- : ਸੰਗਰਾਂਦ, ਮੱਸਿਆ, ਪੂਰਨਮਾਸ਼ੀ ਅਤੇ ਸਿੱਖ : -
ਗੁਰਮਤਿ-ਗਿਆਨ ਤੋਂ ਕੋਰੇ ਕੁੱਝ ਵਿਦਵਾਨ, ਪੁਜਾਰੀ-ਪੁਜਾਰੀ ਅਤੇ ਬਿਪਰ-ਬਿਪਰ ਦਾ ਰੌਲਾ ਪਾ ਕੇ ਸਿੱਖਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹਨ ਅਤੇ ਕੁਝ ਇਹਨਾ ਦੇ ਮਗ਼ਰ ਲੱਗਕੇ ਗੁਮਰਾਹ ਹੋ ਗਏ ਹਨ।ਇਹਨਾ ਵਿਦਵਾਨਾਂ ਦਾ ਕਹਿਣਾ ਹੈ ਕਿ ਪੁਜਾਰੀ/ਬ੍ਰਾਹਮ ਨੇ ਜਨਤਾ ਦੀ ਲੁੱਟ ਲਈ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਦਿਨ ਘੜ ਰੱਖੇਹਨ।
ਆਓ ਵਿਚਾਰ ਕਰੀਏ ਕਿ ਕੀ ਸੱਚ ਮੁੱਚ ਇਸ ਤਰ੍ਹਾਂ ਹੀ ਹੈ?
ਸੰਗਰਾਂਦ/ਸੰਕ੍ਰਾਂਤੀ ਕਿਸੇ ਪੁਜਾਰੀ, ਕਿਸੇ ਬਿਪਰ ਨੇ ਨਹੀਂ ਬਣਾਈ।ਸੰਗਰਾਂਦਾਂ, ਕੈਲੰਡਰ ਨੂੰ ਬਨਾਉਣ ਵਾਲੇ ਵਿਦਵਾਨ ਨੇ ਮਿਥੀਆਂ ਹਨ। ਬਾਰਾਂ ਮਹੀਨਿਆਂ ਦੀ ਸ਼ੁਰੂਆਤ ਕਿਤੋਂ ਤਾਂ ਮਿਥੀ ਹੀ ਜਾਣੀ ਸੀ।ਸੋ ਬਿਕਰਮੀ ਕੈਲੰਡਰ ਦੇ ਨਿਰਮਾਤਾ ਰਾਜਾ ਵਿਕਰਮਾ ਦਿੱਤ ਨੇ ਮਹੀਨਿਆਂ ਦੀ ਸ਼ੁਰੂਆਤ ਤਾਰਿਆਂ ਦੇ ਵੱਖ ਵੱਖ ਝੁੰਡਾਂ ਨੂੰ ਸੇਧ ਰੱਖਕੇ ਮਿਥ ਲਈ।
ਧਰਤੀ ਸੂਰਜ ਦੁਆਲੇ ਚੱਕਰ ਲਗਾਉਂਦੀ ਹੋਈ ਤਾਰਿਆਂ ਦੇ ਮੁਕਾਬਲੇ’ਚ ਆਪਣੀ ਸਥਿਤੀ ਬਦਲਦੀ ਹੈ ਅਤੇ ਧਰਤੀ ਦੀ ਬਦਲੀ ਹੋਈ ਸਥਿਤੀ ਤੋਂ ਕਿਸੇ ਵੀ ਮਹੀਨੇ ਦੇ ਸ਼ੁਰੂ ਵਿੱਚ, ਸੂਰਜ ਦੀ ਸੇਧ ਵਿੱਚ ਤਾਰਿਆਂ ਦਾ ਜਿਹੜਾ ਝੁੰਡ ਦਿਸਣਾ ਸ਼ੁਰੂ ਹੋ ਜਾਂਦਾ ਹੈ। ਉਹਨਾ ਤਾਰਿਆਂ ਦੇ ਵੱਖ ਵੱਖ ਝੁੰਡਾਂ ਨੂੰ ਵੱਖ ਵੱਖ ਨਾਮ ਦੇ ਦਿੱਤੇ ਗਏ ਹਨ।
ਜਿਨ੍ਹਾਂ ਨੂੰ ਰਾਸ਼ੀਆਂ ਕਿਹਾ ਜਾਂਦਾ ਹੈ। ਹਰ ਮਹੀਨੇ ਦੇ ਸ਼ੁਰੂ ਦੇ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ।ਇਸ ਵਿੱਚ ਕਿਤੇ ਵੀ ਕੋਈ ਵੀ ਬਿਪਰਵਾਦੀ ਜਾਂ ਪੁਜਾਰੀਵਾਦੀ ਵਾਲੀ ਗੱਲ ਨਹੀਂ ਹੈ।ਕੁਦਰਤੀ ਵਰਤਾਰੇ ਦੀਆਂ ਖਾਸ ਸਥਿਤੀਆਂ ਨੂੰ ਕੈਲੰਡਰ ਗਣਿਤ ਵਿੱਚ ਇਸਤੇਮਾਲ ਕੀਤਾ ਗਿਆ ਹੈ।
ਹੁਣ ਜੇ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਜਾਣ, ਅਰਥਾਤ ਮਹੀਨਾ ਸ਼ੁਰੂ ਹੋਣ ਨੂੰ ਪੁਜਾਰੀ ਨੇ ਜਨਤਾ ਦੀ ਲੁੱਟ ਦਾ ਸਾਧਨ ਬਣਾ ਲਿਆ ਹੈ ਤਾਂ ਇਸ ਵਿੱਚ ਕੈਲੰਡਰ ਬਿਪਰੀ ਕਿਵੇਂ ਹੋ ਗਿਆ? ਸੰਗਰਾਂਦਾਂ ਅਤੇ ਰਾਸ਼ੀਆਂ ਦੇ ਨਾਮ ਬਿਕਰਮੀ ਕੈਲੰਡਰ ਦੇ ਨਿਰਮਾਤਾ ਰਾਜਾ ਵਿਕਰਮਾ ਦਿੱਤ ਨੇ ਮਿਥੇ ਹਨ।ਥੋੜ੍ਹੀ ਜਿਹੀ ਵੀ ਸਮਝ ਰੱਖਣ ਵਾਲਾ
ਵਿਅਕਤੀ ਕਦੇ ਵੀ ਨਹੀਂ ਮੰਨ ਸਕਦਾ ਕਿ ਇੱਕ ਰਾਜੇ ਨੇ ਲੋਕਾਂ ਦੀ ਲੁੱਟ ਦੇ ਲਈ ਸੰਗਰਾਂਦ ਅਤੇ ਰਾਸ਼ੀਆਂ ਦੇ ਦਿਹਾੜੇ ਮਿਥ ਲਏ।
ਇਸੇ ਤਰ੍ਹਾਂ ਧਰਤੀ ਦੁਆਲੇ ਚੱਕਰ ਲਗਾਉਂਦੇ ਹੋਏ ਧਰਤੀ, ਚੰਦ ਅਤੇ ਸੂਰਜ ਦੀ ਉਹ ਸਥਿਤੀ ਜਿੱਥੇ ਸੂਰਜ ਦੀਆਂ ਕਿਰਣਾਂ ਪੂਰਣ ਤੌਰ ਤੇ ਚੰਦ ਤੇ ਪੈਂਦੀਆਂ ਧਰਤੀ ਤੋਂ ਨਜ਼ਰ ਆਉਂਦੀਆਂ ਹਨ ਅਤੇ ਧਰਤੀ ਤੋਂ ਚੰਦ ਪੂਰਾ ਚਮਕਦਾ ਨਜ਼ਰ ਆਉਂਦਾ ਹੈ ਤਾਂ ਉਸ ਦਿਨ ਨੂੰ ਪੂਰਨਮਾਸ਼ੀ ਨਾਮ ਦਿੱਤਾ ਗਿਆ ਹੈ।ਅਤੇ ਜਦੋਂ ਧਰਤੀ, ਚੰਦ ਅਤੇ ਸੂਰਜ ਦੀ ਸਥਿਤੀ ਐਸੀ ਬਣ ਜਾਂਦੀ ਹੈ, ਜਦੋਂ ਚੰਦ ਤੇ ਪੈਣ ਵਾਲੀਆਂ ਸੂਰਜ ਦੀਆਂ ਕਿਰਣਾਂ ਧਰਤੀ ਤੋਂ ਨਜ਼ਰ ਨਹੀਂ ਆਉਂਦੀਆਂ ਅਰਥਾਤ ਜਦੋਂ ਚੰਦ ਧਰਤੀ ਤੋਂ ਚਮਕਦਾ ਨਜ਼ਰ ਨਹੀਂ ਆਉਂਦਾ, ਉਸ ਦਿਨ ਨੂੰ ਮੱਸਿਆ ਨਾਮ ਦੇ ਦਿੱਤਾ ਗਿਆ ਹੈ।ਇਸ ਵਰਤਾਰੇ ਵਿੱਚ ਵੀ ਕਿਸੇ ਬਿਪਰ ਦਾ ਕੋਈ ਹੱਥ ਨਹੀਂ, ਪਰ ਪੁਜਾਰੀ/ਬਿਪਰ ਨੇ ਇਹਨਾਂ ਕੁਦਰਤੀ ਸਥਿਤੀਆਂ ਨੂੰ ਵੀ ਜਨਤਾ ਦੀ ਲੁੱਟ ਦਾ ਸਾਧਨ ਬਣਾ ਰੱਖਿਆ ਹੈ।ਹੁਣ ਜੇ ਬਿਪਰ/ਪੁਜਾਰੀ ਨੇ ਇਹਨਾ ਸਥਿਤੀਆਂ/ਦਿਨਾਂ ਨੂੰ ਵੀ ਲੁੱਟ ਦਾ ਸਾਧਨ ਬਣਾ ਰੱਖਿਆ ਹੈ ਤਾਂ ਕੀ ਇਸ ਨਾਲ ਸੰਗਰਾਂਦ ਅਤੇ ਮੱਸਿਆ ਦੇ ਦਿਨ ਦੂਸ਼ਿਤ ਹੋ ਗਏ? ਪਰ ਅਜੋਕੇ ਕੁਝ ਵਿਦਵਾਨਾਂ ਵੱਲੋਂ ਇਹਨਾਂ ਨਾਵਾਂ ਪ੍ਰਤੀ ਸਿੱਖਾਂ ਵਿੱਚ ਬਿਪਰੀ-ਬਿਪਰੀ ਕਹਿਕੇ ਐਸੀ ਨਫਰਤ ਫੈਲਾਈ ਜਾ ਰਹੀ ਹੈ, ਜਿਵੇਂ ਇਹ ਨਾਮ ਲੈਣ ਨਾਲ ਹੀ ਸਿੱਖਾਂ ਨੂੰ ਕੋਈ ਦੂਸ਼ਣਾਂ ਆ ਘੇਰੇਗੀ।
ਸਿੱਖਾਂ ਦਾ ਸੰਗਰਾਂਦ, ਮੱਸਿਆ ਜਾਂ ਪੂਰਨਮਾਸ਼ੀ ਨਾਲ ਸਬੰਧ-
ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਬਿਪਰ/ਪੁਜਾਰੀ ਵੱਲੋਂ ਮੱਸਿਆ, ਪੂਰਨਮਾਸ਼ੀ, ਸੰਗਰਾਂਦ ਆਦਿ ਦਿਨਾਂ ਨੂੰ ਖਾਸ ਦਿਨ ਮਿਥਕੇ ਇਹਨਾ ਦਿਨਾਂ ਤੇ ਪੂਜਾ ਪਾਠ ਕਰਨ ਦੇ ਬਹਾਨੇ ਜਨਤਾ ਦੀ ਲੁੱਟ ਦਾ ਜਰੀਆ ਤਾਂ ਬਣਾ ਹੀ ਰੱਖਿਆ ਹੈ ਇਸ ਦੇ ਨਾਲ ਸੂਰਜ ਦੇਵਤਾ ਦੀ ਪੂਜਾ ਦੇ ਬਹਾਨੇ ਕਰਮ ਕਾਂਡ ਵਿੱਚ ਵੀ ਲਗਾ ਰੱਖਿਆ ਹੈ। ਗੁਰੂ ਸਾਹਿਬਾਂ ਨੇ ਇਹਨਾਂ ਕਰਮ ਕਾਂਡਾਂ (ਸੂਰਜ ਦੇਵਤਾ ਦੀ ਪੂਜਾ) ਵੱਲੋਂ ਹਟਾਉਣ ਦੇ ਮਕਸਦ ਨਾਲ ਬਾਰਹ ਮਾਹ ਬਾਣੀਆਂ ਉਚਾਰਕੇ ਸਿੱਖਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਦਾ ਜਤਨ ਕੀਤਾ ਹੈ। ਹੁਣ ਜੇ ਸੰਗਰਾਂਦ, ਮੱਸਿਆ, ਪੂਰਣਮਾਸ਼ੀ ਆਦਿ ਦਿਨਾਂ ਤੇ ਸਿੱਖ ਗੁਰਦੁਆਰੇ ਜਾ ਕੇ ਗੁਰਬਾਣੀ ਨਾਲ ਜੁੜਦੇ ਹਨ ਤਾਂ ਇਸ ਵਿੱਚ ਕੀ ਖਰਾਬੀ ਹੈ।
ਖਰਾਬੀ ਤੇ ਤਾਂ ਹੈ ਜੇ ਸੰਗਰਾਂਦ ਦੇ ਦਿਨ ਸਿੱਖ ਸੂਰਜ ਦੇਵਤਾ ਦੀ ਪੂਜਾ ਕਰਦੇ ਹੋਣ। ਬਾਰਹ ਮਾਹ ਬਾਣੀਆਂ ਉਚਾਰਨ ਦਾ ਗੁਰੂ ਸਾਹਿਬਾਂ ਦਾ ਮਕਸਦ ਵੀ ਇਹੀ ਨਜ਼ਰ ਆਉਂਦਾ ਹੈ ਕਿ, ਬ੍ਰਾਹਮਣ ਇਹਨਾਂ ਦਿਨਾਂ ਤੇ ਸੂਰਜ ਆਦਿ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਸਿੱਖ ਨੇ ਦੇਵੀ ਦੇਵਤਿਆਂ ਦੀ ਪੂਜਾ ਨਾ ਕਰਕੇ ਪ੍ਰਭੂ ਨਾਮ ਨਾਲ ਜੁੜਨਾ ਹੈ।
ਇਹ ਗੱਲ ਵੱਖਰੀ ਹੈ ਕਿ ਬਾਰਹ ਮਾਹ ਬਾਣੀਆਂ ਦੇ ਜਰੀਏ ਗੁਰੂ ਸਾਹਿਬਾਂ ਨੇ, ਸਿੱਖ ਨੂੰ ਜੋ ਅਧਿਆਤਮਕ ਸੁਨੇਹਾ ਦੇਣਾ ਚਾਹਿਆ ਹੈ। ਪਰ ਪੁਰੇਵਾਲ ਅਤੇ ਉਸਦੇ ਕੈਲੰਡਰ ਦੇ ਪ੍ਰਸ਼ੰਸਕਾਂ ਨੇ ਗੁਰੂ ਸਾਹਿਬਾਂ ਦੇ ਉਚੇ ਅਧਿਆਤਮਕ ਸੁਨੇਹੇ ਨੂੰ ਖੂਹ ਖਾਤੇ ਪਾ ਕੇ ਕੈਲੰਡਰ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਰੱਖਿਆ ਹੈ। ਜੇ ਗੁਰਬਾਣੀ ਵਿੱਚ ਦਰਜ ਬਾਰਹ ਮਾਹ ਬਾਣੀਆਂ ਨੂੰ ਕੈਲੰਡਰ ਦੇ ਨੁਕਤਾ ਨਿਗਾਹ ਤੋਂ ਸਮਝਣ ਅਤੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵਿਚਾਰਨ ਤੇ ਪਤਾ ਲੱਗੇਗਾ ਕਿ ਇਸ ਤਰ੍ਹਾਂ ਗੁਰਮਤਿ ਸਿਧਾਂਤਾਂ ਦਾ ਘਾਣ ਹੁੰਦਾ ਹੈ।
ਸੋ ਜਦੋਂ ਤੱਕ ਸਿੱਖ, ਮੱਸਿਆ, ਪੁੰਨਿਆ, ਸੰਗਰਾਂਦ ਆਦਿ ਦਿਨਾਂ ਤੇ ਪ੍ਰਭੂ ਨਾਮ ਨਾਲ ਜੁੜਦਾ ਹੈ, ਤਾਂ ਇਸ ਵਿੱਚ ਕੋਈ ਖਰਾਬੀ ਨਹੀਂ ਅਤੇ ਗੁਰਮਤਿ ਦੇ ਖਿਲਾਫ ਕੁਝ ਵੀ ਨਹੀਂ।ਖਰਾਬੀ ਓਦੋਂ ਹੀ ਹੋਵੇਗੀ, ਜੇ ਸਿੱਖ ਇਹਨਾ ਦਿਨਾਂ ਤੇ ਗੁਰਬਾਣੀ ਅਤੇ ਪ੍ਰਭੂ ਨਾਮ ਨਾਲ ਜੁੜਨ ਦੀ ਬਜਾਏ ਬਿਪਰ ਦੇ ਰਾਹ ਤੇ ਚੱਲਦੇ ਹੋਏ ਕਿਸੇ ਦੇਵੀ, ਦੇਵਤਿਆਂ ਦੀ ਪੂਜਾ ਕਰਨ ਲੱਗਦਾ ਹੈ।
ਜਸਬੀਰ ਸਿੰਘ ਵਿਰਦੀ 13-12-2022
ਜਸਬੀਰ ਸਿੰਘ ਵਿਰਦੀ
- : ਸੰਗਰਾਂਦ, ਮੱਸਿਆ, ਪੂਰਨਮਾਸ਼ੀ ਅਤੇ ਸਿੱਖ : -
Page Visitors: 145