ਗੁਰਬਾਣੀ ਦੀ ਸਰਲ ਵਿਆਖਿਆ!
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥
(ਪਰਮਾਤਮਾ ਦੀ ਵਡਿਆਈ ਹੈ.)
ਅਕਾਲ-ਪੁਰਖ, ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ, ਕਿਉਂਕਿ ਉਹ ਨਰੋਲ ਆਪ ਹੀ ਆਪ ਹੈ, ਨਾਹ ਉਹ ਪੈਦਾ ਕੀਤਾ ਜਾ ਸਕਦਾ ਹੈ, ਅਤੇ ਨਾ ਹੀ ਉਹ ਸਾਡੇ ਬਣਾਇਆਂ ਬਣਦਾ ਹੈ। ਜਿਸ ਮਨੁੱਖ ਨੇ ਉਸ ਅਕਾਲ-ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ ਆਉ ਆਪਾਂ ਵੀ ਉਸ ਗੁਣਾਂ ਦੇ ਖਜ਼ਾਨੇ, ਹਰੀ ਦੀ ਸਿਫਤ-ਸਾਲਾਹ ਕਰੀਏ। ਆਉ, ਅਕਾਲ-ਪੁਰਖ ਦੇ ਗੁਣ ਗਾਈਏ ਤੇ ਸੁਣੀਏ, ਅਤੇ ਆਪਣੇ ਮਨ ਵਿਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਕੰਮ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰ ਕੇ, ਸੁਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ । ਪਰ ਉਸ ਰੱਬ ਦਾ ਨਾਮ ਤੇ ਗਿਆਨ , ਗੁਰੂ ਕੋਲੋਂ ਮਿਲਦਾ ਹੈ, ਗੁਰੂ ਦੀ ਰਾਹੀਂ ਹੀ ਇਹ ਪਰਤੀਤ ਆਉਂਦੀ ਹੈ ਕਿ ਉਹ ਹਰੀ, ਸਭ ਥਾਈਂ ਵਿਆਪਕ ਹੈ । ਪਰਮਾਤਮਾ ਹੀ ਸਾਡੇ ਲਈ ਸ਼ਿਵ ਹੈ, ਪਰਮਾਤਮਾ ਹੀ ਸਾਡੇ ਲਈ ਗੋਰਖ ਅਤੇ ਬਰ੍ਹਮਾ ਹੈ, ਅਤੇ ਪਰਮਾਤਮਾ ਹੀ ਸਾਡੇ ਲਈ, ਪਾਰਬਤੀ ਮਾਈ ਹੈ।
ਜੇ ਮੈਂ, ਅਕਾਲ-ਪੁਰਖ ਦੇ ਹੁਕਮ ਨੂੰ ਉਸ ਦੀ ਰਜ਼ਾ ਨੂੰ ਸਮਝ ਵੀ ਲਵਾਂ, ਤਾਂ ਵੀ ਮੇਰੇ ਕੋਲੋਂ ਉਸ ਦਾ ਵਰਣਨ ਨਹੀਂ ਹੋ ਸਕਦਾ, ਪ੍ਰਭੂ ਦੇ ਹੁਕਮ ਬਾਰੇ ਵੀ ਦੱਸਿਆ ਨਹੀਂ ਜਾ ਸਕਦਾ। ਇਸ ਤੋਂ ਅੱਗੇ ਚੱਲਣ ਤੋਂ ਪਹਿਲਾਂ, ਕੁਝ ਗੱਲਾਂ ਸਾਫ ਕਰਨ ਵਾਲੀਆਂ ਹਨ, ਕਿਉਂ ਜੋ ਉਹ ਗੱਲਾਂ ਗੁਰਮਤਿ ਸਿਧਾਂਤ ਨਾਲ ਸੰਬੰਧਿਤ ਹਨ, ਇਸ ਲਈ ਉਨ੍ਹਾਂ ਦਾ ਖੁਲਾਸਾ ਕਰਨਾ ਜ਼ਰੂਰੀ ਹੈ।
ਇਹ ਮਸਲ੍ਹਾ ਗੁਰਬਾਣੀ ਉਚਾਰਨ ਨਾਲ ਸੰਬੰਧਿਤ ਹੈ, ਅਗਲੀ ਤੁਕ ਹੈ,
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥
ਇਸ ਨੂੰ ਦੋ ਤਰ੍ਹਾਂ ਨਾਲ ਉਚਾਰਿਆ ਜਾਂਦਾ ਹੈ। "ਗੁਰਾ" ਅਤੇ "ਗੁਰਾਂ"
ਗੁਰਾ ਦੇ ਉਚਾਰਨ ਨਾਲ ਅਰਥ ਬਣਦੇ ਹਨ "ਹੇ ਗੁਰੂ" ਅਤੇ ਗੁਰਾਂ ਦੇ ਉਚਾਰਨ ਨਾਲ ਅਰਥ ਬਣਦੇ ਹਨ,"ਗੁਰੂ ਨੇ" ਦੋਵਾਂ ਨਾਲ, ਤੁਕ ਦੇ ਅਰਥ ਇਵੇਂ ਬਣਦੇ ਹਨ,
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥ ਦੇ ਅਰਥ ਬਣਦੇ ਹਨ,
ਹੇ ਗੁਰੂ, ਮੈਨੂੰ ਇਹ ਸੋਝੀ ਬਖਸ਼ ਕਿ ਜਿਹੜਾ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ, ਇਕੋ-ਇਕ ਰੱਬ ਹੈ, ਮੈਂ ਉਸ ਨੂੰ ਭੁੱਲ ਨਾ ਜਾਵਾਂ।5।
ਅਤੇ ਦੂਸਰੇ ਉਚਾਰਨ ਨਾਲ,
ਗੁਰਾਂ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥ ਦੇ ਅਰਥ ਬਣਦੇ ਹਨ,
ਗੁਰੂ ਨੇ ਮੈਨੂੰ ਇਹ ਸੋਝੀ ਬਖਸ਼ੀ ਹੈ ਕਿ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ, ਇਕੋ-ਇਕ ਰੱਬ ਹੈ, ਮੈਂ ਉਸ ਨੂੰ ਭੁੱਲ ਨਾ ਜਾਵਾਂ।
ਪਹਿਲੀ ਤੁਕ ਵਿਚ ਇਹ ਜ਼ਾਹਰ ਹੁੰਦਾ ਹੈ ਕਿ ਮੈਨੂੰ ਇਹ ਗਿਆਨ ਹੈ ਕਿ (1) ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, (2) ਮੈਨੂੰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਮੈਂ ਗੁਰੂ ਨੂੰ ਯਾਦ ਕਰਾ ਰਿਹਾ ਹਾਂ, (Guide Line) ਦੇ ਰਿਹਾ ਹਾਂ ਕਿ ਤੂੰ ਮੈਨੂੰ ਇਹ ਸੋਝੀ ਦੇਹ ਕਿ ਮੈਂ ਉਸ ਨੂੰ ਭੁੱਲ ਨਾ ਜਾਵਾਂ। ਜਦੋਂ ਮੈਨੂੰ ਦੋਵਾਂ ਚੀਜ਼ਾਂ ਦਾ ਪਤਾ ਹੈ, ਫਿਰ ਮੈਂ ਗੁਰੂ ਕੋਲੋਂ ਕੀ ਚਾਹੁੰਦਾ ਹਾਂ ? (ਮੈਂ ਗੁਰੂ ਦੀ ਹੈਸੀਅਤ ਨੂੰ ਨਕਾਰਦੇ ਹੋਏ ਉਸ ਦਾ ਨਿਰਾਦਰ ਕਰ ਰਿਹਾ ਹਾਂ।)
ਦੂਜੀ ਤੁਕ ਵਿਚ ਇਹ ਜ਼ਾਹਰ ਹੁੰਦਾ ਕਿ ਮੈਂ ਕੁਝ ਨਹੀਂ ਜਾਣਦਾ ਸੀ, ਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ ਕਿ , ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੀ ਹੈ, ਮੈਂ ਉਸ ਨੂੰ ਕਿਸੇ ਹਾਲਤ ਵਿਚ ਵੀ ਭੁੱਲ ਨਾ ਜਾਵਾਂ, ਹਰ ਵੇਲੇ ਉਸ ਨੂੰ ਯਾਦ ਰੱਖਾਂ। (ਗੁਰੂ ਦੀ ਹੈਸੀਅਤ ਨੂੰ ਸਮਝਦੇ ਹੋਏ, ਉਸ ਵਲੋਂ ਕੀਤੇ ਪਰ-ਉਪਕਾਰ ਲਈ ਮੈਂ ਉਸ ਦਾ ਰਿਣੀ ਹਾਂ) ਇਸ ਲਈ ਛੋਟੀ ਜਿਹੀ ਗੱਲ ਯਾਦ ਰੱਖਣ ਦੀ ਹੈ ਕਿ, ਜਦੋਂ ਸੁਣ ਰਹੇ ਹੋਈਏ ਤਾਂ ਅਰਥ ਉਸ ਅੱਖਰ ਦਾ ਹੀ ਕੀਤਾ ਜਾਂਦਾ ਹੈ, ਜਿਸ ਦਾ ਉਚਾਰਨ ਹੋ ਰਿਹਾ ਹੋਵੇ। ਇਸ ਲਈ ਉਚਾਰਨ ਕਰਨ ਵੇਲੇ "ਗੁਰਾਂ" ਦੇ ਨਾਲ ਬਿੰਦੀ ਦਾ ਉਚਾਰਨ ਕੀਤਾ ਜਾਵੇ। ਤਾਂ ਜੋ ਅਰਥ ਸਹੀ ਬਣਨ। ਅਰਥ ਬਣਦਾ ਹੈ,
ਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ ਕਿ , ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੀ ਹੈ, ਮੈਂ ਉਸ ਨੂੰ ਕਿਸੇ ਹਾਲਤ ਵਿਚ ਵੀ ਭੁੱਲ ਨਾ ਜਾਵਾਂ, ਹਰ ਵੇਲੇ ਉਸ ਨੂੰ ਯਾਦ ਰੱਖਾਂ।
ਅਮਰ ਜੀਤ ਸਿੰਘ ਚੰਦੀ