ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 7,
ਇਹ ਸੀ, ਮਨ ਵਲੋਂ ਰੱਬ ਦੇ ਨਾਮ ਨੂੰ ਸੁਣ ਕੇ ਮੰਨਣ ਤੱਕ ਦਾ ਵੇਰਵਾ। ਇਸ ਮਗਰੋਂ ਸ਼ੁਰੂ ਹੁੰਦੀ, ਮੰਨੇ ਤੋਂ ਅਗਾਂਹ ਰੱਬ ਨਾਲ ਪਿਆਰ ਪਾਉਣ ਦੀ ਗੱਲ।
ਗੁਰਬਾਣੀ ਸ਼ਬਦ ਹੈ,
ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥
ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥
ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨਾ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਇਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣ
ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਿਆ ਨ ਸੋਹੈ॥21॥ (5)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 7,
Page Visitors: 111
ਅਰਥ:-
ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥
ਜੇ ਕਿਸੇ ਬੰਦੇ ਨੂੰ, ਤੀਰਥਾਂ ਦੀ ਯਾਤਰਾ ਦਾ, ਤਪਾਂ ਦੀ ਸਾਧਨਾ ਦਾ, ਜੀਵਾਂ ਤੇ ਕੀਤੀ ਦਇਆ ਦਾ, ਕੀਤੇ ਦਾਨ ਦੀ ਕੋਈ ਵਡਿਆਈ ਮਿਲ ਵੀ ਜਾਏ, ਤਾਂ ਤਿਲ ਬਰਾਬਰ ਹੀ ਮਿਲਦੀ ਹੈ।
ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥
ਇਸ ਦੇ ਮੁਕਾਬਲੇ, ਜੇ ਕਿਸੇ ਮਨੁੱਖ ਨੇ ਮਨੋਂ ਕਰ ਕੇ ਰੱਬ ਦੇ ਨਾਮ ਦੀ ਵਡਿਆਈ ਸੁਣੀ ਹੋਵੇ, ਉਸ ਸੁਣੀ ਵਡਿਆਈ ਨੂੰ ਮਨੋਂ ਮੰਨਿਆ ਹੋਵੇ ਅਤੇ ਸ਼ਬਦ ਗੁਰੂ ਦੀ ਉਸ ਸਿਖਿਆ ਅਨੁਸਾਰ, ਰੱਬ ਦੇ ਨਾਮ ਨਾਲ ਪਿਆਰ ਪਾਇਆ ਹੋਵੇ ਤਾਂ, ਉਸ ਦੇ ਅੰਦਰ ਪ੍ਰਭੂ ਦੇ ਨਾਮ ਦਾ ਤੀਰਥ ਬਣ ਜਾਂਦਾ ਹੈ, ਜਿਸ ਵਿਚ ਮਲ ਮਲ ਕੇ ਇਸ਼ਨਾਨ ਕਰ ਕੇ ਉਹ ਆਪਣੇ ਮਨ ਦੀ ਜਨਮਾਂ, ਜਨਮਾਂ ਦੀ ਮੈਲ ਲਾਹ ਸਕਦਾ ਹੈ।
ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨਾ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ॥ ਸਤਿ ਸੁਹਾਣੁ ਸਦਾ ਮਨਿ ਚਾਉ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਇਆ ਆਕਾਰੁ॥
ਹੇ ਪ੍ਰਭੂ ਜੀ, ਮੇਰੇ ਵਿਚ ਕੋਈ ਗੁਣ ਨਹੀਂ ਹੈ, ਸਭ ਗੁਣ ਤੇਰੇ ਹੀ ਦਿੱਤੇ ਹੋਏ ਨੇ। ਜੇ ਤੂੰ ਆਪਣੇ ਗੁਣ, ਮੇਰੇ ਵਿਚ ਨਾ ਪੈਦਾ ਕਰੇਂ, ਤਾਂ ਮੈਂ ਤਾਂ ਏਨੀ ਜੋਗਾ ਵੀ ਨਹੀਂ ਕਿ ਤੇਰੀ ਭਗਤੀ ਕਰ ਸਕਾਂ। ਇਹ ਸਭ ਤੇਰੀਆਂ ਹੀ ਵਡਿਆਈਆਂ ਨੇ। ਹੇ ਪ੍ਰਭੂ ਜੀ ਤੇਰੀ ਸਦਾ ਜੈ ਹੋਵੇ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ, ਦੁਨੀਆ ਵਿਚਲੀ ਬਾਣੀ, ਮਾਇਆ, ਅਤੇ ਬ੍ਰਹਮਾ, ਤੇਰੇ ਨਾਲੋਂ ਵੱਖਰੀ ਕੋਈ ਚੀਜ਼ ਨਹੀਂ, ਤੂੰ ਆਪ ਹੀ ਸਭ ਕੁਝ ਹੈਂ। ਤੂੰ ਸਦਾ ਕਾਇਮ ਰਹਣ ਵਾਲਾ ਹੈਂ, ਬਹੁਤ ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ। ਤੂੰ ਹੀ ਜਗਤ ਬਨਾਉਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਕਿ ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜੀ ਥਿੱਤ ਸੀ ਅਤੇ ਕਿਹੜਾ ਵਾਰ ਸੀ? ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਜਦੋਂ ਇਹ ਸਾਰਾ ਆਕਾਰ ਬਣਿਆ?
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣ
ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਕਦੋਂ ਇਹ ਸੰਸਾਰ ਬਣਿਆ? ਇਸ ਸਮੇ ਦਾ ਪੰਡਿਤਾਂ ਨੂੰ ਵੀ ਪਤਾ ਨਹੀਂ ਲੱਗਾ, ਨਹੀਂ ਤਾਂ ਉਨ੍ਹਾਂ ਇਕ ਪੁਰਾਣ ਹੋਰ ਲਿਖਿਆ ਹੁੰਦਾ। ਉਸ ਸਮੇ ਦੀ, ਕਾਜ਼ੀਆਂ ਨੂੰ ਵੀ ਖਬਰ ਨਾ ਲੱਗੀ, ਨਹੀਂ ਤਾਂ ਉਹ ਇਸ ਬਾਰੇ ਵੀ ਇਕ ਆਇਤ ਹੋਰ ਲਿਖ ਦਿੰਦੇ।
ਇਸ ਬਾਰੇ ਤਾਂ ਜੋਗੀਆਂ ਨੂੰ ਵੀ ਕੁਝ ਪਤਾ ਨਾ ਲੱਗਾ, ਨਹੀਂ ਤਾਂ ਉਹ ਹੀ ਇਸ ਬਾਰੇ ਕੁਝ ਦੱਸਦੇ। ਇਸ ਬਾਰੇ ਤਾਂ ਸਿਰਜਣਹਾਰ ਹੀ ਜਾਣਦਾ ਹੈ ਕਿ, ਉਸ ਨੇ ਇਹ ਜਗਤ ਕੱਦ ਬਣਾਇਆ ?
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਿਆ ਨ ਸੋਹੈ
ਮੈਂ ਕਿਸ ਤਰ੍ਹਾਂ ਅਕਾਲ-ਪੁਰਖ ਦੀ ਵਡਿਆਈ ਸਮਝਾਂ ? ਕਿਵੇਂ ਇਹ ਸਭ ਦੱਸਾਂ ? ਕਿਸ ਤਰ੍ਹਾਂ ਪ੍ਰਭੂ ਦੀ ਸਿਫਤ-ਸਾਲਾਹ ਕਰਾਂ ? ਕਿਵੇਂ ਉਸ ਬਾਰੇ ਵਰਨਣ ਕਰਾਂ ? ਹੇ ਨਾਨਕ ਹਰੇਕ ਜੀਵ, ਆਪਣੇ-ਆਪ ਨੂੰ ਦੂਸਰੇ ਨਾਲੋਂ ਸਿਆਣਾ ਸਮਝ ਕੇ, ਅਕਾਲ-ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ, ਪਰ ਦੱਸ ਨਹੀਂ ਸਕਦਾ, ਦੱਸਣ ਦੇ ਯਤਨ ਵਿਚ, ਸ਼ਰਮਿੰਦਾ ਹੁੰਦਾ ਹੈ।21।
ਇਹ ਸੀ ਦੁਨੀਆਂ ਦੀ ਖੇਡ ਵਿਚ ਮਨ ਦਾ ਕੰਮ ਜਿੰਨਾ ਕੁ ਅਸੀਂ ਸ਼ਬਦ ਗੁਰੂ ਕੋਲੋਂ ਸਮਝਿਆ ਹੈ।
(ਸੁਖਮਨੀ ਸਾਹਿਬ)
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥4॥2॥
ਅਰਥ:-
ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕੋਹ, ਗਿਣੇ ਨਹੀਂ ਜਾ ਸਕਦੇ, ਉਸ ਲੰਮੇ ਸਫਰ ਵਿਚ, ਪ੍ਰਭੂ ਦਾ ਨਾਮ, ਜੀਵ ਦੇ ਰਾਹ ਦੀ ਪੂੰਜੀ ਹੈ। ਜ਼ਿੰਦਗੀ ਦੇ ਜਿਸ ਰਾਹ ਵਿਚ, ਵਿਕਾਰਾਂ ਦਾ ਘੁਪ-ਹਨੇਰਾ ਹੈ, ਓਥੇ ਪ੍ਰਭੂ ਦਾ ਨਾਮ, ਜੀਵ ਦੇ ਰਾਹ ਦਾ ਚਾਨਣ ਹੈ। ਹੇ ਜੀਵ, ਜਿਸ ਰਸਤੇ ਵਿਚ ਤੇਰਾ ਕੋਈ ਜਾਣਕਾਰ ਨਹੀਂ, ਓਥੇ ਪ੍ਰਭੂ ਦਾ ਨਾਮ, ਤੇਰੇ ਨਾਲ ਸੱਚਾ ਸਾਥੀ ਹੈ। ਹੇ ਜੀਵ ਜ਼ਿੰਦਗੀ ਦੇ ਜਿਸ ਸਫਰ ਵਿਚ, ਵਿਕਾਰਾਂ ਦੀ ਬੜੀ ਭਿਆਨਕ ਹਮਸ ਹੈ, ਓਥੇ ਪ੍ਰਭੂ ਦਾ ਨਾਮ ਤੇਰੇ ਉੱਤੇ ਬੜੀ ਚੰਗੀ ਛਾਂ ਹੈ। ਹੇ ਜੀਵ, ਜਿੱਥੇ ਮਾਇਆ ਦੀ ਪਿਆਸ ਤੈਨੂੰ ਸਦਾ ਖਿੱਚ ਪਾਉਂਦੀ ਹੈ, ਓਥੇ ਹੇ ਨਾਨਕ, ਇਹ ਸਮਝ ਕਿ ਪ੍ਰਭੂ ਦੇ ਅੰਮ੍ਰਿਤ ਮਈ ਨਾਮ ਦੀ ਵਰਖਾ ਤੇਰੀ ਤਪਸ਼ ਬੁਝਾ ਦੇਂਦੀ ਹੈ।4।
ਭਗਤ ਜਨਾ ਕੀ ਬਰਤਨਿ ਨਾਮੁ ॥ ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਹਰਿ ਕਾ ਨਾਮੁ ਦਾਸ ਕੀ ਓਟ ॥ ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥ ਹਰਿ ਹਰਿ ਅਉਖਧੁ ਸਾਧ ਕਮਾਤਿ ॥
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥ ਪਾਰਬ੍ਰਹਮਿ ਜਨ ਕੀਨੋ ਦਾਨ ॥
ਮਨ ਤਨ ਰੰਗਿ ਰਤੇ ਰੰਗ ਏਕੈ ॥ ਨਾਨਕ ਜਨ ਕੈ ਬਿਰਤਿ ਬਿਬੇਕੈ ॥5॥
ਪ੍ਰਭੂ ਦਾ ਨਾਮ, ਭਗਤਾਂ ਦੀ ਰੋਜ਼ ਦੀ ਵਰਤੋਂ ਦੀ ਚੀਜ਼ ਹੈ, ਜੋ ਸੰਤਾਂ, ਸਤਸੰਗੀਆਂ ਦੇ ਮਨ ਵਿਚ ਟਿਕਿਆ ਰਹਿੰਦਾ ਹੈ। ਹਰੀ ਦਾ ਨਾਮ ਹਰੀ ਦੇ ਦਾਸਾਂ ਦਾ ਓਟ-ਆਸਰਾ ਹੈ। ਪਰਮਾਤਮਾ ਦੇ ਨਾਮ ਰਾਹੀਂ, ਕ੍ਰੋੜਾਂ ਬੰਦੇ, ਵਿਕਾਰਾਂ ਤੋਂ ਬੱਚ ਜਾਂਦੇ ਹਨ । ਸਤਸੰਗੀ ਲੋਕ, ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਅਤੇ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ, ਜਿਸ ਨਾਲ ਹਉਮੈ ਰੋਗ ਖਤਮ ਹੁੰਦਾ ਹੈ। ਹਰੀ ਦੇ ਜਨਾਂ ਕੋਲ ਹਰੀ ਦਾ ਨਾਮ ਹੀ ਖਜ਼ਾਨਾ ਹੈ। ਪ੍ਰਭੂ ਨੇ ਨਾਮ ਖਜ਼ਾਨੇ ਦੀ ਬਖਸ਼ਿਸ਼ ਆਪ, ਆਪਣੇ ਸੇਵਕਾਂ ਤੇ ਕੀਤੀ ਹੈ। ਰੱਬ ਦੇ ਜਨ, ਸੇਵਕ, ਮਨੋਂ-ਤਨੋਂ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ। ਉਨ੍ਹਾਂ ਦੇ ਅੰਦਰ, ਚੰਗੇ-ਮੰਦੇ ਦੀ ਪਛਾਣ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ।5।
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥6॥
ਸੇਵਕ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਬੰਧਨਾਂ ਤੋਂ ਛੁਟਕਾਰੇ ਦਾ ਵਸੀਲਾ ਹੈ, ਪ੍ਰਭੂ ਦੇ ਨਾਮ ਰਾਹੀਂ ਭਗਤ ਮਾਇਆ ਦੇ ਭੋਗਾਂ ਵਲੋ ਰੱਜ ਜਾਂਦਾ ਹੈ। ਪ੍ਰਭੂ ਦਾ ਨਾਮ, ਸੇਵਕਾਂ ਦਾ ਸਹਜ-ਸੁਹੱਪਣ ਹੈ। ਪ੍ਰਭੂ ਦਾ ਨਾਮ ਜਪਦਿਆਂ, ਭਗਤ ਦੇ ਰਾਹ ਵਿਚ ਕਦੇ ਕੋਈ ਵਿਘਨ ਨਹੀਂ ਪੈਂਦਾ। ਪ੍ਰਭੂ ਦਾ ਨਾਮ ਹੀ ਭਗਤ ਦੀ ਇੱਜ਼ਤ-ਪਤ ਹੈ, ਪ੍ਰਭੂ ਦੇ ਨਾਮ ਰਾਹੀਂ ਹੀ ਭਗਤਾਂ ਨੇ ਜਗਤ ਵਿਚ ਇੱਜ਼ਤ ਪਾਈ ਹੈ। ਹਰੀ ਦਾ ਨਾਮ ਹੀ, ਤਿਆਗੀ ਦਾ ਜੋਗ-ਸਾਧਨ ਅਤੇ ਗ੍ਰਿਹਸਤੀ ਦਾ ਭੌਗ-ਸਾਧਨ, ਹੈ, ਪ੍ਰਭੂ ਦਾ ਨਾਮ ਜਪਦਿਆਂ, ਉਨ੍ਹਾਂ ਨੂੰ ਕੋਈ ਕਲੇਸ਼ ਨਹੀਂ ਹੁੰਦਾ। ਹੇ ਨਾਨਕ ਹਰੀ ਦਾ ਦਾਸ, ਪ੍ਰਭੂ ਦੇ ਨਾਮ ਦੀ ਸੇਵਾ ਵਿਚ, ਮਸਤ ਰਹਿੰਦਾ ਹੈ ਅਤੇ ਪ੍ਰਭੂ ਦਾ ਭਗਤ, ਸਦਾ ਰੱਬ ਨੂੰ ਪੂਜਦਾ ਹੈ।6।
ਹਰਿ ਹਰਿ ਜਨ ਕੈ ਮਾਲੁ ਖਜੀਨਾ ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਹਰਿ ਹਰਿ ਜਨ ਕੈ ਓਟ ਸਤਾਣੀ ॥ ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥
ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥ ਨਾਨਕ ਜਨ ਸੰਗਿ ਕੇਤੇ ਤਰੇ ॥7॥
ਪ੍ਰਭੂ ਦਾ ਨਾਮ , ਭਗਤ ਵਾਸਤੇ, ਮਾਲ ਧਨ ਹੈ। ਇਹ ਨਾਮ ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ। ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ। ਭਗਤਾਂ ਨੇ ਪ੍ਰਭੂ ਦੇ ਪਰਤਾਪ ਨਾਲ, ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ। ਭਗਤ ਜਨ, ਪ੍ਰਭੂ ਨਾਮ ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ, ਨਾਮ ਰਸ ਵਿਚ ਮਸਤ ਹੋਏ, ਮਨ ਰਾਹੀਂ ਉਹ ਟਿਕਾਉ ਮਾਣਦੇ ਹਨ, ਜਿੱਥੇ ਕੋਈ ਫੁਰਨਾ ਨਹੀਂ ਹੁੰਦਾ। ਪ੍ਰਭੂ ਦਾ ਭਗਤ ਅੱਠੇ ਪਹਰ, ਪ੍ਰਭੂ ਨੂੰ ਜਪਦਾ ਹੈ, ਅਤੇ ਜਗਤ ਵਿਚ ਉੱਘਾ ਹੋ ਜਾਂਦਾ ਹੈ, ਲੁਕਿਆ ਨਹੀਂ ਰਹਿੰਦਾ। ਪ੍ਰਭੂ ਦੀ ਭਗਤੀ, ਬੇਅੰਤ ਜੀਵਾਂ ਨੂੰ, ਵਿਕਾਰਾਂ ਤੋਂ ਖਲਾਸੀ ਦਿਵਾਉਂਦੀ ਹੈ,
ਹੇ ਨਾਨਕ, ਭਗਤ ਦੀ ਸੰਗਤ ਵਿਚ, ਕਈ ਹੋਰ ਵੀ ਤਰ ਜਾਂਦੇ ਹਨ।7।
ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥
ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥
ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
ਸੰਤ ਕਾ ਸੰਗੁ ਵਡਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥
ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥8॥2॥
ਪ੍ਰਭੂ ਦਾ ਇਹ ਨਾਮ ਹੀ 'ਪਾਰਜਾਤ' ਰੁੱਖ ਹੈ, ਪ੍ਰਭੂ ਦੇ ਗੁਣ ਗਾਉਣੇ ਹੀ, ਇੱਛਾ ਪੂਰਕ ਕਾਮ-ਧੇਨ, ਗਾਂ ਹੈ। ਪ੍ਰਭੂ ਦੀਆਂ ਸਿਫਤ-ਸਾਲਾਹ ਦੀਆਂ ਗਲਾਂ, ਹੋਰ ਸਭ ਗਲਾਂ ਨਾਲੋਂ ਚੰਗੀਆਂ ਹਨ। ਕਿਉਂ ਜੋ ਪ੍ਰਭੂ ਦਾ ਨਾਮ ਸੁਣਿਆਂ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ। ਪ੍ਰਭੂ ਦੇ ਨਾਮ ਦੀ ਵਡਿਆਈ, ਸੰਤਾਂ ਦੇ (ਸੰਤ ਦੇ ਨਹੀਂ) ਹਿਰਦੇ ਵਿਚ ਵਸਦੀ ਹੈ। ਅਤੇ ਸੰਤਾਂ ਦੇ, ਸਤ-ਸੰਗੀਆਂ ਦੇ ਪਰਤਾਪ ਨਾਲ, ਸਾਰਾ ਪਾਪ ਦੂਰ ਹੋ ਜਾਂਦਾ ਹੈ। ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ, ਤੇ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ। ਪ੍ਰਭੂ ਦੇ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਹੈ, ਹੇ ਨਾਨਕ, ਕੋਈ ਵਿਰਲਾ ਹੀ ਸ਼ਬਦ ਗੁਰੂ ਦੀ ਹਜ਼ੂਰੀ ਵਿਚ, ਨਾਮ ਦੀ ਦਾਤ ਲੱਭਦਾ ਹੈ।8।2।
ਅਮਰ ਜੀਤ ਸਿੰਘ ਚੰਦੀ (ਚਲਦਾ)