ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ (ਭਾਗ 11)
ਸੁਖਮਨੀ ਸਾਹਿਬ (ਭਾਗ 11)
Page Visitors: 91
       ਸੁਖਮਨੀ ਸਾਹਿਬ (ਭਾਗ 11) 
          ਸਤ-ਸੰਗ ਦੀ ਗੱਲ , ਜਿਸ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਪਰਮਾਤਮਾ ਦੇ ਰਹਣ ਲਈ, ਦੁਨੀਆਂ ਵਿਚ ਇਸ ਤੋਂ ਚੰਗੀ ਕਿਹੜੀ ਥਾਂ ਹੋ ਸਕਦੀ ਹੈ ?    
    ਗੁਰਬਾਣੀ ਸ਼ਬਦ ਹੈ,   
   ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥
   ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥
    ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹਦਾ ਹੈ ?    ਸਤ-ਸੰਗਤ ਉਹ ਹੈ, ਜਿੱਥੇ ਸਿਰਫ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।       ਹੇ ਨਾਨਕ, ਸਤ-ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤ-ਸੰਗਤ ਵਿਚ ਸਿਰਫ ਪ੍ਰਭੂ ਦਾ ਨਾਮ ਜਪਣਾ ਹੀ, ਪ੍ਰਭੂ ਦਾ ਹੁਕਮ ਹੈ।5।
   ਅੱਜ ਵਰਗੀ ਸਤ-ਸੰਗਤ ਨਹੀਂ, ਜਿਸ ਵਿਚ ਸਟੇਜ ਤੇ ਇਕ ਬੋਲਾ ਬੈਠਾ ਹੁੰਦਾ ਹੈ, ਜਿਸ ਨੂੰ ਕੁਝ ਸੁਣਦਾ ਨਹੀਂ, ਉਸ ਨੇ ਸਿਰਫ ਬੋਲਣਾ ਹੈ।  ਅਤੇ ਸਾਮ੍ਹਣੇ ਕੁਝ ਸੌ, ਕੁਝ ਹਜ਼ਾਰ, ਗੂੰਗੇ ਹੁੰਦੇ ਹਨ, ਉਨ੍ਹਾਂ ਨੇ ਸਿਰਫ ਸੁਣਨਾ ਹੈ, ਕੁਝ ਬੋਲਣਾ ਨਹੀਂ।  ਇਸ ਸਤਸੰਗਤ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਨਹੀਂ ਹੁੰਦੀ।
         ਗੁਰਬਾਣੀ ਸ਼ਬਦ ਹੈ,    
     ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥
     ਹਰਿ ਸੋਹਿਲਾ ਤਿਨ੍‍ ਸਦ ਸਦਾ ਜੋ ਹਰਿ ਗੁਣ ਗਾਵਹਿ ॥
     ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥
     ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥
     ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥
     ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥2॥
        ਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ, ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ ? ਇਸ ਉਪਰੋਂ ਉਪਰੋਂ ਵਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ।   ਹੇ ਮਨ ਜਿਹੜੇ ਮਨੁੱਖ, ਪਰਮਾਤਮਾ ਦੇ ਗੁਣ ਵਿਚਾਰਦੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।   ਹੇ ਮੇਰੇ ਮਨ, ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ ਪਾਖੰਡ ਛੱਡ ਦੇ, ਤੇ ਆਪਣੇ ਮਨ ਅੰਦਰ ਮਿਲਣ ਦੀ ਤਾਙ ਪੈਦਾ ਕਰ, ਕਿਉਂਕਿ ਉਹ ਖਸਮ-ਪ੍ਰਭੂ, ਅੰਦਰ ਦੀ ਹਰ ਗੱਲ ਜਾਣਦਾ ਹੈ,     ਉਹ ਪ੍ਰਭੂ ਆਪ ਹੀ, ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਰਮਿਆ ਹੋਇਆ ਹੈ।    ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।      ਹੇ ਮੇਰੇ ਮਨ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ, ਉਹ ਸਾਰੇ ਆਨੰਦ ਪਰਾਪਤ ਕਰਦਾ ਹੈ,  ਨਾਨਕ ਤੈਨੂੰ ਇਉਂ ਦਸਦਾ ਹੈ ਕਿ ਇਹੋ-ਜਿਹੇ ਮਿਲਾਪ ਦੀ ਤਾਙ ਰੱਖਣ ਵਾਲਾ ਮਨੁੱਖ, ਹਰ ਵੇਲੇ, ਪ੍ਰਭੂ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।2।    
     ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥
     ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥
     ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥
      ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥
      ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥
     ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥3॥
       ਹੇ ਮੇਰੇ ਮਨ, ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ, ਓਥੇ ਓਥੇ ਹੀ, ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ, ਜੇ ਤੂੰ ਉਸ ਨੂੰ ਆਪਣੇ ਨਾਲ ਵਸਦਾ ਵੇਖਣਾ ਚਾਹੁੰਦਾ ਹੈਂ ਤਾਂ, ਹੇ ਮਨ, ਤੈਨੂੰ ਆਪਣੀ ਚਤਰਾਈ ਦਾ ਆਸਰਾ ਛੱਡ ਦੇਣਾ ਚਾਹੀਦਾ ਹੈ।      ਹੇ ਮਨ, ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ, ਫਿਰ ਤੈਨੂੰ ਦਿਸ ਪਵੇਗਾ ਕਿ ਉਹ ਖਸਮ ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ।        ਹੇ ਮਨ, ਜੇ ਤੂੰ ਇਕ ਪਲ ਲਈ ਵੀ, ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ ਤਾਂ, ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।                
  ਹੇ ਮਨ, ਗੁਰੂ ਦੀ ਸਰਨ ਪੈ ਕੇ, ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ,  ਇਸ ਤਰ੍ਹਾਂ, ਉਸ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।        ਨਾਨਕ ਤੈਨੂੰ ਇਵੇਂ ਦਸਦਾ ਹੈ ਕਿ, ਹੇ ਮਨ, ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ, ਓਥੇ ਓਥੇ ਪਰਮਾਤਮਾ, ਸਦਾ ਤੇਰੇ ਨਾਲ ਹੀ ਰਹਿੰਦਾ ਹੈ।3।   (440/41)  
   ਗੁਰਬਾਣੀ, ਇਵੇਂ ਵੀ ਸਮਝਾਉਂਦੀ ਹੈ,
     ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥
     ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥1॥
     ਅਲਹ ਰਾਮ ਜੀਵਉ ਤੇਰੇ ਨਾਈ॥ ਤੂ ਕਰਿ ਮਿਹਰਾਮਤਿ ਸਾਈ॥1॥ਰਹਾਉ॥
     ਦਖਣ ਦੇਸ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥
     ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥2॥     
     ਬ੍ਰਹਮਣ ਗਿਆਸ ਕਰਹਿ ਚਉਬੀਸਾ ਕਾਜੀ ਮਹਿ ਰਮਜਾਨਾ॥
     ਗਿਆਰਹਿ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ॥3॥
     ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
     ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ॥4॥    (1349)        
     ਅਲਹ ਰਾਮ ਜੀਵਉ ਤੇਰੇ ਨਾਈ॥ ਤੂ ਕਰਿ ਮਿਹਰਾਮਤਿ ਸਾਈ॥1॥ਰਹਾਉ॥
      ਹੇ ਅਲਾਹ, ਹੇ ਰਾਮ, ਹੇ ਸਾਈਂ, ਤੂੰ ਮੇਰੇ ਉੱਤੇ ਮਿਹਰ ਕਰ, ਮੈਂ ਤੈਨੂੰ ਇਕ ਹੀ ਸਮਝ ਕੇ, ਤੇਰਾ ਨਾਮ ਸਿਮਰ ਕੇ ਜੀਵਾਂ, ਆਤਮਕ ਜੀਵਨ ਹਾਸਲ ਕਰਾਂ।1।ਰਹਾਉ।
     ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥
     ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥1॥
      ਜੇ ਉਹ ਇਕੋ-ਇਕ ਖੁਦਾ, ਸਿਰਫ ਕਾਹਬੇ ਵਿਚ ਵਸਦਾ ਹੈ, ਤਾਂ ਬਾਕੀ ਦਾ ਮੁਲਕ ਕਿਸ ਦਾ ਕਿਹਾ ਜਾਵੇ ?   ਸੋ ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ।    ਹਿੰਦੂ, ਪਰਮਾਤਮਾ ਦਾ ਨਿਵਾਸ, ਮੂਰਤੀ ਵਿਚ ਸਮਝਦਾ ਹੈ, ਇਸ ਤਰ੍ਹਾਂ, ਹਿੰਦੂ ਮੁਸਲਮਾਨ, ਦੋਹਾਂ ਵਿਚੋਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਵੇਖਿਆ।1।
     ਦਖਣ ਦੇਸ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥
     ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥2॥
       ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਦੇਸ (ਜਗਨ ਨਾਥ ਪੁਰੀ)ਵਿਚ ਹੈ, ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਘਰ ਪੱਛਮ ਵੱਲ (ਕਾਹਬੇ) ਵਿਚ ਹੈ ।  ਪਰ ਹੇ ਸੱਜਣ ਆਪਣੇ ਮਨ ਵਿਚ ਰੱਬ ਨੂੰ ਭਾਲ, ਸਿਰਫ ਮਨ ਵਿਚ ਹੀ ਲੱਭ,    ਇਹ ਮਨ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮਕਾਮ ਹੈ।2। 
     ਬ੍ਰਹਮਣ ਗਿਆਸ ਕਰਹਿ ਚਉਬੀਸਾ ਕਾਜੀ ਮਹਿ ਰਮਜਾਨਾ॥
     ਗਿਆਰਹਿ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ॥3॥
        ਬ੍ਰਾਹਮਣ ਚੌਵੀ ਇਕਾਦਸ਼ੀਆਂ ਦੇ ਵਰਤ ਰੱਖਣ ਦੀ ਆਗਿਆ ਕਰਦੇ ਹਨ, ਕਾਜ਼ੀ, ਰਮਜ਼ਾਨ ਦੇ ਮਹੀਨੇ, ਰੋਜ਼ੇ ਰੱਖਣ ਦੀ ਹਦਾਇਤ ਕਰਦੇ ਹਨ।       ਇਹ ਲੋਕ, ਬਾਕੀ ਦੇ ਗਿਆਰਾਂ ਮਹਨਿੇ ਲਾਂਭੇ ਹੀ ਰੱਖ ਲੈਂਦੇ ਹਨ, ਤੇ ਕੋਈ ਖਜ਼ਾਨਾ, ਇਕ ਮਹੀਨੇ ਵਿਚ ਹੀ ਲਭਦੇ ਹਨ।3।  
     ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
     ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ॥4॥
       ਅਸਲ ਗੱਲ ਇਹ ਹੈ ਕਿ, ਜੇ ਦਿਲ ਵਿਚ ਠੱਗੀ-ਫਰੇਬ ਵਸਦਾ ਹੈ ਤਾਂ, ਨਾਹ ਤਾਂ ਉੜੀਸੇ, ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਫਾਇਦਾ ਹੈ, ਨਾਂਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਕੋਈ ਲਾਭ ਹੈ, ਨਾ ਨਮਾਜ਼ ਪੜ੍ਹਨ ਦਾ ਕੋਈ ਲਾਭ ਹੈ, ਨਾ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਫਾਇਦਾ ਹੈ।4।
              (ਨਾ ਹੀ ਗੁਰਦਵਾਰੇ ਵਿਚ ਜਾ ਕੇ ਵਿਖਾਵਾ ਕਰਨ ਦਾ ਕੋਈ ਫਾਇਦਾ ਹੈ)
   ਕਿੰਨੇ ਸਾਫ ਲਫਜ਼ਾਂ ਵਿਚ ਦੱਸਿਆ ਹੈ ਕਿ ਮਨ ਤੋਂ ਬਾਹਰ ਕੋਈ ਐਸੀ ਥਾਂ ਨਹੀਂ ਹੈ, ਜਿੱਥੇ ਤੁਹਾਨੂੰ ਰੱਬ ਮਿਲ ਸਕੇ।  ਪਰ ਸਿੱਖਾਂ ਦੇ ਅੱਜ ਦੇ ਸਾਰੇ ਧਾਰਮਿਕ ਕੰਮਾਂ ਵਿਚ, ਮਨ ਦਾ ਕੋਈ ਰੋਲ ਨਹੀਂ ਹੈ।
     ਆਉ ਮੁੜਦੇ ਹਾਂ 'ਸੁਖਮਨੀ ਸਾਹਿਬ ਵੱਲ, (ਅਸ਼ਟਪਦੀ ਚੌਥੀ)
ਸਲੋਕੁ ॥
     ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
     ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥1॥       (1/4)
ਅਰਥ:-
       ਹੇ ਅੰਞਾਣ, ਹੇ ਗੁਣ-ਹੀਨ ਮਨੁੱਖ, ਉਸ ਮਾਲਕ ਨੂੰ ਸਦਾ ਯਾਦ ਕਰ।  ਹੇ ਨਾਨਕ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ ਰੱਖ, ਉਹ ਹੀ ਤੇਰਾ ਸਾਥ ਨਿਬਾਹੇਗਾ।1।
          ਅਮਰ ਜੀਤ ਸਿੰਘ ਚੰਦੀ          (ਚਲਦਾ)
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.