ਸੁਖਮਨੀ ਸਾਹਿਬ ਦੀ ਸਰਲ ਵਿਆਖਿਆ
(ਭਾਗ 24)
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥5॥
ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ, ਬਹੁਤ ਪੁੱਨ-ਦਾਨ ਕਰਦਾ ਹੈਂ, ਹੇ ਮਨ, ਅੱਠੇ ਪਹਰ, ਉਸ ਦਾ ਧਿਆਨ ਕਰ। ਜਿਸ ਦੀ ਮਿਹਰ ਨਾਲ ਤੂੰ, ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ, ਉਸ ਪ੍ਰਭੂ ਨੂੰ ਤੂੰ ਸਵਾਸ ਸਵਾਸ ਯਾਦ ਕਰ। ਜਿਸ ਦੀ ਦਾਿਆ ਨਾਲ ਤੇਰੀ ਸੋਹਣੀ ਸੂਰਤ ਹੈ, ਉਸ ਸੋਹਣੇ ਮਾਲਕ ਨੂੰ ਤੂੰ ਸਦਾ ਸਿਮਰ। ਜਿਸ ਦੀ ਕਿਰਪਾ ਨਾਲ ਤੈਨੂੰ ਚੰਗੀ ਮਨੁੱਖ ਜਾਤੀ ਮਿਲੀ ਹੈ, ਉਸ ਨੂੰ ਸਦਾ ਦਿਨ-ਰਾਤ ਯਾਦ ਕਰ। ਜਿਸ ਦੀ ਮਿਹਰ ਨਾਲ, ਜਗਤ ਵਿਚ ਤੇਰੀ ਇੱਜ਼ਤ ਬਣੀ ਹੋਈ ਹੈ, ਉਸ ਦਾ ਨਾਮ ਸਿਮਰ। ਗੁਰੂ ਦੀ ਬਰਕਤ ਲੈ ਕੇ , ਵਡਭਾਗੀ ਮਨੁੱਖ, ਉਸ ਦੀ ਸਿਫਤ ਸਾਲਾਹ ਕਰਦਾ ਹੈ।5।
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ ਜਿਹ ਪ੍ਰਸਾਦਿ ਸੰਪੂਰਨ ਫਲਹਿ ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥6॥6
ਜਿਸ ਦੀ ਕਿਰਪਾ ਨਾਲ, ਤੂੰ ਆਪਣੇ ਕੰਨਾਂ ਨਾਲ, ਆਵਾਜ਼ ਸੁਣਦਾ ਹੈਂ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ, ਜਿਸ ਦੀ ਮਿਹਰ ਨਾਲ ਅਸਚਰਜ ਤਮਾਸ਼ੇ ਵੇਖਦਾ ਹੈਂ, ਜਿਸ ਦੀ ਬਰਕਤ ਪਾ ਕੇ, ਜੀਭ ਨਾਲ ਮਿੱਠੇ ਬੋਲ ਬੋਲਦਾ ਹੇਂ, ਜਿਸ ਦੀ ਕਿਰਪਾ ਨਾਲ ਸੁਭਾਵਕ ਹੀ, ਸੁਖੀ ਵੱਸ ਰਿਹਾ ਹੈਂ। ਜਿਸ ਦੀ ਦਇਆ ਨਾਲ ਤੇਰੇ ਹੱਥ ਆਦਿਕ ਸਾਰੇ ਅੰਗ ਕੰਮ ਦੇ ਰਹੇ ਹਨ, ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ, ਜਿਸ ਦੀ ਬਖਸ਼ਿਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ, ਅਤੇ ਤੂੰ ਸੁਖ ਅਤੇ ਬੇ-ਫਿਕਰੀ ਵਿਚ ਮਸਤ ਹੈਂ, ਅਜਿਹਾ ਪ੍ਰਭੂ ਵਿਸਾਰ ਕੇ ਤੂੰ, ਹੋਰ ਕਿਸ ਪਾਸੇ ਲੱਗ ਰਿਹਾ ਹੈਂ ? ਹੇ ਨਾਨਕ, ਗੁਰੂ ਦੀ ਬਰਕਤ ਲੈ ਕੇ ਮਨੋਂ ਹੁਸ਼ਿਆਰ ਹੋ।6।
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ ਰੇ ਮਨ ਮੂੜ ਤੂ ਤਾ ਕਉ ਜਾਪੁ ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ ਤਿਸਹਿ ਜਾਨੁ ਮਨ ਸਦਾ ਹਜੂਰੇ ॥
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਨਾਨਕ ਜਾਪੁ ਜਪੈ ਜਪੁ ਸੋਇ ॥7॥
ਜਿਸ ਪ੍ਰਭੂ ਦੀ ਕਿਰਪਾ ਨਾਲ, ਤੂੰ ਜਗਤ ਵਿਚ ਸੋਭਾ ਵਾਲਾ ਹੈਂ, ਉਸ ਨੂੰ ਕਦੇ ਵੀ ਮਨੋਂ ਨਾ ਵਿਸਾਰ। ਜਿਸ ਦੀ ਮਿਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ, ਹੇ ਮੂਰਖ-ਮਨ, ਤੂੰ ਉਸ ਪ੍ਰਭੂ ਨੂੰ ਜਪ। ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਕੰਮ ਸਿਰੇ ਚੜ੍ਹਦੇ ਹਨ, ਹੇ ਮਨ, ਤੂੰ ਉਸ ਪ੍ਰਭੂ ਨੂੰ ਸਦਾ ਅੰਗ-ਸੰਗ ਜਾਣ। ਜਿਸ ਦੀ ਬਰਕਤ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ, ਹੇ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨਾਲ ਜੁੜਿਆ ਰਹੁ। ਜਿਸ ਪਰਮਾਤਮਾ ਦੀ ਦਇਆ ਨਾਲ, ਹਰੇਕ ਜੀਵ ਦੀ ਉਸ ਤੱਕ ਪਹੁੰਚ ਹੋ ਜਾਂਦੀ ਹੈ, ਉਸ ਨੂੰ ਜਪ। ਹੇ ਨਾਨਕ, ਜਿਸ ਨੂੰ ਇਹ ਦਾਤ ਮਿਲਦੀ ਹੈ, ਉਹ ਹਰੀ ਦਾ ਜਾਪ ਹੀ ਜਪਦਾ ਹੈ।7।
ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ ਬਿਗਾਸੁ ॥
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ ਮਤਿ ਊਤਮ ਹੋਇ ॥
ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਨਾਨਕ ਇਨ ਕੈ ਕਛੂ ਨ ਹਾਥ ॥8॥6॥
ਉਹੀ ਮਨੁੱਖ, ਪ੍ਰਭੂ ਦਾ ਨਾਮ ਜਪਦਾ ਹੈ, ਜਿਸ ਪਾਸੋਂ ਪ੍ਰਭੂ ਆਪ ਜਪਾਉਂਦਾ ਹੈ, ਉਹੀ ਮਨੁੱਖ, ਹਰੀ ਦੇ ਗੁਣ ਗਾਉਂਦਾ ਹੈ, ਜਿਸ ਨੂੰ ਉਹ ਗਾਵਣ ਲਈ ਪ੍ਰੇਰਦਾ ਹੈ। ਪ੍ਰਭੂ ਦੀ ਮਿਹਰ ਨਾਲ, ਮਨ ਵਿਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਸ ਦੀ ਦਇਆ ਨਾਲ, ਹਿਰਦਾ ਰੂਪ ਕਉਲ ਫੁੱਲ ਖਿੜਦਾ ਹੈ। ਉਹ ਪ੍ਰਭੂ, ਉਸ ਮਨੁੱਖ ਦੇ ਮਨ ਵਿਚ ਵਸਦਾ ਹੈ, ਜਿਸ ਉੱਤੇ ਉਹ ਆਪ ਮਿਹਰ ਕਰਦਾ ਹੈ, ਪ੍ਰਭੂ ਦੀ ਮਿਹਰ ਨਾਲ, ਮਨੁੱਖ ਦੀ ਮੱਤ ਚੰਗੀ ਹੁੰਦੀ ਹੈ। ਹੇ ਪ੍ਰਭੂ, ਤੇਰੀ ਮਿਹਰ ਦੀ ਨਜ਼ਰ ਵਿਚ, ਸਾਰੇ ਖਜ਼ਾਨੇ ਹਨ। ਆਪਣੇ ਜਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ।8।6।
ਭਾਵ, ਜੀਵ ਦਾ ਉੱਦਮ ਤੱਦ ਹੀ ਸਫਲ ਹੁੰਦਾ ਹੈ, ਜਦ ਉਸ ਤੇ ਤੇਰੀ ਨਦਰ ਸਵੱਲੀ ਹੁੰਦੀ ਹੈ। ਸਿਰੇ ਦੀ ਗੱਲ, ਇਹ ਹੈ ਕਿ ਅਸੀਂ, ਪੂਰਾ ਟਿੱਲ ਲਾਉਂਦੇ ਹਾਂ ਕਿ ਦੂਸਰੇ, ਮੇਰੀ ਗਲ ਸੁਣਨ, ਪਰ ਅਸੀਂ ਕਦੇ, ਇਹ ਕੋਸ਼ਿਸ਼ ਨਹੀਂ ਕਰਦੇ ਕਿ ਮੇਰਾ ਮਨ ਵੀ, ਮੇਰੀ ਗੱਲ ਸੁਣੇ। (ਕਿਉਂ ਜੋ ਅਸੀਂ ਸਮਝਦੇ ਹਾਂ ਕਿ, ਮਨ ਸਾਡੀਆਂ ਸਾਰੀਆਂ ਗੱਲਾਂ ਜਾਣਦਾ ਹੈ, ਜੇ ਅਸੀਂ ਮਨ ਦੀ ਮਾਰਫਤ ਗੱਲ ਕੀਤੀ ਤਾਂ, ਇਹ ਤਾਂ ਰੱਬ ਦਾ ਆਪਣਾ ਹੀ ਰੂਪ ਹੈ, ਗੱਲ ਰੱਬ ਨੂੰ ਦੱਸਣ ਤੋਂ ਪਹਿਲਾਂ ਹੀ ਇਸ ਨੇ ਸਾਰੀ ਅਸਲੀਅਤ ਦੱਸ ਦੇਣੀ ਹੈ, ਇਸ ਤੋਂ ਚੰਗਾ ਹੈ, ਵਜ਼ੀਰਾਂ ਨੂੰ ਕੁਝ ਲੈ-ਦੇ ਕੇ ਕੰਮ ਸਾਰ ਲਵੋ)
ਸਾਡਾ ਮਾਹੌਲ ਹੀ ਵਿਖਾਵੇ ਦਾ ਬਣ ਗਿਆ ਹੈ। ਨਾ ਅਸੀਂ ਗੁਰੂ ਦੀ ਗੱਲ ਸੁਣੀਏ, ਨਾ ਸਾਡੇ ਪੱਲੇ ਪਵੇ ਕਿ, ਮਨ ਵੀ ਕੋਈ ਚੀਜ਼ ਹੈ। ਜੋ ਸਾਡੀ ਗੱਲ, ਬਿਨਾ ਬੋਲੇ ਸੁਣ ਲੈਂਦਾ ਹੈ, ਅਤੇ ਵਾਹਿਗੁਰੂ ਵੀ, ਮਨ ਦੀ ਗੱਲ, ਬਿਨਾ ਬੋਲੇ ਸੁਣ ਲੈਂਦਾ ਹੈ।
ਗੁਰੂ ਸਾਹਿਬ ਤਾਂ ਕਹਿੰਦੇ ਹਨ,
ਕਬੀਰ ਮੁਲਾਂ ਮਨਾਰੇ ਲਿਆ ਚਢਹਿ ਸਾਈਂ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥184॥ (1374)
ਅਰਥ:-
ਹੇ ਕਬੀਰ, ਆਖ, ਹੇ ਮੁੱਲਾਂ, ਮਸਜਿਦ ਦੇ ਮੁਨਾਰੇ ਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫਾਇਦਾ ਨਹੀਂ, ਜਿਸ ਰੱਬ ਦੀ ਨਮਾਜ਼ ਲਈ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਮਨ ਵਿਚ ਵੇਖ, ਤੇਰੇ ਅੰਦਰ ਹੀ ਵਸਦਾ ਹੈ। ਜੇ ਤੇਰੇ ਆਪਣੇ ਅੰਦਰ ਹੀ ਸ਼ਾਨਤੀ ਨਹੀਂ, ਸਿਰਫ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ ਰੱਬ, ਬੋਲਾ ਨਹੀਂ, ਉਹ ਤੇਰੇ ਦਿਲ ਦੀ ਹਾਲਤ ਵੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ।184।
ਕਬੀਰ ਜੀ ਦਾ ਇਕ ਹੋਰ ਸਲੋਕ, ਅੱਜ ਦੇ ਸਿੱਖਾਂ ਤੇ ਬਿਲਕੁਲ ਠੀਕ ਬੈਠਦਾ ਹੈ,
ਕਿਆ ਉਜ਼ੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤ ਸਿਰੁ ਲਾਇਆ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ॥3॥ (1350)
ਹੇ ਮੁੱਲਾਂ, ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਮਾਜ਼ ਪੜ੍ਹਦਾ ਹੈਂ, ਤਾਂ ਇਸ ਨਮਾਜ਼ ਦਾ ਕੀ ਫਾਇਦਾ ? ਹੱਥ ਪੈਰ ਆਦਿ ਸਾਫ ਕਰਨ ਦੀ ਰਸਮ ਦਾ ਕੀ ਲਾਭ ? ਮੂੰਹ ਧੋਣ ਦਾ ਕੀ ਗੁਣ ? ਮਸਜਿਦ ਵਿਚ ਜਾ ਕੇ ਸਜਦਾ ਕਰਨ ਦੀ ਕੀ ਲੋੜ ? ਤੇ ਕਾਹਬੇ ਦੇ ਹੱਜ ਦਾ ਕੀ ਫਾਇਦਾ ?
ਇਹ ਸਾਰੇ ਕੰਮ ਤਾਂ ਇਸ ਲਈ ਹਨ ਕਿ ਸਾਡਾ ਮਨ, ਸਾਫ ਹੋ ਕੇ ਪਰਮਾਤਮਾ ਨਾਲ ਜੁੜੇ, ਜੇ ਸਾਡਾ ਮਨ ਹੀ ਸਾਫ ਨਹੀਂ ਤਾਂ ਬਾਕੀ ਸਭ ਕੁਝ ਤਾਂ ਕਰਮ-ਕਾਂਡ ਹੀ ਹਨ, ਤੇ ਪਰਮਾਤਮਾ ਅਤੇ ਮਨ ਦੇ ਵਿਚਾਲੇ, ਕਿਸੇ ਕਰਮ-ਕਾਂਡ ਦੀ ਕੋਈ ਗੁੰਜਾਇਸ਼ ਨਹੀਂ।
ਅਮਰ ਜੀਤ ਸਿੰਘ ਚੰਦੀ (ਚਲਦਾ)