ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
“ ਸਿਧਾਂਤ ਅਧਾਰਿਤ ਫੈਸਲੇ ਹੀ ਸਹੀ ਫੈਸਲੇ ਹੁੰਦੇ ਹਨ ”
“ ਸਿਧਾਂਤ ਅਧਾਰਿਤ ਫੈਸਲੇ ਹੀ ਸਹੀ ਫੈਸਲੇ ਹੁੰਦੇ ਹਨ ”
Page Visitors: 2646

 

     “ ਸਿਧਾਂਤ ਅਧਾਰਿਤ ਫੈਸਲੇ ਹੀ ਸਹੀ ਫੈਸਲੇ ਹੁੰਦੇ ਹਨ ”
     ਜਦ ਸੀਰੀਆ ਵਿਚ ਇੰਸਾਨੀ ਹੱਕਾਂ ਦਾ ਘਾਣ , ਸੀਰੀਆ ਦੀ ਸਰਕਾਰ ਵਲੋਂ ਹੀ ਹੋਣ ਲੱਗਾ , ਤਾਂ ਅਮਰੀਕੀ ਰਾਸ਼ਟਰਪਤੀ , ਬਰਾਕ ਓਬਾਮਾ ਨੇ ਸੀਰੀਆ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ । ਦੂਸਰੇ ਸਾਰੇ ਲੋਕਾਂ ਵਾਙ , ਮੈਂ ਵੀ ਸੋਚ-ਵਿਚਾਰ ਵਿਚ ਸੀ ਕਿ , ਓਬਾਮਾ ਨੂੰ ਸੀਰੀਆ ਵਿਚ ਦਖਲ ਦੇਣ ਦਾ ਕੀ ਹੱਕ ਹੈ ?  ਸੀਰੀਆ ਦੀ ਸੱਤਾ ਤੇ ਕਾਬਜ਼ ਸਰਕਾਰ ਨੂੰ , ਆਪਣੇ ਹੀ ਬੰਦਿਆਂ ਨੂੰ ਰਸਾਇਣਕ ਹਥਿਆਰਾਂ ਨਾਲ , ਕੁਝ ਘੰਟਿਆਂ ਵਿਚ ਹੀ ਹਜ਼ਾਰਾਂ ਦੀ ਗਿਣਤੀ ਵਿਚ ਮਾਰ ਦੇਣ ਦਾ ਕੀ ਹੱਕ ਹੈ ?
     ਬਹੁਤ ਸਾਰੇ ਪੱਖਾਂ ਤੇ ਵਿਚਾਰ ਕਰਦਿਆਂ , ਇਸ ਸਿੱਟੇ ਤੇ ਪੁੱਜਾ ਕਿ ਸੀਰੀਆ ਦਾ ਇਹ ਵਰਤਾਰਾ ਤਾਂ , ਭਾਰਤ ਸਰਕਾਰ ਵਲੋਂ , ਸਿੱਖਾਂ ਨਾਲ ਕੀਤੇ ਵਰਤਾਰੇ ਨਾਲ ਮਿਲਦਾ ਜੁਲਦਾ ਹੈ , ਅਜਿਹੇ ਵਰਤਾਰੇ ਨੂੰ , ਕਿਵੇਂ ਜਾਇਜ਼ ਮੰਨਿਆ ਜਾ ਸਕਦਾ ਹੈ ??
 ਇਵੇਂ ਸੀਰੀਆ ਦੀ ਸਰਕਾਰ ਵੀ ਭਾਰਤ ਵਾਙ ਹੀ ਇੰਸਾਫ ਦੇ ਕਟ੍ਹਰੇ ਵਿਚ ਖੜੀ ਹੈ ।
     ਏਸੇ ਦੌਰਾਨ ਹੀ  G 20  ਦੇਸ਼ਾਂ ਦੇ ਫੈਸਲੇ ਬਾਰੇ ਵੀ ਜਾਣਕਾਰੀ ਮਿਲੀ ਕਿ ਰੂਸ-ਚੀਨ-ਭਾਰਤ ਸਮੇਤ ਬਹੁਤਿਆਂ ਦੇਸ਼ਾਂ ਨੇ ਅਮਰੀਕਾ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ।  ਸਵਾਲ ਇਹ ਪੈਦਾ ਹੁੰਦਾ ਹੈ ਕਿ , ਜੇ ਉਹ ਦੇਸ਼ , ਓਬਾਮਾ ਵਲੋਂ ਕੀਤੇ ਉਸ ਫੈਸਲੇ ਦਾ ਵਿਰੋਧ ਕਰਦੇ ਹਨ ਤਾਂ , ਕੀ ਉਹ ਅਮਰੀਕਾ ਦੇ ਵਿਰੋਧ ਵਿਚ , ਸੀਰੀਆ ਦੇ ਨਾਲ ਖੜੇ ਹੋਣਗੇ ? ?  ਯਕੀਨਨ ਕਦੇ ਨਹੀਂ । ਫਿਰ ਇਹ ਵਿਰੋਧ ਕੈਸਾ ਹੈ ?
   ਇਨ੍ਹਾਂ ਸਾਰੇ ਦੇਸ਼ਾਂ ਨੂੰ ਆਪਣੇ ਢਿੱਡ ਦਾ ਚੋਰ ਮਾਰਦਾ ਹੈ , ਉਹ ਅਕਸਰ ਹੀ ਆਪਣੇ ਦੇਸ਼ ਵਾਸੀਆਂ ਨੂੰ , ਰਾਜ ਬਲ ਨਾਲ ਦਬਾਉਣ ਦਾ ਕੰਮ ਕਰਦੇ ਰਹਿੰਦੇ ਹਨ , ਜੇ ਉਹ ਅਮਰੀਕਾ ਦੇ ਫੈਸਲੇ ਦਾ ਸਮੱਰਥਨ ਕਰਦੇ ਹਨ ਤਾਂ ਉਨ੍ਹਾਂ ਨੂੰ ਕੱਲ ਨੂੰ ਆਪਣਾ ਨੰਬਰ ਆਉਂਦਾ ਵੀ ਨਜ਼ਰ ਆ ਰਿਹਾ ਹੈ । ਉਹ ਸਿਰਫ ਕੂਟ-ਨੀਤੀ ਨਾਲ ਹੀ ਆਪਣਾ ਕੰਮ ਸਾਰਨਾ ਚਾਹੁੰਦੇ ਹਨ । ਜੇ ਸੀਰੀਆ ਦਾ ਇਹ ਤਰਕ ਮੰਨ ਲਿਆ ਜਾਵੇ ਕਿ ਇਹ ਉਸ ਦਾ ਘਰੇਲੂ ਮਾਮਲਾ ਹੈ , ਤਾਂ ਦੁਨੀਆ ਦੇ ਹਰ ਦੇਸ਼ ਦੀ ਬਹੁ-ਗਿਣਤੀ ਇਸ ਆੜ ਵਿਚ ਪਹਿਲਾਂ ਹੀ , ਆਪਣੇ ਵਿਰੋਧੀਆਂ ਨੂੰ , ਹਰ ਤਰ੍ਹਾਂ ਨਾਲ ਰਗੜਾ ਫੇਰਦੀ ਪਈ ਹੈ , ਅਤੇ ਅਗੋਂ ਵਾਸਤੇ ਤਾਂ ਉਨ੍ਹਾਂ ਨੂੰ ਬਿਲਕੁਲ ਖੁਲ੍ਹ ਮਿਲ ਜਾਵੇਗੀ ਅਤੇ ਮਜ਼ਲੂਮਾਂ ਦੀ ਤਾਂ ਸੁਣਨ ਵਾਲਾ ਵੀ ਕੋਈ ਨਾ ਰਹੇਗਾ । ਕੀ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਣਾ ਚਾਹੀਦਾ  ?  ਇਹ ਤਾਂ ਸਰਾਸਰ ਗੁਰਮਤਿ ਦੇ ਅਸੂਲਾਂ ਦੇ ਵਿਰੁੱਧ ਹੈ ।
     ਸ਼ਾਇਦ ਭਾਰਤ ਵਿਚੋਂ , ਸਿੱਖਾਂ ਨੂੰ ਵੀ ਇਸ ਕਰ ਕੇ ਹੀ ਖਤਮ ਕੀਤਾ ਜਾ ਰਿਹਾ ਹੈ , ਕਿਉਂਕਿ ਉਨ੍ਹਾਂ ਦੇ ਗੁਰੂ ਨੇ , ਉਨ੍ਹਾਂ ਨੂੰ ਗਰੀਬ-ਮਜ਼ਲੂਮ ਦੀ ਬਾਂਹ ਫੜਨ ਦਾ ਉਪਦੇਸ਼ ਦਿੱਤਾ ਹੋਇਆ ਹੈ , ਅਤੇ ਉਹ ਇਸ ਤੇ ਪਹਿਰਾ ਦਿੰਦੇ ਆ ਰਹੇ ਹਨ । ਭਾਵੇਂ ਅੱਜ ਉਨ੍ਹਾਂ ਦੇ ਨੇਤਾ , ਇਸ ਸਿਧਾਂਤ ਤੋਂ ਥਿੜਕ ਚੁੱਕੇ ਹਨ , ਅਤੇ ਸਿੱਖਾਂ ਨੂੰ ਵੀ ਭਟਕਾਉਣਾ ਚਾਹੁੰਦੇ ਹਨ । ਇਹੀ ਅੱਜ ਸਿੱਖਾਂ ਦੀ ਲੜਾਈ ਹੈ । 
     ਕੁਝ ਅਮਰੀਕਨਾਂ ਨੇ ਵੀ ਓਬਾਮਾ ਦੇ ਫੈਸਲੇ ਦਾ ਵਿਰੋਧ ਕੀਤਾ ਹੈ । ਓਬਾਮਾ ਨੇ ਉਨ੍ਹਾਂ ਲੋਕਾਂ ਨੂੰ ਜੋ ਸੰਦੇਸ਼ ਦਿੱਤਾ ਹੈ , ਉਹ ਕੁਝ ਇਵੇਂ ਹੈ , “ ਅਸੀਂ ਸੀਰੀਆ ਦੀਆਂ ਘਟਨਾਵਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ , ਸਾਡਾ ਟੀਚਾ ਆਪ ਸ਼ਾਂਤੀ ਪੂਰਵਕ ਜਿਊਣ ਦਾ ਅਤੇ ਦੂਸਰਿਆਂ ਦੇ ਸ਼ਾਂਤੀ-ਪੂਰਵਕ ਜਿਊਣ ਦੇ ਹੱਕ ਦੀ ਰਖਵਾਲੀ ਕਰਨਾ ਹੈ (ਜੋ ਯੂ. ਐਨ. ਓ. ਦਾ ਮੂਲ ਉਦੇਸ਼ ਹੈ)  ਜਿਸ ਨਾਲ ਕਿਸੇ ਦਿਨ , ਇਸ ਦੁਨੀਆ ਵਿਚ ਸ਼ਾਂਤੀ ਸਥਾਪਤ ਹੋਵੇਗੀ । ਆਪਸੀ ਝਗੜੇ ਖਤਮ ਹੋਣਗੇ । ਇਸ ਟੀਚੇ ਨੂੰ ਧਿਆਨ ਵਿਚ ਰਖਦਿਆਂ , ਸਾਨੂੰ ਸੀਰੀਆ ਨੂੰ ਸਬਕ ਸਿਖਾਉਣਾ ਹੀ ਪੈਣਾ ਹੈ ” 
     ਮੈਨੂੰ ਇਵੇਂ ਜਾਪਿਆ , ਜਿਵੇਂ ਬਰਾਕ ਓਬਾਮਾ ਨਾ ਬੋਲ ਰਿਹਾ ਹੋਵੇ , ਮਿਸਲਾਂ ਵੇਲੇ ਦਾ ਕੋਈ ਸਿੱਖ ਜਥੇਦਾਰ ਬੋਲ ਰਿਹਾ ਹੋਵੇ , ਜੋ ਇਕ-ਇਕ ਲੜਕੀ ਨੂੰ ਬਚਾਉਣ ਲਈ , ਜਰਵਾਣੇ ਨੂੰ ਸਜ਼ਾ ਦੇਣ ਲਈ ਸੈਂਕੜੇ ਸਿੱਖ ਸ਼ਹੀਦ ਕਰਵਾ ਦੇਂਦੇ ਸਨ । ਕੀ ਉਨ੍ਹਾਂ ਦਾ ਉਸ ਘਟਨਾ ਨਾਲ ਕੋਈ ਸਿੱਧਾ ਸਬੰਧ ਹੁੰਦਾ ਸੀ ? ਬਿਲਕੁਲ ਨਹੀਂ । ਸਿੱਖੀ ਦੇ ਸਿਧਾਂਤ ਦੀ ਹੀ ਤਾਂ ਗੱਲ ਸੀ । ਏਥੇ ਵੀ ਓਬਾਮਾ ਦਾ , ਸੀਰੀਆ ਦੀਆਂ ਘਟਨਾਵਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ , ਨਾ ਉਸ ਦੀ ਸੀਰੀਆ ਦੀ ਸਰਕਾਰ ਨਾਲ ਕੋਈ ਦੁਸ਼ਮਣੀ ਹੈ , ਅਤੇ ਨਾ ਹੀ ਮਰਨ ਵਾਲੇ ਸੀਰੀਆਈ ਲੋਕ ਉਸ ਦੇ ਰਿਸ਼ਤੇਦਾਰ ਹਨ । ਗੱਲ ਯੂ. ਐਨ. ਓ. ਦੇ ਸਿਧਾਂਤ ਦੀ ਹੈ , ਜੋ ਸਿੱਖੀ ਦੇ ਸਿਧਾਂਤਾਂ ਨਾਲ ਪੂਰਾ ਮੇਲ ਖਾਂਦਾ ਹੈ ।
 ਏਥੇ ਆ ਕੇ ਤਾਂ ਸਿੱਖ ਅਤੇ ਅਮਰੀਕੀ , ਦੋਵੇਂ ਇਕ ਹੀ ਪੰਧ ਦੇ ਪਾਂਧੀ ਜਾਪਦੇ ਹਨ । ਸਿੱਖਾਂ ਨੂੰ ਇਸ ਸਿਧਾਂਤ ਦੀ ਪ੍ਰੋੜ੍ਹਤਾ ਸਰੂਪ , ਓਬਾਮਾ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ , ਇਹੀ ਦੁਨੀਆ ਨੂੰ ਜੁਰਮਾਂ ਤੋਂ ਬਚਾਉਣ ਦਾ ਇਕ ਮਾਤ੍ਰ ਰਾਹ ਹੈ । ਇਸ ਰਾਹ ਤੇ ਚੱਲਣ ਵਾਲੇ ਹਰ ਬੰਦੇ ਦੀ ਪ੍ਰਸ਼ੰਸਾ ਕਰਨੀ ਹੀ ਬਣਦੀ ਹੈ ।        ਪਰ ਸਜ਼ਾ ਕਸੂਰ ਮੁਤਾਬਕ ਹੀ ਹੋਣੀ ਚਾਹੀਦੀ ਹੈ , ਉਸ ਵਿਚ ਦੁਸ਼ਮਣੀ ਦਾ ਕੋਈ ਅੰਸ਼ ਨਹੀਂ ਹੋਣਾ ਚਾਹੀਦਾ ।
                                                   ਅਮਰ ਜੀਤ ਸਿੰਘ ਚੰਦੀ         

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.