ਸ. ਹਰਿੰਦਰ ਸਿੰਘ ਧਾਮੀ ਜੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਵਿਸ਼ਾ:- 23 ਪੋਹ ਬਨਾਮ ਪੋਹ ਸੁਦੀ 7
ਸ. ਹਰਿੰਦਰ ਸਿੰਘ ਧਾਮੀ ਜੀ, ਨਿਮਰਤਾ ਸਹਿਤ ਬੇਨਤੀ ਇਹ ਹੈ ਕਿ; ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਆਪਣੇ ਦੇਸ਼ ਵਿੱਚ ਪ੍ਰਚਲਿਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ 23 ਪੋਹ, ਪੋਹ ਸੁਦੀ 7, ਸੰਮਤ 1723 ਬਿਕ੍ਰਮੀ ਦਿਨ ਸ਼ਨਿਚਰਵਾਰ ਨੂੰ ਹੋਇਆ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ ਉਪਰ ਵੀ ਇਹੋ ਤਾਰੀਖ ਹੀ ਦਰਜ ਹੈ।
The tenth and the last Guru or Prophet-teacher of the Sikh faith, was born Gobind Rai Sodhi on Poh Sudi 7th, 23rd Poh 1723 Bikrami Samvat (22 December 1666) at Patna.” (sgpc.net)
ਇਸ ਤਾਰੀਖ ਬਾਰੇ ਕੋਈ ਮੱਤ-ਭੇਦ ਨਹੀਂ ਹੈ।
ਇਨ੍ਹਾਂ `ਚ ਇਕ ਤਾਰੀਖ 23 ਪੋਹ, ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ।
ਧਰਤੀ ਸੂਰਜ ਦੁਵਾਲੇ 365 ਦਿਨਾਂ ਵਿੱਚ ਇਕ ਚੱਕਰ ਪੂਰਾ ਕਰਦੀ ਹੈ। ਇਸੇ ਨੂੰ ਸਾਲ ਕਿਹਾ ਜਾਂਦਾ ਹੈ।
ਸੂਰਜੀ ਕੈਲੰਡਰਾਂ ਦੇ ਸਾਲ ਵਿੱਚ 365 ਦਿਨ ਹੁੰਦੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਛਾਪਿਆ ਜਾਂਦਾ ਕੈਲੰਡਰ ਵੀ ਸੂਰਜੀ ਕੈਲੰਡਰ ਹੀ ਹੈ ਅਤੇ ਹਰ ਸਾਲ ਇਸ ਦੇ 365 ਦਿਨ ਹੁੰਦੇ ਹਨ। ਇਹ ਹੀ ਕਾਰਨ ਹੈ ਹਰ ਸਾਲ, ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦਾ ਹੈ। ਜਿਵੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ।ਦੂਜੀ ਤਾਰੀਖ ਪੋਹ ਸੁਦੀ 7, ਚੰਦ ਦੇ ਕੈਲੰਡਰ ਦੀ ਤਾਰੀਖ ਹੈ। ਚੰਦ ਧਰਤੀ ਦੁਵਾਲੇ 29.53 ਦਿਨਾਂ ਵਿੱਚ ਇਕ ਚੱਕਰ ਪੂਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਹਿੰਦੇ ਹਨ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354 ਦਿਨ ਹੁੰਦੀ ਹੈ। ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਹਰ ਤੀਜੇ-ਚੌਥੇ ਸਾਲ ਇਸ ਵਿੱਚ ਇਕ ਹੋਰ ਮਹੀਨਾ (ਮਲਮਾਸ) ਜੋੜ ਦਿੱਤਾ ਜਾਂਦਾ ਹੈ। ਸੰਮਤ 2080 ਬਿਕ੍ਰਮੀ ਵਿੱਚ ਚੰਦ ਦੇ ਸਾਲ ਵਿੱਚ 13 ਮਹੀਨੇ ਹੋਣਗੇ। ਸਾਵਣ ਦਾ ਮਹੀਨਾ ਦੋ ਵਾਰ ਆਵੇਗਾ। ਇਕ ਸ਼ੁਧ ਸਾਵਣ ਅਤੇ ਦੂਜਾ ਅਸ਼ੁੱਧ ਸਾਵਣ। ਇਸ ਸਾਲ ਚੰਦ ਦੇ ਸਾਲ ਵਿੱਚ 385 ਦਿਨ ਹੋਣਗੇ। ਅਜੇਹਾ 19 ਸਾਲਾਂ ਵਿੱਚ 7 ਵਾਰ ਕਰਨਾ ਪੈਂਦਾ ਹੈ। ਇਸ ਕਾਰਨ, ਚੰਦ ਦੇ ਕੈਲੰਡਰ ਮੁਤਾਬਕ ਮਨਾਏ ਜਾਂਦੇ ਦਿਨ ਤਿਉਹਾਰ, ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਜਾਂ 18-19 ਦਿਨ ਪਛੜ ਕੇ ਆਉਂਦੇ ਹਨ।
ਅੱਜ ਸਾਡੀ ਸਮੱਸਿਆ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਨ੍ਹਾਂ ਦੋਵਾਂ ਤਾਰੀਖਾਂ `ਚ ਕਿਹੜੀ ਤਾਰੀਖ ਨੂੰ ਮਨਾਇਆ ਜਾਵੇ?
ਜੇ ਅਸੀਂ ਇਹ ਦਿਹਾੜਾ 23 ਪੋਹ ਨੂੰ ਮਨਾਉਂਦੇ ਹਾਂ ਤਾਂ ਹਰ ਸਾਲ ਇਹ ਦਿਹਾੜਾ 23 ਪੋਹ ਨੂੰ ਹੀ ਆਵੇਗਾ। ਜਿਵੇ ਵੈਸਾਖੀ ਹਰ ਸਾਲ ਇਕ ਵੈਸਾਖ ਨੂੰ ਹੀ ਆਉਂਦੀ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਨੂੰ ਹੀ ਆਉਂਦਾ ਹੈ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਹੀ ਆਵੇਗਾ।
ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਮੁਤਾਬਕ ਮਨਾਉਂਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਸੰਮਤ 552 ਨਾਨਕਸ਼ਾਹੀ ਵਿੱਚ ਇਹ ਦਿਹਾੜਾ 7 ਮੱਘਰ ਅਤੇ ਸੰਮਤ 553 ਵਿੱਚ 26 ਪੋਹ ਦਰਜ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਇਸ ਸਾਲ ਦੇ ਕੈਲੰਡਰ (ਸੰਮਤ 554 ਨਾਨਕਸ਼ਾਹੀ) ਵਿੱਚ ਇਹ ਦਿਹਾੜਾ 14 ਪੋਹ ਦਾ ਦਰਜ ਹੈ। ਅਗਲੇ ਸਾਲ ਚੰਦ ਦੇ ਸਾਲ ਦੇ 385 ਦਿਨ ਹੋ ਜਾਣਗੇ। ਇਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਕਮੇਟੀ ਦੇ ਕੈਲੰਡਰ (ਸੰਮਤ 555 ) ਵਿੱਚ 4 ਮੱਘਰ ਨੂੰ ਆਵੇਗਾ। ਸੰਮਤ 556 ਨਾਨਕਸ਼ਾਹੀ ਵਿੱਚ ਚੰਦ ਦੇ ਸਾਲ ਦੇ 354 ਦਿਨ ਹੋਣ ਕਾਰਨ ਇਹ ਦਿਹਾੜਾ 23 ਪੋਹ ਨੂੰ ਆਵੇਗਾ।
ਸਤਿਕਾਰ ਯੋਗ ਪ੍ਰਧਾਨ ਜੀ, ਦੇਸ-ਵਿਦੇਸ਼ ਦੀਆਂ ਸੰਗਤਾਂ ਇਹ ਜਾਨਣਾ ਚਾਹੁੰਦੀਆਂ ਹਨ ਕਿ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਮਨਾਉਣ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?
ਜੇ ਸੰਮਤ 1756 ਬਿਕ੍ਰਮੀ ਦੀ 1 ਵੈਸਾਖ ਅੱਜ ਵੀ ਇਕ ਵੈਸਾਖ ਹੈ ਅਤੇ ਇਤਿਹਾਸ ਨਹੀਂ ਵਿਗੜਿਆ, ਤਾਂ ਉਸੇ ਕੈਲੰਡਰ ਦੀ ਉਸ ਤੋਂ 33 ਸਾਲ ਪਹਿਲਾ ਦੀ 23 ਪੋਹ (ਸੰਮਤ 1723), ਅੱਜ 23 ਪੋਹ ਕਿਵੇਂ ਨਹੀਂ ਹੈ। ਹਰ ਸਾਲ ਇਹ ਦਿਹਾੜਾ 23 ਪੋਹ ਨੂੰ ਕਿਉ ਨਹੀਂ ਮਨਾਇਆ ਜਾਂਦਾ?
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ