ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹਨ ਤਾਂ ਇਸ ਨਾਲ ਸਬੰਧਤ ਦੋ ਦਿਹਾੜੇ ਮਨਾਉਣ ਲਈ ਦੋ ਵੱਖ ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ ਕਿਉਂ? : ਕਿਰਪਾਲ ਸਿੰਘ
ਬਠਿੰਡਾ, 26 ਅਗਸਤ 2022 ( ……………… ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਤ 26, 27, ਅਤੇ 28 ਅਗਸਤ ਦਾ ਤਿੰਨ ਰੋਜਾ ਸਮਾਗਮ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਦੇ ਪਹਿਲੇ ਸਮਾਗਮ ਵਿੱਚ ਧਾਰਮਿਕ ਜਥੇਬੰਦੀਆਂ, ਸਕੂਲਾਂ ਦੇ ਵਿਦਿਆਰਥੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਸਮਾਗਮ ਦੀ ਅਰੰਭਤਾ ਹਜੂਰੀ ਰਾਗੀ ਜਥਾ ਭਾਈ ਤਰਸੇਮਸਿੰਘ ਹਰਰਾਇਪੁਰ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਕੀਤੀ। ਸ਼ਬਦ ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਵੱਲੋਂ ਸੰਪਾਦਨ ਕੀਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਦਿਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਸਰ ਵਿਖੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਉਸ ਦਿਨ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਅਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਵੱਲੋਂ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਪੁਰਬ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਭਾਈ ਜਗਤਾਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 6 ਗੁਰੂ ਸਾਹਿਬਾਨ ਅਤੇ 15 ਭਗਤਾਂ ਵੱਲੋਂ ਉਚਾਰਨ ਕੀਤੇ ਚੋਣਵੇਂ ਪਾਵਨ ਉਪਦੇਸ਼ਾਂ ਦੀ ਵਿਆਖਿਆ ਕੀਤੀ।
ਅਖੀਰ ’ਤੇ ਭਾਈ ਕਿਰਪਾਲ ਸਿੰਘ ਨੇ ਕੈਲੰਡਰ ਜਾਰੀ ਕਰਨ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਸਮੇਤ ਸਮੁੱਚੀ ਸਿੰਘ ਸੰਗਤ ਅੱਗੇ ਸਵਾਲ ਕੀਤਾ ਕਿ ਸ੍ਰੋਮਣੀ ਕਮੇਟੀ ਦੇ ਅਧਿਕਾਰਤ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪਿਛਲੇ ਸਾਲ 2021 ਦੇ ਕੈਲੰਡਰ ’ਚ 24 ਭਾਦੋਂ/ 8 ਸਤੰਬਰ ਦਰਜ ਸੀ, ਇਸ ਸਾਲ 2022 ’ਚ 12 ਭਾਦੋਂ/ 28 ਅਗਸਤ ਹੈ ਅਤੇ ਅਗਲੇ ਸਾਲ 31 ਭਾਦੋਂ/ 16 ਸਤੰਬਰ ਹੋਵੇਗੀ। ਇਸ ਦਾ ਭਾਵ ਹੈ ਕਿ ਇਹ ਗੁਰਪੁਰਬ ਬਿਕ੍ਰਮੀ ਕੈਲੰਡਰ ਦੇ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਨਿਸਚਤ ਕੀਤਾ ਜਾਂਦਾ ਹੈ, ਜਿਸ ਦੇ ਸਾਲ ਦੀ ਲੰਬਾਈ 354/55 ਦਿਨ ਜਾਂ ਮਲਮਾਸ ਮਹੀਨੇ ਵਾਲੇ ਸਾਲ ਦੀ ਲੰਬਾਈ 383/84 ਦਿਨ ਹੋਣ ਕਾਰਨ ਸਾਰੇ ਦਿਹਾੜੇ ਸੂਰਜੀ ਕੈਲੰਡਰ ਨਾਲੋਂ ਹਰ ਸਾਲ 10-11 ਦਿਨ ਪਹਿਲਾਂ ਜਾਂ 18-19 ਦਿਨ ਪਿੱਛੋਂ ਆਉਂਦਾ ਹੈ। ਦੂਸਰੇ ਪਾਸੇ ਇਸੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਦੂਸਰਾ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ; ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ 30 ਅਗਸਤ ਨੂੰ ਮਨਾਇਆ ਜਾਂਦਾ ਹੈ ਜਿਸ ਦਿਨ ਬਿਕ੍ਰਮੀ ਕੈਲੰਡਰ ਦੇ ਸੂਰਜੀ ਮਹੀਨੇ ਦੀ ਕਦੀ 14 ਅਤੇ ਕਦੀ 15 ਭਾਦੋਂ ਹੁੰਦੀ ਹੈ। ਇਸ ਦਾ ਭਾਵ ਹੈ ਕਿ ਇਹ ਦਿਹਾੜਾ ਸਾਂਝੇ ਸਾਲ ਜਿਸ ਨੂੰ ਈਸਵੀ ਜਾਂ ਅੰਗਰੇਜੀ ਕੈਲੰਡਰ ਵੀ ਕਿਹਾ ਜਾਂਦਾ ਹੈ, ਮੁਤਾਬਕ ਮਨਾਇਆ ਜਾਂਦਾ ਹੈ ਜੋ ਉਸ ਸਮੇਂ ਲਾਗੂ ਹੀ ਨਹੀਂ ਸੀ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ 3000 ਈਸਵੀ ’ਚ ਸੰਪੂਰਨਤਾ ਦਿਵਸ 30 ਅਗਸਤ ਨੂੰ 1 ਭਾਦੋਂ ਹੋਵੇਗਾ ਭਾਵ ਅੱਜ ਨਾਲੋਂ 13-14 ਦਿਨਾਂ ਦੇ ਫਰਕ ਨਾਲ। ਭਾਈ ਕਿਰਪਾਲ ਸਿੰਘ ਨੇ ਸ੍ਰੋਮਣੀ ਕਮੇਟੀ ਤੋਂ ਪੁੱਛਿਆ ਕੀ ਕਾਰਨ ਹੈ ਕਿ ਇੱਕੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਦੋ ਦਿਹਾੜਿਆਂ ਲਈ ਦੋ ਵੱਖ ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ ਲਈਆਂ ਜਾਂਦੀਆਂ ਹਨ। ਕਿਉਂ ਨਹੀਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਜਿਸ ਨਾਲ ਦੋਵੇਂ ਦਿਹਾੜੇ ਹਰ ਸਾਲ ਨਿਸਚਤ ਤਾਰੀਖ਼ਾਂ ਕਰਮਵਾਰ 15 ਭਾਦੋਂ/ 30 ਅਗਸਤ ਅਤੇ 17 ਭਾਦੋਂ 1 ਸਤੰਬਰ ਨੂੰ ਆਇਆ ਕਰਨਗੇ।