂੰ ਅਜਿਹੇ ਮਸਲਿਆਂ ਉੱਪਰ ਮਿਲ ਬੈਠ ਕੇ ਵਿਚਾਰ ਕਰ ਲੈਣੀ ਚਾਹੀਂਦੀ ਹੈ । ਧਾਰਮਿਕ ਭਾਵਨਾਵਾਂ ਦੇ ਨਾਮ ਤੇ ਸ਼ਾਂਤ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਕਿਉਂਕਿ ਵਿਗੜੇ ਹੋਏ ਅਸ਼ਾਂਤ ਮਾਹੌਲ ਦਾ ਲਾਭ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਇਸ ਦਾ ਨੁਕਸਾਨ ਹਰੇਕ ਨੂੰ ਹੀ ਹੁੰਦਾ ਹੈ ।
ਜੇਕਰ ਇਸ ਲੇਖ ਨਾਲ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਕ੍ਰਿਪਾ ਕਰਕੇ ਆਪਣੀ ਬਿਮਾਰ ਭਾਵਨਾ ਦਾ ਇਲਾਜ ਕਰਵਾ ਲੈਣਾ, ਕਿਉਂਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਆਪਣੀ ਭਾਵਨਾ ਅਨੁਸਾਰ ਕੁੱਝ ਵੀ ਗਲਤ ਨਹੀਂ ਲਿਖਿਆ ਹੈ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501