ਬਠਿੰਡਾ ਵਿਖੇ ਨਾਨਕਸ਼ਾਹੀ ਕੈਲੰਡਰ ਸਬੰਧੀ ਸੈਮੀਨਾਰ ਕੱਲ੍ਹ ਨੂੰ
ਸਾਰੀਆਂ ਤਿਆਰੀਆਂ ਮੁਕੰਬਲ: ਕਿਰਪਾਲ ਸਿੰਘ
*ਸ: ਪਾਲ ਸਿੰਘ ਪੁਰੇਵਾਲ ਤੋਂ ਇਲਾਵਾ ਭਾਈ ਬਾਗੜੀਆਂ, ਭਾਈ ਪੰਥਪ੍ਰੀਤ ਸਿੰਘ, ਜਨਰਲ ਗਿੱਲ, ਪ੍ਰੋ: ਸੂਬਾ ਸਿੰਘ, ਗਿਆਨੀ ਵੇਦਾਂਤੀ, ਗਿਆਨੀ ਕੇਵਲ ਸਿੰਘ ਅਤੇ ਹੋਰ ਵਿਦਵਾਨ ਹੋਣਗੇ ਸ਼ਾਮਲ
*ਸ: ਪਾਲ ਸਿੰਘ ਪੁਰੇਵਾਲ ਕੰਪਿਊਟਰ ਅਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੈਲੰਡਰ ਸਬੰਧੀ ਸਾਰੇ ਤੱਥ ਸਕਰੀਨ ’ਤੇ ਵਿਖਾ ਕੇ ਸ੍ਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਮੁਹਈਆ ਕਰਵਾਉਣਗੇ
ਬਠਿੰਡਾ, 25 ਸਤੰਬਰ (ਤੁੰਗਵਾਲੀ) : ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼, ਮਾਡਲ ਟਾਊਨ ਫੇਜ਼-1,
ਬਠਿੰਡਾ ਵਿਖੇ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਨਾਨਕਸ਼ਾਹੀ ਕੈਲੰਡਰ ਸਬੰਧੀ ਹੋਣ ਜਾ ਰਹੇ ਸੈਮੀਨਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਬਲ ਹੋ ਗਈਆਂ ਹਨ। ਸ: ਪਾਲ ਸਿੰਘ ਪੁਰੇਵਾਲ ਜੀ ਕੈਨੇਡਾ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਸ਼ੰਕਰ (ਨੇੜੇ ਨਕੋਦਰ) ਵਿਖੇ ਪਹੁੰਚ ਚੁੱਕੇ ਹਨ ਅਤੇ 27 ਸਤੰਬਰ ਨੂੰ ਠੀਕ 9.30 ਵਜੇ ਉਹ ਬਠਿੰਡੇ ਪਹੁੰਚ ਜਾਣਗੇ। ਗੁਰਦੁਆਰਾ ਸਾਹਿਬ ਵਿਖੇ ਠੀਕ 10 ਵਜੇ ਅਰਦਾਸ ਕਰਨ ਉਪ੍ਰੰਤ ਲੰਗਰ ਹਾਲ; ਜਿਥੇ ਕਿ ਸਟੇਜ ਅਤੇ ਸੀਟਿੰਗ ਪ੍ਰਬੰਧ ਕੀਤਾ ਗਿਆ ਹੈ; ਵਿੱਚ ਸੈਮੀਨਾਰ ਬਕਾਇਦਾ ਤੌਰ ’ਤੇ ਅਰੰਭ ਕਰ ਦਿੱਤਾ ਜਾਵੇਗਾ ਜੋ ਕਿ ਦੁਪਹਿਰ ਦੇ 1.30 ਵਜੇ ਤੱਕ ਚੱਲੇਗਾ। ਇਹ ਜਾਣਕਾਰੀ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਭਾਈ ਪਾਲ ਸਿੰਘ ਪੁਰੇਵਾਲ ਕੈਨੇਡਾ ਵਾਲੇ ਮੁੱਖ ਬੁਲਾਰੇ ਹੋਣਗੇ ਅਤੇ ਉਨ੍ਹਾਂ ਤੋਂ ਇਲਾਵਾ ਉੱਚ ਕੋਟੀ ਦੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਜਨਰਲ ਕਰਤਾਰ ਸਿੰਘ ਗਿੱਲ, ਪ੍ਰੋ: ਸੂਬਾ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਸਮੇਤ ਹੋਰ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਣਗੇ। ਸੈਮੀਨਾਰ ਦੀ ਸਮੁੱਚੀ ਕਾਰਵਾਈ ਲਾਈਵ
ਸਿੱਖ ਵਰਲਡ ਹਟਟਪ://ਾ.ਲਵਿੲਸਕਿਹਾੋਰਲਦ.ਚੋਮ/
’ਤੇ ਇੰਟਰਨੈੱਟ ਰਾਹੀਂ ਸਿੱਧੀ ਪ੍ਰਸਾਰਤ ਕੀਤੀ ਜਾਵੇਗੀ ਜੋ ਕਿ ਦੁਨੀਆਂ ਦੇ ਕੋਨੇ ਕੋਨੇ ’ਚ ਲਾਈਵ ਵੇਖੀ ਜਾ ਸਕੇਗੀ ।
ਕਿਰਪਾਲ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਕੀਤੀਆਂ ਸੋਧਾਂ ਕਾਰਣ ਗੁਰਪੁਰਬਾਂ ਦੀਆਂ ਇਤਿਹਾਸਕ ਤਰੀਖਾਂ ਵਿੱਚ ਕਾਫੀ ਅਦਲਾ ਬਦਲੀ ਹੋ ਗਈ ਹੈ ਜੋ ਕਿ ਇਤਿਹਾਸ ਵਿੱਚ ਵਿਗਾੜ ਦਾ ਕਾਰਣ ਬਣ ਜਾਣ ਕਰਕੇ ਪੰਥ ਵਿੱਚ ਵਿਵਾਦ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਇਸ ਵਿਵਾਦ ਦਾ ਪੱਕਾ ਹੱਲਲੱਭਣ ਲਈ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਤਾ ਕਿ ਕੈਲੰਡਰ ਵਿਵਾਦ ਦਾ ਕੋਈ ਪੱਕਾ ਹੱਲ ਲੱਭਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਮੈਂਬਰ, ਪੰਜਾਬ ਹਰਿਆਣਾ ਰਾਜਸਥਾਨ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਤੋਂ ਇਲਾਵਾ ਸਥਾਨਕ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੇ ਖਾਲਸਾ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ ।
ਕਿਰਪਾਲ ਸਿੰਘ ਨੇ ਦੱਸਿਆ ਕਿ ਇਹ ਸੈਮੀਨਾਰ ਆਮ ਸਮਾਗਮਾਂ ਦੀ ਤਰ੍ਹਾਂ ਇੱਕ ਸਮਾਗਮ ਨਹੀਂ ਹੋਵੇਗਾ ਬਲਕਿ ਇੱਕ ਕਲਾਸ ਰੂਮ ਵਾਂਗ ਹੋਵੇਗਾ ਜਿਥੇ ਸ: ਪਾਲ ਸਿੰਘ ਪੁਰੇਵਾਲ ਕੰਪਿਊਟਰ ਅਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੈਲੰਡਰ ਸਬੰਧੀ ਸਾਰੇ ਤੱਥ ਸਕਰੀਨ ’ਤੇ ਵਿਖਾ ਕੇ ਸ੍ਰੋਤਿਆਂ ਨੂੰ ਵਡਮੁੱਲੀ ਜਾਣਕਾਰੀ ਮੁਹਈਆ ਕਰਵਾਉਣਗੇ ਅਤੇ ਹਰ ਸ੍ਰੋਤਾ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵੀ ਲਿਖਤੀ ਸਵਾਲ ਪੁੱਛ ਸਕਦਾ ਹੈ; ਜਿਨ੍ਹਾਂ ਦੇ ਭਾਈ ਪਾਲ ਸਿੰਘ ਪੁਰੇਵਾਲ ਤੇ ਹੋਰ ਵਿਦਵਾਨਾਂ ਵੱਲੋਂ ਢੁਕਵੇਂ ਉੱਤਰ ਦੇ ਕੇ ਸਵਾਲ ਕਰਤਾ ਦੀ ਤਸੱਲੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਨਾਨਕਸ਼ਾਹੀ ਕੈਲੰਡਰ ਸਬੰਧੀ ਮੁਢਲੀ ਜਾਣਕਾਰੀ ਮੁਹੱਈਆਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਲਿਖਿਆ ਕਿਤਾਬਚਾ “ਨਾਨਕਸ਼ਾਹੀ ਕੈਲੰਡਰ ਦੀ ਵਿਥਿਆ” ਦਾ ਦੂਸਰਾ ਅਡੀਸ਼ਨ ਰੀਲੀਜ਼ ਕੀਤਾ ਜਾਵੇਗਾ ਤੇ ਹਾਜਰ ਸੰਗਤਾਂ ਵਿੱਚ ਪ੍ਰਚਾਰ ਹਿਤ ਮੁਫਤ ਵੰਡਿਆ ਜਾਵੇਗਾ। ਇਸ ਲਈ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਇਸ ਸੈਮੀਨਾਰ ਵਿੱਚ ਸਮੇਂ ਸਿਰ ਸਵੇਰੇ 10 ਤੋਂ 1.30 ਵਜੇ ਤੱਕ ਸ਼ਾਮਲ ਹੋ ਕੇ ਕੈਲੰਡਰ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਆਪਣਾ ਸਹਿਯੋਗ ਦੇਣ।