ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 4,
Page Visitors: 118
suKmnI swihb dI srl ivAwiKAw Bwg 4,
ਸਲੋਕੁ ॥
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥1॥
ਅਰਥ:-
ਦੀਨਾਂ ਦੇ ਦਰਦ ਅਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ, ਹੇ ਹਰੇਕ ਸ੍ਰੀਰ ਵਿਚ ਵਿਆਪਕ ਹਰੀ। ਹੇ ਅਨਾਥਾਂ ਦੇ ਨਾਥ। ਹੇ ਪ੍ਰਭੂ, ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਨ ਆਇਆ ਹਾਂ।1। /2
ਅਸਟਪਦੀ ॥
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਅਨਿਕ ਪੁਨਹਚਰਨ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥1॥
ਜਿੱਥੇ, ਮਾਂ, ਪਿਉ, ਪੁੱਤਰ, ਮਿਤ੍ਰ, ਭਰਾ ਕੋਈ ਵੀ ਸਾਥੀ ਨਹੀਂ ਬਣਦਾ, ਓਥੇ ਹੇ ਮਨ , ਪ੍ਰਭੂ ਦਾ ਨਾਮ , ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ। ਜਿੱਥੇ ਵਡੇ ਡਰਾਉਣੇ, ਜਮਦੂਤਾਂ ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ ਪ੍ਰਭੂ ਦਾ ਨਾਮ ਹੀ ਜਾਂਦਾ ਹੈ। ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, ਓਥੈ ਪ੍ਰਭੂ ਦਾ ਨਾਮ, ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ। ਅਨੇਕਾਂ ਧਾਰਮਿਕ ਰਸਮਾਂ ਕਰ ਕੇ ਵੀ, ਮਨੁੱਖ ਪਾਪਾਂ ਤੋਂ ਨਹੀਂ ਬਚਦਾ, ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ। ਤਾਂ ਤੇ ਹੇ ਮੇਰੇ ਮਨ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਪ। ਹੇ ਨਾਨਕ , ਨਾਮ ਦੀ ਬਰਕਤ ਨਾਲ, ਬੜੇ ਸੁਖ ਪਾਵੈਂਗਾ ।1।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥
ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥2॥
ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ, ਦੁਖੀ ਰਹਿੰਦਾ ਹੈ, ਕਿਉਂਕਿ ਉਹ ਮਾਇਆ ਦੀ ਅਸਲੀਅਤ ਨਹੀਂ ਸਮਝਦਾ, (ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (417))
ਪਰ ਪ੍ਰਭੂ ਦਾ ਨਾਮ ਜਪਿਆਂ, ਸੁਖੀ ਹੋ ਜਾਂਦਾ ਹੈ, ਉਸ ਨੂੰ ਅਸਲੀਅਤ ਸਮਝ ਆ ਜਾਂਦੀ ਹੈ ਕਿ,
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (134)
ਬੰਦੇ ਵਲੋਂ ਲੱਖਾਂ ਕ੍ਰੋੜਾਂ ਰੁਪਏ ਕਮਾ ਕੇ ਵੀ, ਮਾਇਆ ਦੀ ਤ੍ਰਿਸ਼ਨਾ ਤੇ ਰੋਕ ਨਹੀਂ ਪੈਂਦੀ, ਪਰ ਪ੍ਰਭੂ ਦਾ ਨਾਮ ਜਪਣ ਨਾਲ, ਮਾਇਆ ਦੀ ਤ੍ਰਿਸ਼ਨਾ ਤੋਂ ਬਚ ਜਾਂਦਾ ਹੈ। ਮਾਇਆ ਦੀਆਂ ਬੇਅੰਤ ਮੌਜਾਂ ਹੁੰਦਿਆਂ ਵੀ, ਮਾਇਆ ਦੀ ਭੁੱਖ ਨਹੀਂ ਮਿਟਦੀ, ਪਰ ਪ੍ਰਭੂ ਦਾ ਨਾਮ ਜਪਿਆਂ, ਮਨੁੱਖ ਮਾਇਆ ਵਲੋਂ ਰੱਜ ਜਾਂਦਾ ਹੈ। ਜਿੱਥੇ ਜ਼ਿੰਦਗੀ ਦੀਆਂ ਔਝੜ ਰਾਹਾਂ ਵਿਚ ਬੰਦੇ ਦਾ ਕੋਈ ਮਦਦ-ਗਾਰ ਨਹੀਂ ਹੁੰਦਾ, ਓਥੇ ਪ੍ਰਭੂ ਦਾ ਨਾਮ, ਇਸ ਦੇ ਨਾਲ, ਸੁਖ ਦੇਣ ਵਾਲਾ ਹੁੰਦਾ ਹੈ। ਹੇ ਮੇਰੇ ਮਨ ਅਜਿਹੇ ਸੁਹੇਲੇ ਰੱਬ ਨੂੰ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ, ਹੇ ਨਾਨਕ, ਗੁਰੂ ਦੀ ਸਿਖਿਆ ਅਨੁਸਾਰ, ਪ੍ਰਭੂ ਦਾ ਨਾਮ ਜਪਣ ਨਾਲ ਉੱਚਾ ਦਰਜਾ ਮਿਲਦਾ ਹੈ ।2।
ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥
ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥
ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥
ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥3॥
ਲੱਖਾਂ ਕ੍ਰੋੜਾਂ ਮਦਦ-ਗਾਰਾਂ ਦੇ ਹੁੰਦਿਆਂ, ਮਨੁੱਖ ਦਾ ਛੁਟਕਾਰਾ ਜਿਸ ਮੁਸੀਬਤ ਤੋਂ ਨਹੀਂ ਹੁੰਦਾ, ਓਥੇ ਪ੍ਰਭੂ ਦਾ ਨਾਮ ਜਪਣ ਨਾਲ, ਸਾਰੀਆਂ ਮੁਸੀਬਤਾਂ ਤੋਂ ਬਚਾ ਹੋ ਜਾਂਦਾ ਹੈ। ਪਰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜਪਣਾ, ਮਨ ਦਾ ਵਿਸ਼ਾ ਹੈ, ਇਹ ਰੱਟੇ ਦਾ ਵਿਸ਼ਾ ਨਹੀਂ ਹੈ। ਨਾ ਹੀ ਇਹ ਸਮੇ ਦਾ ਦਸਵੰਧ ਕੱਢਣ ਦਾ ਵਿਸ਼ਾ ਹੈ। ਇਹ ਵੀ ਸੰਭਵ ਨਹੀਂ ਹੈ ਕਿ ਸਾਰੇ ਗ੍ਰੰਥ ਦੀ ਥਾਂ, ਇਕ ਬਾਣੀ ਨਾਲ ਸਰ ਜਾਵੇ। ਹਰ ਬਾਣੀ ਦਾ ਆਪਣਾ ਆਪਣਾ ਮਹੱਤਵ ਹੈ। ਇਸ ਬਾਣੀ ਦੇ ਮਹੱਤਵ ਨੂੰ ਸਮਝਣ ਦੀ ਥਾਂ, ਇਸ ਨੂੰ ਗਲਤ ਧਾਰਨਾਵਾਂ ਆਸਰੇ ਸਥਾਪਤ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਅਵੱਗਿਆ ਕਰਨਾ ਹੀ ਹੈ, ਜੋ ਕਿਸੇ ਗੁਰਮੁਖ ਨੂੰ ਸੋਭਦਾ ਨਹੀਂ । ਪਰਮਾਤਮਾ ਨਾਲ ਸਬੰਧਿਤ , ਸ਼ਬਦ ਗੁਰੂ ਨਾਲ ਸਬੰਧਿਤ, ਗੁਰੂ ਨਾਲ ਸਬੰਧਿਤ ਹਰ ਕੰਮ, ਮਨ ਨਾਲ ਸਬੰਧਿਤ ਹੈ। ਇਹ ਮਾਇਆ ਨਾਲ ਸਬੰਧਿਤ ਨਹੀਂ ਹੈ, ਜਿਸ ਨੂੰ ਕਰਮ-ਇੰਦਰੀਆਂ ਨਾਲ ਜੋੜ ਕੇ ਵਿਖਾਵਾ ਕੀਤਾ ਜਾਵੇ।
ਆਉ ਇਸ ਨੂੰ ਗੁਰਬਾਣੀ ਰਾਹੀਂ ਸਮਝਦੇ ਹਾਂ।
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ਰਹਾਉ॥ (670)
ਅਰਥ:- ਹੇ ਮਨ, ਹਮੇਸ਼ਾ ਕਾਇਮ-ਦਾਇਮ ਪ੍ਰਭੂ ਦਾ ਨਾਮ ਸਦਾ ਜਪਿਆ ਕਰ । ਹੇ ਭਾਈ , ਸਰਬ ਵਿਆਪਕ, ਨਿਰਲੇਪ ਹਰੀ ਦਾ ਸਦਾ ਧਿਆਨ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਲੋਕ-ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ।ਰਹਾਉ।
ਜਪਿ ਮਨ ਹਰਿ ਹਰਿ ਨਾਮੁ ਰਸਿ ਧ੍ਰਾਪੈ॥
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ਰਹਾਉ॥ (605)
ਹੇ ਮੇਰੇ ਮਨ, ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਜਿਹੜਾ ਮਨੁੱਖ ਜਪਦਾ ਹੈ, ਉਹ ਨਾਮ ਦੇ ਰਸ ਨਾਲ ਰੱਜ ਜਾਂਦਾ ਹੈ। ਹੇ ਮਨ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ , ਚੱਖ ਕੇ ਹੀ ਪਤਾ ਲਗਦਾ ਹੈ।ਰਹਾਉ।
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ॥
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ਰਹਾਉ॥ (605)
ਹੇ ਮੇਰੇ ਮਨ, ਸਦਾ ਪਰਮਾਤਮਾ ਦਾ ਸਿਮਰਨ ਕਰ, ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ ਸੁਖ ਪਾਇਆ ਹੈ। ਹੇ ਭਾਈ , ਪਰਮਾਤਮਾ ਦਾ ਨਾਮ, ਸਾਰੇ ਸੁਖਾਂ ਦਾ ਖਜਾਨਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ, ਪੂਰੇ ਗੁਰੂ ਨੇ ਉਸ ਨੂੰ ਮਰਮਾਤਮਾ ਦਾ ਨਾਮ ਮਿੱਠਾ ਮਹਿਸੂਸ ਕਰਾ ਦਿੱਤਾ ਹੈ ।ਰਹਾਉ।
ਜਪਿ ਮਨ ਨਾਮੁ ਹਰਿ ਸਰਣੀ॥
ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥1॥ਰਹਾਉ॥ (505)
ਹੇ ਮਨ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਓਟ ਫੜ। ਪ੍ਰਭੂ ਦੇ ਨਾਮ ਨੂੰ ਜੀਵਨ ਦਾ ਮਨੋਰਥ ਬਣਾ। ਇਹ ਨਾਮ ਸਾਰੇ ਸੰਸਾਰ ਵਿਚ ਰਮਿਆ ਹੋਇਆ ਹੈ, ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਨਾਮ ਜਹਾਜ਼ ਹੈ ।1।ਰਹਾਉ।
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ॥1॥ਰਹਾਉ॥ (720)
ਹੇ ਮੇਰੇ ਮਨ, ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਹਰੀ ਦਾ ਧਿਆਨ ਧਰਿਆ ਕਰ। ਉਸ ਪ੍ਰਭੂ ਦੇ ਦਰ ਤੋਂ ਤੂੰ ਜੋ ਕੁਝ ਵੀ ਮੰਗੇਂਗਾ ਉਹੀ ਪ੍ਰਾਪਤ ਕਰ ਲਵੇਂਗਾ। ਕੋਈ ਦੁਖ ਵੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ ।1।ਰਹਾਉ।
ਪਰ ਗੱਲ ਤਾਂ ਵਿਸ਼ਵਾਸ ਦੀ ਹੈ, ਸਾਨੂੰ ਆਪਣੇ ਮਨ ਤੇ ਤਾਂ ਵਿਸ਼ਵਾਸ ਹੈ ਨਹੀਂ, ਸਾਡੇ ਦਿਮਾਗ ਨੂੰ ਪਤਾ ਹੈ ਕਿ ਮਨ ਤਾਂ ਸਾਨੂੰ ਭਟਕਾਉਂਦਾ ਨਹੀਂ, ਅਸੀਂ ਦਿਨ ਵਿਚ ਕਿੰਨੀ ਵਾਰੀ ਮਾਇਆ ਦੀ ਚਮਕ-ਦਮਕ ਵਿਚ ਮਨ ਨੂੰ ਭਟਕਾਉਂਦੇ ਹਾਂ ? ਟਕੇ ਟਕੇ ਤੇ ਵਿਕਣ ਵਾਲੇ ਲੀਡਰਾਂ ਪਿਛੇ ਲੱਗ ਕੇ ਅਸੀਂ ਮਨ ਨੂੰ ਕਿੰਨੇ ਲਾਲੀ-ਪਾਪ ਦਿੰਦੇ ਹਾਂ। ਸੰਸਾਰ ਵਿਚ ਤਾਂ ਮਾਇਆ ਦੀ ਚੱਲਣੀ ਹੈ। ਰੱਬ ਨੇ ਤਾਂ ਤੁਹਾਡੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਜੇ ਤੁਸੀ ਲੋੜਾਂ ਤੱਕ ਸੰਤੁਸ਼ਟ ਰਹੋ, ਫਿਰ ਤਾਂ ਕੋਈ ਗੱਲ ਨਹੀਂ, ਪਰ ਜਦ ਤੁਹਾਡੇ ਹਵਾਈ ਜਹਾਜ਼ਾਂ ਤੇ ਚੱਲਣ ਵਾਲੇ ਲੀਡਰ, ਆਮ ਲੋਕਾਂ ਦੀਆਂ ਰੇਲਾਂ ਵੀ ਹੜੱਪੀ ਜਾਣ ਤਾਂ ਤੁਸੀਂ ਕਦੋਂ ਗੁਆਂਢੀ ਨੂੰ ਜੀਉਣ ਦਿਉਂਗੇ ? ਤੁਹਾਨੂੰ ਪਤਾ ਹੈ ਕਿ ਰੱਬ ਅੱਗੇ, ਜੇ ਮੇਰਾ ਮਨ ਅਰਦਾਸ ਕਰੇਗਾ, ਉਹ ਤਾਂ ਪੂਰੀ ਹੋਣੀ ਨਹੀਂ, ਕਿਉਂਕਿ ਰੱਬ ਨੂੰ ਮਨ ਦੀ ਕਰਤੂਤ ਦਾ ਪਤਾ ਹੈ।
ਫਿਰ ਕੀ ਹੋਵੇ ?
ਪਹਿਲਾ ਕੰਮ ਇਹ ਕੀਤਾ ਕਿ ਰੱਬ ਨਾਲ, ਸਿੱਧੀ ਮਨ ਦੀ ਗੱਲ ਬੰਦ ਕੀਤੀ, ਰੱਬ ਨੂੰ ਜੋ ਕਹਿਣਾ ਹੈ, ਉਹ ਜੀਭ ਨਾਲ ਕਹੋ, ਹੋ ਸਕੇ ਤਾਂ ਮਾਈਕ ਲਾ ਕੇ, ਰੌਲਾ ਪਾ ਕੇ ਕਹੋ।
ਜਦ ਦੁਨੀਆ ਜੀਭ ਨਾਲ ਕਹੀ ਗੱਲ ਮੰਨਦੀ ਹੈ, ਤਾਂ ਰੱਬ ਕਿਉਂ ਨਹੀਂ ਮੰਨੇਗਾ ?
ਦੂਸਰਾ ਕੰਮ, ਰੱਬ ਨਾਲ ਸਿੱਧੀ ਗੱਲ ਬੰਦ ਕਰ ਦਿੱਤੀ, ਰੱਬ ਨਾਲ ਜੋ ਗੱਲ ਕਰਨੀ ਹੈ, ਵਿਚੋਲੇ ਰਾਹੀਂ ਕਰੋ, ਜਦ ਦੁਨੀਆ ਦੇ ਸਾਰੇ ਲੋਕ, ਵਿਚੋਲੇ ਰਾਹੀਂ ਗੱਲ ਕਰਦੇ ਹਨ ਤਾਂ ਅਸੀਂ ਕਿਉਂ ਨਹੀਂ ? ਈਸਾਈ, ਗਾਡ ਨਾਲ ਗੱਲ ਈਸਾ ਜੀ ਦੀ ਮਾਰਫਤ ਕਰਦੇ ਹਨ। ਮੁਸਲਮਾਨ ਅਲ੍ਹਾ ਨਾਲ ਗੱਲ ਮੁਹੱਮਦ ਸਾਹਿਬ ਦੀ ਮਾਰਫਤ ਕਰਦੇ ਹਨ। ਬ੍ਰਾਹਮਣ ਨੂੰ ਤਾਂ ਭਗਵਾਨ ਨੇ ਆਪਣੀ ਥੋਕ ਦੀ ਏਜੈਂਸੀ ਦਿੱਤੀ ਹੋਈ ਹੈ, ਉਹ ਤਾਂ ਜਿਸ ਪੱਥਰ ਨੂੰ ਜਿਸ ਰੂਪ ਵਿਚ ਮਰਜ਼ੀ ਘੜ੍ਹ ਕੇ ਉਸ ਦੀ ਮਾਰਫਤ ਆਪਣੇ ਭਗਤਾਂ ਦੀ ਰੱਬ ਨਾਲ ਗੱਲ ਕਰਵਾਉਂਦਾ ਹੈ। ਫੇਰ ਅਸੀਂ ਕਿਉਂ ਏਨੇ ਪੱਛੜੇ ਹੋਏ ਹਾਂ?
ਤੀਸਰਾ ਕੰਮ, ਜੇ ਗੁਰੂ ਸਾਹਿਬ ਨੇ ਰੱਬ ਕੋਲ ਸਾਡੀ ਸਿਫਾਰਸ਼ ਕਰਨ ਤੋਂ ਮਨ੍ਹਾਂ ਕੀਤਾ ਹੈ, ਤਾਂ ਅਸੀਂ ਇਸ ਦਾ ਹੱਲ ਲੱਭ ਲਿਆ ਹੈ, ਗੁਰੂ ਸਾਹਿਬ ਦੇ ਟਹਲੀਆਂ ਨੂੰ ਗੁਰੂ ਸਾਹਿਬ ਦਾ ਵਜ਼ੀਰ ਬਣਾ ਦਿੱਤਾ ਹੈ, ਹੁਣ ਇਹ ਗੁਰੂ ਦੇ ਵਜ਼ੀਰ, ਗੁਰੂ ਸਾਹਿਬ ਨੂੰ "ਸਾਈਡ-ਟਰੈਕ" ਕਰ ਕੇ ਸਾਡੀਆਂ ਸਾਰੀਆਂ ਗੱਲਾਂ, ਸਾਡੀ ਮਰਜ਼ੀ-ਮੁਤਾਬਕ ਰੱਬ ਕੋਲ ਘੱਲਦੇ ਹਨ, ਸਾਡਾ ਬਾਣੀ ਪੜ੍ਹਨ ਅਤੇ ਸਮਝਣ ਦਾ ਕੰਮ ਵੀ ਇਹ ਕੁਝ ਪੈਸਿਆਂ ਵਿਚ ਕਰ ਦੇਂਦੇ ਹਨ ਅਤੇ ਫਲ ਸਾਨੂੰ ਮਿਲ ਜਾਂਦਾ ਹੈ। ਇਨ੍ਹਾਂ ਨੇ ਦਰਬਾਰ ਸਾਹਿਬ ਦਾ ਨਾਮ ਬਦਲ ਕੇ "ਹਰੀ ਮੰਦਰ" ਅਤੇ ਸਵਰਨ-ਮੰਦਰ ਕਰ ਦਿੱਤਾ ਹੈ। ਇਨ੍ਹਾਂ ਦੇ ਕਹਣ ਮੁਤਾਬਕ, ਜਦ ਦਰਬਾਰ ਸਾਹਿਬ ਬਣ ਰਿਹਾ ਸੀ, ਤਾਂ ਵਿਸ਼ਨੂ ਭਗਵਾਨ ਨੇ ਵੀ ਸੇਵਾ ਕੀਤੀ, ਅਤੇ ਮਗਰੋਂ ਗੁਰੂ ਜੀ ਨੂੰ ਹੁਕਮ ਕਰ ਦਿੱਤਾ ਕਿ ਇਹ ਮੇਰਾ ਸਥਾਨ ਹੈ, ਰਾਤ ਨੂੰ ਮੈਂ ਅਤੇ ਲਕਸ਼ਮੀ ਇਸ ਵਿਚ ਵਿਸ਼੍ਰਾਮ ਕਰਿਆ ਕਰਾਂਗੇ ਅਤੇ ਤੁਸੀਂ ਬਾਹਰ ਰਹੋਗੇ। ਉਸ ਹਿਸਾਬ ਨਾਲ ਹੀ ਰਾਤ ਨੂੰ ਗੁਰੂ ਸਾਹਿਬ ਇਸ ਤੋਂ ਬਾਹਰ ਰਹਿੰਦੇ ਹਨ। (ਬਾਕੀ ਫੇਰ ਕਿਸੇ ਵੇਲੇ)
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
ਸਦਾ ਸਦਾ ਹਰਿ ਧਿਾਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥1॥ਰਹਾਉ॥ (720)
ਹੇ ਮਨ, ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਕੋਈ ਖਾਸ ਸਰੂਪ ਨਹੀਂ ਦਸਿਆ ਜਾ ਸਕਦਾ। ਹੇ ਮਨ, ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਸਰੂਪ ਦਾ ਕੋਈ ਹੱਦ-ਬੰਨਾ ਨਹੀਂ ਲਭਦਾ, ਉਸ ਸੁਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ।1।ਰਹਾਉ।
ਮੇਰੇ ਮਨ ਹਰਿ ਗੁਣ ਹਰਿ ਉਚਰਹੁ॥
ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥1॥ਰਹਾਉ॥ (800
ਹੇ ਮੇਰੇ ਮਨ, ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ, ਜਿਸ ਮਨੁੱਖ ਦੇ ਮੱਥੇ ਤੇ ਲਿਖੇ ਚੰਗੇ ਭਾਗ ਜਾਗਦੇ ਹਨ, ਉਹ ਪਰਮਾਤਮਾ ਦੇ ਗੁਣ ਗੌਂਦਾ ਰਹਿੰਦਾ ਹੈ। ਹੇ ਮਨ, ਤੂੰ ਵੀ ਸਾਧ-ਸੰਗਤ ਵਿਚ ਜੁੜ ਕੇ, ਗੁਣ ਗਾ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ।1।ਰਹਾਉ।
ਅਮਰ ਜੀਤ ਸਿੰਘ ਚੰਦੀ (ਚਲਦਾ)