ਗੁਰਦੇਵ ਸਿੰਘ ਸੱਧੇਵਾਲੀਆ
ਸੁਖਦੇਵ ਸਿੰਘ ਢੀਂਡਸਾ ਨੂੰ ਮੈਂ ਜੁਗਰਾਜ ਖੋਸੇ ਦੇ ਸੁਣ ਰਿਹਾ ਸੀ। ਉਹ ਪੁੱਛਦਾ ਆਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਕੀ ਹਨ? ਉਸ ਦਾ ਜਵਾਬ ਜੇ ਪੰਜਾਬ ਵਿਚ ਦਿੱਤਾ ਹੁੰਦਾ ਤਾਂ ਚਲੋ ਸ਼ਰਮ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਉਥੇ ਦੇ ਲੋਕ ਤਾਂ ਆਦੀ ਹੋ ਚੁੱਕੇ ਇਨ੍ਹਾਂ ਦੇ ਸ਼ੋਸ਼ੇ ਸੁਣਨ ਦੇ। ਪਰ ਹੈਰਾਨੀ ਇਸ ਸਾਡੇ ‘ਜਰਨਲਿਸਟਾਂ’ ਉਪਰ ਕਿ ਜਿਹੜੇ ਅਜਿਹੇ ਜਵਾਬਾਂ ਨੂੰ ਬਿਹੇ ਕੜਾਹ ਵਾਂਗ ਹਜਮ ਕਰ ਜਾਂਦੇ ਹਨ! ਦਰਅਸਲ ਸਾਡੇ ‘ਜਰਨਲਿਸਟਾਂ’ ਬਾਰੇ ਗੱਲ ਕਰਨੀ ਹੋਵੇ, ਤਾਂ ਲੰਮੀ ਅਤੇ ਦਿਲਚਸਪ ਕਹਾਣੀ ਹੈ, ਪਰ ਇਥੇ ਇਨਾ ਹੀ ਕਹਿਣਾ ਕਾਫੀ ਹੈ ਕਿ ਹੋਸਟ ਤਾਂ ਵਿਚਾਰਾ ਬੋਲ ਹੀ ਨਹੀਂ ਸੀ ਰਿਹਾ, ਉਸ ਵਿਚ ਤਾਂ ਸੁਖਬੀਰ ਬਾਦਲ ਨਾਲ ਬੈਠ ਕੇ ਪੀਤੀ ਚਾਹ ਦਾ ਕੱਪ ਬੋਲ ਰਿਹਾ ਸੀ। ਨਹੀਂ ਤਾਂ ਭਾਈ ਢੀਡਸੇ ਦਾ ਬੱਚਿਆਂ ਵਰਗਾ ਜਵਾਬ ਅਜਿਹੇ ਮੁਲਕ ਵਿੱਚ ਸੁਣ ਕੇ ਹੀ ਸ਼ਰਮ ਆਉਂਦੀ। ਪ੍ਰਾਪਤੀ? ਅਖੇ ਸੜਕਾਂ ਸਾਰੀਆਂ ਬਣ ਗਈਆਂ ਤੇ ਬਿਜਲੀ ਦਾ ਇੱਕ ਯੂਨਿਟ ਚਲ ਪਿਆ ਦੂਜਾ ਬੱਅਸ ਅਗਲੇ ਸਾਲ ਤੱਕ ਚਲਣ ਵਾਲਾ ਹੀ ਹੈ????
ਤੇ ਹੋਸਟ ਅਗੋਂ ਹੀ ਹੀ ਹੀ, ਜੀ! ਉਹ ਲਾਡੀ ਵਾਲੀ ਸੜਕ ਬਣ ਗਈ? ਮੈਂ ਉਸ ਨੂੰ ਕਿਹਾ ਸੀ ਕਿ ਹੁਣ ਨਹੀਂ ਮੈਂ ਤੁਹਾਡੇ ਆਉਂਣਾ ਜੇ ਸੜਕ ਨਾ ਬਣੀ! ਚਲੋ ਹੋਸਟ ਦੀ ਤਾਂ ਖਾਧੀ ਕੜੀ ਪਤਾ ਹੀ ਹੈ, ਅਗੋਂ ਪੰਜਾਬ ਨੂੰ ਚਲਾਉਂਣ ਵਾਲੇ ਮਹਾਂਰਥੀ ਵੀ ਉਸੇ ਫੁਕਰਾ ਟੋਨ ਵਿਚ ਦੱਸ ਰਹੇ ਹਨ! ਹੀ, ਹੀ, ਹੀ ਜੀ! ਉਹ ਤਾਂ ਹੁਣ ਪੱਕੀ ਹੈ ਜਿਵੇਂ ਮਰਜੀ ਜਾਵੋ ਹੁਣ ਤੁਸੀਂ। ਬੜਾ ਪਿਆਰਾ ਬੱਚਾ ਲਾਡੀ?? ਇਹ ਪੰਜਾਬ ਚਲਾ ਰਹੇ ਹਨ ਬਚਕਾਨਾ ਗੱਲਾਂ ਕਰਨ ਵਾਲੇ। ਸ਼ਰਮ ਆਉਂਦੀ ਤੁਹਾਨੂੰ ਸੋਚ ਕੇ ਵੀ ਕਿ ਸਾਡਾ ਉਸ ਪੰਜਾਬ ਨਾਲ ਸਬੰਧ ਹੈ, ਜਿਥੇ ਦੇ ਇਹ ਲੀਡਰ ਹਨ?
ਅਕਾਲੀ ਸਰਕਾਰ ਦੀਆਂ ਇਹ ਦੋ ਸਭ ਤੋਂ ਵੱਡੀਆਂ ਪ੍ਰਾਪਤੀਆਂ ਹਨ!! ਦੂਜੇ ਪਾਸੇ ਬਿੱਲਕੁਲ ਉਸੇ ਸਮੇਂ ‘ਵਤਨ ਰੇਡੀਓ’ ਤੋਂ ਪੰਜਾਬ ਤੋਂ ਟਿਵਾਣਾ ਬੋਲ ਰਿਹਾ ਸੀ। ਤਾਜੀ ਐਨ ਉਸੇ ਦਿਨ ਦੀ ਖ਼ਬਰ ਸੀ ਪੰਜਾਬ ਦੀ ਕਿ ਉਥੇ 60 ਹਜਾਰ ਕ੍ਰੋੜ ਰੁਪਏ ਦੀ ਨਸ਼ਿਆਂ ਦੀ ਤਸਕਰੀ ਹੁੰਦੀ ਹੈ ਹਰੇਕ ਸਾਲ। ਉਸ ਦੇ ਕਮੈਂਟਸ ਦਿੱਲ ਨੂੰ ਛੂਹਣ ਵਾਲੇ ਸਨ, ਕਿ ਪੰਜਾਬ ਅਬਦਾਲੀਆਂ ਤੋਂ ਨਹੀਂ ਮਰਿਆ, ਪੰਜਾਬ ਅੰਗਰੇਜਾਂ ਤੋਂ ਨਹੀਂ ਮਰਿਆ, ਪੰਜਾਬ ਕਾਲੇ ਦੌਰ ਵੇਲੇ ਨਹੀਂ ਮਰਿਆ ਪਰ ਹੁਣ ਪੰਜਾਬ ਖੱਸੀ ਹੋ ਕੇ ਰਹਿ ਗਿਆ ਹੈ! ਨਸ਼ਿਆਂ ਨੇ ਪੰਜਾਬ ਨਿਪੁੰਸਕ ਕਰ ਕੇ ਰੱਖ ਦਿੱਤਾ ਹੈ? ਪੰਜਾਬ ਮਰ ਰਿਹਾ ਹੈ!
ਪੰਜਾਬ ਮਰ ਰਿਹਾ ਹੈ ਤੇ ਇਹ ਫੁੱਕਰੇ ਸੜਕਾਂ ਪੱਕੀਆਂ ਕਰ ਰਹੇ ਹਨ? ਤੁਸੀਂ ਦੱਸੋ ਅੱਜ ਦੇ ਜੁੱਗ ਵਿਚ ਪੰਜਾਬ ਹਾਲੇ ਸੜਕਾਂ ਪੱਕੀਆਂ ਅਤੇ ਬਿੱਜਲੀ ਤੇ ਲਾਲੀਪੋਪ ਹੀ ਚੂਸ ਰਿਹਾ ਹੈ? ਦੁਨੀਆਂ ਕਿਥੇ ਗਈ ਤੇ ਇਹ ਹਾਲੇ ਸੜਕਾਂ ਦੀ ਖਾਕ ਛਾਣਦੇ ਫਿਰ ਰਹੇ ਹਨ? ਤੇ ਹਾਲੇ ਇਨਾ ਤੋਂ ਬੱਤੀਆਂ ਹੀ ਨਹੀਂ ਜਗੀਆਂ? ਹਰ-ਦੂ-ਲਾਹਨਤ?
ਰੇਡੀਓ ਜਾਂ ਅਖਬਾਰਾਂ ਵਾਲੇ ਭੰਡ ਜਿਹੜੇ ਚਾਹ ਦੇ ਕੱਪਾਂ ਅਤੇ ਵਿਸਕੀ ਦੇ ਪੈੱਗ ਵਿਚ ਹੀ ਅਪਣੀ ਜਮੀਰ ਵੇਚ ਆਏ ਹਨ, ਉਨ੍ਹਾਂ ਨੂੰ ਇਹ ਕਿਉਂ ਨਹੀਂ ਦਿੱਸਦਾ ਕਿ ਇਨ੍ਹਾਂ ਦੇ ਹੱਥ ਪੰਜਾਬ ਦੇ ਲਹੂ ਨਾਲ ਰੰਗੇ ਹੋਏ ਹਨ। ਨਹੀਂ ਰੰਗੇ? ਸੁਮੇਧ ਸੈਣੀ ਵਰਗਾ ਕਾਤਲ ਇਨੀ ਪੰਜਾਬ ਦੇ ਸਿਰ ਬੈਠਾਇਆ ਨਹੀਂ? ਇਜਹਾਰ ਆਲਮ ਸਿੱਖ ਨੌਜਵਾਨੀ ਦਾ ਲਹੂ ਪੀਣ ਵਾਲਾ? ਤੇ ਨਸ਼ਿਆਂ ਦਾ ਹੜ? ਕਿਹੜੀ ਤਰੱਕੀ ਦਿੱਤੀ ਇਨੀ ਪੰਜਾਬ ਨੂੰ?
ਇਨ੍ਹਾਂ ਲੀਡਰਾਂ ਨੂੰ ਸੱਦਣ ਵਾਲੇ ਕਰਣ ਘੁਮਾਣ ਦੀ ਕੁਝ ਸੱਜਣਾ ਨਾਲ ਮੀਟਿੰਗ ਹੋਈ, ਜਿਸ ਵਿਚ ਅਤੇ ‘ਅੱਜ ਦੀ ਅਵਾਜ’ ਵਿਚ ਵੀ ਅਤੇ ਰੇਡੀਓ ‘ਖਬਰਸਾਰ’ ਵਿਚ ਵੀ ਉਨੀ ਸਪੱਸ਼ਟ ਕੀਤਾ ਕਿ ਇਹ ਕੋਈ ਅਕਾਲੀ ਕਾਨਫਰੰਸ ਨਹੀਂ, ਬਲਕਿ ਇੱਕ ਨਿੱਜੀ ਮਿੱਲਣੀ ਜਾਂ ਡਿਨਰ ਹੈ, ਪਰ ਅੱਗ ਲਾਕੇ ਤਮਾਸ਼ਾ ਦੇਖਣ ਵਾਲਿਆਂ ਦੇ ਵੀ ਵਾਰੇ ਵਾਰੇ ਜਾਈਏ! ਉਧਰ ‘ਲੱਖਾਂ ਸਰੋਤਿਆਂ’ ਵਾਲਾ ਜੋਗਿੰਦਰ ਬਾਸੀ ਘਰੋੜ ਘਰੋੜ ਕੇ ਕਹਿ ਰਿਹਾ ਸੀ ਕਿ ਇਹ ਅਕਾਲੀ ਕਾਨਫਰੰਸ ਹੀ ਹੈ!!! ਕਰਾਉਂਣ ਵਾਲੇ ਤਾਂ ਕਹਿ ਰਹੇ ਇਹ ਨਿੱਜੀ ਮਿਲਣੀ, ਪਰ ਤੂੰ ਕੌਣ ਮੈਂ ਖਾਹ-ਮਖਾਹ? ਅਖੇ ਇਹ ਕਨੂੰਨ ਹੈ। ਕੋਈ ਕਿਸੇ ਨੂੰ ਨਹੀਂ ਰੋਕ ਸਕਦਾ! ਹਰੇਕ ਨੂੰ ਅਪਣੀ ਗੱਲ ਕਹਿਣ ਦਾ ਹੱਕ ਹੈ।
ਹੁਣ ਪਤਾ ਨਹੀਂ ਬਾਸੀ ਵਿਚਾਰੇ ਵਿਚ ਬਾਦਲ ਨਾਲ ਬੈਠ ਕੇ ਪੀਤੀ ਚਾਹ ਬੋਲਦੀ ਸੀ, ਜਾਂ ਵਿਸਕੀ ਪਰ ਉਸ ਨੂੰ ਭੁੱਲ ਗਿਆ ਕਿ ਇਨ੍ਹਾਂ ਹੱਕ ਵਾਲਿਆਂ ਹਾਲੇ ਕੱਲ ਪੰਜਾਬ ਵਿਚ ‘ਅਪਣਾ ਹੱਕ’ ਦੇ ਗਲ ਗੂਠ ਦਿੱਤਾ ਹੈ ਤਾਂ ਇਥੇ ਕਿਹੜੇ ਹੱਕ ਦੀ ਗੱਲ ਕਰਨ ਆਏ ਹਨ ਇਹ? ਅਪਣੀ ਪੂੰਝੀ ਨਹੀਂ ਜਾਂਦੀ, ਤਨਖਾਹਾਂ ਦੇ ਨਹੀਂ ਹੋਈਆਂ ਲੋਕਾਂ ਦੀਆਂ, ਡਾਂਅ ਡਾਂਅ ਹੋ ਰਹੀ ਪੰਜਾਬ ਦੀ ਤੇ ਮਸਲੇ ਹੱਲ ਕਰਨ ਆਏ ਨੇ ਇਹ ਬਾਹਰ ਵਾਲਿਆਂ ਦੇ?
ਇਨ੍ਹਾਂ ਲਈ ਤਾਂ ਹੱਕ ਲਫਜ ਕਹਿਣ ਲੱਗਿਆਂ ਹੀ ਸ਼ਰਮ ਆਉਂਣੀ ਚਾਹੀਦੀ। ਪੰਜਾਬ ਦੇ ਹੱਕਾਂ ਨੂੰ ਲਹੂ ਲਹੁਾਣ ਕਰਨ ਵਾਲੇ ਸੁਮੇਧ ਸੈਣੀ ਵਰਗੇ ਖੂੰਨੀ ਦਰਿੰਦੇ ਦਿੱਸਦੇ ਨਹੀਂ ਇਨ੍ਹਾਂ ‘ਜਰਨਸਿਲਟਾਂ’ ਨੂੰ? ਇਜ਼ਹਾਰ ਆਲਮ ਵਰਗੇ ਦਰਿੰਦੇ ਦੀ ‘ਆਲਮ ਸੈਨਾ’ ਥੋੜਾ ਲਹੀ ਪੀਤਾ ਪੰਜਾਬ ਦਾ? ਕੁਝ ਤਾਂ ਫੁਕਰੀਆਂ ਚੋਂ ਬਾਹਰ ਆਓ ਮੇਰੇ ਯਾਰ! ਇਨਾ ਵੀ ਤਾਂ ਬੰਦਾ ਗਿਆ ਗੁਜਰਿਆ ਨਾ ਹੋ ਨਿਬੜਿਆ ਹੋਵੇ ਕਿ ਉਸ ਨੂੰ ਸਾਹਵੇਂ ਕੰਧ ਤੇ ਲਿਖਿਆ ਹੀ ਦਿੱਸਣੋ ਹੱਟ ਜਾਏ। ਤੁਹਾਡੀ ਬੰਦਿਆਂ ਨਾਲ ਮੁਸ਼ਕਲ ਹੋ ਸਕਦੀ ਪਰ ਪੰਜਾਬ ਤਾਂ ਸਭ ਦਾ ਸਾਂਝਾ ਹੈ ਜਿਸ ਦਾ ਇਹ ਜੋਕਾਂ ਲਹੂ ਪੀ ਰਹੀਆਂ ਹਨ।
ਕਰਨ ਘੁਮਾਣ ਦੀ ਵਿਚਾਰੇ ਦੀ ਪਤਾ ਨਹੀਂ ਕੀ ਮਜਬੂਰੀ ਕਿ ਉਸ ਅਪਣੇ ਖਰਚੇ ਤੇ ਸਾਰੇ ਸੱਦ ਕੇ ਲੋਕਾਂ ਅਗੇ ਪਰੋਸੇ ਹਨ, ਜਿਸਨੂੰ ਬੇਅੰਤ ਧਾਲੀਵਾਲ ਅਤੇ ਬਚਿੱਤਰ ਘੋਲੀਏ ਵਰਗਿਆਂ ਕਾਨਫਰੰਸ ਦਾ ਰੂਪ ਦੇਣ ਦੀ ਨਹਾਇਤ ਘੱਟੀਆ ਕੋਸ਼ਿਸ਼ ਕੀਤੀ। ਪਰ ਅਸੀਂ ਭੁੱਲ ਗਏ ਕਿ ਇਨ੍ਹਾਂ ਦੇ ਹੱਥ ਪੰਜਾਬ ਦੇ ਖੂਨ ਨਾਲ ਰੰਗੇ ਹਨ, ਇਨ੍ਹਾਂ ਦੇ ਮੂੰਹ ਪੰਜਾਬ ਦੇ ਲਹੂ ਨਾਲ ਲਿਬੜੇ ਹਨ, ਇਨ੍ਹਾਂ ਦੇ ਖੂਨੀ ਪੰਜਿਆਂ ਦੇ ਨਿਸ਼ਾਨ ਪੰਜਾਬ ਦੇ ਪਿੰਡੇ ਤੇ ਸਪਸ਼ਟ ਦੇਖੇ ਜਾ ਸਕਦੇ ਹਨ। ਕਾਂਗਰਸ ਨੇ ਤਾਂ ਪੰਜਾਬ ਦੀ ਦੇਹ ਨੂੰ ਮਾਰਿਆ ਸੀ ਇਨੀ ਸਭ ਕੁਝ ਦਾ ਹੀ ਗਲਾ ਘੁੱਟ ਕੇ ਰੱਖ ਦਿੱਤਾ ਹੈ। ਇਨੀ ਕਾਂਗਰਸ ਨਾਲੋਂ ਵੀ ਭੈੜੀ ਮੌਤੇ ਮਾਰਿਆ ਹੈ ਪੰਜਾਬ ਨੂੰ। ਪੰਜਾਬ ਸਹਿਕ ਰਿਹਾ ਹੈ! ਪੰਜਾਬ ਮਰ ਰਿਹਾ ਹੈ! ਪੰਜਾਬ ਸੜ ਰਿਹਾ ਹੈ ਤੇ ਇਹ ਨੀਰੋ ਬਾਹਰ ਆ ਕੇ ਬੰਸਰੀਆਂ ਵਜਾ ਜਾ ਰਹੇ ਹਨ? ਥੂਹ!
ਫੁਕਰੇ ਅਕਾਲੀਓ ਤੇ ਉਨ੍ਹਾਂ ਦੇ ਕਨੇਡਾ 'ਚ ਵਸਦੇ ਚਮਚਿਓ, ਇਹ ਹੈ ਪੰਜਾਬ ਦੀ ਅੱਜ ਦੀ ਅਸਲੀਅਤ... ਇਹ ਹਨ ਅਖੌਤੀ ਅਕਾਲੀਆਂ ਦੀ ਪ੍ਰਾਪਤੀਆਂ