ਗੁਰਬਾਣੀ ਦੀ ਸਰਲ ਵਿਆਖਿਆ!
ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥8॥
ਇਸ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ, ਅੱਖਰ " ਸੁਣਿਐ " ਦਾ ਅਰਥ ਜਾਣ ਲੈਣਾ ਜ਼ਰੂਰੀ ਹੈ। ਆਉ ਇਸ ਨੂੰ ਸਮਝ ਲਈਏ। ਸੁਣਿਐ ਦਾ ਗੁਰਮਤਿ ਵਿਆਕਰਣ ਅਨੁਸਾਰ ਅਰਥ ਹੈ, "ਸੁਣਿਆਂ" "ਸੁਣਨ ਨਾਲ"
ਇਸ ਤੋਂ ਅਗਲੀ ਗੱਲ ਹੈ, ਕੀ ਸੁਣਨ ਨਾਲ ? ਪਰਮਾਤਮਾ ਖੁਸ਼ ਹੋ ਜਾਵੇ, ਮਨੁੱਖ ਦੀ ਅਕਲ ਵਿਚ ਰਤਨ, ਜਵਾਹਰ ਤੇ ਮੋਤੀ ਉਪਜ ਪੈਣ, ਆਤਮਕ ਗੁਣ, ਪੈਦਾ ਹੋ ਜਾਣ। (ਪਉੜੀ 6)
ਸ਼ਬਦ ਗੁਰੂ ਦੀ ਸਿਖਿਆ ਸੁਣਨ ਨਾਲ ਬੰਦੇ ਤੇ, ਅਕਾਲ-ਪੁਰਖ ਦੀ ਮਿਹਰ ਹੋ ਜਾਵੇ।(ਪਉੜੀ 7)
ਇਹ ਸੁਣਨ ਦੀ ਪੂਰੀ ਪਰਕਿਰਿਆ ਹੈ, ਜਿਸ ਨੂੰ ਗੁਰਬਾਣੀ ਵਿਚ ਇਵੇਂ ਦੱਸਿਆ ਹੈ'
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਅੰਤਰਗਤਿ ਤੀਰਥਿ ਮਲਿ ਨਾਉ ॥
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਜਿਸ ਮਨੁੱਖ ਨੇ ਸ਼ਬਦ ਗੁਰੂ ਦੀ ਸਿਖਿਆ ਨੂੰ ਸੁਰਤ ਜੋੜ ਕੇ ਸੁਣਿਆ ਹੈ, ਫਿਰ ਉਸ ਨੂੰ ਮਨ ਨੇ ਪਿਆਰ ਨਾਲ ਮੰਨਿਆ ਹੈ, ਉਸ ਮਨੁੱਖ ਨੇ ਅੰਦਰ ਵਸਦੇ ਪ੍ਰਭੂ ਨਾਲ ਜੁੜ ਕੇ, ਅੰਦਰਲੇ ਤੀਰਥ ਵਿਚ ਮਲ-ਮਲ ਕੇ ਇਸ਼ਨਾਨ ਕਰ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ। ਇਹ ਸਾਰਾ ਕੁਝ ਕਰਨ ਲਈ, ਸਭ ਤੋਂ ਵੱਡੀ ਚੀਜ਼ ਜੋੜਨੀ ਜ਼ਰੂਰੀ ਹੈ, ਅਕਾਲ ਪੁਰਖ ਦੀ ਮਿਹਰ ਲਈ ਬੇਨਤੀ, ਅਤੇ ਉਹ ਇਵੇਂ ਹੈ, ਹੇ ਪ੍ਰਭੂ ਜੀ, ਮੇਰੇ ਵਿਚ ਤਾਂ ਕੋਈ ਵੀ ਗੁਣ ਨਹੀਂ ਹੈ, ਸਾਰੇ ਗੁਣ ਤੇਰੇ ਹੀ ਦਿੱਤੇ ਹੋਏ ਹਨ, ਜੇ ਤੂੰ ਆਪਣੇ ਗੁਣ ਨਾ ਦਿੱਤੇ ਹੁੰਦੇ ਤਾਂ ਮੇਰੀ ਕੀ ਔਖਾਤ ਸੀ ਕਿ ਮੈਂ ਇਹ ਸਾਰਾ ਕੰਮ ਕਰ ਲੈਂਦਾ।
ਇਹ ਹੈ ਸੁਣਨ ਦਾ ਚੱਕਰ, ਜਿਸ ਨੂੰ ਪੂਰਾ ਕਰਨਾ ਜ਼ਰੂਰੀ ਹੈ, ਤਾਂ ਹੀ ਇਹ ਸੁਣਨ ਦੀ ਕਿਰਿਆ ਪੂਰੀ ਹੁੰਦੀ ਹੈ।
ਫਿਰ ਹੀ ਬਾਕੀ ਦੀਆਂ ਗੱਲਾਂ ਅੱਗੇ ਸਮਝਣ ਵਾਲੀਆਂ ਹਨ।
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥
ਹੇ ਨਾਨਕ, ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ, ਭਗਤ-ਜਨਾਂ ਦੇ ਹਿਰਦੇ ਵਿਚ, ਸਦਾ ਖਿੜਾਉ ਬਣਿਆ ਰਹਿੰਦਾ ਹੈ, ਕਿਉਂਕਿ ਅਕਾਲ-ਪੁਰਖ ਦੀ ਸਿਫਤ-ਸਾਲਾਹ ਸੁਣ ਕੇ, ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥
ਸ਼ਬਦ ਗੁਰੂ ਦੀ ਸਿਖਿਆ ਸੁਣਨ ਨਾਲ, ਉਸ ਤੇ ਅਮਲ ਕਰਨ ਨਾਲ, ਸਧਾਰਨ ਮਨੁੱਖ ਵੀ, ਸਿੱਧਾਂ, ਪੀਰਾਂ, ਦੇਵਤਿਆਂ ਅਤੇ ਨਾਥਾਂ ਵਰਗੇ, ਉੱਚੇ ਆਤਮਕ ਰੁਤਬਿਆਂ ਤੇ ਪਹੁੰਚ ਜਾਂਦੇ ਹਨ। ਉਨ੍ਹਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਧਰਤੀ ਦੇ ਸਾਰੇ ਖੰਡਾਂ, ਬ੍ਰਹਿਮੰਡਾਂ ਵਿਚ ਵਿਆਪਕ ਹੈ ਅਤੇ ਧਰਤੀ-ਆਕਾਸ਼ ਦਾ ਆਸਰਾ ਹੈ।
ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥
ਇਸ ਤਰ੍ਹਾਂ ਹਰ ਥਾਂ ਪ੍ਰਭੂ ਨੂੰ ਪਰਤੱਖ ਮਹਿਸੂਸ ਕਰਦਿਆਂ, ਮੌਤ ਦਾ ਡਰ ਵੀ ਉਨ੍ਹਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ।8।
ਅਮਰ ਜੀਤ ਸਿੰਘ ਚੰਦੀ