ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 26)
ਸੁਖਮਨੀ ਸਾਹਿਬ(ਭਾਗ 26)
Page Visitors: 96

ਸੁਖਮਨੀ ਸਾਹਿਬ(ਭਾਗ 26) 
ਸਲੋਕੁ ॥
  ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
  ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥1॥
  ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, ਸਭ ਜੀਵਾਂ ਦੇ ਦੁਖ-ਦਰਦ ਜਾਣਦਾ ਹੈ।  ਹੇ ਨਾਨਕ, ਐਸੇ ਜਿਸ ਪ੍ਰਭੂ  ਦੇ ਸਿਮਰਨ ਨਾਲ, ਵਿਕਾਰਾਂ ਤੋਂ ਬਚ ਸਕੀਦਾ ਹੈ, ਉਸ ਤੋਂ ਸਦਾ ਸਦਕੇ ਜਾਈਏ।1।
ਅਸਟਪਦੀ ॥
  ਟੂਟੀ ਗਾਢਨਹਾਰ ਗੁੋਪਾਲ ॥ ਸਰਬ ਜੀਆ ਆਪੇ ਪ੍ਰਤਿਪਾਲ ॥
  ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥ ਤਿਸ ਤੇ ਬਿਰਥਾ ਕੋਈ ਨਾਹਿ ॥
  ਰੇ ਮਨ ਮੇਰੇ ਸਦਾ ਹਰਿ ਜਾਪਿ ॥ ਅਬਿਨਾਸੀ ਪ੍ਰਭੁ ਆਪੇ ਆਪਿ ॥
  ਆਪਨ ਕੀਆ ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ ॥
  ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥ ਗਤਿ ਨਾਨਕ ਜਪਿ ਏਕ ਹਰਿ ਨਾਮ ॥1॥
   ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਗੋਪਾਲ, ਪ੍ਰਭੂ ਆਪ ਹੈ, ਜੀਵਾਂ ਦੀ ਦਿਲ ਦੀ ਟੁੱਟੀ ਹੋਈ ਤਾਰ ਨੂੰ ਆਪਣੇ ਨਾਲ ਜੋੜਨ ਵਾਲਾ ਵੀ ਆਪ ਹੈ।  ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ ਦੀ ਰੋਜ਼ੀ ਦਾ ਫਿਕਰ ਹੈ, ਉਸ ਦੇ ਦਰ ਤੋਂ ਕੋਈ ਜੀਵ ਨਾ-ਉਮੀਦ ਨਹੀਂ ਮੁੜਦਾ।  ਹੇ ਮੇਰੇ ਮਨ ਸਦਾ ਪ੍ਰਭੂ ਨੂੰ ਯਾਦ ਰੱਖ, ਉਹ ਨਾਸ ਹੋਣ ਵਾਲਾ ਨਹੀਂ, ਤੇ ਆਪਣੇ ਵਰਗਾ ਆਪ ਹੀ ਹੈ।   ਜੇ ਕੋਈ ਪ੍ਰਾਣੀ , ਸੌ ਵਾਰੀ ਵੀ ਚਾਹੇ, ਤਾਂ ਵੀ ਪ੍ਰਾਣੀ ਦਾ  ਆਪਣੇ ਜਤਨ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਚੜ੍ਹਦਾ।   ਹੇ ਨਾਨਕ, ਇਕ ਪ੍ਰਭੂ ਦਾ ਨਾਮ ਜੱਪ, ਤਾਂ ਗਤ ਹੋਵੇਗੀ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਕਿਸੇ ਕੰਮ ਦੀ ਨਹੀਂ ਹੈ।1।
  ਰੂਪਵੰਤੁ ਹੋਇ ਨਾਹੀ ਮੋਹੈ ॥ ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
  ਧਨਵੰਤਾ ਹੋਇ ਕਿਆ ਕੋ ਗਰਬੈ ॥ ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
  ਅਤਿ ਸੂਰਾ ਜੇ ਕੋਊ ਕਹਾਵੈ ॥ ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
  ਜੇ ਕੋ ਹੋਇ ਬਹੈ ਦਾਤਾਰੁ ॥ ਤਿਸੁ ਦੇਨਹਾਰੁ ਜਾਨੈ ਗਾਵਾਰੁ ॥
  ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥ ਨਾਨਕ ਸੋ ਜਨੁ ਸਦਾ ਅਰੋਗੁ ॥2॥
   ਰੂਪ ਵਾਲਾ ਹੋ ਕੇ ਕੋਈ ਪ੍ਰਾਣੀ, ਰੂਪ ਦਾ ਮਾਣ ਨਾ ਕਰੇ,  ਸਾਰੇ ਸਰੀਰਾਂ ਵਿਚ ਇਕ ਪ੍ਰਭੂ ਦੀ ਜੋਤ ਹੀ, ਸੋਭ ਰਹੀ ਹੈ।   ਧਨ ਵਾਲਾ ਹੋ ਕੇ, ਕੀ ਕੋਈ ਮਨੁੱਖ ਹੰਕਾਰ ਕਰੇ ?  ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ  ਬਖਸ਼ਿਆ ਹੋਇਆ ਹੈ।       ਜੇ ਕੋਈ ਮਨੁੱਖ ਆਪਣੇ ਆਪ ਨੂੰ ਬੜਾ ਸੂਰਮਾ ਅਖਾਵੇ, ਰਤਾ ਇਹ ਤਾਂ ਸੋਚੇ  ਕਿ, ਪ੍ਰਭੂ ਦੀ ਦਿੱਤੀ ਹੋਈ ਤਾਕਤ ਤੋਂ ਬਿਨਾ ਕਿਵੇਂ ਦੌੜ ਸਕਦਾ ਹੈ ?   ਜੇ ਕੋਈ ਬੰਦਾ ਅਮੀਰ ਹੋ ਕੇ ਦਾਤਾ ਬਣ ਬੈਠੇ, ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ, ਜੋ ਸਭ ਜੀਵਾਂ ਨੂੰ ਦੇਣ ਵਾਲਾ ਹੈ।   ਹੇ ਨਾਨਕ, ਉਹ ਮਨੁੱਖ ਸਦਾ ਠੀਕ-ਠਾਕ ਹੈ, ਜਿਸ ਦਾ ਹੰਕਾਰ ਰੂਪੀ ਰੋਗ, ਗੁਰੂ ਦੀ ਕਿਰਪਾ ਨਾਲ ਦੂਰ ਹੁਂਦਾ ਹੈ।2।
  ਜਿਉ ਮੰਦਰ ਕਉ ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
  ਜਿਉ ਪਾਖਾਣੁ ਨਾਵ ਚੜਿ ਤਰੈ ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
  ਜਿਉ ਅੰਧਕਾਰ ਦੀਪਕ ਪਰਗਾਸੁ ॥ ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
  ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
  ਤਿਨ ਸੰਤਨ ਕੀ ਬਾਛਉ ਧੂਰਿ ॥ ਨਾਨਕ ਕੀ ਹਰਿ ਲੋਚਾ ਪੂਰਿ ॥3॥
    ਜਿਵੇਂ ਘਰ ਦੀ ਛੱਤ ਨੂੰ ਥੰਮ ਸਹਾਰਾ ਦਿੰਦਾ ਹੈ, ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।  ਜਿਵੇਂ ਬੇੜੀ ਵਿਚ ਚੜ੍ਹ ਕੇ, ਪੱਥਰ ਵੀ ਨਦੀ ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ, ਸੰਸਾਰ-ਸਮੁੰਦਰ ਤਰ ਜਾਂਦਾ ਹੈ।        ਜਿਵੇਂ ਦੀਵਾ, ਹਨੇਰਾ ਦੂਰ ਕਰਕੇ, ਚਾਨਣਾ ਕਰ ਦਿੰਦਾ ਹੈ, ਤਿਵੇਂ ਗੁਰੂ ਦੀ ਸਿਖਿਆ ਨੂੰ ਸਮਝ ਕੇ ਮਨ ਵਿਚ ਖਿੜਾਉ, ਪੈਦਾ ਹੋ ਜਾਂਦਾ ਹੈ।   ਜਿਵੇਂ ਕਿਸੇ ਵੱਡੇ ਜੰਗਲ ਵਿਚ ਖੁੰਝੇ ਹੋਏ ਨੂੰ ਰਾਹ ਲੱਭ ਪਵੇ, ਤਿਵੇਂ ਸਤ-ਸੰਗਤ ਵਿਚ ਜੁੜ ਕੇ ਪਰਮਾਤਮਾ ਦੀ ਜੋਤ ਦੀ ਸੋਝੀ ਹੋ ਜਾਂਦੀ ਹੈ।    ਮੈਂ ਉਨ੍ਹਾਂ ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।   ਹੇ ਪ੍ਰਭੂ, ਨਾਨਕ ਦੀ ਇਹ ਚਾਹ ਪੂਰੀ ਕਰ।3।
  ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥
  ਦੂਖ ਸੂਖ ਪ੍ਰਭ ਦੇਵਨਹਾਰੁ ॥ ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
  ਜੋ ਕਛੁ ਕਰੈ ਸੋਈ ਸੁਖੁ ਮਾਨੁ ॥ ਭੂਲਾ ਕਾਹੇ ਫਿਰਹਿ ਅਜਾਨ ॥
  ਕਉਨ ਬਸਤੁ ਆਈ ਤੇਰੈ ਸੰਗ ॥ ਲਪਟਿ ਰਹਿਓ ਰਸਿ ਲੋਭੀ ਪਤੰਗ ॥
  ਰਾਮ ਨਾਮ ਜਪਿ ਹਿਰਦੇ ਮਾਹਿ ॥ ਨਾਨਕ ਪਤਿ ਸੇਤੀ ਘਰਿ ਜਾਹਿ ॥4॥
   ਹੇ ਮੂਰਖ ਮਨ, ਦੁੱਖ ਮਿਲਨ ਤੇ ਕਿਉਂ ਵਿਲਕਦਾ ਹੈਂ ? ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।   ਦੁੱਖ-ਸੁਖ ਦੇਣ ਵਾਲਾ ਪ੍ਰਭੂ ਆਪ ਹੈ, ਇਸ ਲਈ ਤੂੰ ਹੋਰ ਆਸਰੇ ਛੱਡ ਕੇ, ਓਸੇ ਨੂੰ ਹੀ ਚੇਤੇ ਕਰ।   ਹੇ ਗਿਆਨ-ਹੀਣ ਬੰਦੇ, ਕਿਉਂ ਭੁਲਿਆ ਫਿਰਦਾ ਹੈਂ ? ਜੋ ਕੁਝ ਪ੍ਰਭੂ ਕਰਦਾ ਹੈ, ਤੂੰ ਉਸ ਵਿਚ ਹੀ ਆਪਣਾ ਭਲਾ ਸਮਝ।   ਹੇ ਲੋਭੀ-ਪਤੰਗੇ, ਤੂੰ ਮਾਇਆ ਦੇ ਰਸ ਵਿਚ ਮਸਤ ਹੋ ਰਿਹਾ ਹੈਂ, ਦੱਸ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ?। ਹੇ ਨਾਨਕ, ਮਨ ਵਿਚ ਹਰੀ ਦਾ ਨਾਮ ਜੱਪ ਇਵੇਂ ਹੀ ਇੱਜ਼ਤ ਨਾਲ, ਪਰਲੋਕ ਵਾਲੇ ਘਰ ਵਿਚ ਜਾਵੇਂਗਾ।4।
  ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥
  ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥
  ਲਾਦਿ ਖੇਪ ਸੰਤਹ ਸੰਗਿ ਚਾਲੁ ॥ ਅਵਰ ਤਿਆਗਿ ਬਿਖਿਆ ਜੰਜਾਲ ॥
  ਧੰਨਿ ਧੰਨਿ ਕਹੈ ਸਭੁ ਕੋਇ ॥ ਮੁਖ ਊਜਲ ਹਰਿ ਦਰਗਹ ਸੋਇ ॥
  ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ ਤਾ ਕੈ ਸਦ ਬਲਿਹਾਰੈ ॥5॥
   ਹੇ ਭਾਈ, ਜਿਹੜਾ ਸੌਦਾ ਖਰੀਦਣ ਲਈ ਤੂੰ ਇਸ ਸੰਸਾਰ ਦੇ ਵਿਚ ਆਇਆ ਹੈਂ, ਉਹ ਰਾਮ-ਨਾਮ ਦਾ ਸੌਦਾ ਸੰਤਾਂ ਦੇ ਘਰ ਵਿਚ, ਸਤ-ਸੰਗੀਆਂ ਦੇ ਸਤ-ਸੰਗ ਵਿਚ ਮਿਲਦਾ ਹੈ,   ਇਸ ਲਈ ਹੰਕਾਰ ਛੱਡ ਕੇ, ਸਤ-ਸੰਗ ਵਿਚ ਜੁੜ ਕੇ, ਮਨ ਦੇ ਵੱਟੇ, ਇਹ ਸੌਦਾ ਖਰੀਦ ਲੈ ਅਤੇ ਪ੍ਰਭੂ ਦਾ ਨਾਮ, ਹਿਰਦੇ ਵਿਚ ਰੱਖ।  ਸਤ-ਸੰਗੀਆਂ ਦਾ ਸਾਥ ਕਰ, ਰਾਮ-ਨਾਮ ਦਾ ਇਹ ਸੌਦਾ ਲੱਦ ਲੈ, ਮਾਇਆ ਦੇ ਹੋਰ ਧੰਦੇ ਛੱਡ ਦੇਹ।  ਜੇ ਇਹ ਉੱਦਮ ਕਰੇਂਗਾ, ਤਾਂ ਹਰੇਕ ਜੀਵ ਤੈਨੂੰ ਸ਼ਾਬਾਸ਼ ਆਖੇਗਾ, ਤੇ ਪ੍ਰਭੂ ਦੀ ਦਰਗਾਹ ਵਿਚ ਵੀ ਤੇਰਾ ਮੂੰਹ  ਉਜਲਾ ਹੋਵੇਗਾ।   ਪਰ ਇਹ ਵਪਾਰ, ਕੋਈ ਵਿਰਲਾ ਬੰਦਾ ਹੀ ਕਰਦਾ ਹੈ।   ਹੇ ਨਾਨਕ, ਅਜਿਹੇ   ਵਪਾਰੀ ਤੋਂ ਸਦਾ ਸਦਕੇ ਜਾਈਏ।5।
  ਚਰਨ ਸਾਧ ਕੇ ਧੋਇ ਧੋਇ ਪੀਉ ॥ ਅਰਪਿ ਸਾਧ ਕਉ ਅਪਨਾ ਜੀਉ ॥
  ਸਾਧ ਕੀ ਧੂਰਿ ਕਰਹੁ ਇਸਨਾਨੁ ॥ ਸਾਧ ਊਪਰਿ ਜਾਈਐ ਕੁਰਬਾਨੁ ॥
  ਸਾਧ ਸੇਵਾ ਵਡਭਾਗੀ ਪਾਈਐ ॥ ਸਾਧਸੰਗਿ ਹਰਿ ਕੀਰਤਨੁ ਗਾਈਐ ॥
  ਅਨਿਕ ਬਿਘਨ ਤੇ ਸਾਧੂ ਰਾਖੈ ॥ ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
  ਓਟ ਗਹੀ ਸੰਤਹ ਦਰਿ ਆਇਆ ॥ ਸਰਬ ਸੂਖ ਨਾਨਕ ਤਿਹ ਪਾਇਆ ॥6॥
   ਹੇ ਭਾਈ, ਸਾਧੂ ਜਨਾਂ ਦੇ, ਸਤ-ਸੰਗੀਆਂ ਦੇ ਪੈਰ ਧੋ ਧੋ ਕੇ, ਨਿਮਰਤਾ ਸਹਿਤ, ਸਤ-ਸੰਗੀਆਂ ਦੀ ਸੋਹਬਤ ਵਿਚ ਨਾਮ ਜਲ ਪੀ, ਸਾਧ-ਜਨਾਂ ਤੋਂ ਆਪਣੀ ਜਿੰਦ ਵੀ ਵਾਰ ਦੇਹ।    ਗੁਰਮੁਖ ਮਨੁੱਖ ਦੇ ਪੈਰਾਂ ਦੀ ਧੂੜ ਵਿਚ ਇਸ਼ਨਾਨ ਕਰ, ਗੁਰਮੁੱਖ ਤੋਂ ਸਦਕੇ ਹੋਵੋ।    ਸੰਤਾਂ ਦੀ, ਸਤ-ਸੰਗੀਆਂ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ। ਸਤ-ਸੰਗੀਆਂ ਦੀ ਸੰਗਤ ਵਿਚ ਹੀ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾ ਸਕਦੀ ਹੈ।   ਸੰਤ ਅਨੇਕਾਂ ਔਕੜਾਂ ਤੋਂ,  ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ, ਬਚਾ ਲੈਂਦੇ ਨੇ, ਸੰਤ ਪ੍ਰਭੂ ਦੇ ਗੁਣ ਗਾ ਕੇ, ਨਾਮ ਅੰਮ੍ਰਿਤ ਦਾ ਸੁਆਦ ਮਾਣਦੇ ਹਨ ।          ਜਿਸ ਮਨੁੱਖ ਨੇ ਸੰਤਾਂ ਦਾ ਆਸਰਾ ਫੜਿਆ ਹੈ, ਜੋ ਸੰਤਾਂ ਦੇ ਦਰ ਤੇ ਆ ਡਿਗਿਆ ਹੈ, ਉਸ ਨੇ ਹੇ ਨਾਨਕ, ਸਾਰੇ ਸੁਖ ਪਾ ਲਏ ਹਨ।6।
  ਮਿਰਤਕ ਕਉ ਜੀਵਾਲਨਹਾਰ ॥ ਭੂਖੇ ਕਉ ਦੇਵਤ ਅਧਾਰ ॥
  ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥ ਪੁਰਬ ਲਿਖੇ ਕਾ ਲਹਣਾ ਪਾਹਿ ॥
  ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥ ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
  ਜਪਿ ਜਨ ਸਦਾ ਸਦਾ ਦਿਨੁ ਰੈਣੀ ॥ ਸਭ ਤੇ ਊਚ ਨਿਰਮਲ ਇਹ ਕਰਣੀ ॥
  ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥ ਨਾਨਕ ਸੋ ਜਨੁ ਨਿਰਮਲੁ ਥੀਆ ॥7॥
   ਪ੍ਰਭੂ, ਆਤਮਕ ਰੂਪ ਵਿਚ ਮਰੇ ਹੋਏ ਪ੍ਰਾਣੀ ਨੂੰ ਜਿਊਂਦਾ ਕਰਨ ਜੋਗ ਹੈ, ਭੁੱਖੇ ਨੂੰ ਵੀ ਆਸਰਾ ਦਿੰਦਾ ਹੈ।       ਸਾਰੇ ਖਜ਼ਾਨੇ, ਉਸ ਮਾਲਕ ਦੀ ਨਜ਼ਰ ਵਿਚ ਹਨ, ਪਰ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਫਲ ਭੋਗਦੇ ਹਨ ।        ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ-ਕੁਝ ਕਰਨ ਦੇ ਸਮਰੱਥ ਹੈ, ਉਸ ਤੋਂ ਬਿਨਾ ਕੋਈ ਦੂਜਾ, ਨਾ ਹੈ ਤੇ  ਨਾ ਹੋਵੇਗਾ।   ਹੇ ਪ੍ਰਭੂ ਦੇ ਜਨ, ਸਦਾ ਦਿਨ-ਰਾਤ ਪ੍ਰਭੂ ਨੂੰ ਯਾਦ ਕਰ, ਹੋਰ ਸਾਰੀਆਂ ਕਰਣੀਆਂ ਨਾਲ਼ੌਂ, ਇਹੀ ਕਰਣੀ ਸਭ ਤੋਂ ਉੱਚੀ ਅਤੇ ਸੁੱਚੀ ਹੈ।   ਕਰਤਾਰ, ਮਿਹਰ ਕਰ ਕੇ, ਜਿਸ ਮਨੁੱਖ ਨੂੰ ਨਾਮ ਬਖਸ਼ਦਾ ਹੈ, ਹੇ ਨਾਨਕ,ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।7।
  ਜਾ ਕੈ ਮਨਿ ਗੁਰ ਕੀ ਪਰਤੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
  ਭਗਤੁ ਭਗਤੁ ਸੁਨੀਐ ਤਿਹੁ ਲੋਇ ॥ ਜਾ ਕੈ ਹਿਰਦੈ ਏਕੋ ਹੋਇ ॥
  ਸਚੁ ਕਰਣੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥
  ਸਾਚੀ ਦ੍ਰਿਸਟਿ ਸਾਚਾ ਆਕਾਰੁ ॥ ਸਚੁ ਵਰਤੈ ਸਾਚਾ ਪਾਸਾਰੁ ॥
  ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥ ਨਾਨਕ ਸੋ ਜਨੁ ਸਚਿ ਸਮਾਤਾ ॥8॥15॥
   ਜਿਸ ਮਨੁੱਖ ਦੇ ਮਨ ਵਿਚ ਸ਼ਬਦ ਗੁਰੂ ਦੀ ਸ਼ਰਧਾ ਬਣ ਗਈ, ਉਸ ਦੇ ਮਨ ਵਿਚ ਪ੍ਰਭੂ ਟਿਕ ਜਾਂਦਾ ਹੈ।   ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਂਦਾ ਹੈ, ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵਸਦਾ ਹੈ।   ਉਸ ਦੀ ਅਮਲੀ ਜ਼ਿੰਦਗੀ, ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,  ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉਚਾਰਦਾ ਹੈ।   ਉਸ ਮਨੁੱਖ ਦੀ ਨਜ਼ਰ, ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, ਤਾਂਹੀਏ ਸਾਰਾ ਦਿਸਦਾ ਸੰਸਾਰ ਉਸ ਨੂੰ ਪ੍ਰਭੂ ਦਾ ਰੂਪ ਦਿਸਦਾ ਹੈ, ਪ੍ਰਭੂ ਦਾ ਹੀ ਸਾਰਾ ਖਿਲਾਰਾ ਦਿਸਦਾ ਹੈ।     ਜਿਸ ਮਨੁੱਖ ਨੇ ਅਕਾਲ-ਪੁਰਖ ਨੂੰ ਸਦਾ ਕਾਇਮ ਰਹਣ ਵਾਲਾ ਸਮਝਿਆ ਹੈ, ਹੇ ਨਾਨਕ, ਉਹ ਮਨੁੱਖ ਉਸ ਸਦਾ ਥਿਰ ਰਹਣ ਵਾਲੇ ਵਿਚ ਲੀਨ ਹੋ ਜਾਂਦਾ ਹੈ।815।     
        ਅਮਰ ਜੀਤ ਸਿੰਘ ਚਂਦੀ            (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.