ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
23 ਪੋਹ ਬਨਾਮ ਪੋਹ ਸੁਦੀ 7
23 ਪੋਹ ਬਨਾਮ ਪੋਹ ਸੁਦੀ 7
Page Visitors: 65

23 ਪੋਹ ਬਨਾਮ ਪੋਹ ਸੁਦੀ 7

ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਆਪਣੇ ਦੇਸ਼ ਵਿੱਚ ਪ੍ਰਚਲਿਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ(ਸੂਰਜੀ ਸਿਧਾਂਤ) ਮੁਤਾਬਕ 23 ਪੋਹ, ਪੋਹ ਸੁਦੀ 7,
ਸੰਮਤ 1723 ਬਿਕ੍ਰਮੀ ਦਿਨ ਸ਼ਨਿਚਰਵਾਰ ਨੂੰ ਹੋਇਆ ਸੀ।
ਇਸ ਤਾਰੀਖ ਬਾਰੇ ਕੋਈ ਮੱਤ-ਭੇਦ ਨਹੀਂ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਵੈਬ ਸਾਈਟ ਉਪਰ ਵੀ ਇਹ ਤਾਰੀਖ ਹੀ ਦਰਜ ਹੈ। “The tenth and
the last Guru or Prophet-teacher of the Sikh faith, was born Gobind Rai Sodhi on Poh Sudi 7th, 23rd Poh 1723
Bikrami Samvat (22 December 1666) at Patna, in Bihar”.(sgpc.net)
ਇਨ੍ਹਾਂ `ਚ ਇਕ ਤਾਰੀਖ 23 ਪੋਹ, ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ। ਧਰਤੀ ਸੂਰਜ ਦੁਵਾਲੇ 365 ਦਿਨਾਂ ਵਿੱਚ ਇਕ ਚੱਕਰ ਪੂਰਾ ਕਰਦੀ ਹੈ। ਭਾਵ ਸੂਰਜੀ
ਕੈਲੰਡਰਾਂ ਦੇ ਸਾਲ ਵਿੱਚ 365 ਦਿਨ ਹੁੰਦੇ ਹਨ। ਦੂਜੀ ਤਾਰੀਖ ਪੋਹ ਸੁਦੀ 7, ਚੰਦ ਦੇ ਕੈਲੰਡਰ ਦੀ ਤਾਰੀਖ ਹੈ। ਚੰਦ ਧਰਤੀ ਦੁਵਾਲੇ 29.53 ਦਿਨਾਂ ਵਿੱਚ ਇਕ
ਚੱਕਰ ਪੂਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਹਿੰਦੇ ਹਨ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ
(29.53*12) 354 ਦਿਨ ਹੁੰਦੀ ਹੈ। ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਹਰ ਤੀਜੇ-ਚੌਥੇ
ਸਾਲ ਇਸ ਵਿੱਚ ਇਕ ਹੋਰ ਮਹੀਨਾ (ਮਲਮਾਸ) ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿਚ 13 ਮਹੀਨੇ ਅਤੇ 384-85 ਦਿਨ ਹੋ ਜਾਂਦੇ ਹਨ। ਅਜੇਹਾ
19 ਸਾਲਾਂ ਵਿੱਚ 7 ਵਾਰ ਕੀਤਾ ਜਾਂਦਾ ਹੈ। ਸੰਮਤ 2080 ਬਿਕ੍ਰਮੀ (2023-24 ਈ:) ਚੰਦ ਦੇ ਸਾਲ ਵਿਚ 13 ਮਹੀਨੇ ਅਤੇ 385 ਦਿਨ ਹੋਣਗੇ। ਸਾਵਣ ਦਾ ਮਹੀਨਾ
ਦੋ ਵਾਰ ਆਵੇਗਾ। ਇਕ ਸ਼ੁੱਧ ਅਤੇ ਦੂਜਾ ਅਸ਼ੁੱਧ, ਭਾਵ ਪੂਰੇ ਦਾ ਪੂਰਾ ਮਹੀਨਾ ਮਾੜਾ।
ਅੱਜ ਸਾਡੀ ਸਮੱਸਿਆ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਨ੍ਹਾਂ ਦੋਵਾਂ ਤਾਰੀਖਾਂ `ਚ ਕਿਹੜੀ ਤਾਰੀਖ ਨੂੰ ਮਨਾਇਆ ਜਾਵੇ?
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕੈਲੰਡਰ ਛਾਪਦੀ ਹੈ, ਉਸ ਦਾ ਆਰੰਭ ਹਰ ਸਾਲ 1 ਚੇਤ (14 ਮਾਰਚ) ਤੋਂ ਹੁੰਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਸੂਰਜੀ
ਕੈਲੰਡਰ ਹੈ ਅਤੇ ਇਸ ਵਿੱਚ 365 ਦਿਨ ਹੁੰਦੇ ਹਨ। ਇਸ ਕੈਲੰਡਰ ਵਿੱਚ ਵੈਸਾਖੀ, ਹਰ ਸਾਲ ਇਕ ਵੈਸਾਖ ਨੂੰ ਦਰਜ ਹੁੰਦੀ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ
ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਦਾ ਹੀ ਦਰਜ ਹੁੰਦਾ ਹੈ। ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ ਅਸਲ ਪ੍ਰਵਿਸ਼ਟੇ ਮੁਤਾਬਕ 23 ਪੋਹ ਨੂੰ ਮਨਾਉਂਦੇ ਹਾਂ ਤਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿੱਚ ਇਹ ਹਰ ਸਾਲ 23 ਪੋਹ ਨੂੰ ਹੀ ਆਵੇਗਾ
ਹੁਣ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪੋਹ ਸੁਦੀ 7 ਨੂੰ ਮਨਾਉਂਦੀ ਹੈ ਪਰ ਦਰਜ ਪ੍ਰਵਿਸ਼ਟਿਆਂ ਵਿੱਚ ਕਰਦੀ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ
ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ ਹਰ ਸਾਲ ਬਦਲ ਜਾਂਦਾ ਹੈ।
ਸੰਮਤ ਨਾਨਕਸ਼ਾਹੀ ਵੈਸਾਖੀ ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ
ਸ਼ਹੀਦੀ ਦਿਹਾੜਾ
ਛੋਟੇ ਸਾਹਿਬਜ਼ਾਦੇ
ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ
554 (22-23 ਈ:) 1 ਵੈਸਾਖ 8 ਪੋਹ 13 ਪੋਹ 14 ਪੋਹ
555 (23-24 ਈ:) 1 ਵੈਸਾਖ 8 ਪੋਹ 13 ਪੋਹ 4 ਮਾਘ
556 (24-25 ਈ:) 1 ਵੈਸਾਖ 8 ਪੋਹ 13 ਪੋਹ 23 ਪੋਹ
557 (25-26 ਈ:) 1 ਵੈਸਾਖ 8 ਪੋਹ 13 ਪੋਹ 13 ਪੋਹ
558 (26-27 ਈ:) 1 ਵੈਸਾਖ 8 ਪੋਹ 13 ਪੋਹ 2 ਮਾਘ
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹਰ ਸਾਲ ਇਹ ਦਿਹਾੜਾ 23 ਪੋਹ ਨੂੰ ਕਿਉ ਨਹੀਂ ਮਨਾਇਆ ਜਾ ਸਕਦਾ? ਜੇ ਸੰਮਤ 1756 ਬਿਕ੍ਰਮੀ ਦੀ, ਇਕ ਵੈਸਾਖ ਅੱਜ ਵੀ ਇਕ
ਵੈਸਾਖ ਹੈ, ਜੇ ਸੰਮਤ 1761 ਬਿਕ੍ਰਮੀ ਦੀ 8 ਪੋਹ ਅਤੇ13 ਪੋਹ, ਅੱਜ ਵੀ 8 ਪੋਹ ਅਤੇ 13 ਪੋਹ ਹੈ। ਉਸੇ ਕੈਲੰਡਰ ਦੀ, ਸੰਮਤ 1723 ਬਿਕ੍ਰਮੀ ਦੀ 23 ਪੋਹ, ਅੱਜ
23 ਪੋਹ ਕਿਵੇਂ ਨਹੀਂ ਹੈ? ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ, ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਉਣ ਨਾਲ ਗੁਰਮਤਿ
ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੋ ਜਾਵੇਗੀ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.