ਸੁਖਮਨੀ ਸਾਹਿਬ(ਭਾਗ 15)
ਸਲੋਕੁ ॥
ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਜੋ ਜੋ ਕਹੈ ਸੁ ਮੁਕਤਾ ਹੋਇ ॥
ਸੁਨਿ ਮੀਤਾ ਨਾਨਕੁ ਬਿਨਵੰਤਾ ॥ ਸਾਧ ਜਨਾ ਕੀ ਅਚਰਜ ਕਥਾ ॥1॥
ਅਰਥ:-
ਉਹ ਬੇਅੰਤ ਪ੍ਰਭੂ, ਜੀਵ ਦੀ ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ, ਜੋ ਜੋ ਮਨੁੱਖ ਉਸ ਨੁੰ ਸਿਮਰਦਾ ਹੈ, ਉਹ ਵਿਕਾਰਾਂ ਦੇ ਜਾਲ ਤੋਂ ਖਲਾਸੀ ਪਾ ਲੈਂਦਾ ਹੈ। ਹੇ ਮਿਤ੍ਰ ਸੁਣ, ਨਾਨਕ ਬੇਨਤੀ ਕਰਦਾ ਹੈ। ਸਿਮਰਨ ਕਰਨ ਵਾਲੇ ਗੁਰਮੁਖਾਂ ਦੇ ਗੁਣਾਂ ਦਾ ਜ਼ਿਕਰ ਹੈਰਾਨ ਕਰਨ ਵਾਲਾਂ ਹੈ। ਸਿਮਰਨ ਦੀ ਬਰਕਤ ਨਾਲ ਭਗਤਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ, ਕਿ ਉਨ੍ਹਾਂ ਗੁਣਾਂ ਦੀ ਗਲ ਛੇੜਿਆਂ ਹੈਰਾਨ ਰਹਿ ਜਾਈਦਾ ਹੈ।1।
ਅਸਟਪਦੀ ॥
ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥
ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥
ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥1॥
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ, ਮੂੰਹ ਉਜਲੇ ਹੁੰਦੇ ਹਨ, ਇੱਜ਼ਤ ਬਣ ਆਉਂਦੀ ਹੈ। ਕਿਉਂਕਿ ਸਾਧੂਆਂ ਦੇ ਕੋਲ ਰਿਹਾਂ , ਵਿਕਾਰਾਂ ਦੀ ਸਾਰੀ ਮੈਲ ਸਾਫ ਹੋ ਜਾਂਦੀ ਹੈ। ਸਾਧੂਆਂ ਦੀ ਸੰਗਤ ਵਿਚ ਹੰਕਾਰ ਦੂਰ ਹੁੰਦਾ ਹੈ, ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ, ਚੰਗੀ ਮੱਤ ਆਉਂਦੀ ਹੈ। ਸੰਤਾਂ ਦੀ ਸੰਗਤ ਵਿਚ, ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ, ਮੰਦੇ ਸੰਸਕਾਰਾਂ, ਵਾਸਨਾ ਦਾ ਸਾਰਾ ਨਬੇੜਾ ਹੋ ਜਾਂਦਾ ਹੈ, ਮੰਦੇ ਪਾਸੇ ਜੀਵ ਜਾਂਦਾ ਹੀ ਨਹੀਂ। ਗੁਰਮੁਖਾਂ ਦੀ ਸੰਗਤ ਵਿਚ ਮਨੁੱਖ ਨਾਮ ਰੂਪ ਰਤਨ ਲੱਭ ਲੈਂਦਾ ਹੈ, ਤੇ ਇਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ। ਸਾਧੂਆਂ ਦੀ ਵਡਿਆਈ, ਕਿਹੜਾ ਮਨੁੱਖ ਕਰ ਸਕਦਾ ਹੈ ?
ਹੇ ਨਾਨਕ, ਸਾਧਾਂ ਦੀ ਸੋਭਾ, ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ।1।
ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥
ਸਾਧ ਕੈ ਸੰਗਿ ਨ ਕਤਹੂੰ ਧਾਵੈ ॥ ਸਾਧਸੰਗਿ ਅਸਥਿਤਿ ਮਨੁ ਪਾਵੈ ॥
ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥2॥
ਗੁਰਮੁਖਾਂ ਦੀ ਸੰਗਤ ਵਿਚ, ਮਨੁੱਖ ਨੂੰ ਉਹ ਪ੍ਰਭੂ ਮਿਲ ਜਾਂਦਾ ਹੈ, ਜੋ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ। ਸਾਧਾਂ ਦੀ ਸੰਗਤ ਵਿਚ ਰਿਹਾਂ, ਪੰਜ ਵਿਕਾਰ ਕਾਬੂ ਆ ਜਾਂਦੇ ਹਨ। ਕਿਉਂਕਿ ਮਨੁੱਖ, ਨਾਮ ਰੂਪ ਅੰਮ੍ਰਿਤ ਦਾ ਸਵਾਦ ਵੇਖ ਲੈਂਦਾ ਹੈ। ਸਾਧਾਂ ਦੀ ਸੰਗਤ ਕੀਤਿਆਂ, ਮਨੁੱਖ ਸਭ ਪ੍ਰਾਣੀਆਂ ਦੇ ਚਰਨਾ ਦੀ ਧੂੜ, ਬਣ ਜਾਂਦਾ ਹੈ, ਅਤੇ ਸਾਰਿਆਂ ਨਾਲ ਮਿੱਠੇ ਬਚਨ ਬੋਲਦਾ ਹੈ। ਸੰਤਾਂ ਦੇ ਸੰਗ ਰਿਹਾਂ, ਮਨੁੱਖ ਦਾ ਮਨ ਕਿਸੇ ਪਾਸੇ ਨਹੀਂ ਡੋਲਦਾ, ਅਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ। ਹੇ ਨਾਨਕ, ਗੁਰਮੁਖਾਂ ਦੀ ਸੰਗਤ ਵਿਚ ਟਿਕਿਆਂ ਮਨੁੱਖ ਮਾਇਆ ਦੇ ਅਸਰ ਤੋਂ ਬੇਦਾਗ ਰਹਿੰਦਾ ਹੈ, ਅਤੇ ਅਕਾਲ ਪੁਰਖ ਉਸ ਉੱਤੇ ਦਇਆਵਾਨ ਹੁੰਦਾ ਹੈ।2।
ਸਾਧਸੰਗਿ ਦੁਸਮਨ ਸਭਿ ਮੀਤ ॥ ਸਾਧੂ ਕੈ ਸੰਗਿ ਮਹਾ ਪੁਨੀਤ ॥
ਸਾਧਸੰਗਿ ਕਿਸ ਸਿਉ ਨਹੀ ਬੈਰੁ ॥ ਸਾਧ ਕੈ ਸੰਗਿ ਨ ਬੀਗਾ ਪੈਰੁ ॥
ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥
ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥
ਆਪੇ ਜਾਨੈ ਸਾਧ ਬਡਾਈ ॥ ਨਾਨਕ ਸਾਧ ਪ੍ਰਭੂ ਬਨਿ ਆਈ ॥3॥
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ, ਸਾਰੇ ਵੈਰੀ ਵੀ. ਦੋਸਤ ਦਿਸਣ ਲੱਗ ਜਾਂਦੇ ਹਨ, ਕਿਉਂਕਿ ਸਤ-ਸੰਗੀਆਂ ਦੀ ਸੰਗਤ ਵਿਚ, ਮਨੁੱਖ ਦਾ ਆਪਣਾ ਹਿਰਦਾ ਬਹੁਤ ਸਾਫ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਵਿਚ ਬੈਠਿਆਂ, ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁਟੀਦਾ। ਭਲਿਆਂ ਦੀ ਸੰਗਤ ਵਿਚ, ਕੋਈ ਮਨੁੱਖ ਵੀ ਭੈੜਾ ਨਹੀਂ ਦਿਸਦਾ, ਕਿਉਂਕਿ ਹਰ ਥਾਂ ਮਨੁੱਖ, ਉੱਚੇ ਸੁਖ ਦੇ ਮਾਲਕ, ਪ੍ਰਭੂ ਨੂੰ ਹੀ ਜਾਣਦਾ ਹੈ। ਗੁਰਮੁਖ ਦੀ ਸੰਗਤ ਕੀਤਿਆਂ, ਹੳੇੁਮੈ ਰੂਪ ਤਾਪ ਨਹੀਂ ਰਹਿ ਜਾਂਦਾ, ਸਾਧੂ ਦੀ ਸੰਗਤ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ। ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ, ਹੇ ਨਾਨਕ, ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਹੋ ਜਾਂਦਾ ਹੈ।3।
ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ਅਜਰੁ ਸਹੈ ॥
ਸਾਧ ਕੈ ਸੰਗਿ ਬਸੈ ਥਾਨਿ ਊਚੈ ॥ ਸਾਧੂ ਕੈ ਸੰਗਿ ਮਹਲਿ ਪਹੂਚੈ ॥
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ ਨਾਨਕ ਸਾਧੂ ਕੈ ਕੁਰਬਾਨ ॥4॥
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ, ਮਨੁੱਖ ਦਾ ਮਨ ਕਦੇ ਭਟਕਦਾ ਨਹੀਂ , ਕਿਉਂਕਿ ਸਾਧਾਂ ਦੀ ਸੰਗਤ ਵਿਚ ਮਨੁੱਖ ਸਦਾ ਸੁਖ ਮਾਣਦਾ ਹੈ। ਸੰਤਾਂ ਦੀ ਸੰਗਤ ਵਿਚ ਪ੍ਰਭੂ ਦਾ ਨਾਮ ਰੂਪ ਅਗੋਚਰ (ਜਿਸ ਤੱਕ ਸ੍ਰੀਰਕ ਇੰਦ੍ਰੀਆਂ ਦੀ ਪਹੁੰਚ ਨਾ ਹੋ ਸਕੇ) ਵਸਤ ਮਿਲ ਜਾਂਦੀ ਹੈ, ਅਤੇ ਮਨੁੱਖ, ਇਹ ਅਜਰੁ (ਜੋ ਜਰਿਆ ਨਾ ਜਾ ਸਕੇ) ਮਰਤਬਾ ਜਰ ਲੈਂਦਾ ਹੈ। ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਉੱਚੇ ਆਤਮਕ ਟਿਕਾਣੇ ਤੇ ਵਸਦਾ ਹੈ, ਤੇ ਅਕਾਲ-ਪੁਰਖ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਸੰਤਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਸਾਰੇ ਧਾਰਮਿਕ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ, ਅਤੇ ਸਿਰਫ ਅਕਾਲ-ਪੁਰਖ ਨੂੰ ਹੀ ਹਰ ਥਾਂ ਵੇਖਦਾ ਹੈ। ਸਤ-ਸੰਗੀਆਂ ਦੀ ਸੰਗਤ ਵਿਚ ਮਨੁੱਖ, ਨਾਮ ਖਜ਼ਾਨਾ ਲੱਭ ਲੈਂਦਾ ਹੈ, ਹੇ ਨਾਨਕ ਆਖ, ਮੈਂ ਅਜਿਹੇ ਸਾਧਾਂ ਤੋਂ ਸਦਕੇ ਹਾਂ।4।
ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
ਸਾਧੂ ਕੈ ਸੰਗਿ ਸੋ ਧਨੁ ਪਾਵੈ ॥ ਜਿਸੁ ਧਨ ਤੇ ਸਭੁ ਕੋ ਵਰਸਾਵੈ ॥
ਸਾਧਸੰਗਿ ਧਰਮ ਰਾਇ ਕਰੇ ਸੇਵਾ ॥ ਸਾਧ ਕੈ ਸੰਗਿ ਸੋਭਾ ਸੁਰਦੇਵਾ ॥
ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥5॥
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਆਪਣੀਆਂ ਕੁਲਾਂ, ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ ਆਪਣੇ ਸੱਜਣਾਂ ਮਿਤ੍ਰਾਂ ਅਤੇ ਪਰਿਵਾਰ ਨੂੰ ਤਾਰ ਲੈਂਦਾ ਹੈ। ਸੰਤਾਂ ਦੀ ਸੰਗਤ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ, ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ। ਸਾਧੂਆਂ ਦੀ ਸੰਗਤ ਵਿਚ ਰਿਹਾਂ ਧਰਮਰਾਜ ਵੀ ਸੇਵਾ ਕਰਦਾ ਹੈ, ਅਤੇ ਦੇਵਤੇ ਵੀ ਸੋਭਾ ਕਰਦੇ ਹਨ। ਗੁਰਮੁਖਾਂ ਦੀ ਸੰਗਤ ਵਿਚ, ਪਾਪ ਦੂਰ ਹੋ ਜਾਂਦੇ ਹਨ, ਕਿਉਂਕਿ ਓਥੇ ਪ੍ਰਭੂ ਦੇ ਅਮਰ ਕਰਨ ਵਾਲੇ ਗੁਣ, ਮਨੁੱਖ ਗਾਉਂਦੇ ਹਨ। ਸੰਤਾਂ ਦੀ ਸੰਗਤ ਵਿਚ ਰਹਿ ਕੇ, ਸਭ ਥਾਈਂ ਪਹੁੰਚ ਹੋ ਜਾਂਦੀ ਹੈ, ੳੱਚੀ ਆਤਮਕ ਸਮਰਥਾ ਮਿਲ ਜਾਂਦੀ ਹੈ, ਹੇ ਨਾਨਕ, ਸਾਧੂ ਦੀ ਸਾੰਗਤ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ।5।
ਏਥੇ ਪਹੁੰਚ ਕੇ ਕੁਝ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਮਝੇ ਬਗੈਰ ਤੁਰ ਜਾਣਾ, ਮਨ ਵਿਚ ਬਹੁਤ ਸਾਰੀਆਂ ਸ਼ੰਕਾ ਲੈ ਜਾਣਾ ਹੈ। ਆਉ ਸਮਝਦੇ ਹਾਂ,
1, 'ਕੁਲਾਂ' ਕੀ ਹੁੰਦੀਆਂ ? 2, ਸੱਜਣ, ਮਿਤ੍ਰ ਅਤੇ ਪਰਿਵਾਰ ਕੀ ਹੁੰਦਾ ? 3, ਧਰਮ-ਰਾਜ ਕੈਸੀ ਸੇਵਾ ਕਦਾ ਹੈ ? 4, ਦੇਵਤੇ ਕੈਸੀ ਸੋਭਾ ਕਰਦੇ ਹਨ ? 5, ਮਨੁੱਖਾ ਜਨਮ ਦਾ ਫਲ ਕੀ ਹੁੰਦਾ ?
1, 'ਕੁਲਾਂ' ਕੀ ਹੁੰਦੀਆਂ ?
ਕੁਲਾਂ ਨੂੰ ਪੀੜ੍ਹੀਆਂ ਵੀ ਕਿਹਾ ਜਾਂਦਾ ਹੈ। ਆਮ ਕਰ ਕੇ ਇਹ ਕੁਲਾਂ, ਇਹ ਪੀੜ੍ਹੀਆਂ, ਪੁਤਾਂ, ਪੋਤਿਆਂ, ਪੜੋਤਿਆਂ ਨਾਲ ਚਲਦੀਆਂ ਹਨ, ਪਰ ਸਿੱਖੀ ਵਿਚ ਅਜਿਹਾ ਨਹੀਂ ਹੈ, ਗੁਰੂ ਨਾਨਕ ਜੀ ਦੇ ਪੁਤ੍ਰ 'ਸ੍ਰੀ ਚੰਦ' ਅਤੇ 'ਲਖਮੀ ਦਾਸ' ਸਨ, ਇਨ੍ਹਾਂ ਦੋਵਾਂ ਨੂੰ ਗੁਰੂ ਸਾਹਿਬ ਦੀ ਜਾਇਦਾਦ ਤਾਂ ਮਿਲੀ, ਪਰ ਇਹ ਗੁਰੂ ਨਾਨਕ ਜੀ ਦੀ 'ਪੀੜ੍ਹੀ' ਜਾਂ 'ਕੁਲ' ਨਹੀਂ ਬਣ ਸਕੇ। ਗੁਰਬਾਣੀ ਸ਼ਬਦ ਹੈ,
ਗੁਰਿ ਬਾਬੇ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥
ਜਿਨ੍ਹਾਂ ਨੂੰ ਬਾਬੇ ਨਾਨਕ ਨੇ ਮਨਮੁਖ ਕਰਾਰ ਦਿੱਤਾ, ਉਨ੍ਹਾਂ ਹੰਕਾਰੀਆਂ ਨੂੰ ਦੂਜੇ ਨਾਨਕ, ਅੰਗਦ ਜੀ ਨੇ ਵੀ ਝੂਠਾ ਮਿਥਿਆ। ਤੀਜੀ ਪੀੜ੍ਹੀ ਬੈਠੇ ਗੁਰੂ ਨੇ, ਜਿਸ ਨੇ ਚੌਥੀ ਪੀੜ੍ਹੀ ਵਾਲੇ ਗੁਰੂ ਨੂੰ ਥਾਪਿਆ, ਵਿਚਾਰ ਕੀਤੀ ਕਿ ਇਨ੍ਹਾਂ ਕੰਗਾਲਾਂ ਦੇ ਕੀ ਵੱਸ ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ, ਤਾਰ ਦਿੱਤੇ, ਹੰਕਾਰ ਦੇ ਫਟੇਂਵੇਂ ਤੋਂ ਬਚਾ ਲਏ। ਸਿੱਖੀ ਵਿਚ 'ਕੁਲ' ਜਾਂ 'ਪੀੜ੍ਹੀ' ਗੁਰਮਤਿ ਦੀ ਸਿਖਿਆ ਅਨੁਸਾਰ ਚੱਲੀ ਹੈ। ਇਹੀ ਸਾਧਨ ਹੈ, ਵਿਕਾਰਾਂ ਤੋਂ ਬਚਾ ਲੈਣ ਦਾ। ਦੂਸਰੀਆਂ 'ਕੁਲਾਂ' ਵਿਚ, ਕੋਈ, ਕਿਸੇ ਦਾ ਕੁਝ ਨਹੀਂ ਸਵਾਰ ਸਕਦਾ।
ਅਮਰ ਜੀਤ ਸਿੰਘ ਚੰਦੀ (ਚਲਦਾ)