ਗੁਰਿ ਕਹਿਆ ਸਾ ਕਾਰ ਕਮਾਵਹੁ ॥ (933)
ਏਥੇ ਗੁਰ ਦੇ ਕਹੇ ਦੀ ਗੱਲ ਹੋ ਰਹੀ ਹੈ, ਪਹਿਲਾਂ ਇਹ ਤਾਂ ਨਿਰਣਾ ਹੋ ਜਾਣਾ ਚਾਹੀਦਾ ਹੈ ਕਿ ਕਿਸ ਗੁਰ ਦੀ ਗੱਲ ਹੋ ਰਹੀ ਹੈ ?
ਇਹ ਨਿਰਣਾ ਕਰਨ ਦੀ ਮੈਂ ਬਹੁਤ ਕੋਸ਼ਿਸ਼ ਕੀਤੀ ਹੈ। ਜੋ ਕੁਛ ਸਾਮ੍ਹਣੇ ਆਇਆ ਹੈ, ਉਹ ਤਾਂ ਮੈਂ ਪਾਠਕਾਂ ਦੇ ਸਾਮ੍ਹਣੇ ਰੱਖਾਂਗਾ ਹੀ, ਪਰ ਜੋ ਮੇਰੇ ਸਾਮ੍ਹਣੇ ਅੜਚਨ ਹੈ, ਉਹ ਗੁਰਬਾਣੀ ਨੂੰ ਜਾਨਣ ਵਾਲੇ ਗੁਰ-ਸਿੱਖਾਂ ਨਾਲ ਸਾਂਝੀ ਕਰਨ ਵਾਲੀ ਹੈ, ਤਾਂ ਜੋ ਇਸ ਦੇ ਸਾਰੇ ਪੱਖਾਂ ਤੇ ਵਿਚਾਰ ਕੀਤੀ ਜਾ ਸਕੇ, ਪਰ ਇਹ ਕਹਿੰਦਿਆਂ ਥੋੜਾ ਅਟਪਟਾ ਲਗਦਾ ਹੈ ਕਿ ਮੈਨੂੰ 2/4 ਗੁਰ-ਸਿੱਖ ਵੀ ਨਹੀਂ ਮਿਲ ਰਹੇ। ਸਿੱਖ ਤਾਂ ਬਹੁਤ ਮਿਲਦੇ ਹਨ, ਪਰ ਸਮਝਣ-ਸਮਝਾਉਣ ਵਾਲੇ ਨਹੀਂ, ਤਰਕ-ਵਿਤਰਕ ਵਾਲੇ। ਪਰ ਮੈਂ ਚਾਹੁੰਦਾ ਹਾਂ ਕਿ ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਆਧਾਰ ਤੇ ਹੋਵੇ। ਸੋ ਪਾਠਕਾਂ ਅੱਗੇ ਬੇਨਤੀ ਹੈ ਕਿ ਮੇਰੇ ਲਿਖੇ ਵਿਚ ਜੋ ਵੀ ਸੁਧਾਰਨ ਵਾਲਾ ਹੋਵੇ ਜਾਂ ਰੱਦ ਕਰਨ ਵਾਲਾ ਹੋਵੇ, ਉਹ ਖੁਲ੍ਹੇ ਦਿਲ ਨਾਲ, ਗੁਰਮਤਿ ਦੇ ਸਿਧਾਂਤ ਦਾ ਹਵਾਲਾ ਦੇ ਕੇ ਮੇਰੀ ਮੇਲ ਤੇ ਲਿਖ ਭੇਜਣ, ਬੋਲੀ ਗੁਰਮੁਖੀ ਹੀ ਹੋਣੀ ਚਾਹੀਦੀ ਹੈ। ਧੰਨਵਾਦੀ ਹੋਵਾਂਗਾ।
ਮਾਮਲਾ ਗੁਰਬਾਣੀ ਸਿਧਾਂਤ ਦਾ ਅਤੇ ਪੂਰੇ ਪੰਥ ਨਾਲ ਸਬੰਧਿਤ ਹੈ, ਉਸ ਨੂੰ ਕੋਈ ਇਕੱਲਾ ਕਿਵੇਂ ਵਿਚਾਰ ਸਕਦਾ ਹੈ, ਪਰ ਛਡਿਆ ਵੀ ਨਹੀਂ ਜਾ ਸਕਦਾ। ਜੇ ਰੱਦ ਕਰਨ ਵਾਲਾ ਹੋਵੇ ਤਾਂ , ਭੁਲਣਹਾਰ, ਅਗਿਆਨੀ ਸਮਝ ਕੇ ਮਾਫ ਕਰ ਦੇਣਾ ਜੀ। ਮੈਂ ਇਸ ਬਾਰੇ ਹੋਰ ਗੱਲ ਕਰਨੀ ਬੰਦ ਕਰ ਦੇਵਾਂਗਾ। ਜੇ ਠੀਕ ਹੋਵੇ ਤਾਂ ਸਹਿਯੋਗ ਜ਼ਰੂਰ ਦੇਣਾ ਜੀ, ਕਿਉਂਕਿ ਕਿਸੇ ਦਿਨ ਤਾਂ ਇਹ ਮਸਲ੍ਹਾ ਹੱਲ ਕਰਨਾ ਹੀ ਪੈਣਾ ਹੈ।
ਗੁਰੂ ਨਾਨਕ ਜੀ ਨੇ ਬਹੁਤ ਉੱਦਮ ਕਰ ਕੇ,
ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਅਤੇ
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥1॥ ਅਤੇ
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਅਤੇ
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨਿ੍ ਬੰਨ੍ ਭਾਰੁ ਉਚਾਇਨਿ੍ ਛਟੀਐ ॥
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
ਕਉਣੁ ਹਾਰੇ ਕਿਨਿ ਉਵਟੀਐ ॥2॥ ਅਤੇ
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
ਗੁਰੂ ਨਾਨਕ ਜੀ ਨੇ ਆਪਣੇ ਜੀਂਵਦੇ ਜੀਂਵਦੇ ਹੀ, ਭਾਈ ਲਹਿਣਾ ਜੀ ਨੂੰ ਆਪਣਾ ਅੰਗ, ਅੰਗਦ ਬਣਾ ਕੇ, ਆਪਣੇ ਥਾਂ (ਗੁਰੂ ਬਣਾ ਕੇ) ਟਿਕਾ ਦਿੱਤਾ, ਸਥਾਪਤ ਕਰ ਦਿੱਤਾ। ਜੋਤ ਵੀ ਉਹੀ ਸੀ ਜੁਗਤ ਵੀ ਉਹੀ ਸੀ, ਬਸ ਕਾਇਆ, ਸਰੀਰ ਹੀ ਪਲਟਿਆ ਸੀ। ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅੰਗ, ਅੰਗਦ ਹੀ ਨਹੀਂ ਬਣਾਇਆ, ਆਪਣੀ ਬਾਣੀ ਵਾਲੀ ਪੋਥੀ ਦੇ ਕੇ, ਆਪਣੇ ਥਾਂ ਗੁਰੂ ਬਣਾਇਆ, ਗੁਰੂ ਅੰਗਦ ਜੀ ਨੂੰ ਆਪਣਾ ਨਾਮ ਵੀ ਦੇ ਕੇ ਨਾਨਕ ਬਣਾ ਦਿੱਤਾ, ਹਰ ਥਾਂ ਨਾਨਕ ਦਾ ਨਾਮ ਵਰਤਣ ਦਾ ਅਧਿਕਾਰ ਦਿੱਤਾ। ਇਹ ਪਿਰਤ ਚਲਦੀ ਰਹੀ, ਪੰਜਵੇਂ ਨਾਨਕ ਜੀ ਨੇ ਵੀ ਆਦ-ਬੀੜ ਵਿਚ ਸਭ ਨੂੰ ਨਾਨਕ ਹੀ ਦੱਸਿਆ, ਖਾਲੀ ਇਤਿਹਾਸਿਕ ਖੋਜੀਆਂ ਲਈ, ਕਾਇਆ ਪਲਟੀ ਦਾ ਸੰਕੇਤ 'ਮਹਲਾ 1, 2, 3, 4, 5 ਕਰ ਕੇ ਦਿੱਤਾ ।
ਏਹੀ ਜੁਗਤ ਦਸਵੇਂ ਨਾਨਕ ਜੀ ਨੇ ਵੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਵੇਲੇ (ਨੌਂਵੇਂ ਨਾਨਕ ਜੀ ਦੀ ਬਾਣੀ ਜੋੜ ਕੇ) ਅਤੇ ਗੁਰਿਆਈ ਦੇਣ ਵੇਲੇ ਵੀ ਵਰਤੀ, ਤੇ ਨਾਨਕ ਜੀ ਦੇ ਗੁਰੂ (ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥) ਨੂੰ ਸਿੱਖਾਂ ਦੇ ਸਦੀਵੀ ਗੁਰੂ ਵਜੋਂ ਸਥਾਪਤ ਕਰ ਦਿੱਤਾ । 1708 ਤੱਕ ਨਾਨਕ ਗੁਰੂ ਇਕ ਹੀ ਸੀ, ਫਿਰ ਇਹ ਦਸ ਕਿਵੇਂ ਹੋ ਗਏ ? ਏਥੋਂ ਹੀ ਸਿੱਖੀ ਦਾ ਖਿਲਾਰ ਸ਼ੁਰੂ ਹੋਇਆ, ਇਹ ਕਿਸ ਨੇ ਕੀਤਾ ?
ਅਮਰ ਜੀਤ ਸਿੰਘ ਚੰਦੀ (ਚਲਦਾ)