ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 12)
ਸੁਖਮਨੀ ਸਾਹਿਬ(ਭਾਗ 12)
Page Visitors: 94

ਸੁਖਮਨੀ ਸਾਹਿਬ(ਭਾਗ 12)     
  ਅਸਟਪਦੀ ॥
     ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
     ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
     ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥
     ਬਿਰਧਿ ਭਇਆ ਊਪਰਿ ਸਾਕ ਸੈਨ ॥ਮੁਖਿ ਅਪਿਆਉ ਬੈਠ ਕਉ ਦੈਨ ॥
     ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥1॥
       ਹੇ ਜੀਵ, ਸੋਹਣੇ ਰਾਮ ਦੇ ਗੁਣ ਯਾਦ ਕਰ , ਵੇਖ ਕਿਸ ਮੁੱਢ ਤੋਂ ਸ਼ੁਰੂ ਕਰ ਕੇ, ਤੈਨੂੰ ਕਿੰਨਾ ਸੋਹਣਾ ਬਣਾ ਕੇ, ਉਸ ਨੇ ਵਿਖਾਇਆ ਹੈ।    ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਜਿਸ ਤੈਨੂੰ ਪੇਟ ਦੀ ਅੱਗ ਵਿਚ ਵੀ ਬਚਾਇਆ ਹੈ।    ਜੋ ਬਾਲ ਉਮਰ ਵਿਚ ਤੈਨੂੰ ਦੁਧ ਪਿਲਾਂਦਾ ਹੈ, ਭਰ ਜਵਾਨੀ ਵਿਚ ਭੋਜਨ ਅਤੇ ਸੁਖਾਂ ਦੀ ਸੂਝ ਦਿੰਦਾ ਹੈ।     ਜਦ ਤੂੰ ਬੁੱਢਾ ਹੋ ਜਾਂਦਾ ਹੈਂ,  ਤਾਂ ਤੇਰੀ ਸੇਵਾ ਕਰਨ ਲਈ ਸਾਕ ਸੱਜਣ ਤਿਆਰ ਕਰ ਦਿੰਦਾ ਹੈ, ਜੋ ਤੇਰੇ ਬੈਠੇ ਹੋਏ ਦੇ ਮੂੰਹ ਵਿਚ, ਚੰਗੇ ਭੋਜਨ ਦਿੰਦੇ ਹਨ। ਉਸ ਪਰਭੂ ਨੂੰ ਚੇਤੇ ਕਰ।     ਹੇ ਨਾਨਕ ਆਖ, ਹੇ ਪ੍ਰਭੂ ਇਹ ਗੁਣ ਹੀਨ ਜੀਵ, ਤੇਰਾ ਕੋਈ ਉਪਕਾਰ ਨਹੀਂ ਸਮਝਦਾ, ਤੂੰ ਆਪ ਮਿਹਰ ਕਰੇਂ ਤਾਂ ਇਹ ਜਨਮ ਮਨੋਰਥ ਵਿਚ ਸਫਲ ਹੋਵੇ।1।
     ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
     ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥
     ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
     ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
     ਐਸੇ ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ॥2॥
       ਹੇ ਜੀਵ, ਜਿਸ ਪ੍ਰਭੂ ਦੀ ਕਿਰਪਾ ਨਾਲ, ਤੂੰ ਧਰਤੀ ਉੱਤੇ ਸੁਖੀ ਵਸਦਾ ਹੈਂ,  ਪੁਤ੍ਰ, ਭਰਾ, ਮਿਤ੍ਰ, ਇਸਤ੍ਰੀ ਨਾਲ ਹੱਸਦਾ ਹੈਂ।    ਜਿਸ ਦੀ ਮਿਹਰ ਨਾਲ ਤੂੰ ਠੰਡਾ ਪਾਣੀ ਪੀਂਦਾ ਹੈਂ, ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈਂ।    ਜਿਸ ਦੀ ਕਿਰਪਾ ਨਾਲ ਸਾਰੇ ਰੱਸ ਭੋਗਦਾ ਹੈਂ, ਸਾਰੇ ਪਦਾਰਥ ਵਰਤਣ ਨੂੰ ਤੇਰੇ ਕੋਲ ਰਹਿੰਦੇ ਹਨ।     ਜਿਸ ਨੇ ਤੈਨੂੰ ਹੱਥ, ਪੈਰ, ਕੰਨ, ਅੱਖਾਂ, ਜੀਭ ਦਿੱਤੇ ਹਨ, ਉਸ ਪ੍ਰਭੂ ਨੂੰ ਵਿਸਾਰ ਕੇ ਤੂੰ ਹੋਰਨਾ ਨਾਲ ਮਗਨ ਹੈਂ।     ਇਹ ਮੂਰਖ ਅੰਨ੍ਹੇ, ਭਲਾਈ ਵਿਸਾਰਨ ਵਾਲੇ ਜੀਵ, ਇਹੋ ਜਿਹੇ ਔਗਣਾਂ ਵਿਚ ਫਸੇ ਹੋਏ ਹਨ।  ਹੇ ਨਾਨਕ, ਇਨ੍ਹਾਂ ਜੀਵਾਂ ਵਾਸਤੇ ਅਰਦਾਸ ਕਰ ਤੇ ਆਖ,  ਹੇ ਪ੍ਰਭੂ, ਇਨ੍ਹਾਂ ਨੂੰ ਆਪ, ਇਨ੍ਹਾਂ ਔਗਣਾਂ ਵਿਚੋਂ ਕੱਢ ਲੈ।2।           
    ਆਦਿ ਅੰਤਿ ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
     ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥
     ਜੋ ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥
     ਜਾ ਕੀ ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥
     ਸਦਾ ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥3॥
       ਮੂਰਖ ਮਨੁੱਖ, ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਜੋ ਜਨਮ ਤੋਂ ਲੈ ਕੇ ਮਰਨ ਤੱਕ, ਇਸ ਦੀ ਰਾਖੀ ਕਰਨ ਵਾਲਾ ਹੈ।   ਮੂਰਖ ਜੀਵ, ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ, ਜਿਸ ਦੀ ਸੇਵਾ ਕੀਤਿਆਂ, ਇਸ ਨੂੰ ਸ੍ਰਿਸ਼ਟੀ ਦੇ ਨੌਂ ਹੀ ਖਜ਼ਾਨੇ ਮਿਲ ਜਾਂਦੇ ਹਨ।      ਅੰਨ੍ਹਾ ਮਨੁੱਖ, ਉਸ ਠਾਕੁਰ (ਸ੍ਰਿਸ਼ਟੀ ਦੇ ਮਾਲਕ) ਨੂੰ ਕਿਤੇ ਦੂਰ ਬੈਠਾ ਵੇਖਦਾ ਹੈ, ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ।     ਮੂਰਖ ਤੇ ਅੰਞਾਣ ਜੀਵ, ਉਸ ਪ੍ਰਭੂ ਨੂ ਵਿਸਾਰ ਬੈਠਦਾ ਹੈ, ਜਿਸ ਦੀ ਟਹਲ ਕੀਤਿਆਂ, ਇਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।     ਪਰ ਕਿਹੜਾ ਕਿਹੜਾ ਔਗੁਣ ਚਿਤਾਰੀਏ ? ਇਹ ਜੀਵ ਤਾਂ ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ, ਹੇ ਨਾਨਕ, ਰੱਖਿਆ ਕਰਨ ਵਾਲਾ ਪ੍ਰਭੂ, ਬੇਅੰਤ ਹੈ, ਉਹ ਇਸ ਜੀਵ ਦੇ ਔਗੁਣਾਂ ਵੱਲ ਨਹੀਂ ਵੇਖਦਾ।3।
   (ਬਿਨਾ ਕਿਸੇ ਵਿਤਕਰੇ ਦੇ ਇਸ ਦੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ। ਇਸ ਨੂੰ ਲੋੜ ਅਨੁਸਾਰ, ਹਵਾ, ਪਾਣੀ, ਗਰਮੀ ਆਦਿ ਦੇਂਦਾ ਰਹਿੰਦਾ ਹੈ)   
     ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥
     ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥
     ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪਰਹਰੈ ॥
     ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
     ਅੰਧ ਕੂਪ ਮਹਿ ਪਤਿਤ ਬਿਕਰਾਲ ॥ ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥4॥
      ਮਾਇਆ ਧਾਰੀ ਜੀਵ, ਨਾਮ ਵਰਗੇ ਰਤਨ ਨੂੰ ਛੱਡ ਕੇ, ਮਾਇਆ ਰੂਪੀ ਕੌਡੀ ਨਾਲ ਖੁਸ਼ ਰਹਿੰਦਾ ਹੈ।  ਸੱਚੇ ਪ੍ਰਭੂ ਨੂੰ ਛੱਡ ਕੇ, ਨਾਸਵੰਤ ਪਦਾਰਥਾਂ ਕਾਰਨ ਭੂਏ ਹੋਇਆ ਰਹਿੰਦਾ ਹੈ।    ਜੋ ਮਾਇਆ ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ, ਜੋ ਮੌਤ, ਜ਼ਰੂਰ ਵਾਪਰਨੀ ਹੈ, ਉਸ ਨੂੰ ਕਿਤੇ ਦੂਰ ਬੈਠੀ, ਖਿਆਲ ਕਰਦਾ ਹੈ।     ਉਸ ਧਨ ਪਦਾਰਥ ਦੀ ਖਾਤਰ ਨਿੱਤ, ਖੇਚਲ ਕਰਦਾ ਫਿਰਦਾ ਹੈ, ਜੋ ਅੰਤ ਵੇਲੇ ਛੱਡ ਜਾਣਾ ਹੈ,  ਜੋ ਪ੍ਰਭੂ ਇਸ ਦੇ ਨਾਲ, ਰਾਖਾ ਹੈ, ਉਸ ਨੂੰ ਵਿਸਾਰੀ ਬੈਠਾ ਹੈ।   ਖੋਤੇ ਦਾ ਪਿਆਰ ਸਦਾ ਸੁਆਹ ਨਾਲ ਹੀ ਹੁੰਦਾ ਹੈ, ਚੰਦਨ ਦਾ ਲੇਪ ਧੋਹ ਕੇ ਲਾਹ ਦੇਂਦਾ ਹੈ।    ਜੀਵ, ਮਾਇਆ ਦੇ ਭਿਆਨਕ ਖੂਹ ਵਿਚ, ਜਿੱਥੇ ਹਨੇਰਾ ਹੀ ਹਨੇਰਾ ਹੈ, ਕੁਛ ਸੁਝਦਾ ਨਹੀਂ, ਡਿੱਗੇ ਪੲੈ ਹਨ। ਹੇ ਨਾਨਕ, ਅਰਦਾਸ ਕਰ ਤੇ ਆਖ, 'ਹੇ ਦਿਆਲ ਪ੍ਰਭੂ, ਇਨ੍ਹਾਂ ਨੂੰ ਆਪ ਹੀ, ਇਸ ਖੂਹ ਵਿਚੋਂ ਕੱਢ ਲੈ।4।
     ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥
     ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥
     ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥
     ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥
     ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥5॥
      ਜਾਤ ਮਨੁੱਖ ਦੀ ਹੈ, ਮਨੁੱਖ ਦੇ ਘਰ ਹੀ ਜੰਮਿਆ ਹੈ, ਪਰ ਕੰਮ ਪਸੂਆਂ ਵਾਲੇ ਨੇ, ਵੈਸੇ, ਦਿਨ-ਰਾਤ ਲੋਕਾਂ ਲਈ ਵਿਖਾਵਾ ਕਰ ਰਿਹਾ ਹੈ।    ਬਾਹਰ ਵਿਖਾਵੇ ਲਈ, ਸਰੀਰ ਉੱਤੇ ਧਾਰਮਿਕ ਪੁਸ਼ਾਕ ਹੈ, ਪਰ ਮਨ ਵਿਚ ਮਾਇਆ ਦੀ ਮੈਲ ਹੈ, ਬਾਹਰਲੇ ਵਿਖਾਵੇ ਨਾਲ ਮੈਲ ਛੁਪਾਉਣ ਦੀ ਕੋਸ਼ਿਸ਼ ਕੀਤਿਆਂ, ਮਨ ਦੀ ਮੈਲ ਲੁਕਦੀ ਨਹੀਂ।      ਬਾਹਰ ਵਿਖਾਵੇ ਵਾਸਤੇ, ਤੀਰਥ ਇਸ਼ਨਾਨ ਅਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਵੀ ਲਾਉਂਦਾ ਹੈ, ਪਰ ਮਨ ਵਿਚ ਲੋਭ-ਕੁਤਾ, ਜੋਰ ਪਾ ਰਿਹਾ ਹੈ।    ਮਨ ਵਿਚ ਤ੍ਰਿਸ਼ਨਾ ਦੀ ਅੱਗ ਹੈ, ਬਾਹਰ ਸਰੀਰ ਸੁਆਹ ਨਾਲ ਲਬੇੜਿਆ ਪਿਆ ਹੈ, ਜੇ ਗਲ ਵਿਚ ਵਿਕਾਰਾਂ ਦੇ ਪੱਥਰ ਹੋਣ, ਤਾਂ ਜੀਵ, ਅਥਾਹ ਭਵ-ਸਾਗਰ, ਕਿਵੇਂ ਤਰੇ ?     ਜਿਸ ਜਿਸ ਜੀਵ ਦੇ ਹਿਰਦੇ ਵਿਚ ਪ੍ਰਭੂ ਆ ਵਸਦਾ ਹੈ,  ਹੇ ਨਾਨਕ, ਉਹ ਹੀ ਅਡੋਲ ਅਵਸਥਾ ਵਿਚ, ਟਿਕੇ ਰਹਿੰਦੇ ਹਨ ।5।         
    ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ ਓੜਿ ਨਿਬਹਾਵੈ ॥
     ਕਹਾ ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥
     ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
     ਕਹ ਪਿੰਗੁਲ ਪਰਬਤ ਪਰ ਭਵਨ ॥ ਨਹੀ ਹੋਤ ਊਹਾ ਉਸੁ ਗਵਨ ॥
     ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ ਨਾਨਕ ਤੁਮਰੀ ਕਿਰਪਾ ਤਰੈ ॥6॥
      ਅੰਨ੍ਹਾ ਮਨੁੱਖ, ਖਾਲੀ ਸੁਣ ਕੇ ਹੀ ਕਿਵੇਂ ਰਾਹ ਲੱਭ ਲਵੇਗਾ ?   ਹੇ ਪ੍ਰਭੂ ਜੀ, ਤੁਸੀਂ ਹੀ ਉਸ ਦਾ ਹੱਥ ਫੜ ਲਵੋ, ਤਾਂ ਜੋ ਉਹ ਅਖੀਰ ਤੱਕ, ਪਿਆਰ ਨਿਭਾ ਸਕੇ।    ਬੋਲਾ ਮਨੁੱਖ, ਖਾਲੀ ਸੈਨਤ ਨੂੰ ਕੀ ਸਮਝੇ ?  ਜੇ ਸੈਨਤ ਨਾਲ ਆਖੀਏ ਕਿ ਇਹ ਰਾਤ ਹੈ, ਤਾਂ ਉਹ ਸਮਝ ਲੈਂਦਾ ਹੈ ਕਿ ਇਹ ਦਿਨ ਹੈ।    ਗੂੰਗਾ ਕਿਵੇਂ, ਬਿਸ਼ਨ-ਪਦੇ ਗਾ ਸਕੇ ?  ਕਈ ਜਤਨ ਕਰਨ ਤੇ ਵੀ ਉਸ ਦੀ ਸੁਰ ਠੀਕ ਨਹੀਂ ਹੁੰਦੀ।     ਲੂਲਾ, ਪਹਾੜਾਂ ਤੇ ਕਿਵੇਂ ਘੁੱਮ ਸਕਦਾ ਹੈ ?   ਓਥੇ, ਉਸ ਦੀ ਪਹੁੰਚ ਨਹੀਂ ਹੋ ਸਕਦੀ।     ਹੇ ਨਾਨਕ, ਇਸ ਹਾਲਤ ਵਿਚ ਸਿਰਫ ਅਰਦਾਸ ਕਰ, ਤੇ ਆਖ. ' ਹੇ ਕਰਤਾਰ, ਹੇ ਦਇਆ ਦੇ ਸਾਗਰ, ਇਹ ਨਿਮਾਣਾ ਦਾਸ ਬੇਨਤੀ ਕਰਦਾ ਹੈ, ਤੇਰੀ ਮਿਹਰ ਨਾਲ ਹੀ ਤਰ ਸਕਦਾ ਹੈ।6।                 
    ਸੰਗਿ ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥
     ਬਲੂਆ ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥
     ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ ਕਾਲੁ ਨ ਆਵੈ ਮੂੜੇ ਚੀਤਿ ॥
     ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥
     ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥7॥
       ਜੋ ਪ੍ਰਭੂ ਇਸ ਮੂਰਖ ਦਾ ਸੰਗੀ ਸਾਥੀ ਹੈ, ਉਸ ਨੂੰ ਇਹ ਚੇਤੇ ਨਹੀਂ ਕਰਦਾ, ਪਰ ਜੋ ਵੈਰੀ ਹੈ, ਉਸ ਨਾਲ ਪਿਆਰ ਕਰਦਾ ਹੈ।    ਰੇਤ ਦੇ ਘਰ ਵਿਚ ਵਸਦਾ ਹੈ, ਇਕ ਇਕ ਜ਼ੱਰਾ ਕਰ ਕੇ ਉਮਰ ਘਟ ਰਹੀ ਹੈ, ਫਿਰ ਵੀ, ਪ੍ਰਭੂ ਨਾਲ ਜੁੜਨ ਦੀ ਥਾਂ, ਮਾਇਆ ਦੀ ਮਸਤੀ ਵਿਚ ਮੌਜਾਂ ਮਾਣ ਰਿਹਾ ਹੈ,    ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ, ਮਨ ਵਿਚ ਇਹੀ ਯਕੀਨ ਬਣਿਆ ਹੋਇਆ ਹੈ, ਪਰ ਮੂਰਖ ਦੇ ਮਨ ਵਿਚ, ਦੁਨੀਆ ਦੀ ਸਭ ਤੋਂ ਵੱਡੀ ਸਚਾਈ, ਮੌਤ ਦਾ ਕਦੀ ਖਿਆਲ ਵੀ ਨਹੀਂ ਆਉਂਦਾ।    ਏਦਾਂ ਹੀ ਕਾਮ-ਕ੍ਰੋਧ, ਲੋਭ, ਮੋਹ, ਹੰਕਾਰ ਕਰਦਿਆਂ, ਦੂਸਰਿਆਂ ਨਾਲ ਲੜਾਈ-ਝਗੜਾ ਅਤੇ ਪਰਾਇਆ ਹੱਕ ਮਾਰਦਿਆਂ, ਕਈ ਜਨਮ ਬੀਤ ਗਏ ਹਨ।     ਹੇ ਨਾਨਕ, ਇਸ ਵਿਚਾਰੇ ਜੀਵ ਵਾਸਤੇ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ, ਹੇ ਪ੍ਰਭੂ, ਆਪਣੀ ਮਿਹਰ ਕਰ ਕੇ, ਇਸ ਨੂੰ ਬਚਾ ਲਵੋ।7।
     ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
     ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
     ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
     ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
     ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥8॥4॥
       ਹੇ ਪ੍ਰਭੂ, ਤੂੰ ਮਾਲਕ ਹੈਂ, ਸਾਡੀ ਜੀਵਾਂ ਦੀ ਅਰਜ਼ ਤੇਰੇ ਹੀ ਅੱਗੇ ਹੈ।     ( ਕਿੰਨੀ ਮਜ਼ੇ ਦੀ ਗੱਲ ਹੈ, ਬਾਬਾ ਨਾਨਕ ਜੀ ਦੀ ਕਰਤਾਰ ਨਾਲ ਕਿੰਨੀ ਨੇੜਤਾ ਹੈ, ਉਹ ਰੱਬ ਨੂੰ ਤੂੰ ਕਹਿ ਕੇ ਬੁਲਾਉਂਦੇ ਹਨ। ਅਸੀਂ ਰੱਬ ਨੂੰ ਸੰਬੋਧਨ ਕਰਨ ਲਗਿਆਂ, ਉਸ ਦੇ ਕਿੰਨੇ ਲਕਬ ਗਿਣਦੇ ਹਾਂ ? ਸਾਡੇ ਕਈ ਪਰਚਾਰਕ ਤਾਂ ਉਸ ਦੇ ਲਕਬ ਗਿਣਦਿਆਂ ਹੀ ਪੰਜ, ਪੰਜ ਮਿੰਟ ਲਾ ਦਿੰਦੇ ਸਨ। ਨਾਨਕ ਜੀ ਸਮਝਾਉਂਦੇ ਹਨ ਕਿ ਰੱਬ ਤੁਹਾਡੇ ਮਨ ਵਿਚ ਵਸਦਾ ਹੈ,  ਦੋਵੇਂ ਮਨ ਅਤੇ ਰੱਬ, ਇਕੋ ਥਾਂ ਰਹਿੰਦੇ ਹਨ, ਫਿਰ ਵੀ ਇਕ ਨੂੰ, ਦੂਸਰੇ ਨੂੰ ਸੰਬੋਧਨ ਕਰਨ ਲਈ ਸੌ ਵਲ ਪਾਉਣੇ ਪੈਂਦੇ ਹਨ, ਪਹਿਲਾਂ ਗੁਰੂ ਦੇ ਵਜ਼ੀਰਾਂ  ਨੂੰ ਫੜੋ ਕਿ ਉਹ ਤੁਹਾਡੀ ਗੱਲ ਪਰਮਾਤਮਾ ਨੂੰ ਕਹਿ ਦੇਣ, ਦਫਤਰ ਦੇ ਬਾਬੂਆਂ ਵਾਙ, ਚੁੱਪ ਕਰ ਕੇ ਉਸ ਦੀ ਮੁੱਠੀ ਵਿਚ ਕੁਝ ਪਾਉ, ਉਹ ਵੀ ਗੁਰੂ ਦੇ ਸਾਮ੍ਹਣੇ, ਤਾਂ ਜੋ ਵਜ਼ੀਰ, ਪੈਸਿਆਂ ਤੋਂ ਹੀ ਨਾ ਮੁੱਕਰ ਜਾਵੇ।  ਵਜ਼ੀਰ ਨੇ ਵੀ ਸੋਚਣਾ ਹੁੰਦਾ ਕਿ ਇਹ ਕਿਸ ਗੁਰੂ ਦਾ ਅਸਥਾਨ ਹੈ, ਉਸ ਗੁਰੂ ਦੀ ਮਾਰਫਤ ਹੀ ਗੱਲ ਕੀਤੀ ਜਾਵੇ।   ਗੁਰੂ ਗ੍ਰੰਥ ਸਾਹਿਬ ਨੂੰ ਵੀ ਵਿਚ ਗਵਾਹ ਬਣਾ ਲਿਆ ਜਾਵੇ, ਅਸਲ ਵਿਚ ਰੱਬ ਅੱਗੇ ਜੋ ਅਰਦਾਸ ਕੀਤੀ ਜਾਂਦੀ ਹੈ,  ਉਹ ਕਿਸੇ ਲੋੜ ਲਈ ਨਹੀਂ ਹੁੰਦੀ, ਇਸ ਕਰ ਕੇ ਰੱਬ ਦੀ ਆੜ ਵਿਚ, ਅਰਦਾਸ ਕਰਵਾਉਣ ਵਾਲੇ   ਨੂੰ , ਪਹਿਲਾਂ ਹੀ ਸੁਣਾਇਆ ਜਾਂਦਾ ਹੈ "ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ" ਇਹ ਸਭ ਹੋਣ ਤੇ ਵੀ, ਸਭ ਨੂੰ ਯਕੀਨ ਹੁੰਦਾ ਹੈ ਕਿ ਅਰਦਾਸ, ਬਿਰਥੀ ਹੀ ਜਾਣੀ ਹੈ।   ਕਿਸੇ ਨੂੰ ਇਹ ਨਹੀਂ ਪਤਾ ਕਿ ਰੱਬ ਕਿੱਥੇ ਰਹਿੰਦਾ ਹੈ ? ਕਿਸੇ ਨੂੰ ਇਹ ਨਹੀਂ ਪਤਾ ਕਿ, ਗੁਰੂ  ਗ੍ਰੰਥ ਸਾਹਿਬ ਦਾ ਅੀਧਕਾਰ ਖੇਤਰ ਕੀ ਹੈ ?  ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਵਿਚ, ਨਾਨਕ-ਜੋਤ ਦਾ, ਭਗਤਾਂ ਦਾ ਕੀ ਰੋਲ ਹੈ ?    ਕਿਸੇ ਨੂੰ ਇਹ ਨਹੀਂ ਪਤਾ ਕਿ ਗੁਦਵਾਰਿਆਂ ਦੇ ਕਰਮ-ਚਾਰੀਆਂ ਦਾ ਗੁਰਦਵਾਰੇ ਵਿਚ ਕੀ ਰੋਲ ਹੈ ?     ਰੱਬ ਦਾ ਸਤਿਕਾਰ ਕੀ ਹੈ ?  ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀ ਹੈ ?  ਨਾਨਕ-ਜੋਤ ਅਤੇ ਭਗਤਾਂ ਦਾ ਸਤਿਕਾਰ ਕੀ ਹੈ ? ਗੁਰਦਵਾਰੇ ਦੇ ਕਰਮ-ਚਾਰੀਆਂ ਦਾ ਸਤਿਕਾਰ ਕੀ ਹੈ ? ਜਾਂ ਗੁਰਦਵਾਰੇ ਦੀ ਸੰਗਤ ਦਾ ਸਤਿਕਾਰ ਕੀ ਹੈ ?    ਬਸ ਕੰਮ ਚਲ ਰਿਹਾ ਹੈ।)   ਇਹ ਜਿੰਦ ਅਤੇ ਸਰੀਰ, ਜੋ ਤੂੰ ਸਾਨੂੰ ਦਿੱਤਾ ਹੈ, ਸਭ ਤੇਰੀ ਹੀ ਬਖਸ਼ਿਸ਼ ਹੈ।     ਤੂੰ ਸਾਡਾ ਮਾਂ-ਪਿਉ ਹੈਂ,  ਅਸੀਂ ਤੇਰੇ ਬਾਲ ਹਾਂ, ਤੇਰੀ ਮਿਹਰ ਦੀ ਨਜ਼ਰ ਵਿਚ ਬੇਅੰਤ ਸੁਖ ਹਨ।     ਕੋਈ ਤੇਰਾ ਅੰਤ ਨਹੀਂ ਪਾ ਸਕਦਾ, ਕਿਉਂਕਿ ਤੂੰ ਸਭ ਤੋਂ ਉੱਚਾ ਭਗਵਾਨ ਹੈਂ।    ਸੰਸਾਰ ਦੇ ਸਾਰੇ ਪਦਾਰਥ, ਤੇਰੇ ਹੀ ਹੁਕਮ ਵਿਚ ਟਿਕੇ ਰਹਿੰਦੇ ਹਨ,  ਤੇਰੀ ਰਚੀ ਹੋਈ ਸ੍ਰਿਸ਼ਟੀ, ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।    ਤੂੰ ਕਿਹੋ ਜਿਹਾ ਹੈਂ? ਅਤੇ ਕਿਡਾ ਵੱਡਾ ਹੈਂ ? ਇਹ ਤੂੰ ਆਪ ਹੀ ਜਾਣਦਾ ਹੈਂ।     ਹੇ ਨਾਨਕ ਆਖ, ਹੇ ਪ੍ਰਭੂ, ਤੇਰੇ ਸੇਵਕ, ਤੈਥੋਂ ਸਦਾ ਸਦਕੇ ਜਾਂਦੇ ਹਨ।8।4।      
        ਅਮਰ ਜੀਤ ਸਿੰਘ ਚੰਦੀ                 (ਚਲਦਾ)                          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.