ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 6,
Page Visitors: 117
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 6,
ਗੁਰਬਾਣੀ ਵਿਚ ਜੋ ਸੁਣਨ ਦੀ ਵਡਿਆਈ ਹੈ, ਉਹ ਤੱਦ ਪੂਰੀ ਹੁੰਦੀ ਹੈ, ਜਦ ਅੱਖਾਂ ਦਾ ਪੜ੍ਹਿਆ, ਜਾਂ ਕੰਨਾਂ ਦਾ ਸੁਣਿਆ, ਦਿਮਾਗ, ਮਨ ਤੱਕ ਪਹੁੰਚਾ ਦੇਵੇ। ਇਸ ਤੋਂ ਅੱਗੇ ਮਨ ਦਾ ਕੰਮ ਹੈ।
ਗੁਰਬਾਣੀ ਵਿਚ ਜੋ ਸੁਣਨ ਦੀ ਵਡਿਆਈ ਹੈ, ਉਹ ਤੱਦ ਪੂਰੀ ਹੁੰਦੀ ਹੈ, ਜਦ ਅੱਖਾਂ ਦਾ ਪੜ੍ਹਿਆ, ਜਾਂ ਕੰਨਾਂ ਦਾ ਸੁਣਿਆ, ਦਿਮਾਗ, ਮਨ ਤੱਕ ਪਹੁੰਚਾ ਦੇਵੇ। ਇਸ ਤੋਂ ਅੱਗੇ ਮਨ ਦਾ ਕੰਮ ਹੈ।
ਇਵੇਂ ਹੀ ਇਸ ਤੋਂ ਅਗਲੀਆਂ ਚਾਰ ਪਉੜੀਆਂ ਬਾਰਾਂ,ਤੇਰਾਂ, ਚੌਦਾਂ ਅਤੇ ਪੰਦਰਾਂ, ਮੰਨਣ ਬਾਰੇ ਹਨ, ਇਹ ਵਡਿਆਈ ਤਦ ਮਿਲਦੀ ਹੈ, ਜਦ ਮਨ ਉਸ ਸੁਣੇ ਨੂੰ ਮੰਨ ਲੈਂਦਾ ਹੈ।
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛਤਾਇ ॥
ਕਾਗਦਿ ਕਲਮ ਨ ਲਿਖਣਹਾਰੁ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰਰਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥12॥
ਜਿਸ ਮਨੁੱਖ ਨੇ ਪਰਮਾਤਮਾ ਦੇ ਸੁਣੇ ਹੋਏ ਨਾਮ ਨੂੰ ਮਨੋਂ ਮੰਨ ਲਿਆ ਹੈ, ਜੇ ਕੋਈ ਉਸ ਦੀ ਹਾਲਤ ਬਿਆਨ ਕਰਨ ਲੱਗੇ ਤਾਂ ਉਹ ਪਿੱਛੋਂ ਪਛਤਾਉਂਦਾ ਹੈ, ਕਿ ਮੈਂ ਹੋਛਾ ਜਤਨ ਕੀਤਾ ਹੈ। ਇਹੀ ਹਾਲ ਉਨ੍ਹਾਂ ਬੰਦਿਆਂ ਦਾ ਹੁੰਦਾ ਹੈ, ਜੋ ਪਰਮਾਤਮਾ ਦੇ ਨਾਮ ਨੂੰ ਮਨੋਂ ਮੰਨਣ ਵਾਲੇ ਬੰਦੇ ਦੀ ਆਤਮਕ ਅਵਸਥਾ ਬਾਰੇ, ਰਲ ਕੇ ਅੰਦਾਜ਼ਾ ਲਾਉਂਦੇ ਹਨ। ਉਸ ਅਵਸਥਾ ਬਾਰੇ, ਕਾਗਜ਼ ਉੱਤੇ ਕਲਮ ਨਾਲ ਲਿਖਣ ਦੇ ਸਮਰੱਥ ਤਾਂ ਕੋਈ ਹੈ ਹੀ ਨਹੀਂ। ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ, ਅਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਵਿਚ ਜੁੜਨ ਵਾਲਾ ਬੰਦਾ ਵੀ ਬਹੁਤ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ। ਜਿਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਇਹ ਅੰਦਾਜ਼ੇ ਲਾਉਣੇ ਅਤੇ ਕਾਗਜ਼-ਕਲਮ ਨਾਲ ਲਿਖਣ ਦਾ ਕੰਮ, ਮਾਇਆ ਦੇ ਪ੍ਰਭਾਵ ਵਿਚਲੀ ਦੁਨੀਆ ਦਾ ਹੈ, ਜਦ ਕਿ ਉਹ ਬੰਦਾ ਉੱਚੀ ਆਤਮਕ ਅਵਸਥਾ ਵਿਚ ਪਹੁੰਚ ਚੁੱਕਾ ਹੁੰਦਾ ਹੈ। ਜਿਸ ਮਨੁੱਖ ਦੀ ਮਨੋਂ, ਪ੍ਰਭੂ ਨਾਲ ਲਿਵ ਲੱਗ ਜਾਏ, ਉਸ ਦੀ ਆਤਮਕ ਉੱਚਤਾ ਬਾਰੇ, ਨਾਂ ਕੋਈ ਬਿਆਨ ਕਰ ਸਕਦਾ ਹੈ ਅਤੇ ਨਾ ਹੀ ਕੋਈ ਲਿਖ ਸਕਦਾ ਹੈ।
ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥
ਮੰਨੈ ਮੁਹਿ ਚੋਟਾ ਨ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ॥
ਐਸਾ ਨਾਮ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥13॥
ਜਿਸ ਮਨੁੱਖ ਦੇ ਮਨ ਵਿਚ, ਪ੍ਰਭੂ ਦੇ ਨਾਮ ਦੀ ਲ਼ਗਨ ਲੱਗ ਜਾਵੇ, ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਸ ਦਾ ਮਨ ਜਾਗ੍ਰਤ ਹੋ ਜਾਂਦਾ ਹੈ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ। ਉਸ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਜਿਵੇਂ ਗੁਰੂ ਨਾਨਕ ਜੀ ਨੂੰ ਹੋ ਗਈ ਸੀ) ਉਹ ਬੰਦਾ ਵਿਕਾਰਾਂ ਦੀਆਂ ਸੱਟਾਂ, ਮੂੰਹ ਤੇ ਨਹੀਂ ਖਾਂਦਾ। ਉਸ ਨੂੰ ਜਮਾਂ ਨਾਲ ਵਾਹ ਨਹੀਂ ਪੈਂਦਾ, ਉਸ ਦਾ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ। ਜੇ ਕੋਈ ਬੰਦਾ ਆਪਣੇ ਮਨ ਵਿਚ, ਹਰੀ ਦੇ ਨਾਮ ਦੀ ਲਗਨ ਪੈਦਾ ਕਰ ਲਵੇ, ਤਾਂ ਹੀ ਉਸ ਨੂੰ ਪਤਾ ਲਗਦਾ ਹੈ ਕਿ ਅਕਾਲ ਪੁਰਕ ਦਾ ਨਾਮ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਉਹ ਕਿੱਡਾ ਉਚਾ ਹੈ।
ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥
ਮੰਨੈ ਮਗੁ ਨ ਚਲੈ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥
ਐਸਾ ਨਾਮੁ ਨਿਰਰਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥14॥
ਜੇ ਮਨੁੱਖ ਦਾ ਮਨ, ਰੱਬ ਦੇ ਨਾਮ ਵਿਚ ਪਤੀਜ ਜਾਵੇ, ਤਾਂ ਜ਼ਿੰਦਗੀ ਦੇ ਸਫਰ ਵਿਚ, ਵਿਕਾਰ ਆਦਿ ਦੀ ਕੋਈ ਰੁਕਾਵਟ ਨਹੀਂ ਪੈਂਦੀ। ਉਹ ਸੰਸਾਰ ਵਿਚੋਂ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ, ਉਹ ਫਿਰ ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ ਰਸਤਿਆਂ ਤੇ ਨਹੀਂ ਤੁਰਦਾ, ਉਹ ਪਰਮਾਤਮਾ ਵਲੋਂ ਬਣਾਏ ਧਰਮ ਦੇ ਰਸਤੇ ਤੇ ਹੀ ਚਲਦਾ ਹੈ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ, ਏਡਾ ਉੱਚਾ ਹੈ, ਕਿ ਇਸ ਵਿਚ ਜੁੜਨ ਵਾਲਾ ਵੀ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੋ ਜਾਂਦਾ ਹੈ।
ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੈ ਸਾਧਾਰੁ॥
ਮੰਨੈ ਤਰੈ ਤਾਰੈ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥
ਐਸਾ ਨਾਮੁ ਨਿਰਰਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥15॥
ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਵੇ ਤਾਂ ਬੰਦਾ ਮੁਕਤੀ ਦਾ ਰਾਹ ਲੱਭ ਲੈਂਦਾ ਹੈ, ਅਜਿਹਾ ਮਨੁੱਖ ਆਪਣੇ ਪਰਿਵਾਰ ਨੂੰ ਵੀ ਅਕਾਲ-ਪੁਰਖ ਦੀ ਟੇਕ ਵਾਲੇ ਬਣਾ ਲੈਂਦਾ ਹੈ। ਨਾਮ ਵਿਚ ਪਤੀਜਣ ਕਰ ਕੇ ਰੱਬ ਦਾ ਸਿੱਖ ਆਪ ਵੀ ਭਵ-ਸਾਗਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੇ ਸੰਗੀਆਂ ਨੂੰ ਵੀ ਤਾਰ ਲੈਦਾ ਹੈ। ਹੇ ਨਾਨਕ, ਨਾਮ ਵਿਚ ਮਨ ਜੋੜਨ ਵਾਲੇ ਮਨੁੱਖ, ਜਣੇ-ਖਣੇ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ-ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੌਂ ਬਾਹਰਾ ਹੈ, ਏਡਾ ਉੱਚਾ ਹੈ ਕਿ , ਇਸ ਵਿਚ ਜੁੜਨ ਵਾਲਾ ਵੀ, ਮਾਇਆ ਦੇ ਪਰਭਾਵ ਤੋਂ ਬਾਹਰ ਹੋ ਜਾਂਦਾ ਹੈ।
ਇਹ ਸੀ, ਮਨ ਵਲੋਂ ਰੱਬ ਦੇ ਨਾਮ ਨੂੰ ਸੁਣ ਕੇ ਮੰਨਣ ਤੱਕ ਦਾ ਵੇਰਵਾ। ਇਸ ਮਗਰੋਂ ਸ਼ੁਰੂ ਹੋਵੇਗੀ ਮੰਨੇ ਤੋਂ ਮਗਰੋਂ ਰੱਬ ਨਾਲ ਪਿਆਰ ਪਾਉਣ ਦੀ ਗੱਲ। ਪਰ ਮੈਂ ਇਹ ਸਮਝਦਾ ਹਾਂ ਕਿ ਇਸ ਵੇਲੇ ਤੱਕ "ਨਾਮ" ਦੀ ਗੱਲ ਬਹੁਤ ਚੱਲੀ ਹੈ, ਉਸ ਬਾਰੇ ਜ਼ਿਆਦਾ ਵਿਚਾਰਿਆ ਨਹੀਂ ਗਿਆਂ। ਸਤਵਾਂ ਪੂਰਾ ਭਾਗ, "ਨਾਮ" ਬਾਰੇ ਹੀ ਦਿੱਤਾ ਜਾਵੇ, ਤਾਂ ਜੋ ਪਾਠਕਾਂ ਕੋਲ, ਨਾਮ ਬਾਰੇ, ਜੋ ਵੀ ਮੈਂ ਗੁਰਬਾਣੀ ਵਿਚੋਂ ਜਾਣਿਆ ਹੈ, ਉਹ ਜ਼ਰੂਰ ਹੋਵੇ ਅਤੇ ਉਨ੍ਹਾਂ ਨੂੰ ਨਾਮ ਬਾਰੇ ਵੀ ਕੁਝ ਜਾਣਕਾਰੀ ਹੋਵੇ।
ਅੱਠਵੇਂ ਭਾਗ ਵਿਚ ਮਨ ਦਾ ਕੰਮ, ਜੋ ਆਪਾਂ ਜਾਣਦੇ ਹਾਂ, ਪੂਰਾ ਕਰ ਕੇ ਫਿਰ 'ਸੁਖਮਨੀ ਸਾਹਿਬ' ਵੱਲ ਮੋੜਾ ਕੱਟ ਲਵਾਂਗੇ।
ਅਮਰ ਜੀਤ ਸਿੰਘ ਚੰਦੀ (ਚਲਦਾ)