- : ਮਿੱਤਰ ਪਿਆਰੇ ਨੂੰ : - (Bwg 1)
ਸਵਾਲ- ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾਂ .. ਕੀ ਇਹ ਗੁਰੂ ਸਾਹਿਬ ਦੀ ਰਚਨਾ ਹੈ?
ਜਵਾਬ- ਆਮ ਤੌਰ ਤੇ ਸਮਝਿਆ ਇਹ ਜਾਂਦਾ ਹੈ ਕਿ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਦੀ ਗੁਜ਼ਰਦੇ ਸਮੇਂ, ਗੁਰੂ ਸਾਹਿਬ ਨੂੰ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪਿਆ
ਉਸ ਵਕਤ ਦੁਖ ਵਿੱਚ ਗੁਰੂ ਸਾਹਿਬ ਪ੍ਰਭੂ ਅਗੇ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੇ ਹਨ।
ਪਰ ਰਚਨਾ ਦਾ ਵਿਸ਼ਲੇਸ਼ਣ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਰਚਨਾ ਗੁਰੂ ਸਾਹਿਬ ਦੀ ਨਹੀਂ ਹੋ ਸਕਦੀ।
ਇਸ ਗੱਲ ਨੂੰ ਸਮਝਣ ਲਈ ਸਾਨੂੰ ਰਚਨਾ ਵਿੱਚ ਆਏ ਕੁਝ ਖਾਸ ਲਫਜ਼ਾਂ ਨੂੰ ਗਹੁ ਨਾਲ ਵਿਚਾਰਨਾ ਪਏਗਾ।
ਸਭ ਤੋਂ ਪਹਿਲਾਂ ਲਫਜ਼ ਹੈ ਮਿਤਰ ਪਿਆਰੇ ਨੂੰ।ਇਸ ਤੋਂ ਅੱਗੇ ਹਾਲ ਮੁਰੀਦਾਂ ਦਾ।
ਅਤੇ ਇਸ ਤੋਂ ਅਗਲੀ ਪੰਗਤੀ ਵਿੱਚ ਲਫਜ਼ ਆਇਆ ਹੈ ਤੁਧੁ ਬਿਨੁ। ਇਹ ਲਫਜ਼ ਤੁਧੁ ਬਿਨੁ ਖਾਸ ਧਿਆਨ ਮੰਗਦਾ ਹੈ ਅਤੇ ਇਸ ਲਫਜ਼ ਤੇ ਹੀ ਸਾਰਾ
ਦਾਰੋ ਮਦਾਰ ਖੜ੍ਹਾ ਹੈ, ਇਹ ਜਾਣਨ ਲਈ ਕਿ ਇਹ ਰਚਨਾ ਕਿਸ ਦੀ ਹੋ ਸਕਦੀ ਹੈ।ਸਭ ਤੋਂ ਪਹਿਲਾਂ ਇਹ ਜਾਣਨ ਦੀ ਜਰੂਰਤ ਹੈ ਕਿ ਰਚਨਾ ਵਿੱਚ ਆਇਆ
ਲਫਜ਼ ਤੁਧੁ ਬਿਨੁ ਕਿਸ ਦੇ ਲਈ ਕਿਹਾ ਗਿਆ ਹੈ।
ਪੰਗਤੀ ਹੈ- ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥ਤੁਧੁ ਬਿਨੁ
.॥
ਏਥੋਂ ਤੱਕ ਆਏ ਲਫਜ਼ਾਂ ਤੋਂ ਲੱਗਦਾ ਹੈ ਕਿ ਗੁਰੂ ਸਾਹਿਬ ਪ੍ਰਭੂ ਅੱਗੇ ਫਰਿਯਾਦ ਕਰ ਰਹੇ ਹਨ ਕਿ, ਹੇ ਮਿਤਰ ਪਿਆਰੇ ਪ੍ਰਭੂ! ਤੇਰੇ ਬਿਨਾਂ
;
ਪਰ ਹੁਣ ਵਿਚਾਰਨ ਵਾਲੀ ਗੱਲ ਹੈ ਕਿ, ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਗੁਜ਼ਰਦੇ ਹੋਏ ਜਿਹੜੀਆਂ ਤਕਲੀਫਾਂ ਦਾ ਸਾਮ੍ਹਣਾ ਕਰਨਾ ਪਿਆ, ਕੀ
ਉਹ ਮਿਤਰ ਪਿਆਰੇ, ਪ੍ਰਭੂ ਦੇ ਵਿਛੋੜੇ ਕਰਕੇ ਸੀ?
ਜਵਾਬ ਮਿਲੇਗਾ ਨਹੀਂ।ਗੁਰੂ ਸਾਹਿਬ ਕਦੇ ਵੀ ਇਕ ਪਲ ਵੀ ਪ੍ਰਭੂ ਨੂੰ ਹਿਰਦੇ ਤੋਂ ਵਿਸਾਰ ਨਹੀਂ ਸੀ ਸਕਦੇ। ਹਿਰਦੇ ਵਿੱਚ ਵਸੀ ਪ੍ਰਭੂ ਦੀ ਯਾਦ ਨੇ ਹੀ ਤਾਂ ਗੁਰੂ
ਸਾਹਿਬ ਨੂੰ ਸਾਰਾ ਪਰਿਵਾਰ ਕੁਰਬਾਨ ਕਰਨ ਦਾ ਹੌਂਸਲਾ, ਦਲੇਰੀ ਅਤੇ ਹਿੰਮਤ ਦਿੱਤੀ ਸੀ।ਪ੍ਰਭੂ ਦੀ ਯਾਦ ਮਨ ਵਿੱਚ ਵਸਾਈ ਰੱਖਣ ਤੋਂ ਬਿਨਾ ਕੋਈ ਕੁਰਬਾਨੀ
ਦਿੱਤੀ ਹੀ ਨਹੀਂ ਜਾ ਸਕਦੀ।
ਸਾਰਾ ਪਰਿਵਾਰ ਕੁਰਬਾਨ ਕਰਨ ਵੇਲੇ ਜਦੋਂ ਗੁਰੂ ਸਾਹਿਬ ਨਹੀਂ ਡੋਲੇ, ਘਬਰਾਏ ਨਹੀਂ, ਹਿੰਮਤ ਨਹੀਂ ਛੱਡੀ ਤਾਂ ਜੰਗਲਾਂ ਵਿੱਚੋਂ ਦੀ ਵਿਚਰਨ ਵੇਲੇ ਪੇਸ਼ ਆਉਣ
ਵਾਲੀਆਂ ਤਕਲੀਫਾਂ ਅਤੇ ਦੁਸ਼ਵਾਰੀਆਂ ਤੋਂ ਗੁਰੂ ਸਾਹਿਬ ਕਿਵੇਂ ਘਬਰਾ ਸਕਦੇ ਸੀ ਅਤੇ ਕਿਵੇਂ ਘਬਰਾ ਕੇ ਪ੍ਰਭੂ ਅੱਗੇ ਫਰਿਯਾਦ ਕਰ ਸਕਦੇ ਸੀ? ਗੁਰੂ ਸਾਹਿਬ
ਤਾਂ ਕੀ ਛੋਟੀਆਂ ਉਮਰਾਂ ਦੇ ਸਾਹਿਬਜਾਦੇ ਵੀ ਜੇ ਜ਼ਰਾ ਜਿੰਨਾ ਵੀ ਘਬਾਰਾ ਕੇ ਡੋਲ ਜਾਂਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੀ ਹੋ ਜਾਣਾ ਸੀ। ਜੇ ਛੋਟੇ ਛੋਟੇ
ਸਾਹਿਬਜਾਦੇ ਘਬਾਰਾਏ ਅਤੇ ਡੋਲੇ ਨਹੀਂ ਤਾਂ ਜੰਗਲ ਵਿੱਚੋਂ ਗੁਜਰਨ ਵੇਲੇ ਪੇਸ਼ ਆਉਣ ਵਾਲੀਆਂ ਤਕਲੀਫਾਂ ਤੋਂ ਗੁਰੂ ਸਾਹਿਬ ਕਿਵੇਂ ਘਬਰਾ ਕੇ ਪ੍ਰਭੂ ਅੱਗੇ
ਫਰਿਯਾਦ ਕਰ ਸਕਦੇ ਸੀ?
ਦੂਸਰੀ ਗੱਲ; ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਜਿਸ ਰਾਹ ਗੁਰੂ ਸਾਹਿਬ ਤੁਰੇ ਸਨ, ਉਹ ਰਾਹ ਤਾਂ ਗੁਰੂ ਸਾਹਿਬ ਨੇ ਆਪ ਹੀ ਆਪਣੀ
ਮਰਜੀ ਅਤੇ ਇੱਛਾ ਨਾਲ ਚੁਣਿਆ ਸੀ। ਜਦੋਂ ਮਰਜੀ ਗੁਰੂ ਸਾਹਿਬ ਇਸ ਰਾਹ ਤੋਂ ਪਿੱਛੇ ਹਟਕੇ ਘਰ ਦੀਆਂ ਸੁਖ ਸਹੂਲਤਾਂ ਦਾ ਆਨੰਦ ਮਾਣ ਸਕਦੇ ਸਨ।
ਇਸ ਪਹਿਲੀ ਪੰਗਤੀ ਦਾ ਅਤੇ ਦੂਸਰੀ ਪੰਗਤੀ ਵਿੱਚ ਆਏ ਲਫਜ਼ ਤੁਧੁ ਬਿਨ ਦਾ ਵਿਸ਼ਲੇਸ਼ਣ ਕਰਨ ਤੇ ਹੀ ਜਾਹਰ ਹੋ ਜਾਂਦਾ ਹੈ ਕਿ ਰਚਨਾ ਗੁਰੂ ਸਾਹਿਬ
ਦੀ ਨਹੀਂ ਹੋ ਸਕਦੀ।
ਰਚਨਾ ਦੇ ਅਗਲੇ ਹਿੱਸੇ ਤੋਂ ਹੋਰ ਵੀ ਗੱਲ ਸਾਫ ਹੋ ਜਾਂਦੀ ਹੈ; ਇਸ ਤੋਂ ਅਗਲੀ ਪੰਗਤੀ ਹੈ- ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ॥
ਇਸ ਪੰਗਤੀ ਦੇ ਅਰਥ ਬਣਦੇ ਹਨ ਕਿ, ਹੇ ਮਿਤਰ ਪਿਆਰੇ! ਤੇਰੇ ਬਿਨਾਂ ਜਿਹੜੀਆਂ ਮੈਂ ਰਜਾਈਆਂ ਓਢਦਾ ਹਾਂ ਇਹ ਮੇਰੇ ਲਈ ਰੋਗ ਹੈ, ਅਤੇ ਨਾਗਾਂ ਦੇ ਸੰਗ
ਰਹਿਣ ਦੇ ਸਮਾਨ ਹੈ।
ਵਿਸ਼ਲੇਸ਼ਣ- ਸਭ ਨੂੰ ਪਤਾ ਹੈ ਕਿ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਗੁਜ਼ਰਦਿਆਂ ਗੁਰੂ ਸਾਹਿਬ ਕੋਲ ਕੋਈ ਰਜਾਈਆਂ ਨਹੀਂ ਸਨ। ਤਾਂ ਫੇਰ ਗੁਰੂ ਸਾਹਿਬ ਕਿਵੇਂ
ਕਹਿ ਸਕਦੇ ਸਨ ਕਿ (ਜਿਹੜੀਆਂ) ਰਜਾਈਆਂ (ਮੈਂ ਓਢਦਾ ਹਾਂ), ਤੇਰੇ ਬਿਨਾਂ ਇਹ ਮੇਰੇ ਲਈ ਰੋਗ ਹੈ ਅਤੇ ਨਾਗਾਂ ਦੇ ਸਾਥ ਰਹਿਣ ਸਮਾਨ ਹੈ?
ਇਸ ਤੋਂ ਅਗਲੀ ਪੰਗਤੀ ਹੈ- ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਅਰਥ ਬਣਦੇ ਹਨ- ਹੇ ਮਿੱਤਰ ਪਿਆਰੇ! ਤੇਰੇ ਬਿਨਾਂ- (ਪਾਣੀ/ਸ਼ਰਾਬ) ਦੀ ਸੁਰਾਹੀ ਮੇਰੇ ਲਈ ਸੂਲਾਂ ਚੁਭਣ ਸਮਾਨ ਹੈ ਪਿਆਲਾ(/ਸ਼ਰਾਬ ਪੀਣ ਵਾਲਾ ਠੂਠਾ
ਜਾਂ ਪੈਮਾਨਾ)ਮੇਰੇ ਲਈ ਕਟਾਰ/ਛੁਰੇ ਸਮਾਨ ਹੈ।ਅਤੇ ਇਹ ਮੇਰੇ ਲਈ ਕਸਾਈਆਂ ਦਾ ਬਿੰਗ ਸਹਾਰਨ ਦੇ ਸਮਾਨ ਹਨ।
ਵਿਸ਼ਲੇਸ਼ਣ- ਇਹ ਵੀ ਸਭ ਨੂੰ ਪਤਾ ਹੈ ਕਿ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਕੋਲ ਸੁਰਾਹੀ ਅਤੇ ਪਿਆਲਾ ਨਹੀਂ ਸਨ। ਤਾਂ ਫੇਰ ਗੁਰੂ ਸਾਹਿਬ ਇਹ ਨਹੀਂ
ਸੀ ਕਹਿ ਸਕਦੇ ਕਿ ਸੁਰਾਹੀ ਮੇਰੇ ਲਈ ਸੂਲਾਂ ਦੇ ਸਮਾਨ ਅਤੇ ਪਿਆਲਾ ਮੇਰੇ ਲਈ ਖੰਜਰ/ਛੁਰੀ ਦੇ ਸਮਾਨ ਹੈ। ਜੇ ਗੁਰੂ ਸਾਹਿਬ ਕੋਲ ਸੁਰਾਹੀ ਅਤੇ ਪਿਆਲਾ ਹੁੰਦੇ ਵੀ,
ਤਾਂ ਵੀ ਉਹ ਇਹ ਨਹੀਂ ਕਹਿ ਸਕਦੇ ਸਨ ਕਿ, ਸੁਰਾਹੀ ਸੂਲਾਂ ਸਮਾਨ ਅਤੇ ਪਿਆਲਾ ਮੇਰੇ ਲਈ ਖੰਜਰ ਸਮਾਨ ਹੈ ਅਤੇ ਇਹ ਮੇਰੇ ਲਈ ਕਸਾਈਆਂ ਦੇ ਬਿੰਗ ਸਹਾਰਨ
ਸਮਾਨ ਹਨ।
ਵੈਸੇ ਵੀ ਇਸ ਰਚਨਾ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਣ ਵਾਲੇ ਇਸ ਦੇ ਉਲਟ ਅਰਥ ਕਰਦੇ ਅਤੇ ਸਮਝਦੇ ਹਨ, ਕਿ ਗੁਰੂ ਸਾਹਿਬ ਨੂੰ ਜੰਗਲਾਂ ਵਿੱਚੋਂ ਦੀ ਗੁਜ਼ਰਦੇ ਸਮੇਂ
ਜਿਹੜਾ ਸੂਲਾਂ ਚੁਭਣ ਦਾ ਸਾਮ੍ਹਣਾ ਕਰਨਾ ਪਿਆ ਗੁਰੂ ਸਾਹਿਬ ਉਸ ਸੂਲਾਂ ਚੁਭਣ ਵਾਲੀ ਤਕਲੀਫ ਦਾ ਜ਼ਿਕਰ ਕਰਦੇ ਹੋਏ ਮਿਤਰ ਪਿਆਰੇ ਅੱਗੇ ਫਰਿਯਾਦ ਕਰ ਰਹੇ ਹਨ।
ਉਸ ਹਾਲਤ ਵਿੱਚ, ਗੁਰੂ ਸਾਹਿਬ ਸੂਲਾਂ ਚੁਭਣ ਦੀ ਤੁਲਣਾ ਸੁਰਾਹੀ ਨਾਲ ਕਰਦੇ ਹੋਏ। ਅਰਥਾਤ, ਉਸ ਹਾਲਤ ਵਿੱਚ ਗੁਰੂ ਸਾਹਿਬ ਕਹਿੰਦੇ ਪ੍ਰਤੀਤ ਹੁੰਦੇ ਹਨ ਕਿ ਹੇ ਮਿੱਤਰ ਪਿਆਰੇ! ਮੇਰੇ ਪੈਰਾਂ ਵਿੱਚ ਜਿਹੜੀਆਂ ਸੂਲ਼ਾਂ ਚੁਭਦੀਆਂ ਹਨ ਉਹ ਸੁਰਾਹੀ ਸਮਾਨ ਹਨ। ਪਰ ਥੋੜ੍ਹੀ ਗੰਭੀਰਤਾ ਨਾਲ ਸੋਚ ਕੇ ਦੇਖੋ- ਕਿਸੇ ਦੇ ਵਿਛੋੜੇ ਵਿੱਚ
(ਸ਼ਰਾਬ ਦੀ-)ਸੁਰਾਹੀ ਦੀ ਤੁਲਣਾ, ਸੂਲ਼ਾਂ ਨਾਲ ਤਾਂ ਕੀਤੀ ਜਾ ਸਕਦੀ ਹੈ।ਸੂਲਾਂ ਚੁਭਣ ਦੀ ਤੁਲਣਾ ਸੁਰਾਹੀ ਨਾਲ ਨਹੀਂ ਕੀਤੀ ਜਾ ਸਕਦੀ। ਸੂਲਾਂ ਦਾ ਤਾਂ ਜ਼ਿਕਰ ਚਲੋਂ
ਮੰਨ ਵੀ ਲਿਆ ਜਾਏ, ਪਰ ਖੰਜਰ ਅਤੇ ਪਿਆਲਾ ਦਾ ਜ਼ਿਕਰ ਤਾਂ ਗੁਰੂ ਸਾਹਿਬ ਦੀ ਰਚਨਾ ਮੰਨਣ ਲਈ ਕਿਤੇ ਫਿੱਟ ਹੀ ਨਹੀਂ ਬੈਠਦਾ।
ਇਸ ਤੋਂ ਅਗਲੀ ਪੰਗਤੀ- ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆਂ ਦਾ ਰਹਿਣਾ॥
ਅਰਥ ਬਣਦੇ ਹਨ- ਖੇੜੇ(ਪਿੰਡ ਵਿੱਚ) ਰਹਿਣਾ ਭੱਠੀ ਵਿੱਚ ਪਵੇ, ਉਸ ਤੋਂ ਤਾਂ ਪਿਆਰੇ ਮਿਤਰ ਦਾ ਸੱਥਰ (ਜ਼ਮੀਨ ਤੇ ਸੌਣਾ) ਚੰਗਾ ਹੈ। ਯਾਰ ਦੇ ਸੱਥਰ ਦੇ ਬਦਲੇ ਖੇੜੇ(ਪਿੰਡ ਵਿੱਚ) ਰਹਿਣਾ ਭੱਠੀ ਵਿੱਚ ਪਵੇ।
ਵਿਸ਼ਲੇਸ਼ਣ- ਮਿਤਰ ਪਿਆਰੇ ਦੇ ਸੱਥਰ (ਜ਼ਮੀਨ ਤੇ ਸੌਣ) ਨੂੰ ਚੰਗਾ ਦੱਸਿਆ ਹੈ, ਇਹ ਤਾਂ ਠੀਕ ਹੈ ਪਰ ਇਸ ਦੇ ਮੁਕਾਬਲੇਚ ਖੇੜਿਆਂ (ਖੇੜੇ ਪਿੰਡ) ਦਾ ਜ਼ਿਕਰ ਕਰਨਾ,
ਗੁਰੂ ਸਾਹਿਬ ਦੀ ਰਚਨਾ ਮੰਨਣ ਲਈ ਫਿੱਟ ਨਹੀਂ ਬੈਠਦਾ।
ਜੇ ਖੇੜਿਆਂ ਦਾ ਅਰਥ ਖੁਸ਼ੀਆਂ-ਖੇੜੇ ਵੀ ਕਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜੰਗਲ ਵਿੱਚ ਕਿਹੜੇ ਖੁਸ਼ੀਆਂ ਖੇੜਿਆਂ ਦੀ ਤੁਲਣਾ ਸੱਥਰੁ ਨਾਲ ਕੀਤੀ ਹੋਈ? ਜੇ ਜੰਗਲ
ਵਿੱਚ ਖੁਸ਼ੀਆਂ ਖੇੜੇ ਹੀ ਸਨ ਤਾਂ ਹਾਲ ਮੁਰੀਦਾਂ ਦਾ ਕਹਿਣ ਦੀ ਲੋੜ ਨਹੀਂ ਸੀ।
ਰਚਨਾ ਦਾ ਦੂਸਰਾ ਪਹਿਲੂ-
ਜੇ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਤਾਂ ਕਿਸ ਦੀ ਰਚਨਾ ਹੋ ਸਕਦੀ ਹੈ; ਰਚਨਾ ਵਿੱਚ (ਸ਼ਰਾਬ ਦੀ-)ਸੁਰਾਹੀ ਅਤੇ (ਸ਼ਰਾਬ ਪੀਣ ਵਾਲੇ)ਪਿਆਲਾ, ਲਫਜ਼ਾਂ ਤੋਂ ਲੱਗਦਾ
ਹੈ ਕਿ ਇਹ ਕਿਸੇ ਸ਼ਰਾਬ ਪੀਣ ਵਾਲੇ ਪ੍ਰੇਮੀ ਦੀ ਰਚਨਾ ਹੋ ਸਕਦੀ ਹੈ, ਜਿਸ ਨੂੰ ਆਪਣੇ ਮਹਿਬੂਬ ਦੇ ਵਿਛੋੜੇ(ਤੁਧੁ ਬਿਨੁ) ਵਿੱਚ ਸੁਰਾਹੀ, ਪਿਆਲਾ ਅਤੇ ਰਜਾਈਆਂ ਦਾ
ਓਢਣ ਆਦਿ ਦੇ ਸਾਰੇ ਸੁਖ ਸਹੂਲਤਾਂ ਕੱਟਣ ਨੂੰ ਪੈਂਦੀਆਂ ਹਨ।
ਨੋਟ: ਰਚਨਾ ਵਿੱਚ ਆਏ ਲਫਜ਼ ਤੁਧੁ ਬਿਨੁ ਨੂੰ ਗਹਿਰਾਈ ਨਾਲ ਵਿਚਾਰਨ ਦੀ ਜਰੂਰਤ ਹੈ।
ਜਸਬੀਰ ਸਿੰਘ ਵਿਰਦੀ 27-12-2022 (cldw)
ਜਸਬੀਰ ਸਿੰਘ ਵਿਰਦੀ
- : ਮਿੱਤਰ ਪਿਆਰੇ ਨੂੰ : - (Part 1)
Page Visitors: 124