ਸੁਖਮਨੀ ਸਾਹਿਬ (ਭਾਗ 10)
ਇਹ ਸਾਰਾ ਕੁਝ ਏਸ ਲਈ ਸਮਝਿਆ ਜਾ ਰਿਹਾ ਹੈ, ਤਾਂ ਜੋ ਧਾਰਮਿਕ ਠੇਕੇਦਾਰਾਂ ਵਲੋਂ ਜਾਣ-ਬੁਝ ਕੇ ਕੀਤੀਆਂ ਕੁਤਾਹੀਆਂ, ਜਿਨ੍ਹਾਂ ਨਾਲ ਆਮ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਨੂੰ ਆਮ ਸਿੱਖਾਂ ਸਾਮ੍ਹਣੇ ਰੱਖ ਕੇ, ਕਿਰਤੀ ਸਿੱਖਾਂ ਨੂੰ ਗੁਰਬਾਣੀ ਦਾ ਸੱਚ ਸਮਝਾਇਆ ਜਾ ਸਕੇ।
ਏਸੇ ਪਰਥਾਇ ਗੁਰੂ ਸਾਹਿਬ ਨੇ ਇਹ ਸ਼ਬਦ ਵੀ ਲਿਖਿਆ ਹੈ,
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਈਐ ਰਾਮਦਾਸ ਸਰ॥10॥ (1362)
ਅਰਥ:- ਹੇ ਨਾਨਕ ਆਖ, ਹੇ ਰਾਮ ਦੇ ਦਾਸਾਂ ਦੇ ਸਰੋਵਰ, ਹੇ ਸਤ-ਸੰਗ, ਤੇਰੇ ਵਿਚ ਆਤਮਕ ਇਸ਼ਨਾਨ ਕੀਤਿਆਂ, ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤ-ਸੰਗ ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ ਵਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇਮਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, ਪਰ ਤੇਰੇ ਬਰਾਬਰ ਦਾ, ਮੈਨੂੰ ਕੋਈ ਥਾਂ ਨਹੀਂ ਦਿਸਿਆ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤ-ਸੰਗ, ਤੇਰੀ ਨੀਂਹ, ਅਕਾਲ-ਪੁਰਖ, ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ, ਤੂੰ ਉਸ ਦੇ ਆਤਮਕ ਗੁਣਾਂ ਦੀ ਬਰਕਤ ਨਾਲ ਸੋਹਣਾ ਦਿਸ ਰਿਹਾ ਹੈਂ।
ਏਥੇ ਬੜਾ ਸਪੱਸ਼ਟ ਹੋ ਰਿਹਾ ਹੈ ਕਿ, ਜੀਵ ਕੋਲ ਪਰਮਾਤਮਾ ਨੂੰ ਮਿਲਣ ਦਾ, ਇਕੋ ਮੌਕਾ, "ਬੰਦੇ ਦੀ ਜੂਨ" ਹੀ ਹੈ, ਜਦੋਂ ਬੰਦੇ ਦੇ ਸਰੀਰ ਵਿਚ, ਸਾਰੇ ਜੀਵਾਂ ਵਾਙ ਰੱਬ ਤਾਂ ਹੁੰਦਾ ਹੀ ਹੈ, ਨਾਲ ਹੀ ਪੂਰਾ ਵਿਕਸਤ ਮਨ ਵੀ ਹੁੰਦਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਸ਼ਬਦ ਵਿਚ ਸਮਝਾਇਆ ਹੈ,
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਪਰ ਧਰਮ ਦੇ ਠੇਕੇਦਾਰਾਂ ਨੇ ਇਸ ਨੂੰ ਬੰਦੇ ਤੋਂ ਬਦਲ ਕੇ, ਇਕ ਭਵਨ ਨਾਲ ਜੋੜ ਦਿੱਤਾ ਹੈ, ਤਾਂ ਜੋ ਸਿੱਖ "ਜੋਤ-ਸਰੂਪ" ਮਨ ਨੂੰ ਵਿਕਸਤ ਕਰਨ ਦੀ ਥਾਂ ਭਵਨਾਂ ਦੀ ਹੀ ਪੂਜਾ ਕਰਦਾ ਰਹੇ, ਅਤੇ ਪੁਜਾਰੀਆਂ ਦੀ ਪੂਜਾ ਹੁੰਦੀ ਰਹੇ।
'ਦਰਬਾਰ ਸਾਹਿਬ' ਜਿਸ ਨੂੰ ਹਰ ਗੁਰਦਵਰੇ, ਧਾਰਮਿਕ ਥਾਂ, ਜਾਂ ਕਹੇ ਜਾਂਦੇ ਡੇਰੇ ਵਿਚ "ਹਰਿ-ਮੰਦਰ" ਕਿਹਾ ਜਾਂਦਾ ਹੈ।
ਲਗ-ਭਗ ਇਕ ਸਦੀ ਤੋਂ ਜ਼ਿਆਦਾ ਸਮੇ ਤੋਂ, ਇਸ ਹਰਿ-ਮੰਦਰ ਦੀ ਫੋਟੋ ਥੱਲੇ, "ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ" ਛਾਪ ਕੇ ਇਹ ਫੋਟੋਆਂ, ਮਸ਼ਹੂਰ ਗੁਰਦਵਾਰਿਆਂ ਦੇ ਨਾਲ ਲਗੀਆਂ, ਦੁਕਾਨਾਂ ਤੋਂ ਵੇਚੀਆਂ ਗਈਆਂ ਹਨ, ਅਤੇ ਕਿਰਤੀ ਸਿੱਖ ਇਨ੍ਹਾਂ ਨੂੰ ਆਪਣੇ ਘਰ ਲਿਜਾ ਕੇ, ਕਿਸੇ ਸਤਿਕਾਰ ਵਾਲੀ ਥਾਂ ਤੇ ਲਗਾ ਕੇ, ਇਹ ਪਰਚਾਰ ਕਰਦੇ ਰਹੇ ਹਨ ਕਿ, ਦੇਖੋ ਗੁਰੂ ਸਾਹਿਬ ਨੇ ਆਪ, 'ਹਰਿ-ਮੰਦਰ' ਬਾਰੇ ਲਿਖਿਆ ਹੈ ਕਿ, "ਮੈਂ ਦੁਨੀਆ ਦੇ ਸਾਰੇ ਥਾਂ ਵੇਖੇ ਹਨ, ਪਰ ਇਸ ਫੋਟੋ ਵਿਚਲੇ ਭਵਨ ਵਰਗੀ ਹੋਰ ਕੋਈ ਥਾਂ ਨਹੀਂ ਹੈ।
ਏਸੇ ਕਰ ਕੇ, ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਅਰਥ ਕਰ ਕੇ ਕਿਰਤੀ ਸਿੱਖਾਂ ਤੱਕ ਇਹ ਅਸਲੀਅਤ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹਾਂ ਕਿ ਗੁਰੂ ਸਾਹਿਬ ਨੇ ਕਿਸੇ ਇੱਟਾਂ-ਗਾਰੇ, ਜਾਂ ਸੋਨੇ ਨਾਲ ਬਣੇ ਭਵਨ ਬਾਰੇ ਕੋਈ ਅਜਿਹੀ ਗੱਲ ਨਹੀਂ ਲਿਖੀ, ਬਲਕਿ ਗੁਰੂ ਸਾਹਿਬ ਤਾਂ ਲਿਖਦੇ ਹਨ ,
ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥1॥ (14)
ਅਰਥ:- ਜੇ ਮੇਰੇ ਵਾਸਤੇ, ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਉਨ੍ਹਾਂ ਮਹਲ-ਮਾੜੀਆਂ ਵਿਚ ਰਤਨ ਵੀ ਜੜੇ ਜਾਣ, ਉਹ ਮਹਲ-ਮਾੜੀਆਂ , ਕਸਤੂਰੀ, ਕੇਸਰ, ਅਗਰ, ਚੰਦਨ ਆਦਿ ਖੁਸ਼ਬੂਦਾਰ ਚੀਜ਼ਾਂ ਨਾਲ ਲਿਪੀਆਂ ਹੋਣ, ਉਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿਚ ਉਨ੍ਹਾਂ ਅੰਦਰ ਰਹਣ ਦਾ ਚਾਉ ਚੜ੍ਹੇ, ਤਾਂ ਇਹ ਸਭ ਕੁਝ ਬੇਕਾਰ ਹੈ, ਕਿਉਂਕਿ , ਪ੍ਰਭੂ ਜੀ ਮੈਂ ਉਨ੍ਹਾਂ ਦੇ ਲਾਲਚ ਵਿਚ ਕਿਤੇ ਤੈਨੂੰ ਭੁਲ੍ਹ ਨਾ ਜਾਵਾਂ, ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ, ਕਿਤੇ ਤੇਰਾ ਨਾਮ, ਮੇਰੇ ਚਿੱਤ ਵਿਚ ਟਿਕੇ ਹੀ ਨਾ ।1।
ਏਨੀ ਸਾਫ ਤਾਕੀਦ ਮਗਰੋਂ ਕੀ ਗੁਰੂ ਸਾਹਿਬ ਕੋਈ ਅਜਿਹੀ ਗਲ ਲਿਖਣਗੇ ?
ਆਉ ਸ਼ਬਦ ਦਾ ਸਹੀ ਮਤਲਬ ਜਾਣੀਏ।
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥ ਉਰਝਿ ਰਹਓਿ ਸਭ ਸੰਗਿ ਅਨੂਪ ਰੂਪਾਵਤੀ॥
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥ ਮੋਹੀ ਦੇਖਿ ਦਰਸੁ ਨਾਨਕ ਨਾਨਕ ਬਲਿਹਾਰੀਆ ॥1॥
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭ ਦਿਵਾ॥
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ॥2॥
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ॥3॥
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ॥ ਤਿਸ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ॥
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ॥4॥
ਆਸਾ ਇਤੀ ਆਸ ਕਿ ਆਸ ਪੁਰਾਈਐ॥ ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ॥ ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ॥5॥
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥
ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥6॥
ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ॥ ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ॥
ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ॥ ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ॥7॥
ਪਰ ਤ੍ਰਿਅ ਰਾਵਣਿ ਜਾਹਿ ਸੇਈ ਤ ਲਾਜੀਅਹਿ॥ ਨਿਤਪ੍ਰਤਿ ਜਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ'॥ ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ॥8॥
ਊਪਰਿ ਬਨੈ ਆਕਾਸੁ ਤਲੈ ਧਰ ਸੋਹਤੀ॥ ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥ ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸ ਸਮਾਈਐ॥9॥
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥10॥
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥ ਉਰਝਿ ਰਹਓਿ ਸਭ ਸੰਗਿ ਅਨੂਪ ਰੂਪਾਵਤੀ॥
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥ ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥1॥
ਹੇ ਨਾਨਕ ਆਖ, ਹੇ ਅਪਹੁੰਚ ਪ੍ਰਭੂ, ਤੇਰੇ ਹੱਥ ਵਿਚ ਕਲਮ ਹੈ, ਜੋ ਸਾਰੇ ਜੀਵਾਂ ਦੇ ਮੱਥੇ ਤੇ, ਲੇਖ ਲਿਖਦੀ ਜਾ ਰਹੀ ਹੈ। ਹੇ ਅੱਤ ਸੁੰਦਰ ਰੂਪ ਵਾਲੇ, ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ। ਕਿਸੇ ਜੀਵ ਪਾਸੋਂ ਵੀ, ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਤੈਥੋਂ ਸਦਕੇ ਹਾਂ, ਤੇਰਾ ਦਰਸ਼ਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ।1।
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭ ਦਿਵਾ॥
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ॥2
ਹੇ ਸਹੇਲੀ, ਮੇਰੀ ਇਹ ਤਾਙ ਹੈ ਕਿ ਮੇਰਾ ਬਹਣ-ਖਲੋਣ, ਸਾਧ-ਸੰਗਤ ਵਿਚ ਹੋ ਜਾਵੇ, ਤਾਂ ਜੋ ਮੈਂ ਪਰਮਾਤਮਾ ਦੀ ਸਿਫਤ-ਸਾਲਾਹ ਕਰਦੀ ਰਹਾਂ, ਉਸ ਪ੍ਰਭੂ ਦੇ ਮਿਲਾਪ ਵੱਟੇ ਮੈਂ ਆਪਣਾ ਸਾਰਾ ਸ਼ੰਗਾਰ ਭੇਂਟ ਕਰ ਦਿਆਂ, ਮੈਂ ਆਪਣੀ ਜਿੰਦ ਵੀ ਹਵਾਲੇ ਕਰ ਦਿਆਂ। ਦਰਸ਼ਨ ਦੀ ਆਸ ਦੀ ਤਾਙ ਵਾਲੀ ਦੀ, ਮੇਰੀ "ਹਿਰਦਾ-ਸੇਜ" ਵੀ ਕੰਤ ਪ੍ਰਭੂ ਨੇ ਆਪ ਸਜਾਈ ਹੈ। ਹੇ ਸਹੇਲੀਏ, ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ ਪ੍ਰਭੂ ਮਿਲਦਾ ਹੈ।2।
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ॥3॥
ਹੇ ਸਹੇਲੀਏ, ਜੇ ਕੱਜਲ, ਹਾਰ, ਪਾਨ, ਇਹ ਸਭ ਕੁਝ ਤਿਆਰ ਵੀ ਕਰ ਲਿਆ ਜਾਵੇ, ਜੇ ਸੋਲਾਂ ਸ਼ਿੰਗਾਰ ਭੀ ਕਰ ਲਏ ਜਾਣ, ਤੇ ਅੱਖਾਂ ਵਿਚ ਸੁਰਮਾਂ ਵੀ ਪਾ ਲਿਆ ਜਾਵੇ, ਤਾਂ ਵੀ ਜੇ ਖਸਮ ਵੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਮਿਲਦਾ ਹੈ। ਖਸਮ ਦੇ ਮਿਲਾਪ ਤੋਂ ਬਗੈਰ ਸਾਰਾ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹ ਹਾਲ ਹੈ ਜੀਵ ਇਸਤ੍ਰੀ ਦਾ)।3।
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ॥ ਤਿਸ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ॥
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ॥4॥
ਹੇ ਸਹੇਲੀਏ, ਜਿਸ ਜੀਵ ਇਸਤ੍ਰੀ ਦੇ ਹਿਰਦੇ-ਘਰ ਵਿਚ, ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ, ਉਸ ਦਾ ਸਾਰਾ ਸ਼ਿੰਗਾਰ ਉਸ ਨੂੰ ਫੱਬ ਜਾਂਦਾ ਹੈ। ਉਹ ਜੀਵ ਇਸਤ੍ਰੀ ਹੀ, ਖਸਮ ਵਾਲੀ ਅਖਵਾ ਸਕਦੀ ਹੈ। ਇਹੋ ਜਿਹੀ ਸੁਹਾਗਣ ਦੀ ਸੰਗਤ ਵਿਚ ਰਹਿ ਕੇ, ਮੈਂ ਵੀ ਹੁਣ ਚਿੰਤਾ ਰਹਿਤ ਹੋ ਕੇ, ਪ੍ਰਭੂ ਚਰਨਾਂ ਵਿਚ ਲੀਨ ਹੋ ਗਈ ਹਾਂ, ਮੇਰੇ ਮਨ ਵਿਚ, ਮਿਲਾਪ ਦੀ ਪੁਰਾਣੀ ਆਸ, ਪੂਰੀ ਹੋ ਗਈ ਹੈ। ਹੇ ਸਹੇਲੀਏ, ਜਦੋਂ ਹਿਰਦੇ ਘਰ ਵਿਚ, ਖਸਮ ਪ੍ਰਭੂ ਆ ਜਾਂਦਾ ਹੈ, ਤਦੋਂ ਹਰੇਕ ਆਸ ਪੂਰੀ ਹੋ ਜਾਂਦੀ ਹੈ।4।
ਆਸਾ ਇਤੀ ਆਸ ਕਿ ਆਸ ਪੁਰਾਈਐ॥ ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ॥ ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ॥5॥
ਹੇ ਸਹੇਲੀਏ, ਮੇਰੇ ਅੰਦਰ ਏਨੀ ਕੁ ਤਾਙ ਬਣੀ ਰਹਿੰਦੀ ਹੈ ਕਿ ਪ੍ਰਭੂ ਮਿਲਾਪ ਦੀ ਮੇਰੀ ਆਸ ਪੂਰੀ ਹੋ ਜਾਵੇ। ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ, ਜਦੋਂ ਗੁਰੂ ਦਇਆਲ ਹੋਵੇ। ਹੇ ਸਹੇਲੀਏ, ਮੇਰੇ ਸਰੀਰ ਵਿਚ ਇਤਨੇ ਵਧੀਕ ਔਗਣ ਹਨ ਕਿ, ਮੇਰਾ ਆਪਾ, ਔਗਣਾਂ ਨਾਲ ਢਕਿਆ ਰਹਿੰਦਾ ਹੈ। ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ, ਤਦੋਂ ਮਨ, ਵਿਕਾਰਾਂ ਵੱਲ ਡੋਲਣੋਂ ਹਟ ਜਾਂਦਾ ਹੈ।5।
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥
ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥6॥
ਹੇ ਨਾਨਕ ਆਖ, ਹੇ ਸਹੇਲੀਏ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬੜਾ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਜੋੜ ਦਿੱਤਾ, ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ , ਉਸ ਦਾ ਜਨਮ-ਮਰਨ ਦਾ ਗੇੜ ਵੀ ਮੁਕ ਗਿਆ। ਹੇ ਸਹੇਲੀਏ, ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ, ਗੁਰੂ ਤੋਂ ਹੀ ਮਿਲਦਾ ਹੈ।6।
ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ॥ ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ॥
ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ॥ ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ॥7॥
ਹੇ ਸਹੇਲੀਏ, ਜਿਸ ਪਰਮਾਤਮਾ ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ, ਅਤੇ ਧਰਤੀ ਦੇ ਨੌਂ ਖਜ਼ਾਨੇ ਸਦਾ ਟਿਕੇ ਰਹਿੰਦੇ ਹਨ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ, ਗੁਰੂ ਦੀ ਮਿਹਰ ਸਦਕਾ, ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ ਸਦਾ ਵੱਸਦੀ ਹਾਂ। ਹੁਣ ਮੇਰੇ ਹੱਥ ਵਿਚ ਕੌਲ-ਫੁੱਲ ਦੀ ਰੇਖਾ ਬਣ ਗਈ ਹੈ, ਮੇਰੇ ਭਾਗ ਜਾਗ ਪਏ ਹਨ, ਮੇਰੇ ਹਿਰਦੇ ਦੇ ਵੇਹੜੇ ਵਿਚ, ਆਤਮਕ ਆਨੰਦ ਦੀ ਸੁਗੰਧੀ ਖਿਲਰੀ ਰਹਿੰਦੀ ਹੈ। ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਵੱਟੂ ਪਾਇਆ ਹੁੰਦਾ ਹੈ, ਹੇ ਸਹੇਲੀਏ, ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ, ਮੇਰੇ ਗਲ ਵਿਚ ਨਾਮ ਰਤਨ ਪ੍ਰੋਤਾ ਗਿਆ ਹੈ, ਜਿਸ ਨੂੰ ਵੇਖ ਕੇ, ਹਰੇਕ ਦੁੱਖ ਦੂਰ ਹੋ ਗਿਆ ਹੈ।7।
ਪਰ ਤ੍ਰਿਅ ਰਾਵਣਿ ਜਾਹਿ ਸੇਈ ਤ ਲਾਜੀਅਹਿ॥ ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ'॥ ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ॥8॥
ਹੇ ਭਾਈ, ਜਿਹੜੇ ਮਨੁੱਖ, ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ ਪ੍ਰਭੂ ਦੀ ਹਜ਼ੂਰੀ ਵਿਚ ਜ਼ਰੂਰ ਸ਼ਰਮਸਾਰ ਹੁੰਦੇ ਹਨ। ਜਿਹੜੇ ਮਨੁੱਖ, ਸਦਾ ਪਰਾਇਆ ਧਨ ਚੁਰਾਂਦੇ ਹਨ, ਹੇ ਭਾਈ ਉਨ੍ਹਾਂ ਦੇ ਇਹ ਕੁਕਰਮ, ਕਿੱਥੇ ਲੁਕੇ ਰਹਿ ਸਕਦੇ ਹਨ ? (ਪਰਮਾਤਮਾ ਸਭ ਕੁਛ ਵੇਖ ਰਿਹਾ ਹੈ)। ਹੇ ਭਾਈ, ਪਰਮਾਤਮਾ ਦੇ ਗੁਣ ਯਾਦ ਕਰਦਿਆਂ, ਮਨੁੱਖ ਆਪ, ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜਿਹੜੇ ਮਨੁੱਖ, ਪਰਮਾਤਮਾ ਦੀ ਸਿਫਤ-ਸਾਲਾਹ ਸੁਣਦੇ ਹਨ, ਉਹ ਸਾਰੇ, ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।8।
ਊਪਰਿ ਬਨੈ ਆਕਾਸੁ ਤਲੈ ਧਰ ਸੋਹਤੀ॥ ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥ ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸ ਸਮਾਈਐ॥9॥
ਹੇ ਸਹੇਲੀਏ, ਉਤਾਂਹ ਤਾਰਿਆਂ ਆਦਿ ਨਾਲ, ਆਕਾਸ਼ ਫੱਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ ਹਰਿਆਲੀ ਨਾਲ ਧਰਤੀ ਸਜ ਰਹੀ ਹੈ। ਦਸੀਂ ਪਾਸੀਂ, ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ, ਰੱਬੀ ਜੋਤ ਦਾ ਕੈਸਾ ਸੋਹਣਾ ਸਾਕਾਰ ਰੂਪ ਹੈ, ਪਰ ਮੈਂ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇ, ਪਰਦੇਸ ਵਿਚ, ਜੰਗਲ ਆਦਿ ਵਿਚ ਲੱਭਦੀ ਫਿਰਦੀ ਹਾਂ,ਕਿ ਪ੍ਰੀਤਮ ਪ੍ਰਭੂ ਕਿਤੇ ਲੱਭ ਪਵੇ। ਹੇ ਸਹੇਲੀਏ, ਜੇ ਮੱਥੇ ਤੇ ਭਾਗ ਜਾਗ ਪਏ ਤਾਂ, ਹਰ ਥਾਂ ਹੀ ਉਸ ਦੇ ਦੀਦਾਰ ਵਿਚ ਲੀਨ ਹੋ ਸਕੀਦਾ ਹੈ।9।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥10॥
ਹੇ ਨਾਨਕ ਆਖ, ਹੇ ਰਾਮ ਦੇ ਦਾਸਾਂ ਦੇ ਸਰੋਵਰ, ਸਤਸੰਗ, ਤੇਰੇ ਵਿਚ ਆਤਮਕ ਇਸ਼ਨਾਨ ਕੀਤਿਆਂ, ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤਸੰਗ, ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ ਵਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇਮਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਿਰ, ਮੈਂ ਹੋਰ ਸਾਰੇ ਥਾਂ ਵੇਖੇ ਹਨ, ਪਰ ਤੇਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦਿਸਿਆ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤਸੰਗ, ਤੇਰੀ ਨੀਂਹ, ਅਕਾਲ-ਪੁਰਖ, ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਏਸੇ ਵਾਸਤੇ ਤੂੰ, ਉਸ ਦੇ ਆਤਮਕ ਗੁਣਾਂ ਦੀ ਬਰਕਤ ਨਾਲ, ਸੋਹਣਾ ਦਿਸ ਰਿਹਾ ਹੈਂ।10।
ਹੁਣ ਇਸ ਵਿਚ ਮਨ ਦੀ ਗੱਲ ਹੈ, ਕੁਦਰਤ ਦੀ ਗੱਲ ਹੈ, ਗੁਰੂ ਦੀ ਗੱਲ ਹੈ, ਰੱਬ ਨੂੰ ਮਿਲਣ ਦੀ ਗੱਲ ਹੈ ਅਤੇ ਸਭ ਦੇ ਮਿਲਣ ਦੇ ਵਸੀਲੇ, ਸਤ-ਸੰਗ ਦੀ ਗੱਲ ਹੈ, ਜਿਸ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਪਰਮਾਤਮਾ ਦੇ ਰਹਣ ਲਈ, ਦੁਨੀਆਂ ਵਿਚ ਇਸ ਤੋਂ ਚੰਗੀ ਕਿਹੜੀ ਥਾਂ ਹੋ ਸਕਦੀ ਹੈ?
ਅਮਰ ਜੀਤ ਸਿੰਘ ਚੰਦੀ (ਚਲਦਾ)