ਸੁਖਮਨੀ ਸਾਹਿਬ(ਭਾਗ 18)
ਸਲੋਕੁ ॥
ਉਰਿ ਧਾਰੈ ਜੋ ਅੰਤਰਿ ਨਾਮੁ ॥ ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਮਸਕਾਰੈ ॥ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥1॥
ਅਰਥ:-
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ-ਪੁਰਖ ਦਾ ਨਾਮ ਟਿਕਾ ਰੱਖਦਾ ਹੈ, ਅਤੇ ਭਗਵਾਨ ਨੂੰ ਸਭਨਾ ਵਿਚ ਵਿਆਪਕ ਵੇਖਦਾ ਹੈ, ਜੋ ਪਲ ਪਲ ਆਪਣੇ ਪ੍ਰਭੂ ਨੂੰ ਯਾਦ ਕਰਦਾ ਹੈ, ਹੇ ਨਾਨਕ, ਉਹ ਅਸਲੀ ਅਪਰਸ (ਅਛੋਹ) ਹੈ, ਅਤੇ ਸਾਰੇ ਜੀਵਾਂ ਨੂੰ, ਭਵ-ਸਾਗਰ ਤੋਂ ਪਾਰ ਕਰ ਲੈਂਦਾ ਹੈ।1।
ਅਸਟਪਦੀ ॥
ਮਿਥਿਆ ਨਾਹੀ ਰਸਨਾ ਪਰਸ ॥ ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥
ਕਰਨ ਨ ਸੁਨੈ ਕਾਹੂ ਕੀ ਨਿੰਦਾ ॥ ਸਭ ਤੇ ਜਾਨੈ ਆਪਸ ਕਉ ਮੰਦਾ ॥
ਗੁਰ ਪ੍ਰਸਾਦਿ ਬਿਖਿਆ ਪਰਹਰੈ ॥ ਮਨ ਕੀ ਬਾਸਨਾ ਮਨ ਤੇ ਟਰੈ ॥
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥1॥
ਜੋ ਮਨੁੱਖ, ਮਨ ਵਿਚ ਅਕਾਲ-ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ, ਮਾਇਆ ਦੇ ਲਾਲਚ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ, ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਗਲਤ ਸੋਚ ਨਾਲ ਨਹੀਂ ਤੱਕਦਾ, ਭਲੇ ਮਨੁੱਖਾਂ ਦੀ ਟਹਲ ਕਰਦਾ ਹੈ, ਤੇ ਸਤ-ਸੰਗੀਆਂ ਦੀ ਸੰਗਤ ਨਾਲ ਪ੍ਰੀਤ ਕਰਦਾ ਹੈ। ਜੋ ਕੰਨਾਂ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਦਾ, ਸਾਰਿਆਂ ਨਾਲੋਂ ਆਪਣੇ-ਆਪ ਨੂੰ ਮਾੜਾ ਸਮਝਦਾ ਹੈ। ਜੋ ਗੁਰੂ ਦੀ ਮਿਹਰ ਸਦਕਾ, ਮਾਇਆ ਦਾ ਪ੍ਰਭਾਵ ਪਰੇ ਹਟਾ ਦਿੰਦਾ ਹੈ, ਜਿਸ ਦੇ ਮਨ ਦੀ ਵਾਸਨਾ, ਗੁਰੂ ਦੀ ਮਿਹਰ ਸਦਕਾ ਮਨ ਤੋਂ ਹਟ ਜਾਂਦੀ ਹੈ। ਜੋ ਇੰਦਰੀਆਂ ਤੇ ਕਾਬੂ ਕਰ ਕੇ, ਪੰਜਾਂ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ, ਕ੍ਰੋੜਾਂ ਵਿਚੋਂ, ਕੋਈ ਵਿਰਲਾ ਹੀ ਬੰਦਾ ਅਜਿਹਾ ਹੁੰਦਾ ਹੈ, ਜਿਸ ਨੂੰ ਅਸਲੀ ਅਰਥਾਂ ਵਿਚ 'ਅਪਰਸ' ਅਛੋਹ, ਕਿਹਾ ਜਾ ਸਕਦਾ ਹੈ।1।
ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ ਬਿਸਨ ਕੀ ਮਾਇਆ ਤੇ ਹੋਇ ਭਿੰਨ ॥
ਕਰਮ ਕਰਤ ਹੋਵੈ ਨਿਹਕਰਮ ॥ ਤਿਸੁ ਬੈਸਨੋ ਕਾ ਨਿਰਮਲ ਧਰਮ ॥
ਕਾਹੂ ਫਲ ਕੀ ਇਛਾ ਨਹੀ ਬਾਛੈ ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥
ਮਨ ਤਨ ਅੰਤਰਿ ਸਿਮਰਨ ਗੋਪਾਲ ॥ ਸਭ ਊਪਰਿ ਹੋਵਤ ਕਿਰਪਾਲ ॥
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥2॥
ਜੋ ਮਨੁਖ, ਮਾਇਆ ਦੇ ਅਸਰ ਤੋਂ ਬੇਦਾਗ ਹੈ, ਤੇ ਜਿਸ ਉੱਤੇ ਪ੍ਰਭੂ ਆਪ ਮਿਹਰਬਾਨ ਹੈ, ਉਹ ਅਸਲੀ ਵੈਸ਼ਨੋ ਹੈ, ਉਸ ਵੈਸ਼ਨੋ ਦਾ ਧਰਮ ਵੀ ਪਵਿੱਤ੍ਰ ਹੈ, ਜੋ ਧਰਮ ਦੇ ਕੰਮ ਕਰਦਾ ਹੋਇਆ, ਇਨ੍ਹਾਂ ਕੰਮਾਂ ਦੇ ਫਲ ਦੀ ਇੱਛਾ ਨਹੀੰ ਕਰਦਾ। ਜੋ ਸਦਾ ਰੱਬ ਦੀ ਭਗਤੀ ਅਤੇ ਸਿਫਤ-ਸਾਲਾਹ ਕਰਦੇ ਹੋਏ ਵੀ ਕਿਸੇ ਫਲ ਦੀ ਕਾਮਨਾ ਨਹੀਂ ਕਰਦਾ। ਜਿਸ ਦੇ ਮਨ ਅਤੇ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ, ਜੋ ਸਭ ਜੀਵਾਂ ਉੱਤੇ ਦਇਆ ਕਰਦਾ ਹੈ। ਜੋ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਟਿਕਾਉਂਦਾ ਹੈ, ਤੇ ਦੂਸਰਿਆਂ ਨੂੰ ਵੀ ਅਜਿਹਾ ਕਰਵਾਉਂਦਾ ਹੈ, ਹੇ ਨਾਨਕ, ਅਜਿਹਾ ਵੈਸ਼ਨੋ, ਉੱਚਾ ਦਰਜਾ ਹਾਸਲ ਕਰ ਲੈਂਦਾ ਹੈ।2।
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥
ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥3॥
ਭਗਵਾਨ ਦਾ ਅਸਲੀ ਉਪਾਸਕ ਉਹ ਹੈ, ਜਿਸ ਦੇ ਹਿਰਦੇ ਵਿਚ, ਭਗਵਾਨ ਦੀ ਭਗਤੀ ਦਾ ਪਿਆਰ ਹੈ, ਤੇ ਜੋ ਸਾਰੇ ਬੁਰੇ ਕੰਮ ਕਰਨ ਵਾਲਿਆਂ ਨੂੰ ਛੱਡ ਦੇਂਦਾ ਹੈ। ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ-ਭਰਮ ਮਿਟ ਜਾਂਦਾ ਹੈ, ਜੋ ਅਕਾਲ-ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ। ਉਸ ਭਗਉਤੀ ਦੀ ਮਤ ਉੱਚੀ ਹੁੰਦੀ ਹੈ, ਜੋ ਸਤ-ਸੰਗਤ ਵਿਚ ਜੁੜ ਕੇ, ਨਾਮ ਦੇ ਵਿਚਾਰ ਰਾਹੀਂ, ਪਾਪਾਂ ਦੀ ਮੈਲ, ਮਨ ਤੋਂ ਦੂਰ ਕਰਦਾ ਹੈ। ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ ਪਿਆਰ ਤੋਂ ਆਪਣਾ ਮਨ ਅਤੇ ਤਨ ਨਿਛਾਵਰ ਕਰ ਦੇਂਦਾ ਹੈ, ਜੋ ਪ੍ਰਭੂ ਦੇ ਚਰਨ, ਸਦਾ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਹੇ ਨਾਨਕ, ਅਜਿਹਾ ਭਗਉਤੀ , ਭਗਵਾਨ ਨੂੰ ਲੱਭ ਲੈਂਦਾ ਹੈ।3।
ਸੋ ਪੰਡਿਤੁ ਜੋ ਮਨੁ ਪਰਬੋਧੈ ॥ਰਾਮ ਨਾਮੁ ਆਤਮ ਮਹਿ ਸੋਧੈ ॥
ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ਹਰਿ ਕੀ ਕਥਾ ਹਿਰਦੈ ਬਸਾਵੈ ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥
ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥4॥
ਅਸਲੀ ਪੰਡਿਤ, ਉਹ ਹੈ, ਜੋ ਆਪਣੇ ਮਨ ਨੂੰ ਸਿਖਿਆਾ ਦੇਂਦਾ ਹੈ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਲੱਭਦਾ ਹੈ। ਉਸ ਪੰਡਿਤ ਦੇ ਉੋਪਦੇਸ਼ ਨਾਲ ਸਾਰਾ ਸੰਸਾਰ, ਆਤਮਕ ਜ਼ਿੰਦਗੀ ਹਾਸਲ ਕਰਦਾ ਹੈ, ਉਹ ਪ੍ਰਭੂ-ਨਾਮ ਦਾ ਮਿੱਠਾ ਸਵਾਦ ਲੈਂਦਾ ਹੈ। ਉਹ ਪੰਡਿਤ, ਮੁੜ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਜੋ ਅਕਾਲ-ਪੁਰਖ ਦੀ ਸਿਫਤ-ਸਾਲਾਹ ਦੀਆਂ ਗੱਲਾਂ, ਆਪਣੇ ਹਿਰਦੇ ਵਿਚ ਵਸਾਉਂਦਾ ਹੈ। ਜੋ ਸਭ, ਧਰਮ ਪੁਸਤਕਾਂ ਦਾ ਮੁੱਢ, ਪਰਮਾਤਮਾ ਨੂੰ ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ, ਇਹ ਸਾਰਾ ਦਿਸਦਾ ਸੰਸਾਰ, ਉਸ ਨਿਰ-ਗੁਣ ਪ੍ਰਭੂ ਦੇ ਆਸਰੇ ਹੀ ਹੈ। ਜੋ ਪੰਡਿਤ, ਚਾਰੇ ਹੀ ਵਰਣਾਂ ਨੂੰ, ਇਕ ਸਮਾਨ ਸਿਖਿਆ ਦੇਂਦਾ ਹੈ, ਹੇ ਨਾਨਕ, ਆਖ, ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ।4।
(ਪੰਡਿਤ ਬਾਰੇ ਕਿੰਨਾ ਸਪੱਸ਼ਟ ਗਿਆਨ ਦਿੱਤਾ ਹੈ, ਪਰ ਸਾਡੇ ਗਿਆਨ-ਵਾਨ ਸਿੱਖ ਤਾਂ, ਬ੍ਰਾਹਮਣ ਨੂੰ ਹੀ ਪੰਡਿਤ ਕਹਿੰਦੇ ਨਹੀਂ ਥੱਕਦੇ। ਬ੍ਰਾਹਮਣਾਂ ਵਲੋਂ ਬਣਾਏ ਵਰਣਾਂ (ਸ਼ੂਦਰ, ਵੈਸ, ਖਤ੍ਰੀ, ਬ੍ਰਾਹਮਣ) ਵਿਚੋਂ ਕਿਤੇ ਪੰਡਿਤ ਦੀ ਗੱਲ ਨਹੀਂ ਹੈ। ਫਿਰ ਬ੍ਰਾਹਮਣ ਦੇ ਨਾਲ ਇਹ ਪੰਡਿਤ ਕਿਵੇਂ ਜੁੜ ਗਿਆ ? ਪੰਡਿਤ ਦਾ ਅਰਥ ਹੈ ਵਿਦਵਾਨ, ਜਦ ਬ੍ਰਾਹਮਣ ਨੇ ਆਪਣੇ ਕੰਮਾਂ ਦੀ ਵਿਆਖਿਆ ਕੀਤੀ ਤਾਂ, ਉਸ ਵਿਚ, ਸਿਖਿਆ ਲੈਣੀ ਅਤੇ ਦੇਣੀ, ਯਾਨੀ ਅੱਜ ਦੀ ਸਰਕਾਰ ਦੀ ਨੀਤੀ, ਆਮ ਜਨਤਾ ਨੂੰ ਅਨ-ਪੜ੍ਹ ਰੱਖਣ ਦੀ, ਉਸ ਵੇਲੇ ਹੀ ਮਿੱਥ ਲਈ ਗਈ ਸੀ, ਜਿਸ ਨਾਲ ਆਮ ਜਨਤਾ ਤੇ ਸੌਖਿਆਂ ਰਾਜ ਕੀਤਾ ਜਾ ਸਕੇ। ਇਸ ਦੇ ਹੁੰਦਿਆਂ ਵੀ, ਬਹੁਤ ਸਾਰੇ ਭਗਤ, ਵਿਦਵਾਨ ਹੋਏ, ਅਤੇ ਬ੍ਰਾਹਮਣ ਦੀ ਨੀਤੀ ਦੇ ਗਲਤ ਹੋਣ ਦੀ ਆਵਾਜ਼ ਉਠਾਈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਬ੍ਰਾਹਮਣ ਨੇ ਆਪਣੇ ਆਪ ਨੂੰ ਪਡਿਤ ਯਾਨੀ, ਵਿਦਵਾਨ ਕਹਿਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਅੱਜ ਦੇ ਸਿੱਖ ਵੀ ਪਰਚਾਰਦੇ ਹਨ, ਜਦ ਕਿ ਗੁਰੂ ਸਾਹਿਬ ਨੇ, ਸਿੱਖਾਂ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਵਿਚ ਇਸ ਦਾ ਖੁਲ੍ਹਾ ਖੁਲਾਸਾ ਕੀਤਾ ਹੈ। ਪਰ ਸਿੱਖਾਂ ਨੂੰ ਤਾਂ ਤਦ ਹੀ ਪਤਾ ਲੱਗੇ, ਜੇ ਇਸ ਨੂੰ ਵਿਚਾਰਿਆ ਜਾਵੇ। ਸਿੱਖੀ ਵਿਚਲੇ ਬਰਾਹਮਣ ਰੂਪੀ ਸੰਤਾਂ ਨੇ ਤਾਂ ਉਸ ਦੀ ਸ਼ਕਤੀ ਦੇ ਅਲੱਗ ਹੀ ਰੂਪ ਮਿਥੇ ਹਨ, ਅਤੇ ਇਸ ਬਾਣੀ ਨੂੰ, ਸਿਰਫ ਰੱਟੇ ਜੋਗਾ ਹੀ ਕਰ ਦਿੱਤਾ ਹੈ।
(ਇਵੇਂ ਹੀ ਬਹੁਤ ਸਾਰੀ ਬਾਣੀ ਨਾਲ ਕੀਤਾ ਗਿਆ ਹੈ, ਅਤੇ ਕੀਤਾ ਜਾ ਰਿਹਾ ਹੈ, ਸਿੱਖਾਂ ਨੂੰ ਇਸ ਬਾਰੇ ਬਹੁਤ ਸੁਚੇਤ ਹੋਣ ਦੀ ਲੋੜ ਹੈ।)
ਗਿਆਨ ਹੀਣ, ਅਗਿਆਨੀ ਸਿੱਖਾਂ ਨੂੰ ਤਾਂ ਆਖਰੀ ਤੁਕ ਹੀ ਪਸੰਦ ਆਉਂਦੀ ਹੈ।
(ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ )
ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥
ਜੋ ਜੋ ਜਪੈ ਤਿਸ ਕੀ ਗਤਿ ਹੋਇ ॥ ਸਾਧਸੰਗਿ ਪਾਵੈ ਜਨੁ ਕੋਇ ॥
ਕਰਿ ਕਿਰਪਾ ਅੰਤਰਿ ਉਰ ਧਾਰੈ ॥ ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥
ਸਰਬ ਰੋਗ ਕਾ ਅਉਖਦੁ ਨਾਮੁ ॥ਕਲਿਆਣ ਰੂਪ ਮੰਗਲ ਗੁਣ ਗਾਮ ॥
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥5॥
(ਸ਼ੂਦਰ, ਵੈਸ, ਖਤ੍ਰੀ, ਬ੍ਰਾਹਮਣ) ਚਾਰੇ ਹੀ ਜਾਤੀਆਂ ਵਿਚੋਂ, ਕੋਈ ਵੀ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਵੇਖ ਲਵੇ, ਨਾਮ ਹੀ ਸਭ ਮੰਤ੍ਰਾਂ ਵਿਚੋਂ ਮੁੱਢਲਾ ਮੰਤ੍ਰ ਹੈ, ਜਿਸ ਵਿਚੋਂ ਸਾਰੇ ਮੰਤ੍ਰ ਪੈਦਾ ਹੋਏ ਹਨ। ਜੋ ਜੋ ਮਨੁੱਖ ਨਾਮ ਜਪਦਾ ਹੈ, ਉਸ ਦੀ ਜ਼ਿੰਦਗੀ ਉੱਚੀ ਹੋ ਜਾਂਦੀ ਹੈ, ਪਰ ਕੋਈ ਵਿਰਲਾ ਹੀ ਮਨੁੱਖ ਸਤ-ਸੰਗਤ ਵਿਚ ਰਹਿ ਕੇ ਇਸ ਨੂੰ ਪਰਾਪਤ ਕਰਦਾ ਹੈ। ਪਸੂ, ਚੰਦਰੀ ਰੂਹ, ਮੂਰਖ, ਪੱਥਰ ਦਿਲ ਮਨੁੱਖ, ਸਭ ਨੂੰ ਨਾਮ ਤਾਰ ਦੇਂਦਾ ਹੈ, ਜੇ ਪ੍ਰਭੂ ਮਿਹਰ ਕਰ ਕੇ, ਉਸ ਦੇ ਮਨ ਵਿਚ ਨਾਮ,ਟਿਕਾ ਦੇਵੇ। ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਅਤੇ ਸੁਖ ਦੀ ਨਸ਼ਾਨੀ ਹੈ। ਇਹ ਨਾਮ, ਆਪਣੀ ਜੁਗਤ ਨਾਲ ਜਾਂ, ਕਿਸੇ ਧਾਰਮਿਕ ਰਸਮ-ਰਵਾਜ ਦੇ ਕਰਨ ਨਾਲ ਨਹੀਂ ਮਿਲਦਾ, ਹੇ ਨਾਨਕ, ਇਹ ਨਾਮ ਉਸ ਨੂੰ ਮਿਲਦਾ ਹੈ, ਜਿਸ ਦੇ ਕੀਤੇ ਚੰਗੇ ਕਰਮਾਂ ਦੇ ਆਧਾਰ ਤੇ ਲਿਖੇ ਲੇਖ, ਜਾਂ ਪ੍ਰਭੂ ਵਲੋਂ ਹੋਈ ਮਿਹਰ ਕਾਰਨ ਹੀ ਮਿਲਦਾ ਹੈ ।5।
ਅਮਰ ਜੀਤ ਸਿੰਘ ਚੰਦੀ (ਚਲਦਾ)