ਸਿੱਖ ਅਤੇ ਗੁਰੂ! (ਭਾਗ 2)
1, ਨਾਨਕ ਜੋਤ ?
ਜਿਸ ਨਾਨਕ ਜੋਤ ਨੇ ਸਿੱਖ ਨੂੰ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ) ਦਿੱਤਾ ਹੈ, ਉਸ ਵਿਚ ਸਿਰਫ ਨਾਨਕ ਦਾ ਨਾਮ ਆਇਆ ਹੈ, ਇਸ ਤੋਂ ਇਲਾਵਾ ਭਗਤਾਂ ਦੇ ਅਲੱਗ ਅਲੱਗ ਨਾਮ ਹਨ, ਭੱਟਾਂ ਦੇ ਵੀ ਅਲੱਗ ਅਲੱਗ ਨਾਮ ਆਏ ਹਨ, ਸਿੱਖਾਂ ਨੇ ਵੀ ਕੁਝ ਤੱਥਾਂ ਦੀ ਪੂਰਤੀ ਕੀਤੀ ਹੈ, ਉਨ੍ਹਾਂ ਦੇ ਨਾਮ ਵੀ ਅਲੱਗ
ਅਲੱਗ ਆਏ ਹਨ, ਉਨ੍ਹਾਂ ਵਿਚੋਂ 'ਰਾਇ ਬਲਵੰਡ' ਅਤੇ 'ਸਤੈ ਡੂਮ' ਵਲੋਂ ਲਿਖੀ ਵਾਰ ਵਿਚ ਹੇਠ ਲਿਖੇ ਤੱਥ ਉਜਾਗਰ ਕੀਤੇ ਹਨ।
'ੳ' ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਨਾਨਕ ਨੇ ਸਤਾਣੀ, ਤਾਣ ਵਾਲੀ, ਤਾਕਤ ਵਾਲੀ, ਬਹੁਤ ਮਜ਼ਬੂਤ ਨੀਂਹ ਭਰ ਕੇ ਉਸ ਉੱਤੇ ਇਕ ਕਿਲ੍ਹਾ ਬਣਾਇਆ, ਜਿਸ ਵਿਚ ਸਿਰਫ ਸਚੁ ਦਾ, ਪਰਮਾਤਮਾ ਦਾ ਰਾਜ ਹੈ।
'ਅ' ਗੁਰਿ ਚੇਲੇ ਰਹਿਰਾਸ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ॥1॥
ਗੁਰੂ ਨਾਨਕ ਨੇ ਆਪਣੇ ਜੀਊਂਦੇ ਜੀ ਹੀ, ਆਪਣੇ ਸਿੱਖ ਭਾਈ 'ਲਹਣੇ' ਨੂੰ ਰਹਿਰਾਸ ਕੀਤੀ, ਸਿਰ ਨਿਵਾਇਆ। ਤੇ ਆਪਣੀ ਬਾਣੀ, ਨਾਨਕ ਨਾਮ, ਵਰਤਣ ਦਾ ਅਧਿਕਾਰ, ਕਿਲ੍ਹੇ ਦੀ ਸੇਵਾ-ਸੰਭਾਲ ਦਾ ਹੱਕ ਦਿੱਤਾ, ਅਤੇ ਉਸ ਵਿਚ ਆਪਣੀ ਜੋਤ ਟਿਕਾ ਕੇ, ਉਸ ਨੂੰ ਆਪਣੀ ਥਾਂ ਸਥਾਪਤ ਕਰ ਦਿੱਤਾ।
'ੲ' ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਚੇਲੇ ਵਿਚ ਜੋਤ ਵੀ ਓਹੀ ਹੈ, ਕੰਮ ਕਰਨ ਦੀ ਜੁਗਤੀ ਵੀ ਓਹੀ ਹੈ, ਨਾਨਕ ਨੇ ਖਾਲੀ ਸਰੀਰ, ਚੋਲਾ ਹੀ ਬਦਲਿਆ ਹੈ।
'ਸ' ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ॥
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
ਕਉਣੁ ਹਾਰੇ ਕਿਨਿ ਉਵਟੀਐ ॥2॥
ਜਦ ਨਾਨਕ (ਗੁਰੂ) ਨੇ ਫੈਸਲਾ ਕਰ ਦਿੱਤਾ ਕਿ ਲਹਣਾ ਹੀ ਦੂਸਰਾ ਨਾਨਕ ਹੋਵੇਗਾ, ਤਾਂ ਕਿਉਂ ਕੋਈ ਇਸ ਤੋਂ ਮੂੰਹ ਫੇਰੇ ? ਪੁਤ੍ਰਾਂ ਨੇ ਹੁਕਮ ਨਾ ਮੰਨਿਆ, ਥਾਪੇ ਹੋਏ ਪੀਰ ਲਹਣੇ ਤੋਂ ਪਾਸਾ ਵੱਟ ਲਿਆ। ਜੋ ਖੋਟੇ ਦਿਲ ਵਾਲੇ ਬਾਗੀ ਹੋ ਗਏ, ਉਹ ਸੰਸਾਰ ਦੇ ਧੰਦਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ। ਪਰ ਜੀਵਾਂ ਦੇ ਕੀ ਵੱਸ ? ਆਪਣੀ ਸਮਰਥਾ ਦੇ ਆਸਰੇ, ਇਸ ਖੇਡ ਵਿਚ ਨਾ ਕੋਈ ਹਾਰਨ ਵਾਲਾ ਹੈ, ਨਾ ਕੋਈ ਜਿੱਤਣ ਵਾਲਾ ਹੈ। ਜਿਸ ਪ੍ਰਭੂ ਨੇ ਇਹ ਰਜ਼ਾ ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ ਹੁਕਮ-ਖੇਡ ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ ਸਮਰੱਥ ਬਣਾਇਆ ।2।
'ਹ' ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥
ਪਰਮਾਤਮਾ ਦਾ ਜੋ ਹੁਕਮ ਹੁੰਦਾ ਹੈ, ਉਹ ਆਪ ਹੀ ਉਸ ਨੂੰ ਪੂਰਾ ਕਰਦਾ ਹੈ, ਉਹ ਗੱਲ ਤੁਰਤ ਹੋ ਜਾਂਦੀ ਹੈ। ਗੁਰੂ ਅੰਗਦ ਜੀ ਦੀ ਵਡਿਆਈ ਦੀ ਧੁੱਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ। (ਏਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਨਾਨਕ ਬਣਦਿਆਂ ਹੀ ਬਾਬਾ ਲਹਣਾ ਜੀ, ਲਹਣਾ ਨਾ ਰਹਿ ਕੇ ਨਾਨਕ ਦਾ ਅੰਗ (ਅੰਗਦ) ਬਣ ਗਏ, ਨਾਨਕ ਜੋਤ ਵਲੋਂ ਪੱਕਾ ਸੰਕੇਤ ਸੀ ਕਿ ਜੋ ਵੀ ਨਾਨਕ ਬਣੇਗਾ, ਉਹ ਨਾਨਕ ਹੀ ਹੈ, ਉਸ ਦਾ ਆਪਣਾ ਨਾਮ ਨਹੀਂ ਚੱਲੇਗਾ। ਗੁਰੂ ਗ੍ਰੰਥ ਸਾਹਿਬ ਜੀ ਗਵਾਹ ਹਨ ਕਿ, ਨਾਨਕ ਜੋਤ ਦਾ ਇਹ ਫੈਸਲਾ ਦਸਵੇਂ ਨਾਨਕ ਤੱਕ ਨਿਰ-ਵਿਘਨ ਚਲਿਆ। ਗੁਰੂ ਗ੍ਰੰਥ ਸਾਹਿਬ ਵਿਚ ਨਾਨਕ ਤੋਂ ਇਲਾਵਾ ਹੋਰ ਕਿਸੇ ਗੁਰੂ-ਸਰੀਰ ਦਾ ਨਾਮ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)