ਸੁਖਮਨੀ ਸਾਹਿਬ(ਭਾਗ 16)
2, ਸੱਜਣ, ਮਿਤ੍ਰ ਅਤੇ ਪਰਿਵਾਰ ਕੀ ਹੁੰਦਾ ? 3, ਧਰਮ-ਰਾਜ ਕੈਸੀ ਸੇਵਾ ਕਰਦਾ ਹੈ ? 4, ਦੇਵਤੇ ਕੈਸੀ ਸੋਭਾ ਕਰਦੇ ਹਨ ? 5, ਮਨੁੱਖਾ ਜਨਮ ਦਾ ਫਲ ਕੀ ਹੁੰਦਾ ?
2, ਸੱਜਣ, ਮਿਤ੍ਰ ਅਤੇ ਪਰਿਵਾਰ ਕੀ ਹੁੰਦਾ ?
ਆਮ ਹਾਲਤ ਵਿਚ, ਸਾਡੇ ਬਜ਼ੁਰਗ, ਮੀਆਂ-ਬੀਵੀ ਅਤੇ ਸਾਡੇ ਬਾਲ ਬੱਚੇ, ਸਾਡਾ ਪਰਿਵਾਰ ਹੁੰਦਾ ਹੈ। ਪਰ ਸਿੱਖੀ ਵਿਚ ਉਹ ਲੋਕ, ਜੋ ਸਾਡੇ ਨਾਲ ਸਤ-ਸੰਗਤ ਵਿਚ ਜੁੜ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਉਹ ਹੀ ਸਾਡਾ ਪਰਿਵਾਰ ਹੈ, ਭਾਵੇਂ ਉਨ੍ਹਾਂ ਵਿਚ ਸਾਡੇ ਦੁਨਿਆਵੀ ਪਰਿਵਾਰ ਦੇ ਕੁਝ ਲੋਕ ਵੀ ਹੋਣ। ਇਹੀ ਲੋਕ ਇਕ-ਦੂਸਰੇ ਦਾ ਸਹਾਰਾ ਲੈ ਕੇ ਪਰਮਾਤਮਾ ਨਾਲ ਜੁੜਨ ਦਾ ਯਤਨ ਕਰਦੇ ਹਨ। ਇਹੀ ਸਾਡਾ ਅਸਲ਼ੀ ਪਰਿਵਾਰ ਹੈ। ਇਸ ਵਿਚ ਜੋ ਸੱਜਣ-ਮਿਤ੍ਰ ਹੋਣ, ਉਹ ਵੀ ਪਰਿਵਾਰ ਦਾ ਹੀ ਹਿੱਸਾ ਹੁੰਦਾ ਹੈ, ਬਾਕੀ ਦੁਨਿਆਵੀ ਸੱਜਣ-ਮਿਤ੍ਰ ਹੁੰਦੇ ਹਨ।
3, ਧਰਮ-ਰਾਜ ਕੈਸੀ ਸੇਵਾ ਕਰਦਾ ਹੈ ?
ਇਸ ਨੂੰ ਸਮਝਣ ਲਈ, ਇਹ ਸਮਝਣਾ ਜ਼ਰੂਰੀ ਹੈ ਕਿ ਸਿੱਖੀ ਵਿਚ ਧਰਮ ਰਾਜ ਕੀ ਹੈ ?
ਦੂਸਰੇ ਧਰਮਾਂ ਵਾਙ ਸਿੱਖੀ ਵਿਚ ਰੱਬ ਨੇ ਆਪਣਾ ਕੰਮ ਕਰਨ ਲਈ, ਕੋਈ ਕਾਰਿੰਦੇ ਨਹੀਂ ਰੱਖੇ ਹੋਏ, ਬਲਕਿ ਰੱਬ ਦਾ ਹਰ ਕੰਮ ਉਸ ਦੇ ਬਣੇ ਨਿਯਮਾਂ ਅਧੀਨ ਚਲਦਾ ਹੈ, ਇਨ੍ਹਾਂ ਵਿਚ ਹੀ ਇਹ ਕੰਮ ਵੀ ਹੈ, ਜਿਸ ਦੇ ਅਧੀਨ, ਜੀਵਾਂ ਵਲੋਂ ਕੀਤੇ ਜਾਂਦੇ ਕੰਮ ਦਾ ਲੇਖਾ ਜੋਖਾ ਰੱਖਿਆ ਜਾਦਾ ਹੈ। ਉਸ ਵੇਲੇ ਦੀ ਪ੍ਰਚਲਤ ਭਾਸ਼ਾ ਵਿਚ, ਅਜਿਹਾ ਲੇਖਾ ਜੋਖਾ ਰੱਖਣ ਵਾਲੇ ਨੂੰ ਧਰਮ-ਰਾਜ ਕਿਹਾ ਜਾਂਦਾ ਸੀ, ਇਹੀ ਲਫਜ਼ ਗੁਰੂ ਸਾਹਿਬ ਨੇ ਵੀ ਵਰਤਿਆ ਹੈ। ਆਪਣਾ ਵਿਸ਼ਾ ਇਹ ਨਹੀਂ ਕਿ, ਇਹ ਬੰਦਾ ਜਾਂ ਦੇਵਤਾ ਕੈਸਾ ਹੈ ? ਨਾ ਇਹ ਹੀ ਹੈ ਕਿ, ਉਸ ਦਾ ਦਫਤਰ ਕਿਹੋ ਜਿਹਾ ਹੈ ? ਜਾਂ ਕਿੱਥੇ ਹੈ ? ਆਪਣਾ ਮਕਸਦ ਹੈ ਕਿ ਉਸ ਦਾ ਕੰਮ ਕਿਵੇਂ ਚਲਦਾ ਹੈ ? ਗੁਰਮਤਿ ਅਨੁਸਾਰ, ਜੀਵ ਜਿਹਾ ਕੰਮ ਕਰਦੇ ਹਨ, ਉਸ ਦਾ ਫਲ ਉਨ੍ਹਾਂ ਨੂੰ ਮਿਲ ਜਾਂਦਾ ਹੈ।
ਏਥੇ ਗੱਲ ਹੈ(ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ) ਗੱਲ ਇਹ ਹੈ ਕਿ ਸਿੱਖੀ ਅਨੁਸਾਰ ਮਨੁੱਖਾ ਜਨਮ ਦਾ ਟੀਚਾ ਕੀ ਹੈ ? ਜੋ ਪੂਰਾ ਹੋਣ ੳਪ੍ਰੰਤ ਜੀਵ ਨੂੰ ਉਸ ਦਾ ਫਲ ਮਿਲ ਜਾਂਦਾ ਹੈ ? ਸਿੱਖੀ ਅਨੁਸਾਰ ਮਨੁੱਖਾ ਜੂਨ ਦਾ ਟੀਚਾ, ਮਨ ਵਲੋਂ ਪਰਮਾਤਮਾ ਨਾਲ ਮਿਲਾਪ ਹਾਸਲ ਕਰਨਾ ਹੈ, ਜਿਸ ਮਗਰੋਂ ਮਨ ਦੀ ਆਪਣੀ ਵੱਖਰੀ ਹਸਤੀ ਖਤਮ ਹੋ ਜਾਂਦੀ ਹੈ, ਅਤੇ ਮਨ ਓਸੇ ਪਰਮਾਤਮਾ ਵਿਚ ਵਿਲੀਨ ਹੋ ਜਾਂਦਾ ਹੈ, ਜੋ ਉਸ ਦਾ ਮੂਲ ਹੈ। ਜਦੋਂ ਤੱਕ ਮਨ ਆਪਣਾ ਕੰਮ ਪੂਰਾ ਨਹੀਂ ਕਰਦਾ, ਤਦ ਤੱਕ ਉਸ ਦਾ ਲੇਖਾ-ਜੋਖਾ ਰੱਖਿਆ ਜਾਂਦਾ ਹੈ, ਅਤੇ ਲੇਖਾ-ਜੋਖਾ ਧਰਮ-ਰਾਜ ਦੇ ਜ਼ਿੱਮੇ ਹੈ। ਜਦ ਮਨ ਦਾ ਕੰਮ ਖਤਮ ਹੋ ਜਾਂਦਾ ਹੈ, ਨਾਲ ਹੀ ਉਸ ਬਾਰੇ, ਧਰਮ-ਰਾਜ ਦਾ ਕੰਮ ਵੀ ਮੁੱਕ ਜਾਂਦਾ ਹੈ, ਮਨ ਪਰਮਾਤਮਾ ਵਿਚ ਮਿਲ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ, ਉਸ ਵੇਲੇ ਧਰਮ-ਰਾਜ ਦਾ ਕੰਮ ਰੱਬ ਦਾ ਹੁਕਮ ਮੰਨਣਾ ਹੈ। ਤਾਂ ਸੁਭਾਵਕ ਹੀ ਧਰਮ-ਰਾਜ, ਉਸ ਮਨ ਦਾ ਹੁਕਮ ਵੀ ਮੰਨਦਾ ਹੈ। ਇਹ ਹੈ, ਧਰਮਰਾਜ ਵੀ ਸੇਵਾ ਕਰਦਾ ਹੈ, ਪਰ ਇਹ ਕਰਦਾ ਤੱਦ ਹੈ, ਜਦ ਉਹ ਮਨ, ਸਾਧੂਆਂ ਦੀ ਸੰਗਤ ਵਿਚ ਰਹਿੰਦਾ ਹੈ। ਅਤੇ ਫਿਰ ਮਨ ਨੂੰ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ।
ਹੁਣ ਗੱਲ ਆ ਜਾਂਦੀ ਹੈ ਦੇਵਤਿਆਂ ਵਲੋਂ ਸੋਭਾ ਕਰਨ ਦੀ। ਮੂਲ ਰੂਪ ਵਿਚ ਦੇਵਤੇ ਵੀ ਪਰਮਾਤਮਾ ਨਾਲ ਮਿਲਣ ਲਈ, ਮਨੁੱਖਾ ਦੇਹੀ ਭਾਲਦੇ ਹਨ, ਗੁਰਬਾਣੀ ਫੁਰਮਾਨ ਹੈ,
ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥
ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥1॥ (1159)
ਹੇ ਭਾਈ, ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ, ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ। ਇਸ ਸਰੀਰ ਦੀ ਖਾਤਰ ਦੇਵਤੇ ਵੀ ਤਾਂਘਦੇ ਹਨ। ਤੈਨੂੰ ਇਹ ਸਰੀਰ ਮਿਲਿਆ ਹੈ, ਇਸ ਰਾਹੀਂ ਨਾਮ ਸਿਮਰ, ਹਰੀ ਦਾ ਭਜਨ ਕਰ । ਜਿਸ ਦੇਹੀ ਨੂੰ ਦੇਵਤੇ ਵੀ ਲੋਚਦੇ ਹਨ, ਮਨੁੱਖ ਉਸ ਦੇਹੀ ਵਿਚ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਮਨੁੱਖਾ ਜਨਮ ਦਾ ਫਲ, ਮਿਲ ਜਾਂਦਾ ਹੈ, ਤਾਂ ਦੇਵਤੇ ਉਸ ਤੋਂ ਹੋਰ ਪੱਛੜ ਗਏ, ਫਿਰ ਦੇਵਤਿਆਂ ਨੇ ਤਾਂ ਸੋਭਾ ਕਰਨੀ ਹੀ ਹੋਈ।
(ਇਕ ਗੱਲ ਬਹੁਤ ਜ਼ਰੂਰੀ ਸਮਝਣ ਦੀ ਹੈ ਕਿ, ਗੁਰਬਾਣੀ ਨੂੰ ਗੁਰਬਾਣੀ ਵਾਙ ਹੀ ਸਮਝੋ, ਦੂਸਰੇ ਅਖੌਤੀ ਧਰਮਾਂ ਵਾਙ ਨਹੀਂ।)
ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥
ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥
ਜੋ ਇਛੈ ਸੋਈ ਫਲੁ ਪਾਵੈ ॥ ਸਾਧ ਕੈ ਸੰਗਿ ਨ ਬਿਰਥਾ ਜਾਵੈ ॥
ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥6॥
ਸਾਧਾਂ ਦੀ ਸੰਗਤ ਵਿਚ ਰਿਹਾਂ, ਤਪ ਆਦਿ ਤਪਣ ਦੀ ਲੋੜ ਨਹੀਂ ਰਹਿੰਦੀ, ਉਨ੍ਹਾਂ ਨੂੰ ਮਿਲ ਕੇ, ਉਨ੍ਹਾਂ ਦੇ ਵਿਚਾਰ ਸੁਣ ਕੇ ਹੀ, ਹਿਰਦਾ ਖਿੜ ਆਉਂਦਾ ਹੈ। ਗੁਰਮੁਖਾਂ ਦੀ ਸੰਗਤ ਵਿਚ ਮਨੁੱਖ, ਆਪਣੇ ਪਾਪ ਨਾਸ ਕਰ ਲੈਂਦਾ ਹੈ, ਤੇ ਇਸ ਤਰ੍ਹਾਂ ਨਰਕਾਂ ਤੋਂ ਬਚ ਜਾਂਦਾ ਹੈ। ਸੰਤਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ, ਇਸ ਲੋਕ ਅਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ। ਅਤੇ ਪ੍ਰਭੂ ਤੋਂ ਵਿਛੜਿਆ ਹੋਇਆ, ਮੁੜ ਉਸ ਨੂੰ ਮਿਲ ਪੈਂਦਾ ਹੈ। ਗੁਰਮੁਖਾਂ ਦੀ ਸੰਗਤ ਵਿਚੋਂ ਮਨੁੱਖ ਬੇ-ਮੁਰਾਦ ਹੋ ਕੇ ਨਹੀਂ ਜਾਂਦਾ, ਸਗੋਂ ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ। ਅਕਾਲ-ਪੁਰਖ, ਸੰਤਾਂ (ਸਤ-ਸੰਗੀਆਂ) ਦੇ ਹਿਰਦੇ ਵਿਚ ਵਸਦਾ ਹੈ, ਹੇ ਨਾਨਕ, ਮਨੁੱਖ, ਸਾਧੂਆਂ ਦੀ ਜਬਾਨ ਤੋਂ ਉਪਦੇਸ਼ ਸੁਣ ਕੇ, ਵਿਕਾਰਾਂ ਤੋਂ ਬਚ ਜਾਂਦਾ ਹੈ।6।
ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
ਸਾਧਸੰਗਿ ਭਏ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥
ਸਾਧ ਕੈ ਸੰਗਿ ਮਿਟੇ ਸਭਿ ਰੋਗ ॥ ਨਾਨਕ ਸਾਧ ਭੇਟੇ ਸੰਜੋਗ ॥7॥
ਮੇਰੀ ਇਹੀ ਕਾਮਨਾ ਹੈ ਕਿ, ਮੈਂ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ, ਤੇ ਪ੍ਰਭੂ ਦੇ ਗੁਣ ਗਾਵਾਂ। ਸੰਤਾਂ ਦੀ ਸੰਗਤ ਵਿਚ ਰਿਹਾਂ, ਪ੍ਰਭੂ ਮਨ ਤੋਂ ਵਿਸਰਦਾ ਨਹੀਂ, ਸਾਧਾਂ ਦੀ ਸੰਗਤ ਵਿਚ, ਮਨੁੱਖ ਵਿਕਾਰਾਂ ਤੋਂ ਜ਼ਰੂਰ ਬਚ ਨਿਕਲਦਾ ਹੈ। ਭਲਿਆਂ ਦੀ ਸੰਗਤ ਵਿਚ ਰਿਹਾਂ, ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ, ਤੇ ਉਹ ਹਰ ਸਰੀਰ ਵਿਚ ਵਿਖਾਈ ਦੇਣ ਲਗ ਜਾਂਦਾ ਹੈ। ਸਾਧੂਆਂ ਦੀ ਸੰਗਤ ਕੀਤਿਆਂ, ਅਸੀਂ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ, ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ। ਸੰਤਾਂ ਦੀ ਸੋਹਬਤ ਵਿਚ, ਵਿਕਾਰ ਆਦਿ ਸਾਰੇ ਰੋਗ ਮਿਟ ਜਾਂਦੇ ਹਨ, ਹੇ ਨਾਨਕ, ਵੱਡੇ ਭਾਗਾਂ ਨਾਲ ਸਾਧੂ ਮਿਲਦੇ ਹਨ।7।
ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥
ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥
ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥8॥7॥
ਸਾਧ ਦੀ ਵਡਿਆਈ, ਵੇਦ ਵੀ ਨਹੀਂ ਜਾਣਦੇ, ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ, ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ। ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ, ਮਾਇਆ ਦੇ ਪਸਾਰੇ ਵਿਚ ਕੋਈ ਅਜਿਹਾ ਨਹੀਂ, ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ, ਸਾਧ ਦੀ ਸਮਾਨਤਾ, ਪ੍ਰਭੂ ਨਾਲ ਹੀ ਕੀਤੀ ਜਾ ਸਕਦੀ ਹੈ। ਸਾਧ ਦੀ ਸੋਭਾ ਦਾ ਅੰਦਾਜ਼ਾ ਨਹੀਂ ਲਗ ਸਕਦਾ, ਇਸ ਨੂੰ ਸਦਾ ਬੇ-ਅੰਤ ਹੀ ਕਿਹਾ ਜਾ ਸਕਦਾ ਹੈ। ਸਾਧੂ ਦੀ ਸੋਭਾ, ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ, ਤੇ ਬਹੁਤ ਵੱਡੀ ਹੈ। ਸਾਧੂ ਦੀ ਸੋਭਾ, ਸਾਧੂ ਨੂੰ ਹੀ ਫੱਬਦੀ ਹੈ, ਹੇ ਨਾਨਕ ਆਖ, ਹੇ ਭਾਈ, ਸਾਧੂ ਅਤੇ ਪ੍ਰਭੂ ਵਿਚ ਕੋਈ ਫਰਕ ਨਹੀਂ ਹੈ।8।7।
ਅਮਰ ਜੀਤ ਸਿੰਘ ਚੰਦੀ (ਚਲਦਾ)