ਬਠਿੰਡਾ ਵਿਖੇ ਨਾਨਕਸ਼ਾਹੀ ਕੈਲੰਡਰ ਸਬੰਧੀ ਸੈਮੀਨਾਰ ਹੋਵੇਗਾ 27 ਨੂੰ
*ਪਾਲ ਸਿੰਘ ਪੁਰੇਵਾਲ ਤੋਂ ਇਲਾਵਾ ਭਾਈ ਬਾਗੜੀਆਂ, ਜਨਰਲ ਗਿੱਲ ਅਤੇ ਭਾਈ ਪੰਥਪ੍ਰੀਤ ਸਿੰਘ ਹੋਣਗੇ ਮੁੱਖ ਬੁਲਾਰੇ
*ਸ: ਪਾਲ ਸਿੰਘ ਪੁਰੇਵਾਲ ਕੰਪਿਊਟਰ ਅਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੈਲੰਡਰ ਸਬੰਧੀ ਸਾਰੇ ਤੱਥ ਸਕਰੀਨ ’ਤੇ ਵਿਖਾ ਕੇ ਸ੍ਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਮੁਹਈਆ ਕਰਵਾਉਣਗੇ
ਬਠਿੰਡਾ, 22 ਸਤੰਬਰ (ਤੁੰਗਵਾਲੀ) : ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1, ਵਿਖੇ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ “ਨਾਨਕਸ਼ਾਹੀ ਕੈਲੰਡਰ” ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਮੁੱਖ ਬੁਲਾਰੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਭਾਈ ਪਾਲ ਸਿੰਘ ਪੁਰੇਵਾਲ ਕੈਨੇਡਾ ਵਾਲੇ ਹੋਣਗੇ। ਉਨ੍ਹਾਂ ਤੋਂ ਇਲਾਵਾ ਉੱਚ ਕੋਟੀ ਦੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਜਨਰਲ ਕਰਤਾਰ ਸਿੰਘ ਗਿੱਲ, ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਸਮੇਤ ਹੋਰ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀ ਬਣਤਰ ਵਿੱਚ ਆਪਣਾ ਹਿੱਸਾ ਪਾਇਆ ਸੀ, ਵੀ ਸ਼ਿਰਕਤ ਕਰਨਗੇ ।
ਕਿਰਪਾਲ ਸਿੰਘ ਨੇ ਦੱਸਿਆ ਕਿ ਲੰਬੀ ਸੋਚ ਵੀਚਾਰ ਅਤੇ ਕਈ ਔਕੜਾਂ ਵਿੱਚੋਂ ਲੰਘਦੇ ਹੋਏ ਸ਼੍ਰੋਮਣੀ ਕਮੇਟੀ ਨੇ ਸ: ਪਾਲ ਸਿੰਘ ਪੁਰੇਵਾਲ (ਕਨੇਡਾ ਨਿਵਾਸੀ) ਵੱਲੋਂ ਬੜੀ ਮਿਹਨਤ ਨਾਲ ਬਣਾਇਆ ਹੋਇਆ ਨਾਨਕਸ਼ਾਹੀ ਕੈਲੰਡਰ ਸਾਲ 2003 ਵਿੱਚ ਲਾਗੂ ਕੀਤਾ ਸੀ ਜਿਸ ਦੀ ਕੁਝ ਡੇਰਾਵਾਦੀ ਸੋਚ ਵਾਲੇ ਸਿੱਖਾਂ ਨੂੰ ਛੱਡ ਕੇ ਬਾਕੀ ਦੇ ਸਮੁੱਚੇ ਪੰਥ ਨੇ ਭਰਪੂਰ ਸ਼ਾਲਾਘਾ ਕੀਤੀ ਤੇ ਖ਼ੁਸ਼ੀ ਖ਼ੁਸ਼ੀ ਅਪਣਾਇਆ। ਇਸ ਕੈਲੰਡਰ ਦੇ ਲਾਗੂ ਹੋਣ ਨਾਲ ਗੁਰਪੁਰਬਾਂ ਦੀਆਂ ਮਿਤੀਆਂ ਹਰ ਸਾਲ ਅੱਗੇ ਪਿੱਛੇ ਆਉਣ ਦਾ ਮਸਲਾ ਹੱਲ ਹੋ ਗਿਆ ਸੀ। ਪਰ ਕੁਝ ਕਾਰਣਾਂ ਕਰਕੇ ਸ਼੍ਰੋਮਣੀ ਕਮੇਟੀ ਨੇ 2010 ਵਿੱਚ ਇਸ ਕੈਲੰਡਰ ਵਿੱਚ ਕੁਝ ਸੋਧਾਂ ਕੀਤੀਆਂ। ਸੋਧਾਂ ਦਾ ਭਾਵ ਤਾਂ ਇਹ ਹੋਣਾ ਚਾਹੀਦਾ ਸੀ ਕਿ ਇਸ ਕੈਲੰਡਰ ਵਿੱਚ ਰਹਿ ਗਈਆਂ ਤਰੁਟੀਆਂ ਦੂਰ ਕੀਤੀਆਂ ਜਾਂਦੀਆਂ ਪਰ ਸੋਧਾਂ ਉਪ੍ਰੰਤ ਵੇਖਣ ਵਿੱਚ ਆਇਆ ਹੈ ਕਿ ਕੈਲੰਡਰ ਸੋਧਿਆ ਨਹੀਂ ਬਲਕਿ ਵਿਗਾੜਿਆ ਗਿਆ ਹੈ, ਜਿਸ ਸਦਕਾ ਪੰਥ ਵਿੱਚ ਵਿਵਾਦ ਪਹਿਲਾਂ ਨਾਲੋਂ ਵੀ ਵਧ ਗਿਆ ਹੈ ।
ਇਸ ਵਿਵਾਦ ਦਾ ਪੱਕਾ ਹੱਲ ਲੱਭਣ ਲਈ ਹੀ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਤਾ ਕਿ ਕੈਲੰਡਰ ਵਿਵਾਦ ਦਾ ਕੋਈ ਪੱਕਾ ਹੱਲ ਲੱਭਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਪੰਜੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਮੈਂਬਰ, ਪੰਜਾਬ ਹਰਿਆਣਾ ਰਾਜਸਥਾਨ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਤੋਂ ਇਲਾਵਾ ਸਥਾਨਕ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੇ ਖਾਲਸਾ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ ।
ਇਸ ਸਮੇਂ ਉਨ੍ਹਾਂ ਨਾਲ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਸਿੱਧੂ, ਬਿਕ੍ਰਮ ਸਿੰਘ, ਆਤਮਾ ਸਿੰਘ ਚਹਿਲ, ਹਰਮਿੰਦਰ ਸਿੰਘ ਸਮਾਘ, ਮਨੋਹਰ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਸੁਖਦੇਵ ਸਿੰਘ ਐੱਸਐੱਮ ਬੈਟਰੀਜ਼, ਪ੍ਰਿੰਸੀਪਲ ਰਣਜੀਤ ਸਿੰਘ, ਸੁਰਜੀਤ ਸਿੰਘ ਟੀਨਾ, ਮਲਕੀਤ ਸਿੰਘ ਅਤੇ ਕਿੱਕਰ ਹਾਜ਼ਰ ਸਨ । ਉਨ੍ਹਾਂ ਦੱਸਿਆ ਇਹ ਸੈਮੀਨਾਰ ਆਮ ਸਮਾਗਮਾਂ ਦੀ ਤਰ੍ਹਾਂ ਇੱਕ ਸਮਾਗਮ ਨਹੀਂ ਹੋਵੇਗਾ ਬਲਕਿ ਇੱਕ ਕਲਾਸ ਰੂਮ ਵਾਂਗ ਹੋਵੇਗਾ ਜਿਥੇ ਹਰ ਸ੍ਰੋਤਾ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵੀ ਸਵਾਲ ਪੁੱਛ ਸਕਦਾ ਹੈ ਜਿਨ੍ਹਾਂ ਦੇ ਭਾਈ ਪਾਲ ਸਿੰਘ ਪੁਰੇਵਾਲ ਤੇ ਹੋਰ ਵਿਦਵਾਨਾਂ ਵੱਲੋਂ ਢੁਕਵੇਂ ਉੱਤਰ ਦੇ ਕੇ ਸਵਾਲ ਕਰਤਾ ਦੀ ਤਸੱਲੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ । ਉਨ੍ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਮੀਨਾਰ ਵਿੱਚ ਸਮੇਂ ਸਿਰ ਸਵੇਰੇ 10 ਤੋਂ 1.30 ਵਜੇ ਤੱਕ ਸ਼ਾਮਲ ਹੋ ਕੇ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਆਪਣਾ ਸਹਿਯੋਗ ਦੇਣ।
ਸ: ਪਾਲ ਸਿੰਘ ਪੁਰੇਵਾਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਉਹ ਕੰਪਿਊਟਰ ਅਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੈਲੰਡਰ ਸਬੰਧੀ ਸਾਰੇ ਤੱਥ ਸਕਰੀਨ ’ਤੇ ਵਿਖਾ ਕੇ ਸ੍ਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਮੁਹਈਆ ਕਰਵਾਉਣਗੇ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਪੁੱਛੇ ਗਏ ਹਰ ਸਵਾਲ ਦਾ ਜਵਾਬ ਤੱਥਾਂ ਦੇ ਅਧਾਰ ’ਤੇ ਦੇਣਗੇ ।