ਗੁਰਬਾਣੀ ਦੀ ਸਰਲ ਵਿਆਖਿਆ ਭਾਗ (31)
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥
ਅਰਥ:- ਅਕਾਲ-ਪੁਰਖ ਦੀ ਰਚਨਾ ਵਿਚ, ਅਣਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ, ਹੋਰਨਾ ਨਾਲ
ਪਿਆਰ ਦਾ ਵਰਤਾਉ ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਣਗਿਣਤ ਹੀ ਜੀਵ ਤਪ
ਸਾਧ ਰਹੇ ਹਨ ।
ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥
ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ । ਜੋਗ ਦੇ ਸਾਧਨ ਕਰਨ ਵਾਲੇ
ਬੇਅੰਤ ਮਨੁੱਖ, ਆਪਣੇ ਮਨ ਵਿਚ, ਮਾਇਆ ਵਲੋਂ ਉਪਰਾਮ ਰਹਿੰਦੇ ਹਨ।
ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥
ਅਕਾਲ-ਪੁਰਖ ਦੀ ਕੁਦਰਤ ਵਿਚ ਅਣਗਿਣਤ ਭਗਤ ਹਨ, ਅਨੇਕਾਂ ਹੀ ਸਤੀ, ਧਰਮੀ, ਅਤੇ ਦਾਤੇ ਹਨ, ਜੋ ਅਕਾਲ-
ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ।
ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥
ਅਕਾਲ-ਪੁਰਖ ਦੀ ਰਚਨਾ ਵਿਚ, ਬੇਅੰਤ ਸੂਰਮੇ ਹਨ, ਜੋ ਲੜਾਈ ਵੇਲੇ ਸਨਮੁੱਖ ਹੋ ਕੇ ਸ਼ਸਤਰਾਂ ਦੇ ਵਾਰ ਬਰਦਾਸ਼ਤ ਕਰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬਿਰਤੀ ਜੋੜ ਕੇ ਬੈਠ ਰਹੇ ਹਨ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥17॥
ਮੇਰੀ ਕੀ ਤਾਕਤ ਹੈ ਕਿ, ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ? ਹੇ ਪ੍ਰਭੂ ਮੇਰੀ ਹਸਤੀ ਬਹੁਤ ਤੁੱਛ ਹੈ, ਮੈਂ ਤਾਂ ਤੇਰੇ ਤੇ, ਇਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਹੇ ਨਿਰੰਕਾਰ , ਤੂੰ ਸਦਾ ਅਟੱਲ ਰਹਣ ਵਾਲਾ ਹੈਂ। ਹੇ ਪ੍ਰਭੂ, ਤੇਰੀ ਰਜ਼ਾ ਵਿਚ ਰਹਣਾ ਹੀ ਠੀਕ ਹੈ । ਜੋ ਤੈਨੂੰ ਚੰਗਾ ਲਗਦਾ ਹੈ, ਉਹੀ ਕੰਮ ਕਰਨਾ ਹੀ ਭਲਾ ਹੈ।17।
ਅਮਰ ਜੀਤ ਸਿੰਘ ਚੰਦੀ (ਚਲਦਾ)