ਸੁਖਮਨੀ ਸਾਹਿਬ ਦੀ ਸਰਲ ਵਿਆਖਿਆ
(ਭਾਗ 22)
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥5॥5
ਮਨੁੱਖ ਦੇ ਕੰਨ, ਵਿਅਰਥ ਹਨ, ਜੇ ਉਹ ਪਰਾਈ ਨਿੰਦਾ ਸੁਣਦੇ ਹਨ, ਹੱਥ ਵਿਅਰਥ ਹਨ, ਜੇ ਉਹ, ਪਰਾਏ ਧਨ ਨੂੰ ਚੁਰਾਉਂਦੇ ਹਨ। ਉਸ ਦੀਆਂ ਅੱਖਾਂ, ਵਿਅਰਥ ਹਨ, ਜੇ ਉਹ ਪਰਾਈ ਜਨਾਨੀ ਦਾ ਰੂਪ ਤਕਦੀਆਂ ਹਨ, ਉਸ ਦੀ ਜੀਭ ਵੀ ਵਿਅਰਥ ਹੈ, ਜੇ ਉਹ ਖਾਣੇ ਅਤੇ ਹੋਰ ਸੁਆਦਾਂ ਵਿਚ ਲੱਗੀ ਹੋਈ ਹੈ। ਉਸ ਦੇ ਪੈਰ ਵੀ ਵਿਅਰਥ ਹਨ, ਜੇ ਉਹ, ਪਰਾਏ ਨੁਕਸਾਨ ਲਈ ਨੱਠ-ਭੱਜ ਕਰਦੇ ਹਨ, ਹੇ ਮਨ, ਤੂੰ ਵੀ ਵਿਅਰਥ ਹੈਂ, ਜੇ ਤੂੰ, ਪਰਾਏ ਧਨ ਦਾ ਲੋਭ ਕਰ ਰਿਹਾ ਹੈਂ। ਉਹ ਸਰੀਰ ਵਿਅਰਥ ਹਨ, ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ, ਉਹ ਨੱਕ ਵੀ ਵਿਅਰਥ ਹੈ, ਜੋ ਵਿਕਾਰਾਂ ਦੀ ਵਾਸਨਾ ਲੈ ਰਿਹਾ ਹੈ। ਆਪੋ-ਆਪਣੀ ਹੱਦ ਦਾ ਮਨੋਰਥ, ਸਮਝੇ ਬਗੈਰ, ਇਹ ਸਾਰੇ ਅੰਗ ਵਿਅਰਥ ਹਨ। ਹੇ ਨਾਨਕ, ਉਹ ਸਰੀਰ ਸਫਲ ਹੈ, ਜੋ ਪ੍ਰਭੂ ਦਾ ਨਾਮ ਜਪਦਾ ਹੈ ।5।
ਬਿਰਥੀ ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥6॥
ਰੱਬ ਨਾਲੋਂ ਟੁਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ, ਸਚੇ ਪ੍ਰਭੂ ਦੇ ਨਾਮ ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ? ਨਾਮ ਤੋਂ ਬਿਨਾ, ਅੰਨ੍ਹੇ ਸਾਕਤ ਦਾ ਸਰੀਰ ਵੀ ਕਿਸੇ ਕੰਮ ਦਾ ਨਹੀਂ, ਕਿਉਂਕਿ ਉਸ ਦੇ ਮੂੰਹ ਵਿਚੋਂ ਨਿੰਦਾ ਦੀ ਬਦਬੂ ਆਉਂਦੀ ਹੈ।
ਏਥੇ ਥੋੜਾ ਰੁਕ ਕੇ "ਸਾਕਤ" ਦੀ ਗੱਲ ਕਰ ਲੈਣੀ ਜ਼ਰੂਰੀ ਹੈ,
ਸਾਕਤ ਦਾ ਮਤਲਬ ਹੈ, ਸ਼ਕਤੀ ਦਾ ਪੁਜਾਰੀ, ਅਤੇ ਸ਼ਕਤੀ ਹੈ, 'ਮਾਇਆ' ਜਿਸ ਦੇ ਨਿਯਮ-ਕਾਨੂਨ ਵਿਚ ਬ੍ਰਹਮੰਡ ਚੱਲ ਰਿਹਾ ਹੈ। ਆਪਾਂ ਗਲ ਕਰਨੀ ਹੈ 'ਸ੍ਰੀ ਭਗੌਤੀ' ਦੀ, ਗੁਰੂ ਗ੍ਰੰਥ ਸਾਹਿਬ ਵਿਚਲੀ 'ਭਗਉਤੀ' ਦੀ ਨਹੀਂ, ਜਿਸ ਦਾ ਅਰਥ ਹੈ "ਵਿਸ਼ਨੂ ਦਾ ਭਗਤ" ਕਿਉਂਕਿ ਅਸੀਂ ਇਹ ਤਾਂ ਮੰਨ ਹੀ ਨਹੀਂ ਸਕਦੇ ਕਿ ਅਸੀਂ ਅਰਦਾਸ, ਵਿਸ਼ਨੂ ਦੇ ਭਗਤ ਤੋਂ ਸ਼ੁਰੂ ਕਰਦੇ ਹਾਂ। ਇਸ ਲਈ ਅਸੀਂ ਉਸ ਨੂੰ ਬਦਲ ਕੇ ਇਵੇਂ ਲਿਖਦੇ ਹਾਂ "ਭਗੌਤੀ" ਜਦ ਕਿਤੇ ਵਿਚਾਰ ਹੁੰਦੀ ਹੈ ਤਾਂ, ਪੰਥ ਦੇ ਮਹਾਨ ਵਿਦਵਾਨ, ਉਸ ਦਾ ਅਰਥ ਕਰਦੇ ਹਨ, "ਪਰਮਾਤਮਾ ਦੀ ਸ਼ਕਤੀ" ਹੁਣ ਪਰਮਾਤਮਾ ਦੀ ਸ਼ਕਤੀ ਹੈ "ਮਾਇਆ" ਅਤੇ ਮਾਇਆ ਦੇ ਭਗਤ ਨੂੰ ਗੁਰਬਾਣੀ "ਸਾਕਤ" ਕਹਿੰਦੀ ਹੈ, ਜਿਸ ਦੀ ਹਾਲਤ ਏਥੇ ਦੱਸੀ ਹੋਈ ਹੈ। ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜਿਵੇਂ ਮੀਂਹ ਤੋਂ ਬਗੈਰ, ਪੈਲੀ ਬੇਕਾਰ ਹੁੰਦੀ ਹੈ, ਤਿਵੇਂ ਹੀ ਸਿਮਰਨ ਤੋਂ ਬਗੈਰ, ਸਾਕਤ ਦੇ ਦਿਨ ਤੇ ਰਾਤਾਂ, ਬੇਕਾਰ ਚਲੇ ਜਾਂਦੇ ਹਨ। ਪ੍ਰਭੂ ਦੇ ਭਜਨ ਤੋਂ ਸੱਖਣਾ ਰਹਣ ਕਰ ਕੇ, ਸਾਕਤ ਮਨੁੱਖ ਦੇ ਸਾਰੇ ਹੀ ਕੰਮ ਕਿਸੇ ਵੀ ਅਰਥ ਨਹੀਂ, ਕਿਉਂ ਜੋ, ਇਹ ਕੰਮ ਸਾਕਤ ਦਾ ਕੁਝ ਵੀ ਨਹੀਂ ਸਵਾਰਦੇ, ਜਿਵੇਂ ਕੰਜੂਸ ਦਾ ਧਨ, ਉਸ ਦੇ ਆਪਣੇ ਕਿਸੇ ਕੰਮ ਨਹੀਂ। ਉਹ ਮਨੁੱਖ ਮੁਬਾਰਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ, ਹੇ ਨਾਨਕ, ਆਖ ਕਿ ਮੈਂ ਉਨ੍ਹਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ ।6।
ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥7॥
ਧਰਮ ਦੇ ਬਾਹਰਲੇ ਧਾਰੇ ਹੋਏ ਚਿਨ੍ਹ ਹੋਰ ਹਨ, ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ, ਮਨ ਵਿਚ ਤਾਂ ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। ਪਰ ਦਿਲ ਦੀਆਂ ਜਾਨਣ ਵਾਲਾ ਪ੍ਰਭੂ ਸਿਆਣਾ ਹੈ, ਉਹ ਕਦੇ ਕਿਸੇ ਦੇ ਬਾਹਰਲੇ ਭੇਖ ਨਾਲ ਖੁਸ਼ ਨਹੀਂ ਹੋਇਆ। ਜੋ ਬੰਦਾ ਹੋਰਨਾਂ ਨੂੰ ਮੱਤਾਂ ਦਿੰਦਾ ਹੈ, ਪਰ ਆਪ ਨਹੀਂ ਕਮਾਉਂਦਾ, ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵਸਦਾ ਹੈ, ਉਸ ਦੀ ਸਿਖਿਆ ਨਾਲ ਜਗਤ, ਵਿਕਾਰਾਂ ਤੋਂ ਬਚਦਾ ਹੈ। ਹੇ ਪ੍ਰਭੂ, ਜੋ ਭਗਤ ਤੈਨੂੰ ਪਿਆਰੇ ਲਗਦੇ ਹਨ, ਉਨ੍ਹਾਂ ਨੇ ਤੈਨੂੰ ਪਛਾਣਿਆ ਹੈ। ਹੇ ਨਾਨਕ, ਆਖ, ਮੈਂ ਉਨ੍ਹਾਂ ਦੇ ਚਰਨਾਂ ਤੇ ਪੈਂਦਾ ਹਾਂ ।7।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥8॥5॥
ਜੋ ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ, ਆਪਣੇ ਪੈਦਾ ਕੀਤੇ ਜੀਵ ਨੂੰ, ਉਹ ਆਪ ਹੀ ਮਾਣ ਬਖਸ਼ਦਾ ਹੈ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ, ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ, ਕਿਸੇ ਨੂੰ ਅਕਲ ਬਖਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ, ਤੇ ਕਿਸੇ ਨੂੰ ਜਣਾਉਂਦਾ ਹੈ ਕਿ, ਪ੍ਰਭੂ ਕਿਤੇ ਦੂਰ ਹੈ। ਸਭ ਹੀਲਿਆਂ ਅਤੇ ਚਤਰਾਈਆਂ ਤੋਂ ਪ੍ਰਭੂ ਪਰੇ ਹੈ, ਕਿਸੇ ਹੀਲੇ ਚਤੁਰਾਈ ਨਾਲ ਖੁਸ਼ ਨਹੀਂ ਹੁੰਦਾ, ਕਿਉਂਕਿ ਉਹ ਜੀਵ ਦੀ ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ। ਜੋ ਜੀਵ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਲੜ ਲਾਉਂਦਾ ਹੈ, ਪ੍ਰਭੂ ਹਰ ਥਾਂ ਮੌਜੂਦ ਹੈ। ਉਹੀ ਮਨੁੱਖ, ਅਸਲੀ ਸੇਵਕ ਬਣਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਕਰਦਾ ਹੈ। ਹੇ ਨਾਨਕ, ਐਸੇ ਪ੍ਰਭੂ ਨੂੰ ਹਰ ਸਾਹ ਦੇ ਨਾਲ ਯਾਦ ਕਰ ।8।5।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 22)
Page Visitors: 101