ਗੁਰਬਾਣੀ ਦੀ ਸਰਲ ਵਿਆਖਿਆ!
ਗੂਜਰੀ ਮਹਲਾ 5 ॥
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥
ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥1॥
ਧਿਆਈਐ ਅਪਨੋ ਸਦਾ ਹਰੀ ॥
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ॥1॥ ਰਹਾਉ ॥
ਤੁਮ੍ਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹਾਰੈ ਪਰੀ ॥
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥2॥9॥18 ॥ (499)
ਹੇ ਭਾਈ, ਆਪਣੇ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ। ਸੰਸਾਰ ਦੀ ਉਸ ਚੀਜ਼ ਦਾ ਕੀ icMqw-ਫਿਕਰ ਕਰਨਾ ਹੋਇਆ, ਜਿਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ ? 1।ਰਹਾਉ॥
ਹੇ ਭਾਈ, ਪਰਮਾਤਮਾ ਸੰਸਾਰਿਕ ਪਦਾਰਥਾਂ ਨੂੰ ਖਿਨ ਵਿਚ ਪੈਦਾ ਕਰ ਕੇ, ਖਿਨ ਵਿਚ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ । ਪਰਮਾਤਮਾ, ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ, ਅਤੇ ਨੀਵਾਂ ਅਖਵਾਉਣ ਵਾਲੇ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰ ਦੇਂਦਾ ਹੈ ਜਿਸ ਕਰ ਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ।1।
ਹੇ ਨਾਨਕ ਆਖ, ਹੇ ਮੇਰੇ ਸਤਿਗੁਰ, ਸ਼ਬਦ-ਗੁਰੂ ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ। ਅਸੀਂ ਤੇਰੇ ਬੇ-ਸਮਝ , ਅੰਞਾਣ ਬੱਚੇ ਹਾਂ, ਆਪਣਾ ਹੱਥ ਸਾਡੇ ਸਿਰ ਤੇ ਰੱਖ ਕੇ, ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ ਬਚਾ ਲੈ।2।9।19।
ਗੁਰਬਾਣੀ ਵਿਚ ਸੋਚ ਲਫਜ਼, ਸੋਚ-ਵਿਚਾਰ ਕਰਨ ਲਈ ਨਹੀਂ ਆਇਆ, ਆਤਮਕ ਚੀਜ਼ਾਂ ਅਟੱਲ ਹਨ, ਇਨ੍ਹਾਂ ਨੂੰ ਮੰਨਣ ਜਾਂ ਨਿਕਾਰਨ ਦੀ ਗੱਲ ਹੈ। ਸੋਚ ਦੀ ਗੱਲ, ਸੁੱਚਮ ਲਈ ਹੈ। ਗੁਰ ਸ਼ਬਦ ਹੈ,
ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥3॥
ਕਈ ਮਨੁੱਖਾਂ ਦੀ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਵੇ, ਪਰ ਇਸ ਹਾਲਤ ਵਿਚ ਵੀ ਮਨ ਚੋਂ ਹਉਮੈ ਅਹੰਕਾਰ ਘਟਦਾ ਨਹੀਂ।
ਮਨੁੱਖ ਹਮੇਸ਼ਾ ਤੀਰਥ ਇਸ਼ਨਾਨ ਕਰਦਾ ਰਹੇ, ਪਰ ਮਨ ਦੀ ਮੈਲ, ਸਰੀਰ ਧੋਤਿਆਂ ਨਹੀਂ ਜਾਂਦੀ।
ਸਰੀਰ ਨੂੰ ਸਵਾਰਨ ਦੇ ਬਹੁਤ ਸਾਧਨ ਵੀ ਕੀਤੇ ਜਾਣ, ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਖਤਮ ਨਹੀਂ ਹੁੰਦਾ। ਇਸ ਨਾਸਵੰਤ ਸਰੀਰ ਨੂੰ, ਪਾਣੀ ਨਾਲ ਜਿੰਨੀ ਵਾਰੀ ਮਰਜ਼ੀ ਧੋਵੋ, ਤਾਂ ਵੀ ਇਹ ਕੱਚੀ-ਮਿੱਟੀ ਦੀ ਕੰਧ ਕਿਤੇ ਪਵਿੱਤਰ ਹੋ ਸਕਦੀ ਹੈ ?
ਹੇ ਮਨ, ਪ੍ਰਭੂ ਦੇ ਨਾਮ ਦੀ ਵਡਿਆਈ ਬੜੀ ਵੱਡੀ ਹੈ, ਹੇ ਨਾਨਕ, ਨਾਮ ਦੀ ਬਰਕਤ ਨਾਲ, ਅਣਗਿਣਤ ਮੰਦ-ਕਰਮੀ ਜੀਵ, ਵਿਕਾਰਾਂ ਤੋਂ ਬਚ ਜਾਂਦੇ ਹਨ।3। (265)
ਅਮਰ ਜੀਤ ਸਿੰਘ ਚੰਦੀ