ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 21)
ਸਲੋਕੁ
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥1॥5
ਅਰਥ:-
ਸਾਰੀਆਂ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਛੱਡ ਕੇ, ਜੀਵ, ਹੋਰ ਸੁਆਦ ਵਿਚ ਲਗਦੇ ਹਨ, ਹੇ ਨਾਨਕ, ਪਰ ਇਹੋ ਜਿਹਾ ਕੋਈ ਜੀਵ, ਕਦੀ ਜੀਵਨ ਯਾਤ੍ਰਾ ਵਿਚ ਸਫਲ ਨਹੀਂ ਹੁੰਦਾ, ਕਿਉਂਕਿ ਪ੍ਰਭੂ ਦੇ ਨਾਮ ਤੋਂ ਬਿਨਾ, ਇੱਜ਼ਤ ਨਹੀਂ ਰਹਿੰਦੀ।1।
ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥ ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥ ਸਰਬ ਸੂਖ ਤਾਹੂ ਮਨਿ ਵੂਠਾ ॥
ਜਿਸੁ ਜਨ ਅਪਨਾ ਹੁਕਮੁ ਮਨਾਇਆ ॥ ਸਰਬ ਥੋਕ ਨਾਨਕ ਤਿਨਿ ਪਾਇਆ ॥1॥
ਜੀਵ, ਪ੍ਰਭੂ ਤੋਂ ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, ਪਰ ਇਕ ਚੀਜ਼ ਦੀ ਖਾਤਰ, ਆਪਣਾ ਇਤਬਾਰ ਗਵਾ ਲੈਂਦਾ ਹੈ, ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜਿਹੜੀ ਚੀਜ਼ ਨਹੀਂ ਮਿਲਦੀ, ਉਸ ਦਾ ਗਿਲਾ ਕਰਦਾ ਰਹਿੰਦਾ ਹੈ, ਜੇ ਪ੍ਰਭੂ, ਇਕ ਚੀਜ਼ ਵੀ ਨਾ ਦੇਵੇ ਅਤੇ ਦਿੱਤੀਆਂ ਹੋਈਆਂ, ਦਸ ਚੀਜ਼ਾਂ ਵੀ ਖੋਹ ਲਵੇ, ਤਾਂ ਦਸੋ ਇਹ ਮੂਰਖ ਜੀਵ, ਕੀ ਕਰ ਸਕਦਾ ਹੈ ? ਜਿਸ ਮਾਲਕ ਦੇ ਅੱਗੇ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਿਰ ਨਿਵਾਉਣਾ ਹੀ ਚਾਹੀਦਾ ਹੈ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲਗਦਾ ਹੈ, ਸਾਰੇ ਸੁਖ, ਉਸ ਦੇ ਮਨ ਵਿਚ ਆ ਵਸਦੇ ਹਨ। ਹੇ ਨਾਨਕ, ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਵਾਉਂਦਾ ਹੈ, ਇਹ ਮੰਨ ਕੇ ਚਲੋ ਕਿ ਉਸ ਨੇ ਦੁਨੀਆ ਦੇ ਸਾਰੇ ਪਦਾਰਥ ਲੱਭ ਲਏ ਹਨ ।1।
ਅਗਨਤ ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ ਅਗਿਆਨੀ ਮਨਿ ਰੋਸੁ ਕਰੇਇ ॥
ਅਪਨੀ ਪਰਤੀਤਿ ਆਪ ਹੀ ਖੋਵੈ ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥2॥
ਪ੍ਰਭੂ-ਸ਼ਾਹ ਅਣਗਿਣਤ ਪਦਾਰਥਾਂ ਦੀ ਪੂੰਜੀ, ਜੀਵ ਵਣਜਾਰੇ ਨੂੰ ਦੇਂਦਾ ਹੈ, ਜੀਵ ਖਾਂਦਾ-ਪੀNਦਾ, ਚਾਉ ਅਤੇ ਖੁਸ਼ੀ ਨਾਲ, ਇਨ੍ਹਾਂ ਪਦਾਰਥਾਂ ਨੂੰ ਵਰਤਦਾ ਹੈ। ਜੇ ਸ਼ਾਹ, ਆਪਣੀ ਕੋਈ ਅਮਾਨਤ ਮੋੜ ਲਵੇ, ਤਾਂ ਇਹ ਅਗਿਆਨੀ, ਮਨ ਵਿਚ ਰੋਸਾ ਕਰਦਾ ਹੈ, ਇਸ ਤਰ੍ਹਾਂ ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ, ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾ ਸਕਦਾ। ਜਿਸ ਪ੍ਰਭੂ ਦੀ ਬਖਸ਼ੀ ਹੋਈ ਚੀਜ਼ ਹੈ, ਉਸ ਦੇ ਅੱਗੇ ਆਪ ਹੀ, ਖੁਸ਼ੀ ਨਾਲ ਰੱਖ ਦੇਵੇ, ਅਤੇ ਕੋਈ ਚੀਜ਼ ਖੁਸਣ ਵੇਲੇ ਵੀ ਪ੍ਰਭੂ ਦਾ ਹੁਕਮ, ਸਿਰ-ਮੱਥੇ ਤੇ ਮੰਨ ਲਵੇ, ਤਾਂ ਪ੍ਰਭੂ, ਉਸ ਨੂੰ ਅੱਗੇ ਨਾਲੋਂ ਚੌਗੁਣਾ ਨਿਹਾਲ ਕਰਦਾ ਹੈ। ਹੇ ਨਾਨਕ, ਮਾਲਕ ਸਦਾ ਮਿਹਰ ਕਰਨ ਵਾਲਾ ਹੈ ।2।
ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥ ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥3॥5
ਮਾਇਆ ਦੇ ਪਿਆਰ ਅਨੇਕਾਂ ਤਰ੍ਹਾਂ ਦੇ ਹਨ, ਮਾਇਆ ਦੇ ਅਨੇਕਾਂ ਸੋਹਣੇ ਰੂਪ, ਮਨੁੱਖ ਦੇ ਮਨ ਨੂੰ ਮੋਹੰਦੇ ਹਨ, ਪਰ ਇਹ ਸਾਰੇ ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ। ਜੇ ਕੋਈ ਮਨੁੱਖ, ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ, ਸਿੱਟਾ ਕੀ ਨਿਕਲੇਗਾ? ਉਹ ਛਾਂ ਨਾਸ ਹੋ ਜਾਂਦੀ ਹੈ, ਤੇ ਉਹ ਮਨੁੱਖ, ਮਨ ਵਿਚ ਪਛਤਾਉਂਦਾ ਹੈ। ਇਹ ਸਾਰਾ ਜਗਤ, ਜੋ ਦਿਸ ਰਿਹਾ ਹੈ, ਨਾਸਵੰਤ ਹੈ, ਇਸ ਜਗਤ ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ ਜੀਵ, ਜੱਫਾ ਮਾਰੀ ਬੈਠਾ ਹੈ। ਜੋ ਵੀ ਮਨੁੱਖ, ਕਿਸੇ ਰਾਹੀ ਨਾਲ ਪਿਆਰ ਪਾ ਲੈਂਦਾ ਹੈ, ਅੰਤ ਨੂੰ ਉਸ ਦੇ ਪੱਲੇ ਕੁਝ ਨਹੀਂ ਪੈਂਦਾ। ਹੇ ਮਨ, ਪ੍ਰਭੂ ਦੇ ਨਾਮ ਦਾ ਪਿਆਰ ਹੀ, ਸੁਖ ਦੇਣ ਵਾਲਾ ਹੈ, ਪਰ, ਹੇ ਨਾਨਕ, ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਤੇ ਪ੍ਰਭੂ ਮਿਹਰ ਕਰ ਕੇ ਆਪ ਲਾਉਂਦਾ ਹੈ ।3।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥ ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥ ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥4॥
ਜਦ ਇਹ ਸਰੀਰ, ਧਨ ਤੇ ਸਾਰਾ ਪਰਿਵਾਰ ਨਾਸਵੰਤ ਹੈ, ਤਾਂ ਮਾਇਆ ਦੀ ਮਾਲਕੀ ਤੇ ਹਉਮੈ, ਭਾਵ ਧਨ ਤੇ ਪਰਿਵਾਰ ਦੇ ਕਾਰਨ ਵਡੱਪਣ, ਇਨ੍ਹਾਂ ਉੱਤੇ ਮਾਣ ਵੀ ਝੂਠਾ ਹੈ। ਰਾਜ, ਜਵਾਨੀ ਤੇ ਧਨ-ਮਾਲ ਸਭ ਨਾਸਵੰਤ ਹਨ, ਇਸ ਵਾਸਤੇ ਇਨ੍ਹਾਂ ਦੇ ਕਾਰਨ, ਕਾਮ ਦੀ ਲਹਰ ਅਤੇ ਭਿਆਨਕ ਕ੍ਰੋਧ, ਇਹ ਵੀ ਵਿਅਰਥ ਹਨ। ਰਥ, ਹਾਥੀ, ਘੋੜੇ, ਅਤੇ ਸੁੰਦਰ ਕਪੜੇ, ਸਦਾ ਕਾਇਮ ਰਹਣ ਵਾਲੇ ਨਹੀਂ ਹਨ, ਇਸ ਸਾਰੀ ਮਾਇਆ ਨੂੰ ਪਿਆਰ ਨਾਲ ਵੇਖ ਕੇ, ਜੀਵ ਹੱਸਦਾ ਹੈ, ਪਰ ਇਹ ਹਾਸਾ ਅਤੇ ਮਾਣ ਵੀ, ਵਿਅਰਥ ਹੈ, ਦਗਾ, ਮੋਹ ਤੇ ਹੰਕਾਰ, ਇਹ ਸਾਰੇ ਹੀ ਮਨ ਦੇ ਵਿਅਰਥ ਤਰੰਗ ਹਨ, ਆਪਣੇ ਉੱਤੇ ਮਾਣ ਕਰਨਾ ਵੀ ਝੂਠਾ ਹੈ। ਸਦਾ ਕਾਇਮ ਰਹਣ ਵਾਲੀ, ਪ੍ਰਭੂ ਦੀ ਭਗਤੀ ਹੀ ਹੈ, ਜੋ ਗੁਰੂ ਦੀ ਸਰਨ ਪੈ ਕੇ ਕੀਤੀ ਜਾਵੇ। ਹੇ ਨਾਨਕ, ਪ੍ਰਭੂ ਦੇ ਚਰਨ ਹੀ, ਸਦਾ ਜਪ ਕੇ, ਮਨੁੱਖ ਅਸਲੀ ਜੀਵਨ ਜਿਊਂਦਾ ਹੈ ।4।
ਅਮਰ ਜੀਤ ਸਿੰਘ ਚੰਦੀ (ਚਲਦਾ)