ਗੁਰਬਾਣੀ ਦੀ ਸਰਲ ਵਿਆਖਿਆ!
ਸਲੋਕ ਮਃ 5 ॥
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥1॥
ਮਃ 5॥
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥2॥
ਪਉੜੀ ॥
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥3॥ (318)
ਹੇ ਨਾਨਕ, ਉਹੀ ਦਿਨ ਚੰਗਾ, ਸੁਹਾਨਾ ਹੈ, ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਪਰਮਾਤਮਾ ਯਾਦ ਆਵੇ, ਜਿਸ ਦਿਨ ਪਰਮਾਤਮਾ ਵਿਸਰ ਜਾਂਦਾ ਹੈ. ਉਹ ਸਮਾ ਮੰਦਾ ਜਾਣੋ, ਉਹ ਸਮਾ ਫਿਟਕਾਰ ਜੋਗ ਹੈ ।1।
ਹੇ ਨਾਨਕ, ਉਸ ਪਰਮਾਤਮਾ ਨਾਲ ਮਿਤ੍ਰ-ਤਾਈ, ਦੋਸਤੀ ਪਾਉਣੀ ਚਾਹੀਦੀ ਹੈ, ਜਿਸ ਦੇ ਵੱਸ ਵਿਚ ਸਭ-ਕੁਛ ਹੈ, ਪਰ ਜੋ ਸਾਡੇ ਨਾਲ, ਇਕ ਕਦਮ ਵੀ ਨਹੀਂ ਚਲ ਸਕਦੇ, ਉਹ ਕੁਮਿੱਤ੍ਰ ਕਹੇ ਜਾਂਦੇ ਹਨ, ਉਨ੍ਹਾਂ ਨਾਲ ਮੋਹ ਨਾ ਵਧਾਂਦੇ ਫਿਰੋ।2। ਹੇ ਭਾਈ, ਪਰਮਾਤਮਾ ਦਾ ਨਾਮ, ਅੰਮ੍ਰਿਤੁ-ਰੂਪੀ ਖਜ਼ਾਨਾ ਹੈ, ਇਸ ਅੰਮ੍ਰਿਤੁ ਨੂੰ ਸਤ-ਸੰਗਤ ਵਿਚ ਮਿਲ ਕੇ ਪੀਵੋ। ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਹੇ ਭਾਈ, ਗੁਰ, ਸ਼ਬਦ ਗੁਰੂ ਨਾਲ ਰਲ ਕੇ ਪਾਰਬ੍ਰਹਮ, ਪਰਮਾਤਮਾ ਦੀ ਸੇਵਾ ਕਰ,
ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਰਹਿ ਜਾਵੇਗੀ। ਨਾਮ ਸਿਮਰਿਆਂ, ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਜੋ ਕਦੇ ਨਾਸ ਨਹੀਂ ਹੁੰਦੀ। ਹੇ ਪਾਰਬ੍ਰਹਮ, ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ।
ਹੇ ਨਾਨਕ, ਉਸ ਪਾਰਬ੍ਰਹਮ ਦੀ ਸਰਨ ਪਓ।3।
ਅਮਰ ਜੀਤ ਸਿੰਘ ਚੰਦੀ (ਚਲਦਾ)