ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 4)
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਅਕਾਲ-ਪੁਰਖ ਸਦਾ ਕਾਇਮ ਰਹਣ ਵਾਲਾ ਹੈ, ਉਸ ਦਾ ਨਿਯਮ, ਕਾਨੂਨ, ਹੁਕਮ, ਰਜ਼ਾ ਵੀ ਸਦਾ ਅਟੱਲ ਹੈ, ਉਸ ਦੀ ਬੋਲੀ ਪ੍ਰੇਮ ਹੈ, ਅਤੇ ਉਹ ਆਪ ਬੇ-ਅੰਤ ਹੈ। ਅਸੀਂ ਜੀਵ ਉਸ ਕੋਲੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ, ਹੇ ਪ੍ਰਭੂ ਸਾਨੂੰ ਦਾਤਾਂ ਦੇਹ, ਹੋਰ ਦੇਹ,ਹੋਰ ਦੇਹ, ਉਹ ਦਾਤਾਰ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ।
(ਪਰਮਾਤਮਾ ਦੀ ਸਮਰਥਾ ਬਾਰੇ ਗੱਲ ਹੈ)
ਜੇ ਇਹ ਸਾਰੀਆਂ ਦਾਤਾਂ, ਉਹ ਆਪ ਹੀ ਬਖਸ਼ ਰਿਹਾ ਹੈ?, ਤਾਂ ਫਿਰ ਅਸੀਂ ਕਿਹੜੀ ਭੇਟਾ, ਉਸ ਅਕਾਲ-ਪੁਰਖ ਦੇ ਅੱਗੇ ਰਖੀਏ ?, ਭੇਂਟ ਕਰੀਏ ? ਜਿਸ ਦੇ ਸਦਕੇ, ਸਾਨੂੰ ਉਸ ਦੇ ਦਰਬਾਰ ਵਿਚ ਦਾਖਲਾ ਮਿਲ ਜਾਵੇ ? ਕਿਹੜੀ ਬੋਲੀ ਬੋਲੀਏ ?, ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਜਾਏ ?
(ਇਹ ਸਾਰੇ ਸਵਾਲ ਸਿੱਖਾਂ ਲਈ ਹਨ, ਨਾਨਕ ਜੀ ਨੇ ਕਿਤੇ ਵੀ ਆਪਣੇ ਆਪ ਨੂੰ ਸਮਰੱਥ ਨਹੀਂ ਕਿਹਾ, ਉਹ ਤਾਂ ਆਪਣੇ ਆਪ ਨੂੰ, "ਨਾਨਕ ਦੀਨ ", "ਨਾਨਕ ਗਰੀਬੁ" "ਨਾਨਕ ਨੀਚੁ" " ਨਾਨਕ ਦਾਸ" ਏਥੋਂ ਤੱਕ ਕਿ "ਨਾਨਕ ਦਾਸਨਿ ਦਾਸ " ਵੀ ਲਿਖਦੇ ਹਨ॥ ਨਾਨਕ ਜੀ ਨੇ ਸਦਾ ਸਿੱਖਾਂ ਨੂੰ ਅਕਲ ਦੀ ਵਰਤੋਂ ਕਰ ਕੇ ਅਗਾਂਹ ਵਧਣ ਦੀ ਪਰੇਰਨਾ ਕੀਤੀ ਹੈ, ਸ਼ਰਤ ਇਹੀ ਹੈ ਕਿ ਸਿੱਖ ਸਤ-ਸੰਗਤ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨ ਅਤੇ ਅਕਲ ਉਹੀ ਹੋਣੀ ਚਾਹੀਦੀ ਹੈ, ਜਿਸ ਨਾਲ 'ਵਾਦ-ਵਿਵਾਦ' ਖਤਮ ਹੋਵੇ।)
ਕਿੱਨਾ ਛੋਟਾ ਜਿਹਾ ਸਵਾਲ ਹੈ,?
" ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ "
ਉਸ ਦੇ ਲਈ ਵੀ ਸੇਧ ਹੈ,
" ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥"
ਅਤੇ ਕਿੰਨਾ ਛੋਟਾ ਜਿਹਾ ਜਵਾਬ ਹੈ,?
" ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ "
ਛੋਟੀ ਜਿਹੀ ਸ਼ਰਤ ਹੈ, ਕਿ,
" ਉਹ ਚੀਜ਼ ਸਾਡੀ ਆਪਣੀ ਹੋਵੇ "
ਪਰ ਬੜੇ ਦੁੱਖ ਦੀ ਗੱਲ ਹੈ ਕਿ , ਗੁਰਬਾਣੀ ਦੇ ਜਿਸ ਸਿਧਾਂਤ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖਾਲਸਾ ਰਾਜ ਤੱਕ ਦੇ ਸਿੱਖ ਜਾਣਦੇ ਸਨ, ਉਹ ਸਿਧਾਂਤ, ਤਿੰਨ ਸਦੀਆਂ ਦਾ ਸਿੱਖਾਂ ਦੇ ਪੱਲੇ ਨਹੀਂ ਪੈ ਰਿਹਾ, ਆਪਾਂ ਇਸ ਬਾਰੇ ਹੀ ਵਿਚਾਰ ਪੂਰੀ ਕਰਨੀ ਹੈ, ਸਮਾ ਜਿੰਨਾ ਮਰਜ਼ੀ ਲੱਗ ਜਾਵੇ।
ਆਉ ਇਕ ਇਕ ਨੁਕਤਾ ਲੈ ਕੇ ਵਿਚਾਰ ਕਰਦੇ ਹਾਂ।
ਪਹਿਲਾ ਅੱਖਰ ਹੈ " ਅੰਮ੍ਰਿਤ ਵੇਲਾ " ਅੰਮ੍ਰਿਤ ਦਾ ਵੇਲਾ।
ਗੁਰਮਤਿ ਸਿਧਾਂਤ ਅਨੁਸਾਰ, ਜੁਗਾਂ ਦੇ ਸ਼ੁਰੂ ਹੋਣ ਤੋਂ ਅੱਜ ਤੱਕ ਦਾ ਸਮਾ ਇਕ-ਬਰਾਬਰ ਰਿਹਾ ਹੈ, ਨਾ ਕੋਈ ਅੰਮ੍ਰਿਤ ਦਾ ਵੇਲਾ, ਖੁਸ਼ੀਆਂ ਭਰਿਆ ਸਮਾ ਸੀ, ਨਾ ਕੋਈ ਜ਼ਹਰ ਦਾ ਵੇਲਾ, ਦੁੱਖਾਂ ਭਰਿਆ ਸਮਾ ਸੀ।
ਜੇ ਵਿਦਵਾਨਾਂ ਦੀ ਗੱਲ ਮੰਨੀਏ ਤਾਂ ਇਹ ਵੀ ਕਦੀ ਨਹੀਂ ਹੋਇਆ ਕਿ ਪਿੱਛਲ-ਰਾਤ ਦਾ ਵੇਲਾ, ਸਦਾ ਖੁਸ਼ੀ ਭਰਿਆ ਹੋਇਆ ਹੋਵੇ। ਇਹ ਮੰਨ ਸਕਦੇ ਹਾਂ ਕਿ ਏਥੇ ਅੰਮ੍ਰਿਤ ਦੇ ਵੇਲੇ ਦੀ ਗੱਲ ਹੋ ਰਹੀ ਹੈ।
ਇਹ ਅੰਮ੍ਰਿਤ ਦੇ ਵੇਲੇ ਦੀ ਗੱਲ ਦਾ ਕੀ ਅਰਥ ਹੋਇਆ ? ਵੇਲੇ ਨੂੰ ਆਪਾਂ ਸਮਝਿਆ ਹੈ, ਹੁਣ ਅੰਮ੍ਰਿਤ ਬਾਰੇ ਵੀ ਜਾਣੀਏ। ਗੁਰਬਾਣੀ ਅਨੁਸਾਰ,
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥
ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥
ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥
ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥20॥
ਅਰਥ:-
ਜਿਸ ਪ੍ਰਭੂ ਨੇ "ਦੂਜਾ ਭਾਉ" ਪੈਦਾ ਕੀਤਾ ਹੈ, ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ, ਜੇ ਸਤਿਗੁਰੁ. (ਕਰਤਾਰ) ਦੇ ਹੁਕਮ ਵਿਚ ਤੁਰੀਏ, ਤਾਂ ਮਾਨੋ ਸਾਰੇ ਫਲ ਮਿਲ ਜਾਂਦੇ ਹਨ। ਪ੍ਰਭੂ ਦਾ ਅੰਮ੍ਰਿਤ ਨਾਮੁ ਸਦਾ ਸਿਮਰ ਸਕੀਦਾ ਹੈ, ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਦੂਜਾ ਭਾਉ (ਮਾਇਆ) ਦਾ ਦੁੱਖ ਮਿਟਾ ਸਕੀਦਾ ਹੈ।
ਹੇ ਨਾਨਕ, ਨਾਂਹ ਨਾਸ ਹੋਣ ਵਾਲਾ, ਨਾਮ-ਧਨ ਖੱਟ ਕੇ ਬੇ-ਫਿਕਰ ਹੋ ਜਾਈਦਾ ਹੈ।20।
ਬੜੇ ਸਾਫ ਲਫਜ਼ਾਂ ਵਿਚ ਅੰਮ੍ਰਿਤੁ ਨੂੰ , "ਹਰੀ ਦਾ ਨਾਮ" ਦੱਸਿਆ ਹੈ। ਜਿਸ ਨਾਲ ਸਾਰੇ ਫਲ ਮਿਲ ਜਾਂਦੇ ਹਨ । ਸਾਰੇ ਦੁੱਖ ਦੂਰ ਕੀਤੇ ਜਾ ਸਕਦੇ ਹਨ।
ਅਮਰ ਜੀਤ ਸਿੰਘ ਚੰਦੀ
28-10-2022
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 4)
Page Visitors: 111