ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਬਾਣੀ ਵਿਚੋਂ ਇਕ ਤੁਕ ਛਾਂਟ ਕੇ , ਉਸ ਦਾ ਅਰਥ ਕਰਨ ਦਾ ਕਲਚਰ !
ਗੁਰਬਾਣੀ ਵਿਚੋਂ ਇਕ ਤੁਕ ਛਾਂਟ ਕੇ , ਉਸ ਦਾ ਅਰਥ ਕਰਨ ਦਾ ਕਲਚਰ !
Page Visitors: 2809

 

 ਗੁਰਬਾਣੀ ਵਿਚੋਂ ਇਕ ਤੁਕ ਛਾਂਟ ਕੇ , ਉਸ ਦਾ ਅਰਥ ਕਰਨ ਦਾ ਕਲਚਰ !
   ਗੁਬਾਣੀ ਵਿਚੋਂ ਇਕ ਤੁਕ ਛਾਂਟ ਕੇ , ਉਸ ਦਾ ਅਰਥ ਕਰਨ ਦਾ ਕਲਚਰ , ਜਿਸ ਆਸਰੇ ਕਿਰਤ ਤੋਂ ਭਗੌੜੇ ਲੋਕ , ਸੰਤ-ਮਹਾਂਪੁਰਖ , ਬ੍ਰਹਮਗਿਆਨੀ ਬਣਾ ਕੇ ਸਥਾਪਤ ਕੀਤੇ ਜਾ ਸਕਣ , ਉਦਾਸੀਆਂ ਅਤੇ ਨਿਰਮਲਿਆਂ ਵਲੋਂ ਸ਼ੁਰੂ ਕੀਤਾ ਗਿਆ ਸੀ । ਪਰ ਅੱਜ ਦੇ ਮਹਾਨ ਵਿਦਵਾਨਾਂ ਨੇ ਇਸ ਜੁਗਤ ਨੂੰ , ਆਪਣੀ ਮਨਮਤਿ ਸਥਾਪਤ ਕਰਨ ਲਈ ਹੱਦੋਂ ਵੱਧ ਉਤਸ਼ਾਹਤ ਕੀਤਾ ਹੈ । ਪਹਿਲਾਂ ਵੀ ਕਥਾ ਕਰਨ ਦੀ ਸ਼ੈਲੀ ਇਹੀ ਸੀ ਕਿ , ਕੋਈ ਇਕ ਤੁਕ ਲੈ ਕੇ , ਉਸ ਦੀ ਵਿਆਖਿਆ ਇਸ ਢੰਗ ਨਾਲ ਕੀਤੀ ਜਾਦੀ ਸੀ , ਜਿਸ ਆਸਰੇ ਕਥਾ ਕਰਨ ਵਾਲੇ ਦੀ ਵਡਿਆਈ , ਕਿਰਤੀਆਂ ਨਾਲੋਂ ਵੱਧ ਸਥਾਪਤ ਹੋ ਸਕੇ , ਉਸ ਦੀ ਪ੍ਰੋੜ੍ਹਤਾ ਸਰੂਪ ਦੇਵੀ-ਦੇਵਤਿਆਂ ਦੀਆਂ ਚਾਰ-ਛੇ ਮਨੋ ਕਲਪਿਤ ਸਾਖੀਆਂ ਰੂਪੀ ਕਹਾਣੀਆਂ ਦਾ ਆਸਰਾ ਲਿਆ ਜਾਂਦਾ ਸੀ । (ਜਿਸ ਦੇ ਫੱਲ ਸਰੂਪ ਅੱਜ ਉਨ੍ਹਾਂ ਸੰਤ-ਮਹਾਂਪੁਰਖਾਂ , ਬ੍ਰਹਮਗਿਆਨੀਆਂ ਦੀ ਸੰਖਿਆਂ ਪੰਜਾਬ ਦੇ ਪਿੰਡਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ , ਜਦ ਕਿ ਗੁਰਬਾਣੀ ਅਜਿਹੇ ਲੋਕਾਂ ਦੀ ਸੰਖਿਆ  “ ਕੋਟਨ ਮਹਿ ਕੋਊ ” (ਕ੍ਰੋੜਾਂ ਵਿਚੋਂ ਕੋਈ ਇਕ-ਅੱਧ) ਦੱਸਦੀ ਹੈ ।   
     ਹੁਣ ਉਸ ਕਲਚਰ ਨੂੰ ਹੀ ਅਗਾਂਹ ਵਧਾਉਂਦਿਆਂ , ਗੁਰਬਾਣੀ ਦੀ ਵਿਆਖਿਆ ਕਰਨ ਵਾਲਿਆਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੁੰਦੀ ਜਾ ਰਹੀ ਹੈ । ਵੈਸੇ ਇਸ ਵਿਚ ਕੋਈ ਹਰਜ ਤਾਂ ਨਹੀਂ ਹੋਣਾ ਚਾਹੀਦਾ , ਪਰ ਦੋ ਪ੍ਰਸ਼ਨ ਅਜਿਹੇ ਖੜੇ ਹੁੰਦੇ ਹਨ , ਜਿਨ੍ਹਾਂ ਦਾ ਨਿਵਾਰਣ ਕਰਨਾ ਬਹੁਤ ਜ਼ਰੂਰੀ ਹੈ ।
  1. ਕੀ ਵਿਆਖਿਆ ਕਰਨ ਵਾਲੇ ਨੂੰ , ਗੁਰਮਤਿ ਦੇ ਸਿਧਾਂਤ ਦੀ ਪੂਰਨ ਜਾਣਕਾਰੀ ਹੈ ? ਕੀ ਇਹ ਵਿਆਖਿਆ , ਰਹਾਉ ਦੀ ਸੇਧ ਵਿਚ ਸਹੀ ਰਸਤੇ ਤੇ ਹੈ ? ਜੇ ਵਿਆਖਿਆ ਕਰਨ ਵਾਲਾ ਇਸ ਸਬੰਧੀ ਸੁਚੇਤ ਹੈ ਤਾਂ , ਪੂਰੇ ਸ਼ਬਦ ਦੀ ਵਿਆਖਿਆ ਕਰਨ ਵਿਚ ਕੀ ਦਿੱਕਤ ਹੈ ?  ਕਿਸੇ ਨੁਕਤੇ ਨੂੰ ਸਮਝਾਉਣ ਲਈ ਤਾਂ ਇਕ ਤੁਕ ਦਾ ਸਹਾਰਾ ਲਿਆ ਜਾ ਸਦਕਾ ਹੈ , ਪਰ ਉਹ ਵੀ ਇਸ ਯਕੀਨ ਨਾਲ ਕਿ ਤੁਕ ਦੀ ਵਰਤੋਂ , ਪੂਰੇ ਸ਼ਬਦ ਦੇ ਆਸ਼ੇ ਅਨੁਸਾਰ ਹੀ ਕੀਤੀ ਜਾ ਰਹੀ ਹੈ ।
  2. ਕੀ ਗੁਰੂ ਸਾਹਿਬ ਨੂੰ ਇਹ ਸੋਝੀ ਨਹੀਂ ਸੀ ਕਿ , ਇਕ ਤੁਕ ਦੇ ਅਰਥ ਕਰਨ ਨਾਲ ਹੀ ਕੰਮ ਸਾਰਿਆ ਜਾ ਸਕਦਾ ਹੈ  ?  ਪੂਰੇ ਸ਼ਬਦ ਲਿਖਣ ਦੀ ਕੀ ਲੋੜ ਸੀ  ? (ਇਸ ਨਾਲ ਤਾਂ ਕੰਮ ਬਹੁਤ ਸੌਖਾ ਹੋ ਜਾਣਾ ਸੀ) ਅਜਿਹੀਆਂ ਤੁਕਾਂ , ਜੋ ਅੱਜ ਤਕ ਜ਼ਿਆਦਾ ਪ੍ਰਚਲਤ ਹੋਈਆਂ ਹਨ , ਉਨ੍ਹਾਂ ਨੂੰ ਮਿਲਾ ਕੇ ਤਾਂ , ਸੁਖਮਣੀ ਬਾਣੀ ਦੇ ਇਕ ਗੁਟਕੇ ਬਰਾਬਰ ਵੀ ਨਹੀਂ ਬਣਦਾ , ਜਿਸ ਨੂੰ ਆਰਾਮ ਨਾਲ ਜੇਭ ਵਿਚ ਰੱਖਿਆ ਜਾ ਸਕਦਾ ਹੈ । ਅਜਿਹੀ ਹਾਲਤ ਵਿਚ , ਏਨੇ ਲੰਮੇ-ਚੌੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸੰਭਾਲਣ , ਅਤੇ ਉਸ ਵਿਚਲੇ ਲੰਮੇ ਚੌੜੇ ਉਪਦੇਸ ਨੂੰ ਸਮਝਣ ਦੀ ਲੋੜ ਹੀ ਮੁੱਕ ਜਾਂਦੀ ਸੀ ।
     ਸੁਚੇਤ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਇਸ ਕਲਚਰ ਨੂੰ ਹੋਰ ਉਤਸ਼ਾਹਤ ਨਾ ਕੀਤਾ ਜਾਵੇ , ਪੂਰੇ ਸ਼ਬਦ ਦੀ ਵਿਆਖਿਆ ਕੀਤੀ ਜਾਵੇ , ਜੇ ਕਿਸੇ ਪਰਸੰਗ ਵਿਚ , ਕਿਸੇ ਤੁਕ ਦੀ ਮਦਦ ਨਾਲ , ਉਹ ਪਰਸੰਗ ਹੋਰ ਵਧੇਰੇ ਸਪੱਸ਼ਟ ਹੋਣ ਦੀ ਆਸ ਹੋਵੇ ਤਾਂ , ਤੁਕ ਦੀ ਵਰਤੌਂ ਗਲਤ ਨਹੀਂ ਹੈ , ਪਰ ਆਪਣੇ ਆਸ਼ੇ ਨੂੰ ਮੁੱਖ ਰੱਖ ਕੇ , ਗੁਰੂ ਗ੍ਰੰਥ ਸਾਹਿਬ ਜੀ ਵਿਚੋਂ , ਆਪਣੇ ਮਤਲਬ ਦੀ ਤੁਕ ਲੱਭ ਕੇ , ਉਸ ਦੇ ਆਲੇ-ਦੁਆਲੇ ਆਪਣੀ ਚਤਰਾਈ ਦਾ ਜਾਲ ਬੁਣ ਕੇ , ਕਿਸੇ ਵਿਸ਼ੇ ਬਾਰੇ , ਮਨ ਭਾਉਂਦੇ ਸਿੱਟੇ ਕੱਢਣਾ , ਗੁਰਬਾਣੀ ਦੀ ਯੋਗ ਵਰਤੋਂ ਨਹੀਂ ਹੈ । ਇਸ ਤਰ੍ਹਾਂ ਦੇ ਕਲਚਰ ਤੇ ਰੋਕ ਲੱਗਣੀ ਹੀ ਚਾਹੀਦੀ ਹੈ ।
                                                ਅਮਰ ਜੀਤ ਸਿੰਘ ਚੰਦੀ  
                                                     21-09-2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.